Share on Facebook

Main News Page

ਕੀ ਹੋ ਗਇਆ ਸਾਨੂੰ!!

ਵੀਰ ਕਿਰਪਾਲ ਸਿੰਘ ਭਠਿੰਡਾ, ਵੀਰ ਮਨਜੀਤ ਸਿੰਘ ਖਾਲਸਾ ਅਤੇ ਤੱਤ ਗੁਰਮਤਿ ਪਰਿਵਾਰ ਵਾਲੇ ਵੀਰੋ! ਆਪ ਜੀ ਦੀ ਨਵੀਂ ਖਿਚੋਤਾਂਣ ਵੈਬਸਾਈਟਾਂ ਵਿੱਚ ਉਸ ਵੇਲੇ ਛਿੜੀ, ਜਿਸ ਵੇਲੇ ਕੌਮ ਦੇ ਦੁਸ਼ਮਨ ਆਪਣੀਆਂ ਸੋਚੀਆਂ ਸਮਝੀਆਂ ਚਾਲਾਂ ਵਿੱਚ ਲਗਾਤਾਰ ਕਾਮਯਾਬ ਹੂੰਦੇ ਨਜਰ ਆ ਰਹੇ ਨੇ। ਸਾਡੇ ਸਾਰਿਆਂ ਲਈ ਬਹੁਤ ਹੀ ਸ਼ਰਮ ਦੀ ਗਲ ਹੈ, ਕਿ ਬਹੁਤ ਕੁੱਝ ਲਿਖਣ ਤੇ ਬੇਨਤੀਆਂ ਕਰਨ ਤੋਂ ਬਾਅਦ ਵੀ ਅਸੀਂ ਉਸ ਪੇੜ ਦੇ ਤਣੇ ਨੂੰ ਹੀ ਕੱਟਣ ਤੇ ਉਤਾਰੂ ਹਾਂ, ਜਿਸ ਤੇ ਅਸੀਂ ਸਾਰੇ ਆਪ ਹੀ ਬੈਠੇ ਹਾਂ। ਬਹੁਤ ਸਾਰੀਆਂ ਨਿਜੀ ਪਰੇਸ਼ਾਨੀਆਂ ਵਿੱਚ ਘਿਰੇ ਹੋਣ ਦੇ ਬਾਵਜੂਦ, ਤੇ ਆਪਣੇ “ਹਮਸਫਰ” ਵੀਰਾਂ ਦੀ ਆਲੋਚਨਾ ਨਾ ਕਰਨ ਦੇ ਆਪਣੇ ਫੈਸਲੇ ਦੇ ਬਾਵਜੂਦ, ਦਾਸ ਇਸ ਬੇਲੋੜੀ ਤੇ ‘ਆਪਸੀ ਏਕਤਾ’ ਦੀ ਰਾਹ ਤੇ ਰੁਕਾਵਟ ਬਨਣ ਵਾਲੀ, ਇਸ ਬਹਿਸ ਨੂੰ ਪੜ੍ਹ ਕੇ ਰਹਿ ਨਹੀਂ ਸਕਿਆ। ਦਾਸ ਨੇ ਤੱਤ ਗੁਰਮਤਿ ਪਰਿਵਾਰ ਦੇ ਬਹੁਤ ਸਾਰੇ ਸੰਪਾਦਕੀ ਲੇਖਾਂ ਨੂੰ ਪੜ੍ਹਿਆ ਹੈ। ਵੀਰ ਕਿਰਪਾਲ ਸਿੰਘ ਤੇ ਵੀਰ ਮਨਜੀਤ ਸਿੰਘ ਖਾਲਸਾ ਦੇ ਲੇਖਾਂ ਨੂੰ ਵੀ ਪੜ੍ਹਿਆ। ਦਾਸ ਬਹੁਤ ਦੁਖੀ ਤੇ ਭਰੇ ਹਿਰਦੇ ਨਾਲ ਇਹ ਲਿਖਣ ਤੇ ਮਜਬੂਰ ਹੈ, ਕਿ ਜੇ ਸਾਡੀ ਇਹ ਹੀ ਹਾਲਤ ਰਹੀ ਤੇ ਉਹ ਦਿਨ ਦੂਰ ਨਹੀਂ, ਜਦੋਂ ਅਸੀਂ ਆਪਣੀ ਆਪਣੀ ਅਖੌਤੀ ਵਿਦਵਤਾ ਦਾ ਝੰਡਾ ਚੁੱਕੀ, ਕੌਮ ਦੇ ਪਤਨ ਦਾ ਕਾਰਣ ਬਣ ਜਾਵਾਂਗੇ।

ਮਨਜੀਤ ਸਿੰਘ ਖਾਲਸਾ ਦੇ ਖਤ ਵਿੱਚ ਬਹੁਤ ਸਾਰੀਆਂ ਗਲਾਂ ਸਾਰਥਕ ਤੇ ਸੱਚੀਆਂ ਹਨ, ਉਦਾਹਰਣ ਦੇ ਤੌਰ ਤੇ “ਕੋਈ ਧਿਰ ਜੇ ਇਹ ਸਮਝਦੀ ਹੈ, ਕਿ ਉਸ ਨੂੰ ਹੀ ਗੁਰੂ ਸਿਧਾਂਤਾਂ ਦੀ ਸਮਝ ਹੈ, ਤੇ ਹੋਰ ਸਾਰੇ ਉਸ ਤੋਂ ਕੋਰੇ ਹਨ, ਇਹ ਉਸ ਦੀ ਬਹੁਤ ਵਡੀ ਭੁੱਲ ਹੈ”। ਇਕ ਥਾਂ ਤੇ ਉਨ੍ਹਾਂ ‘ਆਪਣੇ ਹਮਸਫਰ’ ਸ਼ਬਦ ਦਾ ਇਸਤੇਮਾਲ ਕੀਤਾ ਹੈ, ਜੋ ਬਹੁਤ ਹੀ ਸਾਰਥਕ ਹੈ।

ਕੁਝ ਵੀਰ ਅਪਣੇ ਹੀ ‘ਹਮਸਫਰ’ ਵੀਰਾਂ ਦੀ ਜਨਤਕ ਰੂਪ ਵਿਚ ਆਲੋਚਨਾ ਕਰਦੇ ਤੇ ਵਾਰ ਵਾਰ ਉਸ ਵਿਅਕਤੀ ਦੇ ਖਿਲਾਫ ਕੁੱਝ ਨਾਂ ਕੁੱਝ ‘ਮਸਾਲਾ’ ਲਭ ਕੇ ਉਸ ਨੂੰ ਭੰਡਣ ਦੀ ਕੋਸ਼ਿਸ਼ ਕਰਨ ਦੀ ਜੁਗਤ ਵਿਚ ਰਹਿੰਦੇ ਨੇ। ਉਹ ਇਹ ਵੀ ਭੁਲ ਜਾਂਦੇ ਨੇ, ਕਿ ਐਸਾ ਕਰਨ ਨਾਲ ‘ਸੁਧਾਰ ਲਹਿਰ’ ਤੇ ‘ਏਕੇ’ ਦੀਆਂ ਕੋਸ਼ਿਸ਼ਾਂ ਨੂੰ ਕਿੰਨਾਂ ਵੱਡਾ ਨੁਕਸਾਨ ਪਹੁੰਚਦਾ ਹੈ।

ਤੱਤ ਗੁਰਮਤਿ ਵਾਲੇ ਵੀਰਾਂ ਅਗੇ ਨਿਮਾਣੀ ਜਿਹੀ ਬੇਨਤੀ ਹੈ, ਕਿ ਵੀਰ ਮਨਜੀਤ ਸਿੰਘ ਖਾਲਸਾ ਨੇ ਆਪਣੇ ਲੇਖ ਵਿੱਚ ਜੋ ਗਲਾਂ ਕਹੀਆਂ ਹਨ, ਉਨ੍ਹਾਂ ਬਾਰੇ ਬਿਨਾਂ ਕਿਸੇ ਹੇਠੀ ਸਮਝਦੇ ਹੋਏ, ਆਪ ਜੀ ਨੂੰ ਸਵੈ ਪੜਚੋਲ ਜਰੂਰ ਕਰਨੀ ਬਣਦੀ ਹੈ ਜੀ।

ਇਹ ਗਲ ਲਿਖਣ ਲਈ ਇਸ ਲਈ ਮਜਬੂਰ ਹਾਂ, ਕਿ ਆਪ ਜੀ ਦੀ ਵੈਬਸਾਈਟ ਵਿੱਚ ਇੱਕ ਪਾਸੇ ਤੇ ਇਹ ਕਿਹਾ ਜਾਂਦਾ ਹੈ, ਕਿ ਪ੍ਰੋਫੈਸਰ ਦਰਸ਼ਨ ਸਿੰਘ ਦੇ ਅਸੀਂ ਖਿਲਾਫ ਨਹੀਂ। ਦੂਜਾ, ਉਨ੍ਹਾਂ ਨੂੰ ਨੀਵਾਂ ਦਿਖਾਉਣ ਲਈ ਤੁਸੀਂ ਆਏ ਦਿਨ ਕੋਈ ਨਾਂ ਕੋਈ ਮੁੱਦਾ, ਭਾਵੇਂ ਉਹ ਨਵਾਂ ਹੋਵੇ ਜਾਂ ਪੁਰਾਣਾ, ਤੁਸੀਂ ਲਭ ਹੀ ਲੈਂਦੇ ਹੋ। ੳਦਾਹਰਣ ਦੇ ਤੌਰ ‘ਤੇ ਤੁਸੀਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੇ ਦਰਬਾਰ ਸਾਹਿਬ ਵਿੱਚ 100 ਰੁਪਏ ਦੇ ਸਿਰੋਪਾਉ ਵਾਲੀ ਗਲ ਜਿਸ ਤਰ੍ਹਾਂ ਉਠਾਈ ਉਹ ਪ੍ਰੋਫੈਸਰ ਸਾਹਿਬ ਪ੍ਰਤੀ ਆਪ ਜੀ ਦੀ ਭਾਵਨਾਂ ਨੂੰ ਬਹੁਤ ਚੰਗੀ ਤਰ੍ਹਾਂ ਉਜਾਗਰ ਕਰਦੀ ਹੈ। ਵਿਦਵਾਨ ਪਾਠਕ ਆਪ ਜੀ ਦੇ ਉਸ ਲੇਖ ਨੂੰ, ਆਪ ਜੀ ਦੀ ਵੈਬ ਸਾਈਟ ਤੇ ਅੱਜ ਵੀ ਪੜ੍ਹ ਸਕਦੇ ਹਨ। ਕਾਨਪੁਰ ਫੇਰੀ ਦੇ ਦੌਰਾਨ ਉਨਾਂ ਦੇ ਵਿਚਾਰ ‘ਸਿਰੋਪਾਉ’ ਦੇ ਬਾਰੇ ਕੀ ਹਨ, ਆਪ ਜੀ ਅਤੇ ਪਾਠਕ ਸੱਜਣ ਹੇਠ ਦਿਤੇ ਲਿੰਕ ਤੇ ਸੁਣ ਸਕਦੇ ਹੋ।

http://www.youtube.com/watch?v=-IEVb57bq6E

http://www.youtube.com/watch?v=-AuRG1JfhCw

ਜੋ ਸਫਾਈ ਕਾਨਪੁਰ ਦੇ ਵੀਰਾਂ ਨੇ, ਪ੍ਰੋਫੈਸਰ ਸਾਹਿਬ ਕੋਲੋਂ ਉਨਾਂ ਦੇ ‘ਸਮਰਥਕ’ ਹੋਣ ਦੇ ਬਾਵਜੂਦ ਮੰਗੀ, ਤੇ ਜਿਸ ਦੇ ਪ੍ਰਤੀਕਰਮ ਸਰੂਪ ਉਨ੍ਹਾਂ, ਉਸ ਨੂੰ ਕੀਰਤਨ ਦੇ ਦੌਰਾਨ ਸਪਸ਼ਟ ਕੀਤਾ, ਆਪ ਜੀ ਵੀ ਉਸੇ ਤਰ੍ਹਾਂ ਹੀ ਪ੍ਰੋਫੈਸਰ ਸਾਹਿਬ ਕੋਲੋਂ ਅਪਣੀ ਸ਼ੰਕਾ ਦੂਰ ਕਰ ਸਕਦੇ ਸੀ। ਲੇਕਿਨ ਆਪ ਜੀ ਨੇ ਉਨ੍ਹਾਂ ਦਾ ਪੱਖ ਸੁਣੇ ਬਿਨਾਂ ਹੀ ਜਨਤਕ ਰੂਪ ਵਿੱਚ ਉਹ ਲੇਖ ਛਾਪ ਦਿਤਾ।

ਆਪ ਜੀ ਆਏ ਦਿਨ ‘ਵਿਅਕਤੀ ਪੂਜ’ ਤੇ ‘ਵਿਅਕਤੀ ਸਮਰਥਕ’ ਹੋਣ ਦੇ ਉਲਾਹਮੇ ਅਪਣੇ ‘ਹਮਸਫਰ’ ਵੀਰਾਂ ਨੂੰ ਦੇਂਦੇ ਰਹਿੰਦੇ ਹੋ, ਜਿਸ ਬਾਰੇ ਦਾਸ ਇਕ ਲੇਖ ਪਹਿਲਾਂ ਹੀ ਲਿਖ ਚੁਕਾ ਹੈ ‘ਵਿਅਕਤੀ ਪੂਜ’ ਤੇ ‘ਵਿਅਕਤੀ ਸਮਰਥਕ’ ਹੋਣ ਦੇ ਉਲਾਹਮਿਆਂ ਦੀ ਸਾਰਥਕਤਾ”। ਇਹ ਲੇਖ ਆਪ ਜੀ ਦੀ ਵੈਬਸਾਈਟ ‘ਤੇ ਵੀ ਛਪਿਆ ਤੇ ਆਪ ਜੀ ਨੇ ਉਸ ਹੇਠ ਇਹ ਟਿਪਣੀ ਵੀ ਲਾਈ, ਕੇ ਜਲਦੀ ਹੀ ਤੁਸੀਂ ਦਾਸ ਦੇ ਉਸ ਲੇਖ ਦਾ ਜਵਾਬ ਦੇਵੋਗੇ। ਆਪ ਜੀ ਦਾ ਲੇਖ ‘ਪ੍ਰੋਫੈਸਰ ਦਰਸ਼ਨ ਸਿੰਘ ਸਮਰਥਕ ਬਨਾਮ ਜੋਗਿੰਦਰ ਸਿੰਘ ਸਮਰਥਕ’ ਤੇ ਕਿਸੇ ਪਖੋਂ ਵੀ ਕਿਸੇ ‘ਸਿਧਾਂਤ” ਨਾਲ ਢੁਕਦਾ ਪ੍ਰਤੀਤ ਨਹੀਂ ਹੁੰਦਾ। ਤੁਸੀਂ ਜੋਗਿੰਦਰ ਸਿੰਘ ਦੇ ਸਮਰਥਕਾਂ ਦੀ ਤੁਲਨਾ ਪ੍ਰੋਫੈਸਰ ਦਰਸ਼ਨ ਸਿੰਘ ਦੇ ਸਮਰਥਕਾਂ ਨਾਲ ਕਿਸ ਆਧਾਰ ਤੇ ਕੀਤੀ, ਇਹ ਦਾਸ ਅੱਜ ਤੱਕ ਸਮਝ ਨਹੀਂ ਸਕਿਆ। ‘ਝੂਠ’ ਦੇ ਸਮਰਥਕਾਂ ਦੀ ਤੁਲਨਾ ‘ਸੱਚ’ ਦਾ ਸਾਥ ਦੇਣ ਵਾਲੇ ਦੇ ਸਮਰਥਕਾਂ ਨਾਲ ਕਰਕੇ, ਤੁਸੀਂ ਆਪਣੇ ਆਪ ਨੂੰ ਇੱਕ ਨਵੀਂ ਧਿਰ ਤੇ ਇੱਕ ਨਵੀਂ ਕਤਾਰ ਵਿੱਚ ਖੜਾ ਕਰ ਲਿਆ, ਜਦ ਕੇ ਅਸੀਂ ਆਪ ਜੀ ਨੂੰ ਅਪਣਾ ਹੀ ‘ਹਮਸਫਰ’ ਮੰਨਦੇ ਹਾਂ। ਸੱਚ ਦੀ ਗਲ ਕਰਣ ਵਾਲਿਆਂ ਦੀ ਤੁਲਨਾਂ ਝੂਠ ਦਾ ਸਾਥ ਦੇਣ ਵਾਲਿਆਂ ਨਾਲ ਕਰਕੇ, ਆਪ ਜੀ ਕਿਸ ਕਿਸਮ ਦੀ ਵਿਚਾਰਧਾਰਾ ਨੂੰ ਅਪਨਾ ਲਿਆ ਹੈ? ਇਹ ਬਹੁਤ ਹੈਰਾਣਗੀ ਵਾਲੀ ਗਲ ਹੈ।

ਬਹੁਤ ਦਿਨ ਜੇ ਆਪ ਜੀ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਬਾਰੇ ਕੋਈ ਮੁੱਦਾ ਨਹੀਂ ਮਿਲਦਾ ਤੇ ਆਪ ਜੀ ਉਹ ਪੁਰਾਨਾ ਮੁੱਦਾ ਫੇਰ ਚੁਕ ਦੇਂਦੇ ਹੋ, ਕਿ ਪ੍ਰੋਫੈਸਰ ਸਾਹਿਬ ‘ਨਿਤਨੇਮ ਦੀਆਂ ਬਾਣੀਆਂ’ ਬਾਰੇ ਸਪਸ਼ਟ ਸਟੈਂਡ ਲੈਣ। ਤੱਤ ਗੁਰਮਤਿ ਵਾਲੇ ਵੀਰੋ! ਆਪ ਜੀ ਦੇ ਸੰਪਾਦਕੀ ਲੇਖ ਬਹੁਤੇ ਪ੍ਰੋਫੈਸਰ ਸਾਹਿਬ ਦੀ ਬੇਲੋੜੀ ਆਲੋਚਨਾ ਨਾਲ ਭਰੇ ਹੋਏ ਦਿਸਦੇ ਹਨ। ਕੀ ਹੱਲੀ ਵੀ ਅਸੀਂ ਇਹ ਭੁਲੇਖਾ ਪਾਈ ਰਖੀਏ, ਕਿ ਤੁਸੀਂ ਪ੍ਰੋਫੈਸਰ ਸਾਹਿਬ ਜੀ ਦਾ ਵਿਰੋਧ ਨਹੀਂ ਕਰ ਰਹੇ ਹੋ?

ਜੇ ਆਪ ਜੀ ਨੂੰ ਪ੍ਰੋਫੇਸਰ ਸਾਹਿਬ ਤੋਂ ਕੋਈ ਸ਼ਿਕਾਇਤ ਹੈ ਤੇ ਇਕ ਸਮਰਥਕ ਵਾਂਗ ਨਾ ਸਹੀ, ਇੱਕ ਆਲੋਚਕ ਵਾਂਗ, ਤੁਸੀਂ ਉਨਾਂ ਨਾਲ ੳਸ ਬਾਰੇ ਨਿਜੀ ਤੌਰ ‘ਤੇ ਗਲ ਕਰ ਸਕਦੇ ਹੋ। ਪਰ ਆਏ ਦਿਨ, ਜਨਤਕ ਰੂਪ ਵਿੱਚ ਉਨ੍ਹਾਂ ਦੀ ਆਲੋਚਨਾ, ਵੈਬਸਾਈਟਾਂ ‘ਤੇ ਲੇਖਾਂ ਦੇ ਰੂਪ ਵਿੱਚ ਕਰਕੇ ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਨੂੰ ‘ਵਿਯਕਤੀ ਪੂਜ” ਹੋਣ ਦੇ ਉਲ੍ਹਾਮੇ ਦੇ ਕੇ, ਆਪ ਆਪਣੇ ਆਪ ਨੂੰ ਉਸ ‘ਸੁਧਾਰ ਲਹਿਰ’ ਤੋਂ ਆਪ ਹੀ ਦੂਰ ਕਰ ਰਹੇ ਹੋ, ਤੇ ਐਸਾ ਕਰਨ ਨਾਲ ਆਪਸੀ ਵਖਰੇਵਾਂ ਹੀ ਵਧ ਰਿਹਾ ਹੈ। ਜਿਸ ਲਈ ਤੁਸੀਂ ਕਿਸੇ ਦੂਜੇ ਨੂੰ ਜਿੰਮੇਦਾਰ ਨਹੀਂ ਠਹਿਰਾ ਸਕਦੇ।

ਵੀਰ ਕਿਰਪਾਲ ਸਿੰਘ, ਮਨਜੀਤ ਸਿੰਘ ਖਾਲਸਾ ਦੇ ਨਾਲ, ਤੱਤ ਗੁਰਮਤਿ ਪਰਿਵਾਰ ਵਾਲੇ ਵੀਰਾਂ ਨੂੰ ਦਾਸ ਹਥ ਜੋੜ ਕੇ ਬੇਨਤੀ ਕਰਦਾ ਹੈ, ਕਿ ਜੇ ਆਲੋਚਨਾ ਕਰਨੀ ਹੀ ਹੈ, ਤੇ ਉਨ੍ਹਾਂ ‘ਦਸਮ ਗ੍ਰੰਥੀਆਂ’ ਦਾ ਸਾਥ ਦੇਣ ਵਾਲਿਆਂ ਦੀ ਕਰੋ, ਜੋ ਸਿੱਖ ਸਿਧਾਂਤਾਂ ਦਾ ਘਾਣ ਕਰ ਰਹੇ ਨੇ। ਜੋ ਸਿੱਖ ਵਿਰੋਧੀ’ ਹਨ ਉਨ੍ਹਾਂ ਪ੍ਰਤੀ ਜਿੰਨੀ ਹੋ ਸਕੇ, ਕਰੜੀ ਸ਼ਬਦਾਵਲੀ ਦੀ ਵਰਤੋਂ ਕਰੋ, ਨਾ ਕੇ ਆਪਣੇ ‘ਹਮਸਫਰ’ ਵੀਰਾਂ ਲਈ। ਪ੍ਰੋਫੈਸਰ ਦਰਸ਼ਨ ਸਿੰਘ ਵਰਗੇ ਪੰਥ ਦੇ ਮਹਾਨ ਪ੍ਰਚਾਰਕ, ਜਿਸਨੇ ਆਪਣਾ ਸਾਰਾ ਜੀਵਨ ਕੌਮ ਦੇ ਭਲੇ ਲਈ ਲਾ ਦਿਤਾ, ਅਤੇ ਸੇਹਤ ਮਾਫਿਕ ਨਾ ਹੋਣ ਦੇ ਬਾਵਜੂਦ ਉਹ ਆਪਣੇ ਮਿਸ਼ਨ ਤੇ ਇਕਲੇ ਹੀ ਤੁਰੇ ਹੋਏ ਹਨ, ਐਸੇ ਗੁਰ ਕੇ ਸਿੱਖ ਕੋਲੋਂ ਕੁੱਝ ਸਿੱਖਣ ਤੇ ਸੇਧ ਲੈਣ ਦੀ ਲੋੜ ਹੈ, ਨਾ ਕਿ ਉਨ੍ਹਾਂ ਦੀ ਬੇਲੋੜੀ ਆਲੋਚਨਾ, ਉਹ ਵੀ ਜਨਤਕ ਤੌਰ ‘ਤੇ ਕਰਕੇ ਆਪਸੀ ਵਖਰੇਵੇਂ ਪੈਦਾ ਕਰਨ ਦੀ। ਆਪਣੇ ‘ਹਮਸਫਰ’ ਨਾਲ ‘ਸਿਧਾਂਤ’ ਲਈ ਵਾਦ ਵਿਵਾਦ ਵੀ ਕਰੋ ਤੇ ਆਪਸੀ ਗਲਬਾਤ ਰਾਹੀਂ, ਨਾ ਕੇ ਜਨਤਕ ਰੂਪ ਵਿੱਚ। ਵੈਬਸਾਈਟਾਂ ਤੇ ਇੱਕ ਦੂਜੇ ਦੀ ਟੰਗ ਖਿਚਾਈ ਤੇ ਆਪਣੇ ਪੱਖ ਨੂੰ ਜਾਇਜ ਠਹਿਰਾਉਣ ਦੀ ਹੋੜ, ਕਿਸੇ ਵੀ ਪਖੋਂ ਵਿਦਵਤਾ ਨਹੀਂ ਕਹਿਲਾਏਗੀ। ਐਸਾ ਕਰਕੇ ਅਸੀਂ ਆਪਸੀ ਵਖਰੇਵੇਂ ਦੇ ਕਾਲ਼ੇ ਬਦਲਾਂ ਵਿੱਚ ਗੁਆਚ ਜਾਵਾਂਗੇ, ਤੇ ਸਾਡੇ ਟੀਚੇ ਜੋ ਅੱਜ ਤੱਕ ਸਪਸ਼ਟ ਨਹੀਂ ਹਨ, ਸਿੱਖ ਵਿਰੋਧੀਆਂ ਪਾਸੋਂ ਹਾਸੇ ਦਾ ਪਾਤਰ ਬਣ ਕੇ ਰਹਿ ਜਾਣਗੇ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top