Share on Facebook

Main News Page

ਸਿੱਖ ਸੰਸਥਾਵਾਂ ਤਖ਼ਤ ਸ੍ਰੀ ਪਟਨਾ ਤੇ ਹਜ਼ੂਰ ਸਾਹਿਬ ਦੇ ਪ੍ਰੰਬਧਕ ਪੁਜਾਰੀਆਂ ਨੂੰ, ਦਸਮ ਗ੍ਰੰਥ ਦਾ ਪ੍ਰਕਾਸ਼ ਬੰਦ ਕਰਨ ਲਈ ਲਿਖਣ: ਗਿਆਨੀ ਜਾਚਕ

ਮੈਲਬੌਰਨ 2 ਮਾਰਚ (ਅਰਵਿੰਦਰ ਸਿੰਘ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਗੁਰਮਤਿ ਵਿਚਾਰਧਾਰਾ ਸਮੁੱਚੀ ਮਾਨਵਤਾ ਲਈ ਅਕਾਲ ਪੁਰਖ ਵਾਹਿਗੁਰੂ ਜੀ ਦਾ ਬਖ਼ਸ਼ਿਆ ਇੱਕ ਅਜਿਹਾ ਅਦੁੱਤੀ ਸ਼ੀਸ਼ਾ ਹੈ, ਜਿਸ ਦੁਆਰਾ ਅਸੀਂ ਆਪਣੀ ਸ਼ਖ਼ਸੀਅਤ ਨੂੰ ਸੰਵਾਰਦੇ ਹੋਏ ਰੱਬੀ ਗੁਣਾਂ ਨਾਲ ਸ਼ਿੰਗਾਰ ਸਕਦੇ ਹਾਂ। ਇਸੇ ਲਈ ਸਤਿਕਾਰਯੋਗ ਪ੍ਰੋ: ਸਾਹਿਬ ਸਿੰਘ ਜੀ ਹੁਰਾਂ ਨੇ ਗੁਰਬਾਣੀ ਸਟੀਕ ਦਾ ਨਾਮ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਰੱਖਿਆ। ਸੰਸਕ੍ਰਿਤ ਵਿੱਚ ਸ਼ੀਸ਼ੇ ਨੂੰ ਦਰਪਣ ਆਖਿਆ ਜਾਂਦਾ ਹੈ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਅਸਟ੍ਰੇਲੀਆ ਦੇ ਪ੍ਰਸਿੱਧ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੈਗੀਬਰਨ ਵਿੱਚ ਐਤਵਾਰ ਦੇ ਵਿਸ਼ੇਸ਼ ਦੀਵਾਨ ਵਿੱਚ ਕਹੇ।

ਉਨ੍ਹਾਂ ਕਿਹਾ ਕਿ ਬਿਪਰਵਾਦੀ ਸ਼ਕਤੀਆਂ ਜੋ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਗੁਰਮਤਿ ਸਿਧਾਂਤਾਂ ਨੂੰ ਗੰਧਲਾ ਕਰਕੇ ਸਿੱਖ ਭਾਈਚਾਰੇ ਦਾ ਅਕਸ ਵਿਗਾੜਣ ਲਈ ਸਰਗਰਮ ਹੋ ਗਈਆਂ ਸਨ, ਦਸਮ ਗ੍ਰੰਥ (ਬਚਿਤ੍ਰਨਾਟਕ) ਉਨ੍ਹਾਂ ਦੀ ਹੀ ਇੱਕ ਸਿੱਖ ਮਾਰੂ ਸਾਜਿਸ਼ ਹੈ, ਜਿਸ ਨੂੰ ਸਰਕਾਰੀ ਸਰਪ੍ਰਸਤੀ ਹੇਠ ਚਲ ਰਹੇ ਦੋ ਖ਼ਾਲਸਈ ਤਖ਼ਤਾਂ ਸ੍ਰੀ ਪਟਨਾਂ ਤੇ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਹੀ ਸਤਿਗੁਰੂ ਜੀ ਦੇ ਬਰਾਬਰ ਟਿਕਾ ਦਿੱਤਾ ਗਿਆ ਹੈ ਤਾਂ ਜੋ ਸਿੱਖ ਸੰਗਤਾਂ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਵਾਲੀ ਮਾਨਵ-ਏਕਤਾ ਦੀ ਅਧਾਰਸ਼ਿਲਾ ਅਕਾਲ ਪੁਰਖ ਦੀ ਗੁਣ-ਪੂਜਾ ਛੱਡ ਕੇ ਦੇਵੀ ਦੇਵਤਿਆਂ ਤੇ ਅਵਤਾਰਾਂ ਦੇ ਉਪਾਸ਼ਕ ਬਣ ਕੇ ਹਿੰਦੂ ਮੱਤ ਦੇ ਖਾਰੇ ਸਮੁੰਦਰ ਵਿੱਚ ਗਰਕ ਹੋ ਜਾਣ। ਕਿਉਂਕਿ, ਸ਼ੀਸ਼ਾ ਇੱਕ ਹੋਵੇ ਤਾਂ ਮਨੁੱਖ ਆਪਣੇ ਤਨ ਨੂੰ ਸਵਾਰ ਸਕਦਾ ਹੈ, ਪਰ ਜਦੋਂ ਉਹ ਦੋਂ ਸ਼ੀਸ਼ਿਆਂ ਦੇ ਦਰਿਮਿਆਨ ਖੜਾ ਹੋ ਜਾਵੇ ਤਾਂ ਉਸ ਨੂੰ ਇੱਕ ਦੀ ਥਾਂ ਆਪਣੇ ਕਈ ਰੂਪ ਦਿਸਣ ਲਗਦੇ ਹਨ, ਜਿਸ ਕਾਰਨ ਆਪਣੇ ਆਪ ਨੂੰ ਸਵਾਰਨ ਮੁਸ਼ਕਲ ਹੋ ਜਾਂਦਾ ਹੈ।

