Share on Facebook

Main News Page

ਪੁਜਾਰੀਆਂ ਨੂੰ ਇਹ ਅਧਿਕਾਰ ਨਹੀਂ ਕਿ ਉਹ ਸਿੱਖ ਬੀਬੀਆਂ ਨੂੰ ਕੀਰਤਨ ਕਰਣ ਦੇ ਅਧਿਕਾਰ ਤੋਂ ਵਾਂਝਾ ਰਖਣ: ਖਾਲਸਾ ਨਾਰੀ ਮੰਚ ਫਰੀਦਾਬਾਦ

* ਬੀਬੀਆਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਆਪ ਅੱਗੇ ਆਉਣਾ ਪੈਣਾ ਹੈ

(4 ਮਾਰਚ 2011 ਸਤਨਾਮ ਕੌਰ, ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ ਫਰੀਦਾਬਾਦ ਨੇ ਕੀਤੇ। ਉਨ੍ਹਾਂ ਕਿਹਾ ਕਿ 2005 ਵਿਚ ਜਦੋਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੀਬੀਆਂ ਦੇ ਸੇਵਾ ਵਾਲੇ ਮਸਲੇ ਨੂੰ ਚੁੱਕਿਆ ਸੀ ਤਾਂ ਉਸ ਵੇਲੇ ਖਾਲਸਾ ਨਾਰੀ ਮੰਚ ਫਰੀਦਾਬਾਦ ਅਤੇ ਗੁਰਸਿੱਖ ਨਾਰੀ ਮੰਚ ਲੁਧਿਆਣਾ ਦੀ ਅਗਵਾਈ ਹੇਠ ਸਿੱਖ ਬੀਬੀਆਂ ਦੇ ਇਕ ਵਫਦ ਨੇ ਅਕਾਲ ਤਖ਼ਤ ਸਾਹਿਬ ਦੇ ਸਕਤਰੇਤ ਵਿਖੇ ਪੁੱਜ ਕੇ ਉਸ ਵੇਲੇ ਦੇ ਮੁੱਖ ਸੇਵਾਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਨਾਂ ਮੈਂਮੋਰੇਂਡਮ ਅਤੇ 1100 ਸਿੱਖ ਬੀਬੀਆਂ ਵੱਲੋਂ ਜਾਰੀ ਕੀਤੀ ਪਟੀਸ਼ਨ ਵੀ ਸੌਂਪੀ ਸੀ ਪਰ ਗੁਲਾਮ ਪੁਜਾਰੀਆਂ ਨੇ ਮਸਲੇ ਨੂੰ ਹੱਲ ਕਰਣ ਦੀ ਥਾਂ ਇਸ ਮਸਲੇ ਨੂੰ ਠੰਡੇ ਬਸਤੇ ਵਿਚ ਪਾਉਣ ਲਈ 26 ਸਤੰਬਰ 2005 ਨੂੰ 13 ਮੈਂਬਰੀ ਕਮੇਟੀ ਬਣਾ ਦਿੱਤੀ ਜਿਸ ਵਿਚ ਇਹ ਕਿਹਾ ਕਿ ਜਦ ਤਕ ਇਹ ਕਮੇਟੀ ਆਪਣੀ ਰਿਪੋਰਟ ਨਹੀਂ ਸੌਂਪਦੀ ਉਦੋਂ ਤਕ ਇਸ ਮਸਲੇ ਉਤੇ ਚੁੱਪੀ ਧਾਰਨ ਕੀਤੀ ਜਾਵੇ।

