![]() |
Share on Facebook | |
ਸਾਲ 2009 ਵਿਚ ਨਾਨਕਸ਼ਾਹੀ ਕੈਲੰਡਰ ਨੂੰ ਸੋਧਾ ਲਾਉਣ ਲਈ ਇਕ ਕਮੇਟੀ ਬਣਾਈ ਗਈ ਜਿਸ ਦੇ ਮੈਂਬਰ ਸਨ ਭਾਈ ਹਰਨਾਮ ਸਿੰਘ ਧੁੰਮਾ (ਪ੍ਰਧਾਨ ਸੰਤ ਸਮਾਜ) ਅਤੇ ਅਵਤਾਰ ਸਿੰਘ ਮੱਕੜ (ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ)। ਇਸ ਦੋ ਮੈਂਬਰੀ ਕਮੇਟੀ ਨੇ 4 ਗੁਰਪੁਰਬਾਂ ਦੀਆਂ ਤਾਰੀਖਾਂ ਪੁਰਾਤਨ ਰਵਾਇਤ (ਵਦੀ-ਸੁਦੀ) ਮੁਤਾਬਕ ਕਰਨ ਦੇ ਨਾਲ-ਨਾਲ ਸੰਗ੍ਰਾਂਦਾਂ ਵੀ ਬਿਕ੍ਰਮੀ ਕੈਲੰਡਰ ਮੁਤਾਬਕ ਕਰਨ ਦਾ ਹੀ ਸੁਝਾ ਦਿੱਤਾ ਸੀ, ਜਿਸ ਨੂੰ ਗਿਆਨੀ ਗੁਰਬਚਨ ਸਿੰਘ ਸਾਹਿਬ ਵਲੋਂ ਪ੍ਰਵਾਨ ਕਰ ਲਿਆ ਗਿਆ। ਸ਼੍ਰੋਮਣੀ ਕਮੇਟੀ ਵਲੋਂ 14 ਮਾਰਚ 2010 ਨੂੰ ਜਾਰੀ ਕੀਤੇ ਸੰਮਤ 542 ਬਿਕ੍ਰਮੀ (2010-2011 ਸੀ: ਈ:) ਦੇ ਕੈਲੰਡਰ ਵਿਚ ਇਹ 4 ਤਾਰੀਖਾਂ ਬਦਲ ਦਿੱਤੀਆਂ ਗਈਆਂ ਸਨ । ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 2 ਹਾੜ ਤੋਂ ਜੇਠ ਸੁਦੀ 4, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਗੁਰਪੁਰਬ 23 ਪੋਹ ਤੋਂ ਪੋਹ ਸੁਦੀ 7, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ 4 ਕੱਤਕ ਤੋਂ ਕੱਤਕ ਸੁਦੀ ਦੂਜ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤਿ ਦਿਹਾੜਾ 7 ਕੱਤਕ ਤੋਂ ਬਦਲਕੇ ਕੱਤਕ ਸੁਦੀ 5 ਨੂੰ ਕਰ ਦਿੱਤਾ ਗਿਆ ਸੀ। ਮਹੀਨੇ ਦੀ ਆਰੰਭਤਾ (ਸੰਗ੍ਰਾਂਦ) ਦੀ ਤਾਰੀਖ ਵੀ ਨਾਨਕਸ਼ਾਹੀ ਤੋਂ ਬਦਲ ਕੇ ਬਿਕ੍ਰਮੀ ਵਾਲੀ ਕਰ ਦਿੱਤੀ ਗਈ ਸੀ। ਬਿਕ੍ਰਮੀ ਕੈਲੰਡਰ `ਚ ਸੰਗ੍ਰਾਂਦ ਹਰ ਸਾਲ ਬਦਲਵੀ ਤਾਰੀਖ ਨੂੰ ਹੁੰਦੀ ਹੈ। ਜਿਵੇਂ ਭਾਦੋਂ ਦੀ ਸੰਗ੍ਰਾਂਦ 2010 `ਚ 16 ਅਗਸਤ ਨੂੰ ਸੀ, 2011 ਵਿਚ 17 ਅਗਸਤ ਨੂੰ ਅਤੇ 2012 ਵਿਚ 16 ਅਗਸਤ ਨੂੰ ਹੋਵੇਗੀ। 