ਜਾਚਕ ਜੀ ਨੇ ਆਖਿਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਮਨੁਖੀ ਚੱਜ-ਅਚਾਰ ਨੂੰ ਸਵਾਰ ਕੇ ਖ਼ਾਲਸਈ ਸ਼ਖ਼ਸੀਅਤ ਦੀ ਘਾੜਤ ਲਈ ਗੁਰਦੁਆਰੇ ਵਿੱਚ ਸਾਡੇ ਸਨਮੁਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਕੋ ਸ਼ੀਸਾ ਰੱਖਿਆ ਸੀ, ਹੋਰ ਕੋਈ ਨਹੀ। ਇਸ ਲਈ ਦੇਸ਼-ਵਿਦੇਸ਼ ਦੀ ਸਿੱਖ ਸੰਸਥਾਵਾਂ ਦਾ ਫਰਜ਼ ਬਣਦਾ ਹੈ ਕਿ ਉਹ ਉਪਰੋਕਤ ਦੋਵੇਂ ਤਖ਼ਤਾਂ ਦੇ ਪ੍ਰਬੰਧਕ ਤੇ ਪੁਜਾਰੀਆਂ ਨੂੰ ਦਸਮ ਗ੍ਰੰਥ ਦਾ ਪ੍ਰਕਾਸ਼ ਬੰਦ ਕਰਨ ਲਈ ਲਿਖਤੀ ਅਪੀਲਾਂ ਕਰਨ ਅਤੇ ਉਸ ਦੀ ਇੱਕ ਇੱਕ ਨਕਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੋਮਣੀ ਕਮੇਟੀ ਨੂੰ ਵੀ ਭੇਜਣ, ਤਾਂ ਜੋ ਰਲ ਮਿਲ ਕੇ ਸਿੱਖੀ ਦੇ ਵਿਚਾਰਧਾਰਕ ਤੇ ਵਿਹਾਰਕ ਨਿਰਾਲੇਪਨ ਨੂੰ ਭਵਿਖ ਵਿੱਚਲੇ ਮਾਰੂ ਅਸਰ ਤੋਂ ਬਚਾਇਆ ਜਾ ਸਕੇ। ਕਿਉਂਕਿ, ਦਸਮ ਗ੍ਰੰਥ ਦਾ ਗੁਰੂ ਵਾਂਗ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ‘ਗੁਰੂ ਮਾਨਿਓ ਗ੍ਰੰਥ’ ਦੇ ਆਖਰੀ ਹੁਕਮ ਅਤੇ ਪੰਥਕ ਵਿਧਾਨ ਦੀ ਉਲੰਘਣਾ ਹੈ। ਇਸ ਮੌਕੇ ਸਿੰਘ ਸਭਾ ਵਲੋਂ ਜਾਚਕ ਜੀ ਦੇ ਉਦਮ ਉਪਰਲਿਆਂ ਦਾ ਧਨਵਾਦ ਕਰਦਿਆਂ ਉਨ੍ਹਾਂ ਨੂੰ ਸਿਰਪਾਓ ਦੀ ਬਖ਼ਸ਼ਿਸ਼ ਨਾਲ ਸਨਮਾਨਤ ਵੀ ਕੀਤਾ ਗਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top