ਬੀਬੀ ਹਰਬੰਸ ਕੌਰ ਨੇ ਦਸਿਆ ਕਿ ਇਕ ਦਿਲਚਸਪ ਗੱਲ ਇਹ ਹੈ ਕਿ ਪੁਜਾਰੀਆਂ ਵੱਲੋਂ ਬਣਾਈ ਇਸ 13 ਮੈਂਬਰੀ ਕਮੇਟੀ ਦੀ ਅੱਜ ਤਕ ਇਕ ਵੀ ਮੀਟਿੰਗ ਨਹੀਂ ਹੋਈ ਜਦੋਂ 13 ਮੈਂਬਰੀ ਕਮੇਟੀ ਵਿਚ ਸ਼ਾਮਲ ਮੈਂਬਰਾਂ ਨਾਲ ਸੰਪਰਕ ਕਾਇਮ ਕੀਤਾ ਤਾਂ ਉਨ੍ਹਾਂ ਵਿਚੋਂ ਕਈਆਂ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਨੂੰ ਬੀਬੀਆਂ ਦੇ ਸੇਵਾ ਵਾਲੇ ਮਸਲੇ ’ਤੇ 13 ਮੈਂਬਰੀ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਸਿੱਖ ਕੌਮ ਦੀ ਤਰਸਯੌਗ ਹਾਲਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੌਮ ਵਿਚ ਦੁਬਿਧਾਵਾਂ ਪੈਦਾ ਕਰਣ ਵਾਲੇ ਮਸਲਿਆਂ ਨੂੰ ਕਿੰਨੀ ਤਰਜੀਹ ਦੇ ਕੇ ਹੱਲ ਕੀਤਾ ਜਾਂਦਾ ਹੈ। ਬੀਬੀ ਹਰਬੰਸ ਕੌਰ ਨੇ ਕਿਹਾ ਕਿ ਸਿੱਖ ਬੀਬੀਆਂ ਸਥਾਨਕ ਗੁਰਦੁਆਰਿਆਂ ਵਿਚ ਬੜੇ ਹੀ ਸੁਚੱਜੇ ਤਰੀਕੇ ਨਾਲ ਕੀਰਤਨ ਦੀ ਸੇਵਾ ਨਿਭਾ ਰਹੀਆਂ ਹਨ ਅਤੇ ਪੰਜ ਪਿਆਰਿਆਂ ਵਿਚ ਸ਼ਾਮਲ ਹੁੰਦੀਆਂ ਆਈਆਂ ਹਨ। ਇਸ ਲਈ ਸਿੱਖ ਬੀਬੀਆਂ ਨੂੰ ਪੰਜ ਪਿਆਰਿਆਂ ਵਿਚ ਸ਼ਾਮਲ ਹੋਣ ਦਾ ਅਧਿਕਾਰ ਅਤੇ ਦਰਬਾਰ ਸਾਹਿਬ ਵਿਖੇ ਸੇਵਾ ਅਤੇ ਕੀਰਤਨ ਦੇ ਅਧਿਕਾਰ ਤੋਂ ਕਿਸੇ ਵੀ ਕੀਮਤ’ਤੇ ਵਾਂਝਾ ਨਹੀਂ ਕੀਤਾ ਜਾ ਸਕਦਾ ਪਰ ਇਸ ਲਈ ਪੁਜਾਰੀਆਂ ਅੱਗੇ ਅਰਜ਼ੋਈਆਂ ਕਰਨ ਦੀ ਲੋੜ ਨਹੀਂ। ਬੀਬੀਆਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਆਪ ਅੱਗੇ ਆਉਣਾ ਪੈਣਾ ਹੈ।

ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਗੀਰ ਕੌਰ, ਅਤੇ ਕਿਰਨਜੋਤ ਕੌਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸਤਰੀ ਹੋਣ ਦੇ ਨਾਤੇ ਜਦ ਉਹ ਇਹ ਮਹਿਸੂਸ ਕਰਦੀਆਂ ਹਨ ਕਿ ਸਿਧਾਂਤਕ ਤੌਰ’ਤੇ ਬੀਬੀਆਂ ਨੂੰ ਸੇਵਾ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਤਾਂ ਇਸ ਮਸਲੇ ਨੂੰ ਵਿਵਹਾਰਕ ਰੂਪ ਦੇਣ ਵਿਚ ਕਿਹੜੀਆਂ ਤਾਕਤਾਂ ਰੋੜਾ ਅਟਕਾ ਰਹੀਆਂ ਹਨ ਇਸ ਬਾਬਤ ਜ਼ਰਾ ਸਿੱਖ ਕੌਮ ਨੂੰ ਸਪਸ਼ਟ ਤੌਰ’ਤੇ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹਰ ਵਾਰ ਕਮੇਟੀ ਦੀਆਂ ਚੌਣਾਂ ਨੇੜੇ ਆਉਣ ’ਤੇ ਬੀਬੀਆਂ ਦੇ ਸੇਵਾ ਵਾਲੇ ਮਸਲੇ ’ਤੇ ਸਿਆਸਤ ਖੇਡਦੇ ਹੋਏ ਸਿੱਖ ਕੌਮ ਦੀਆਂ ਬੀਬੀਆਂ ਨੂੰ ਨੀਵਾਂ ਵਿਖਾ ਕੇ ਉਨ੍ਹਾਂ ਦੀ ਭਾਵਨਾਵਾਂ ਨੂੰ ਠੇਸ ਪੁਜਾਈ ਜਾਂਦੀ ਹੈ ਅਤੇ ਮੁੜ ਮੁੜ ਮਸਲੇ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੀਬੀਆਂ ਨੂੰ ਦਰਬਾਰ ਸਾਹਿਬ ਵਿਖੇ ਸੇਵਾ ਨਾ ਕਰਣ ਦੇ ਪਿੱਛੇ ਜੋ ਹਲਕੀ ਕਿਸਮ ਦੀ ਸ਼ਬਦਾਵਲੀ ਸਾਡੇ ਆਗੂ ਵਰਤਦੇ ਹਨ ਉਸ ਤੋਂ ਸਾਬਤ ਹੁੰਦਾ ਹੈ ਕਿ ਇੰਨ੍ਹਾਂ ਨੂੰ ਮਨੂ ਦੀ ਸੋਚ ਛੱਡ ਕੇ ਬਾਬੇ ਨਾਨਕ ਦੀ ਸੋਚ ਅਪਨਾਉਣ ਵਿਚ ਸਦੀਆਂ ਬੀਤ ਜਾਣੀਆਂ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top