Share on Facebook

Main News Page

ਟੌਹੜਾ ਸਾਹਿਬ ਤੇ ਬੀਬੀ ਜਗੀਰ ਕੌਰ ਦੇ ਸਮੇਂ ਤੋਂ ਹੀ ਆਰ.ਐੱਸ.ਐੱਸ ਵਾਲੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਵਿਰੋਧ ਕਰਦੇ ਆ ਰਹੇ ਸਨ, ਤੇ ਅਖੀਰ ਹੁਣ ਰੱਦ ਕਰਵਾਉਣ ਵਿੱਚ ਸਫਲ ਹੋ ਹੀ ਗਏ: ਪਾਲ ਸਿੰਘ ਪੁਰੇਵਾਲ

* ਡੇਰੇਦਾਰਾਂ ਦੀ ਸਮੱਸਿਆ ਕੋਈ ਨਹੀਂ ਸਿਰਫ ਉਨ੍ਹਾਂ ਦੀ ਅਗਿਆਨਤਾ ਤੇ ਹਉਮੈ ਹੀ ਨਾਨਕਸ਼ਾਹੀ ਕੈਲੰਡਰ ਸਵੀਕਾਰ ਕਰਨ ਵਿਚ ਵੱਡੀ ਅੜਚਨ: ਪ੍ਰੋ. ਬਲਕਾਰ ਸਿੰਘ

* 2003 ਵਾਲਾ ਨਾਨਕਸ਼ਾਹੀ ਕੈਲੰਡਰ ਮੌਸਮੀ ਕੈਲੰਡਰ ਦੇ ਜਿਆਦਾ ਨਜ਼ਦੀਕ, ਪਰ ਚੇਤ ਮਹੀਨੇ ਦੀ ਅਰੰਭਤਾ 14 ਮਾਰਚ ਦੀ ਬਜ਼ਾਏ 21 ਮਾਰਚ ਰੱਖ ਲਈ ਜਾਂਦੀ ਤਾਂ ਹੋਰ ਜਿਆਦਾ ਚੰਗਾ ਸੀ: ਹਰਚੰਦ ਸਿੰਘ ਭਿੰਡਰ

ਬਠਿੰਡਾ, 4 ਮਾਰਚ (ਕਿਰਪਾਲ ਸਿੰਘ): ਵੀਰਵਾਰ ਰਾਤੀ 8 ਵਜੇ ਚੜ੍ਹਦੀ ਕਲਾ ਟਾਈਮ ਟੀਵੀ ਤੇ ਵਿਖਾਏ ਗਏ ਪੰਜਾਬ ਪੜਚੋਲ ਪ੍ਰੋਗਰਾਮ ਵਿੱਚ ਇੱਕ ਟਾਕ ਸ਼ੋਅ ਹੋਇਆ, ਜਿਸ ਵਿਚ ਟੀਵੀ ਹੋਸਟ ਗੁਰਨਾਮ ਸਿੰਘ ਅਕੀਦਾ ਨੇ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਪਾਲ ਸਿੰਘ ਪੁਰੇਵਾਲ, ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਬਲਕਾਰ ਸਿੰਘ ਅਤੇ ਤਰਕਸ਼ੀਲ ਆਗੂ ਹਰਚੰਦ ਸਿੰਘ ਭਿੰਡਰ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ। ਨਾਨਕਸ਼ਾਹੀ ਕੈਲੰਡਰ ਸਬੰਧੀ ਗੱਲ ਸ਼ੁਰੂ ਕਰਦਿਆਂ ਟੀਵੀ ਹੋਸਟ ਗੁਰਨਾਮ ਸਿੰਘ ਅਕੀਦਾ ਨੇ ਪ੍ਰੋ: ਬਲਕਾਰ ਸਿੰਘ ਨੂੰ ਪੁੱਛਿਆ, ਕਿ ਇੱਕ ਸਿੱਖ ਵਿਦਵਾਨ ਹੋਣ ਦੇ ਨਾਤੇ ਤੁਸੀਂ ਦੱਸੋ, ਕਿ ਨਾਨਕਸ਼ਾਹੀ ਕੈਲੰਡਰ ਬਣਾਉਣ ਦੀ ਲੋੜ ਕਿਉਂ ਪਈ ਤੇ ਇਸ ਵਿੱਚ ਕੀ ਸਮੱਸਿਆ ਆ ਰਹੀ ਸੀ ਕਿ ਜਿਸ ਕਾਰਣ ਹੁਣ ਸੋਧਾਂ ਕਰਨੀਆਂ ਪਈਆਂ? ਪ੍ਰੋ: ਬਲਕਾਰ ਸਿੰਘ ਨੇ ਦੱਸਿਆ ਕਿ 2003 ਤੋਂ ਪਹਿਲਾਂ ਗੁਰਪੁਰਬ ਤੇ ਹੋਰ ਇਤਿਹਾਸਕ ਦਿਹਾੜੇ ਬਿਕ੍ਰਮੀ ਚੰਦਰਮਾਂ ਸਾਲ ਮੁਤਾਬਕ ਮਨਾਏ ਜਾਂਦੇ ਸਨ, ਜਿਹੜੇ ਕਿ ਕਦੀ ਵੀ ਸਥਿਰ ਤਰੀਖਾਂ ਨੂੰ ਨਾ ਆਉਣ ਕਰਕੇ, ਅੱਗੇ ਪਿਛੇ ਆਉਂਦੇ ਸਨ ਜਿਸ ਕਰਕੇ ਇਹ ਯਾਦ ਰੱਖਣ ਵਿੱਚ ਕਾਫੀ ਮੁਸ਼ਕਲ ਆਉਂਦੀ ਸੀ। ਕਾਫੀ ਲੰਬੇ ਸਮੇਂ ਤੋਂ ਇਹ ਲੋੜ ਮਹਿਸੂਸ ਕੀਤੀ ਜਾਂਦੀ ਸੀ, ਕਿ ਸਿੱਖ ਕੌਮ ਦਾ ਆਪਣਾ ਕਲੈਂਡਰ ਹੋਵੇ ਜਿਸ ਨਾਲ ਕੌਮ ਦੀ ਆਪਣੀ ਵੱਖਰੀ ਪਹਿਚਾਣ ਬਣੇ, ਤੇ ਉਸ ਮੁਤਾਬਕ ਗੁਰਪੁਰਬ ਤੇ ਹੋਰ ਦਿਹਾੜੇ ਸਥਿਰ ਤਰੀਖਾਂ ਨੂੰ ਨਿਸਚਤ ਕੀਤੇ ਜਾਣ, ਜਿਹੜੇ ਕਿ ਦੁਨੀਆਂ ਦੇ ਹਰ ਕੋਨੇ ਵਿਚ ਯਾਦ ਰੱਖਣੇ ਆਸਾਨ ਹੋਣ।

ਸ: ਪਾਲ ਸਿੰਘ ਪੁਰੇਵਾਲ ਨੇ ਬੜੀ ਮਿਹਨਤ ਨਾਲ ਕੈਲੰਡਰ ਤਿਆਰ ਕੀਤਾ, ਜਿਸ ਨੂੰ ਕੌਮ ਨੇ ਪ੍ਰਵਾਨ ਕਰ ਲਿਆ। ਉਨ੍ਹਾਂ ਕਿਹਾ ਇਸ ਕੈਲੰਡਰ ਦਾ ਵਿਰੋਧ ਕਰਨ ਵਾਲੇ, ਖਾਸ ਕਰਕੇ ਡੇਰੇਦਾਰਾਂ ਦੀ ਸਮੱਸਿਆ ਕੋਈ ਨਹੀਂ ਸਿਰਫ ਉਨ੍ਹਾਂ ਦੀ ਅਗਿਆਨਤਾ ਤੇ ਹਉਮੈ ਹੀ ਨਾਨਕਸ਼ਾਹੀ ਕੈਲੰਡਰ ਸਵੀਕਾਰ ਕਰਨ ਵਿਚ ਵੱਡੀ ਅੜਚਨ ਹੈ। ਹਰਚੰਦ ਸਿੰਘ ਭਿੰਡਰ ਨੂੰ ਪੁੱਛਿਆ ਗਿਆ ਕਿ ਤੁਸੀਂ ਤਰਕ ਦੇ ਆਧਾਰ ’ਤੇ ਫੈਸਲੇ ਕਰਨ ਵਾਲੇ ਹੋ, ਤੁਸੀਂ ਦੱਸੋ ਕਿ ਬਿਕ੍ਰਮੀ ਕੈਲੰਡਰ ਤੇ ਨਾਨਕਸ਼ਾਹੀ ਕੈਲੰਡਰ ਵਿੱਚੋਂ ਕਿਹੜਾ ਕੈਲੰਡਰ ਵਿਗਿਆਨਕ ਤੌਰ ’ਤੇ ਜਿਆਦਾ ਸਹੀ ਹੈ। ਸ: ਭਿੰਡਰ ਨੇ ਕਿਹਾ ਕਿ ਬਿਕ੍ਰਮੀ ਕੈਲੰਡਰ ਨਾਲੋਂ ਪੁਰੇਵਾਲ ਸਾਹਿਬ ਵਲੋਂ ਤਿਆਰ ਕੀਤਾ ਤੇ 2003 ਵਿਚ ਲਾਗੂ ਹੋਇਆ ਕੈਲੰਡਰ ਜਿਆਦਾ ਠੀਕ ਤੇ ਮੌਸਮੀ ਕੈਲੰਡਰ ਦੇ ਨੇੜੇ ਹੈ, ਪਰ ਚੇਤ ਮਹੀਨੇ ਦੀ ਅਰੰਭਤਾ 14 ਮਾਰਚ ਦੀ ਬਜ਼ਾਏ 21 ਮਾਰਚ ਰੱਖ ਲਈ ਜਾਂਦੀ ਤਾਂ ਹੋਰ ਜਿਆਦਾ ਚੰਗਾ ਸੀ, ਕਿਉਂਕਿ 21 ਮਾਰਚ ਨੂੰ ਦਿਨ ਤੇ ਰਾਤ ਬਰਾਬਰ ਹੁੰਦੇ ਹਨ ਤੇ ਇਸ ਤੋਂ ਬਆਦ ਵਧਣੇ ਸ਼ੁਰੂ ਹੋ ਜਾਂਦੇ ਹਨ।

ਗੁਰਨਾਮ ਸਿੰਘ ਅਕੀਦਾ ਨੇ ਸ੍ਰ: ਪੁਰੇਵਾਲ ਨੂ ਸਬੋਧਨ ਹੁੰਦੇ ਪੁੱਛਿਆ ਕਿ ਤੁਸੀਂ ਦਸੋ ਕਿ ਤੁਹਾਡੇ ਵਲੋਂ ਤਿਆਰ ਕੀਤੇ ਅਤੇ ਸੋਧੇ ਹੋਏ ਕੈਲੰਡਰ ਵਿੱਚ ਕੀ ਅੰਤਰ ਹੈ। ਸ੍ਰ: ਪੁਰੇਵਾਲ ਨੇ ਵਿਸਥਾਰ ਸਹਿਤ ਦੱਸਿਆ ਕਿ ਬਿਕ੍ਰਮੀ ਸਾਲ ਮੌਸਮੀ ਸਾਲ ਨਾਲੋਂ ਤਕਰੀਬਨ 20 ਮਿੰਟ ਵੱਧ ਹੋਣ ਕਰਕੇ 70 ਸਾਲਾਂ ਵਿੱਚ ਮੌਸਮ ਨਾਲੋਂ ਇਕ ਦਿਨ ਪਿਛੇ ਰਹਿ ਜਾਂਦਾ ਹੈ। ਇਸੇ ਕਾਰਣ 1699 ’ਚ ਵੈਸਾਖੀ 29 ਮਾਰਚ ਦੀ ਸੀ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੌਰਾਨ 11 ਅਪ੍ਰੈਲ ਅਤੇ ਅੱਜ ਕੱਲ੍ਹ 13 ਜਾਂ 14 ਅਪ੍ਰੈਲ ਨੂੰ ਆਉਂਦੀ ਹੈ ਤੇ 2999 ਵਿੱਚ ਇਹ ਦੋ ਹਫਤੇ ਪਛੜ ਕੇ 27 ਅਪ੍ਰੈਲ ਨੂੰ ਆਵੇਗੀ। ਗੁਰਬਾਣੀ ਵਿੱਚ ਦਰਜ਼ ਬਾਰਹ ਮਾਹਾ ਦੇ ਮਹੀਨਿਆਂ ਦਾ ਸਬੰਧ ਮੌਸਮ ਨਾਲ ਹੈ: ’ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥’ (ਪੰਨਾ 134) ਭਾਵ ਹਾੜ ਦੇ ਮਹੀਨੇ ਵਿੱਚ ਗਰਮੀ ਪੈਂਦੀ ਹੈ ਤੇ ਇਹ ਤਪਦਾ ਹੈ। ਇਸ ਤਰ੍ਹਾਂ ਜੇ ਅਸੀਂ ਬਿਕ੍ਰਮੀ ਸੰਮਤ ਨਾਲ ਜੁੜੇ ਰਹੇ ਤਾਂ ਕੁਝ ਸਮੇਂ ਬਾਅਦ ਮਹੀਨਿਆਂ ਨਾਲੋਂ ਮੌਸਮ ਦਾ ਸਬੰਧ ਬਿਲਕੁਲ ਟੁੱਟ ਜਾਵੇਗਾ। ਉਨ੍ਹਾਂ ਦੱਸਿਆ ਕਿ 1995 ਵਿੱਚ ਹੋਈ ਵਰਲਡ ਸਿੱਖ ਕਨਵੈਨਸ਼ਨ ਅਤੇ ਉਸ ਤੋਂ ਪਿਛੋਂ ਪਟਿਆਲੇ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਕੀਤੇ ਗਏ ਸੈਮੀਨਾਰਾਂ ਦੌਰਾਨ ਉਨ੍ਹਾਂ ਨੇ ਇਹ ਗੱਲ ਸਿੱਖ ਵਿਦਵਾਨਾਂ ਨਾਲ ਸਾਂਝੀ ਕੀਤੀ ਜਿਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ ਸਿੱਖ ਕੌਮ ਨੂੰ ਆਪਣੇ ਵਖਰੇ ਕੈਲੰਡਰ ਦੀ ਲੋੜ ਹੈ। ਇਨ੍ਹਾਂ ਸੈਮੀਨਾਰਾਂ ਦੇ ਆਧਾਰ ’ਤੇ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਨਾਨਕਸ਼ਾਹੀ ਕੈਲੰਡਰ ਬਣਾਉਣ ਦਾ ਕੰਮ ਸੌਪਿਆ ਗਿਆ।

ਇਹ ਵੀ ਫੈਸਲਾ ਹੋਇਆ ਕਿ ਨਾਨਕਸ਼ਾਹੀ ਕੈਲੰਡਰ ਸੂਰਜੀ ਮੌਸਮੀ ਸਾਲ ਦੀ ਲੰਬਾਈ ਉਪਰ ਆਧਾਰਿਤ ਹੋਵੇਗਾ ਤੇ ਚੇਤ ਮਹੀਨੇ ਤੋਂ ਅਰੰਭ ਹੋਵੇਗਾ ਕਿਉਂਕਿ ਗੁਰਬਾਣੀ ਵਿੱਚ ਦਰਜ਼ ਬਾਰਹ ਮਾਹਾ ਦਾ ਪਹਿਲਾ ਮਹੀਨਾ ਚੇਤ ਹੈ। ਉਨ੍ਹਾਂ ਨੇ ਮਹੀਨਿਆਂ ਦੀ ਅਰੰਭਤਾ ਦਾ ਸਬੰਧ ਬਿਕ੍ਰਮੀ ਕੈਲੰਡਰ ਦੀਆਂ ਸੰਗ੍ਰਾਂਦਾਂ ਨਾਲੋਂ ਤੋੜ ਕੇ ਈਸਵੀ ਸਾਲ, ਜਿਹੜਾ ਕਿ ਮੌਸਮੀ ਸਾਲ ਦੇ ਬਹੁਤ ਜਿਆਦਾ ਨੇੜੇ ਹੈ, ਦੇ ਮਹੀਨਿਆਂ ਦੀਆਂ ਤਰੀਖਾਂ ਨਾਲ ਜੋੜ ਦਿੱਤਾ ਜਿਸ ਵਿੱਚ ਚੇਤ ਮਹੀਨੇ ਦੀ ਅਰੰਭਤਾ 14 ਮਾਰਚ, ਵੈਸਾਖ 14 ਅਪ੍ਰੈਲ, ਜੇਠ 15 ਮਈ, ਹਾੜ 15 ਜੂਨ, ਸਾਵਣ 16 ਜੁਲਾਈ, ਭਾਦੋਂ 16 ਅਗਸਤ, ਅੱਸੂ 15 ਸਤੰਬਰ, ਕੱਤਕ 15 ਅਕਤੂਬਰ, ਮੱਘਰ 14 ਨਵੰਬਰ, ਪੋਹ 14 ਦਸੰਬਰ, ਮਾਘ 13 ਜਨਵਰੀ ਅਤੇ ਫੱਗਣ 12 ਫਰਵਰੀ ਕਰ ਦਿੱਤੀ। ਇਸ ਨਾਲ ਵੈਸਾਖੀ ਹਰ ਸਾਲ 14 ਅਪ੍ਰੈਲ ਅਤੇ ਮਾਘੀ ਹਰ ਸਾਲ 13 ਜਨਵਰੀ ਨੂੰ ਹੀ ਆਵੇਗੀ। ਇਸ ਤੋਂ ਬਾਅਦ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਨਿਸਚਤ ਕਰਨ ਲਈ ਸਾਡੇ ਪਾਸ ਤਿੰਨ ਚੋਣਾਂ ਸਨ। ਮਿਸਾਲ ਦੇ ਤੌਰ ’ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਸ ਦਿਨ ਪ੍ਰਕਾਸ਼ ਹੋਇਆ ਸੀ ਉਸ ਦਿਨ 22 ਦਸੰਬਰ, 23 ਪੋਹ ਅਤੇ ਪੋਹ ਸੁਦੀ 7 ਸੀ। ਇਹ ਤਿੰਨੇ ਤਰੀਖਾਂ ਇਕੱਠੀਆਂ ਤਾਂ ਹਜ਼ਾਰਾਂ ਸਾਲਾਂ ਤੱਕ ਆਉਣੀਆਂ ਹੀ ਨਹੀਂ, ਇਸ ਲਈ ਹੁਣ ਇਹ ਪੰਥ ਦੀ ਮਰਜ਼ੀ ਹੈ ਕਿ ਉਨ੍ਹਾਂ ਨੇ ਗੁਰਪੁਰਬ ਇਨ੍ਹਾਂ ਤਿੰਨਾਂ ਵਿਚੋਂ ਕਿਹੜੀ ਤਰੀਖ ਨੂੰ ਮਨਾਉਣਾ ਹੈ। ਸਾਰੇ ਵਿਦਵਾਨਾਂ ਨੇ ਸੂਰਜੀ ਮਹੀਨੇ ਦੀ 23 ਪੋਹ ਦੀ ਚੋਣ ਕੀਤੀ ਕਿਉਂਕਿ ਪੋਹ ਸੁਦੀ 7 ਚੰਦਰਮਾਂ ਦੇ ਘਟਣ ਵਧਣ ਕਾਰਣ ਇਹ ਹਮੇਸ਼ਾਂ ਹੀ ਅੱਗੇ ਪਿਛੇ ਹੁੰਦੀ ਰਹਿੰਦੀ ਹੈ ਤੇ ਸਥਿਰ ਨਹੀਂ ਰਹਿੰਦੀ। 22 ਦਸੰਬਰ ਨੂੰ ਲੋਕਾਂ ਨੇ ਇਹ ਕਹਿ ਕੇ ਰੱਦ ਕਰ ਦੇਣਾ ਸੀ ਕਿ ਇਹ ਅੰਗਰੇਜੀ ਮਹੀਨਾ ਹੋਣ ਕਰਕੇ ਸਿਖਾਂ ਲਈ ਗੁਲਾਮੀ ਦਾ ਪ੍ਰਤੀਕ ਹੈ। ਹੁਣ 23 ਪੋਹ ਹਰ ਸਾਲ 5 ਜਨਵਰੀ ਨੂੰ ਆਵੇਗੀ ਤੇ ਯਾਦ ਰੱਖਣ ਵਾਲੇ ਇਨ੍ਹਾਂ ਵਿਚੋਂ ਕੋਈ ਵੀ ਤਰੀਖ ਯਾਦ ਰੱਖ ਸਕਦੇ ਹਨ। ਇਸੇ ਤਰ੍ਹਾਂ ਬਾਕੀ ਦੇ ਦਿਹਾੜੇ ਨਿਸਚਤ ਕੀਤੇ ਗਏ। ਚੇਤ ਦੀ ਸੰਗ੍ਰਾਂਦ 21 ਮਾਰਚ ਨੂੰ ਨਿਸਚਤ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਜੇ 1699 ਨੂੰ ਵੇਖੀਏ ਤਾਂ 21 ਮਾਰਚ ਨੂੰ ਚੇਤ ਨਹੀ ਅਪ੍ਰੈਲ ਮਹੀਨੇ ਦੀ ਸੰਗ੍ਰਾਂਦ ਆਉਂਦੀ ਹੈ ਕਿਉਂਕਿ 1699 ਵਿੱਚ 29 ਮਾਰਚ ਨੂੰ 1 ਅਪ੍ਰੈਲ ਸੀ।

ਦੂਸਰੀ ਗੱਲ ਜੇ ਵੈਸਾਖੀ 21 ਮਾਰਚ ਜਾਂ 29 ਮਾਰਚ ਨੂੰ ਨਿਸਚਤ ਕਰ ਦਿੱਤੀ ਜਾਂਦੀ ਤਾਂ ਜਿਹੜੇ ਇੱਕ ਦਿਨ ਦੇ ਫਰਕ ਪੈਣ ਦਾ ਰੌਲਾ ਪਾ ਰਹੇ ਹਨ ਉਨ੍ਹਾਂ ਨੇ ਇੱਕ ਜਾਂ ਦੋ ਹਫਤੇ ਦੇ ਫਰਕ ਨੂੰ ਕਿਵੇਂ ਮੰਨ ਲੈਣਾ ਸੀ? ਇਸ ਲਈ ਇਹ ਹੀ ਫੈਸਲਾ ਹੋਇਆ ਸੀ ਕਿ ਪਿਛਲੀਆਂ ਤਰੀਖਾਂ ਨਾ ਬਦਲੀਆਂ ਜਾਣ ਤੇ ਅੱਗੇ ਤੋਂ ਇਹ ਫਰਕ ਪੈਣ ਤੋਂ ਰੋਕਿਆ ਜਾਵੇ। ਨਾਨਕਸ਼ਾਹੀ ਕੈਲੰਡਰ 1999 ਵਿੱਚ ਲਾਗੂ ਕਰਨਾ ਸੀ ਤੇ ਉਸ ਸਾਲ ਵੈਸਾਖੀ 14 ਅਪ੍ਰੈਲ ਤੇ ਮਾਘੀ 13 ਜਨਵਰੀ ਸੀ। ਇਸ ਲਈ ਉਹ ਹੀ ਨਿਸਚਤ ਕਰ ਦਿਤੀਆਂ ਤਾ ਕਿ ਹੁਣ ਬਹੁਤਾ ਫਰਕ ਨਾ ਲੱਗੇ ਤੇ ਲੋਕ ਇਸ ਨੂੰ ਆਸਾਨੀ ਨਾਲ ਮੰਨ ਲੈਣ। ਅੱਗੇ ਤੋਂ ਥੋਹੜਾ ਥੋਹੜਾ ਫਰਕ ਪੈਂਦਾ ਜਾਵੇਗਾ ਜਿਹੜਾ ਮਹਿਸੂਸ ਨਹੀਂ ਹੋਵੇਗਾ। ਉਨ੍ਹਾਂ ਕਿਹਾ ਜਿਨ੍ਹਾਂ ਨੂੰ ਸਿੱਖ ਕੌਮ ਦਾ ਆਪਣਾ ਕੈਲੰਡਰ ਮਨਜੂਰ ਨਹੀਂ ਸੀ ਉਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਦੀਆਂ ਸੰਗ੍ਰਾਂਦਾਂ ਬਦਲ ਕੇ ਬਿਕ੍ਰਮੀ ਕੈਲੰਡਰ ਵਾਲੀਆਂ ਹੀ ਕਰ ਦਿੱਤੀਆਂ ਤਾਂ ਹੁਣ ਇਹ ਨਾਨਕਸ਼ਾਹੀ ਤਾਂ ਰਿਹਾ ਨਹੀਂ ਮਿਲਗੋਭਾ ਬਣ ਕੇ ਰਹਿ ਗਿਆ ਹੈ। ਹੋਸਟ ਵਲੋਂ ਇਹ ਪੁੱਛਣ ’ਤੇ ਕਿ ਡੇਰੇਦਾਰ ਜਾਂ ਹੋਰ ਇਸ ਦਾ ਵਿਰੋਧ ਕਿਉਂ ਕਰਦੇ ਸਨ, ਸ: ਪੁਰੇਵਾਲ ਨੇ ਕਿਹਾ ਕਿ ਉਨ੍ਹਾਂ ਦੇ ਇਤਰਾਜ ਸਨ ਕਿ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਬਿਕ੍ਰਮੀ ਸੰਮਤ ਦੀ ਵਰਤੋਂ ਕੀਤੀ ਹੈ: ’ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ (ਪੰਨਾ 723), ਸ: ਪੁਰੇਵਾਲ ਨੇ ਕਿਹਾ ਕਿ ਉਸ ਵਕਤ ਉਨ੍ਹਾਂ ਨੂੰ ਦੱਸਿਆ ਗਿਆ ਕਿ ਗੁਰਬਾਣੀ ਵਿੱਚ: ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥ (ਪੰਨਾ 1383), ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥ (ਪੰਨਾ 10) ਬਾਰਹ ਜੋਜਨ ਛਤ੍ਰੁ ਚਲੈ ਥਾ ਦੇਹੀ ਗਿਰਝਨ ਖਾਈ ॥2॥ (ਪੰਨਾ 693) ਭਾਰ ਦੀ ਇਕਾਈ ਮਣ ਸੇਰ, ਅਤੇ ਲੰਬਾਈ ਦੀ ਇਕਾਈ ਕੋਹ ਜੋਜਨ ਆਦਿ ਵਰਤੇ ਗਏ ਹਨ। ਸਰਕਾਰ ਨੇ ਹੁਣ ਬਦਲ ਕੇ ਕਿਲੋਗ੍ਰਾਮ ਕੁਇੰਟਲ ਅਤੇ ਲੰਬਾਈ ਦੀ ਇਕਾਈ ਮੀਟਰ ਕਿਲੋਮੀਟਰ ਕਰ ਦਿੱਤੀ ਹੈ ਤਾਂ ਕੀ ਇਨ੍ਹਾਂ ਸੰਤਾਂ ਨੇ ਇਹ ਮੰਨਣ ਤੋਂ ਨਾਂਹ ਕਰ ਦਿਤੀ ਕਿ ਗੁਰਬਾਣੀ ਵਿੱਚ ਤਾਂ ਮਣ, ਕੋਹ ਵਰਤੇ ਗਏ ਹਨ ਇਸ ਲਈ ਅਸੀਂ ਕਿਲੋਗ੍ਰਾਮ, ਕਿਲੋਮੀਟਰਾਂ ਨੂੰ ਨਹੀਂ ਮੰਨਦੇ! ਹੋਸਟ ਨੇ ਪੁੱਛਿਆ ਕਿ ਦਸੰਬਰ 2010 ਵਿੱਚ ਪੰਜਾਬ ਦੀ ਭਾਜਪਾ ਮੰਤਰੀ ਲਕਸ਼ਮੀ ਕਾਂਤ ਚਾਵਲਾ ਨੇ ਅਖ਼ਬਾਰਾਂ ਵਿੱਚ ਇੱਕ ਲੇਖ ਛਪਵਾਇਆ ਸੀ ਕਿ ਸਿੱਖਾਂ ਨੂੰ ਬਿਕ੍ਰਮੀ ਕੈਲੰਡਰ ਹੀ ਅਪਨਾਉਣਾ ਚਾਹੀਦਾ ਹੈ। ਤੁਹਾਡਾ ਇਸ ਸਬੰਧੀ ਕੀ ਕਹਿਣਾ ਹੈ? ਸ: ਪੁਰੇਵਾਲ ਨੇ ਕਿਹਾ ਕਿ ਇਹ ਆਰ.ਐੱਸ.ਐੱਸ/ਭਾਜਪਾ ਜਥੇਦਾਰ ਟੌਹੜਾ ਸਾਹਿਬ ਅਤੇ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਦੇ ਸਮੇਂ ਤੋਂ ਹੀ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਵਿਰੋਧ ਕਰਦੇ ਆ ਰਹੇ ਸਨ, ਤੇ ਅਖੀਰ ਹੁਣ ਰੱਦ ਕਰਵਾਉਣ ਵਿੱਚ ਸਫਲ ਹੋ ਹੀ ਗਏ ਹਨ। ਟੀਵੀ ਹੋਸਟ ਗੁਰਨਾਮ ਸਿੰਘ ਅਕੀਦਾ ਨੇ ਪੁੱਛਿਆ ਕਿ ਤੁਸੀਂ ਆਰ.ਐੱਸ.ਐੱਸ ਕਦੋਂ ਤੋਂ ਜੌਇਨ ਕਰ ਲਈ ਹੈ। ਸ: ਪੁਰੇਵਾਲ ਨੇ ਹਸਦੇ ਹੋਏ ਕਿਹਾ ਅਜਿਹਾ ਦੋਸ਼ ਲਾਉਣ ਵਾਲਿਆਂ ਦਾ ਮਾਨਸਿਕ ਸੰਤੁਲਨ ਵਿਗੜ ਚੁੱਕਿਆ ਹੈ। ਪਰ ਸਾਰੇ ਜਾਣਦੇ ਹਨ ਕਿ ਸ਼ੁਰੂ ਤੋਂ ਹੁਣ ਤੱਕ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੀ ਆਰ.ਐੱਸ.ਐੱਸ/ਭਾਜਪਾ ਨੂੰ ਖੁਸ਼ ਕਰਨ ਲਈ ਸੋਧਾਂ ਦੇ ਨਾਮ ’ਤੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਵਾਲੇ ਆਰ.ਐੱਸ.ਐੱਸ ਦੇ ਏਜੰਟ ਹਨ ਜਾਂ ਸੋਧਾਂ ਦਾ ਵਿਰੋਧ ਕਰਨ ਵਾਲੇ।

ਸ: ਗੁਰਨਾਮ ਸਿੰਘ ਅਕੀਦਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਪੰਜਾਬ ਪੜਚੋਲ ਪ੍ਰੋਗਰਾਮ ਹਰ ਹਫਤੇ ਭਾਰਤੀ ਸਮੇਂ ਅਨੁਸਾਰ ਵੀਰਵਾਰ ਨੂੰ ਰਾਤ 8 ਵਜੇ ਵਿਖਾਇਆ ਜਾਂਦਾ ਹੈ ਤੇ ਸ਼ੁੱਕਰਵਾਰ ਨੂੰ ਦੁਪਹਿਰ ਬਾਅਦ 3 ਵਜੇ ਰੀਪੀਟ ਕੀਤਾ ਜਾਂਦਾ ਹੈ। ਅਗਲੇ ਵੀਰਵਾਰ ਨੂੰ ਨਾਨਕਸ਼ਾਹੀ ਕੈਲੰਡਰ ਦੇ ਹੋਰ ਪਹਿਲੂਆਂ ’ਤੇ ਸ: ਪੁਰੇਵਾਲ ਨਾਲ ਹੀ ਵੀਚਾਰ ਚਰਚਾ ਕੀਤੀ ਜਾਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top