2011 ਵਿਚ, 2010 ਤੋਂ ਤਿੰਨ ਸੰਗ੍ਰਾਂਦਾ ਵੱਖਰੀਆਂ ਹਨ ਪਰ 2012 ਵਿਚ 2011 ਤੋਂ 10 ਸੰਗ੍ਰਾਂਦਾ ਵੱਖਰੀਆਂ ਤਾਰੀਖਾਂ ਨੂੰ ਹੋਣਗੀਆਂ। ਸ: ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਵਿਚ, ਮਹੀਨੇ ਦੇ ਆਰੰਭ ਦੀ ਤਾਰੀਖ (ਸੰਗ੍ਰਾਂਦ) ਪੱਕੀ ਕਰ ਦਿੱਤੀ ਹੈ ਜਿਵੇ ਕਿ ਚੇਤ 14 ਮਾਰਚ, ਵੈਸਾਖ 14 ਅਪ੍ਰੈਲ, ਜੇਠ 15 ਮਈ, ਹਾੜ 15 ਜੂਨ, ਸਾਵਣ 16 ਜੁਲਾਈ ਭਾਦੋਂ 16 ਅਗਸਤ, ਅੱਸੂ 15 ਸਤੰਬਰ, ਕੱਤਕ 15 ਅਕਤੂਬਰ, ਮੱਘਰ 14 ਨਵੰਬਰ, ਪੋਹ 14 ਦਸੰਬਰ, ਮਾਘ 13 ਜਨਵਰੀ ਅਤੇ ਫੱਗਣ 12 ਫਰਵਰੀ। ਪਹਿਲੇ 5 ਮਹੀਨਿਆਂ ਦੇ 31 ਦਿਨ ਅਤੇ ਪਿਛਲੇ 7 ਮਹੀਨਿਆਂ ਦੇ 30 ਦਿਨ, ਲੀਪ ਦੇ ਸਾਲ ਵਿਚ ਫੱਗਣ ਦੇ 31 ਦਿਨ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ 365.2425 ਦਿਨ ਹੈ ਜੋ ਮੌਸਮੀ ਸਾਲ ਦੀ ਲੰਬਾਈ 365.24219 ਦੇ ਬੁਹਤ ਹੀ ਨੇੜੇ ਹੈ। ਨਾਨਕਸ਼ਾਹੀ ਕੈਲੰਡਰ ਦਾ ਮੌਸਮੀ ਸਾਲ ਨਾਲੋਂ ਲੱਗ-ਭੱਗ 3300 ਸਾਲ ਪਿਛੋਂ ਇਕ ਦਿਨ ਦਾ ਫਰਕ ਪਵੇਗਾ। 3300 ਸਾਲ ਪਿਛੋਂ ਜਦੋਂ ਨਾਨਕਸ਼ਾਹੀ ਕੈਲੰਡਰ ਮੌਸਮੀ ਸਾਲ ਤੋਂ ਇਕ ਦਿਨ ਅੱਗੇ ਹੋ ਜਾਵੇਗਾ ਤਾ ਲੀਪ ਦੇ ਸਾਲ ਵਿਚ ਫੱਗਣ ਦੇ 30 ਦਿਨ ਕਰਕੇ ਇਸ ਨੂੰ ਮੌਸਮੀ ਸਾਲ ਦੇ ਬਰਾਬਰ ਕਰ ਲਿਆ ਜਾਵੇਗਾ। ਜਦੋਂ ਕੇ ਸ਼੍ਰੋਮਣੀ ਕਮੇਟੀ ਵਲੋਂ 14 ਮਾਰਚ 2010 ਨੂੰ ਜਾਰੀ ਕਿਤੇ ਗਏ ਬਿਕ੍ਰਮੀ ਕੈਲੰਡਰ ਦੀ ਲੰਬਾਈ 365.2563 ਦਿਨ ਹੈ ਇਹ ਸਾਲ ਮੌਸਮੀ ਸਾਲ ਤੋਂ 71 ਸਾਲਾਂ ਵਿਚ ਹੀ ਇਕ ਦਿਨ ਅੱਗੇ ਲੰਘ ਜਾਂਦਾ ਹੈ। ਹੁਣ ਜਦੋਂ ਨਾਨਕਸ਼ਾਹੀ ਕੈਲੰਡਰ ਦੇ ਹਰ ਮਹੀਨੇ ਦੇ ਦਿਨ ਅਤੇ ਮਹੀਨੇ ਦੀ ਅਰੰਭ ਦੀ ਤਾਰੀਖ ਸਦਾ ਵਾਸਤੇ ਹੀ ਇਕ ਹੋਵੇਗੀ ਤਾਂ ਸਾਰੇ ਦਿਹਾੜੇ ਸਦਾ ਵਾਸਤੇ ਇਕ ਹੀ ਤਾਰੀਖ ਨੂੰ ਆਉਣਗੇ ਜਿਵੇ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਨੂੰ ਹਰ ਸਾਲ ਸੀ: ਈ: ਕੈਲੰਡਰ ਦੀ 5 ਜਨਵਰੀ ਹੀ ਹੋਵੇਗੀ। ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ 8 ਪੋਹ ਹਰ ਸਾਲ 21 ਦਸੰਬਰ ਅਤੇ ਛੋਟੇ ਸ਼ਾਹਿਬਜਾਦਿਆਂ ਦੀ ਸ਼ਹੀਦੀ 13 ਪੋਹ ਹਰ ਸਾਲ 26 ਦਸੰਬਰ ਹੀ ਹੋਵੇਗੀ। ਇਸੇ ਤਰਾਂ ਹੀ ਸਾਰੇ ਗੁਰਪੁਰਬ ਅਤੇ ਇਤਿਹਸਕ ਦਿਹਾੜੇ ਹਰ ਸਾਲ ਇਕ ਖਾਸ ਤਾਰੀਖ ਨੂੰ ਹੀ ਆਉਦੇ ਹਨ। ਸੰਤ ਸਮਾਜ ਨੂੰ ਅਜੇਹਾ ਵਿਗਿਆਨਕ ਕੈਲੰਡਰ ਮਨਜੂਰ ਨਹੀ ਸੀ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸੰਤ ਸਮਾਜ ਆਪਣੇ ਵਿਦਿਵਾਨਾਂ ਤੋਂ ਨਾਨਕਸ਼ਾਹੀ ਕੈਲੰਡਰ ਤੋ ਵਧੀਆਂ ਕੈਲੰਡਰ, ਪਿਛਲੇ 10 ਸਾਲਾਂ ਵਿਚ ਵੀ ਤਿਆਰ ਨਹੀ ਕਰਵਾ ਸਕਿਆ। ਇਹ ਬਾਬੇ ਤਾਂ ਸਿੱਖ ਸੰਗਤ ਨੂੰ ਵਦੀ-ਸੁਦੀ ਦੇ ਮੱਕੜਜਾਲ਼ `ਚ ਹੀ ਉਲਝਾਈ ਰੱਖਣਾ ਚਹੁੰਦੇ ਹਨ। ਸੰਮਤ 543 (2011-2012 ਸੀ ਈ) ਦੇ ਕੈਲੰਡਰ ਦੀ ਪੜਚੋਲ; ਗਿਆਨੀ ਗੁਰਬਚਨ ਸਿੰਘ ਅਤੇ ਅਵਤਾਰ ਸਿੰਘ ਮੱਕੜ ਵਲੋਂ 17 ਫਰਵਰੀ 2011 ਨੂੰ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ ਸੀ। ਉਸ ਕੈਲੰਡਰ ਵਿਚ ਸੰਗ੍ਰਾਂਦਾਂ ਤਾਂ ਬਿਕ੍ਰਮੀ ਕੈਲੰਡਰ ਵਾਲੀਆਂ ਹਨ, ਜੋ ਹਰ ਸਾਲ ਬਦਲ ਜਾਂਦੀਆਂ ਹਨ ਪਰ ਨਾਮ ਹੈ ਨਾਨਕਸ਼ਾਹੀ । ਇਸ ਕੈਲੰਡਰ ਦੇ ਸਾਲ ਦੀ ਲੰਬਾਈ ਵੀ ਬਿਕ੍ਰਮੀ ਸਾਲ ਦੀ ਹੈ ਭਾਵ 365.2563 ਦਿਨ ਹੈ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਇਸ ਕੈਲੰਡਰ ਵਿਚ, ਇਸ ਸਾਲ ਚੇਤ ਮਹੀਨੇ ਦੇ ਸਾਰੇ ਦਿਹਾੜੇ ਨਾਨਕਸ਼ਾਹੀ ਕੈਲੰਡਰ ਵਾਲੇ ਹੀ ਹਨ ਕਿਉਂਕਿ ਨਾਨਕਸ਼ਾਹੀ ਅਤੇ ਬਿਕ੍ਰਮੀ ਸਾਲ ਦਾ ਅਰੰਭ ਭਾਵ ਚੇਤ ਦੀ ਸੰਗ੍ਰਾਂਦ 14 ਮਾਰਚ ਨੂੰ ਹੀ ਹੈ। ਵੈਸਾਖ ਦੀ ਸੰਗਰਾਦ 14 ਅਪ੍ਰੈਲ ਨੂੰ ਹੋਣ ਕਰਕੇ ਦੋਵਾਂ ਕੈਲੰਡਰ `ਚ ਸਾਰੇ ਇਤਿਹਾਸਿਕ ਦਿਹਾੜੇ ਇਕ ਦਿਨ ਹੀ ਆਉਦੇ ਹਨ। ਜੇਠ ਦਾ ਅਰੰਭ ਵੀ ਇਸ ਸਾਲ ਦੋਵਾਂ ਕੈਲੰਡਰਾਂ `ਚ 15 ਮਈ ਨੂੰ ਹੀ ਹੁੰਦਾ ਹੈ। ਭਾਦੋਂ ਦਾ ਅਰੰਭ ਨਾਨਕਸ਼ਾਹੀ `ਚ 16 ਅਗਸਤ ਨੂੰ ਅਤੇ ਬਿਕ੍ਰਮੀ `ਚ 17 ਅਗਸਤ ਨੂੰ ਹੁੰਦਾ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਤਾਂ 17 ਭਾਦੋਂ/1 ਸਤੰਬਰ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਹੈ। ਸ਼੍ਰੋਮਣੀ ਕਮੇਟੀ ਵਲੋਂ 17 ਫਰਵਰੀ ਨੂੰ ਜਾਰੀ ਕੀਤੇ ਗਏ ਕੈਲੰਡਰ `ਚ ਵੀ ਇਹ ਤਾਰੀਕ 1 ਸਤੰਬਰ ਹੀ ਦਰਜ ਹਨ ਪਰ ਉਸ ਦਿਨ 17 ਭਾਦੋਂ ਨਹੀ ਹੈ ਸਗੋਂ 1 ਸਤੰਬਰ ਨੂੰ 16 ਭਾਦੋਂ ਹੈ। ਸੋ ਸਪੱਸ਼ਟ ਹੈ ਕਿ ਸ਼ੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ 17 ਭਾਦੋਂ ਤੋਂ ਬਦਲ ਕੇ 16 ਭਾਦੋਂ ਕਰ ਦਿੱਤਾ ਹੈ। ਇਥੇ ਹੀ ਬੱਸ ਨਹੀਂ! ਗੁਰਗੱਦੀ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ , ਜੋਤੀ ਜੋਤ ਗੁਰੂ ਅਮਰ ਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੀ ਤਾਰੀਖ ਵੀ 16 ਸਤੰਬਰ ਦਰਜ ਕੀਤੀ ਗਈ ਹੈ ਜਿਸ ਮੁਤਾਬਕ ਇਹ 31 ਭਾਦੋਂ ਬਣਦੀ ਹੈ ਜਦੋਂ ਕਿ ਇਹ ਤਾਰੀਖ 2 ਅੱਸੂ ਹੈ ਸੋ ਸਪੱਸ਼ਟ ਹੈ ਕਿ ਸ਼ੋਮਣੀ ਕਮੇਟੀ ਵਲੋਂ ਇਹ ਤਾਰੀਖ ਵੀ 2 ਅੱਸੂ ਤੋਂ ਬਦਲ ਕੇ 31 ਭਾਦੋਂ ਕਰ ਦਿੱਤੀ ਗਈ ਹੈ। ਖਾਲਸਾ ਜੀ! ਬਾਕੀ ਦੇ ਮਹੀਨਿਆਂ ਦੇ ਸਾਰੇ ਗੁਰਪੁਰਬਾਂ ਦੀਆਂ ਤਾਰੀਖਾਂ ਵੀ ਬਦਲ ਦਿੱਤੀਆਂ ਗਈਆਂ ਹਨ, ਜਿਵੇ ਅੱਸੂ `ਚ ਗੁਰਗੱਦੀ ਦਿਵਸ ਗੁਰੂ ਅਗੰਦ ਸਾਹਿਬ ਜੀ 18 ਸਤੰਬਰ ਦਰਜ ਕੀਤੀ ਗਈ ਹੈ ਜਿਸ ਮੁਤਾਬਕ ਇਹ 2 ਅੱਸੂ ਬਣਦੀ ਜਦੋ ਕਿ ਅਸਲ `ਚ ਇਹ ਤਾਰਿਖ 4 ਅੱਸੂ ਹੈ। ਜੋਤੀ ਜੋਤ ਗੁਰੂ ਨਾਨਕ ਜੀ 22 ਸਤੰਬਰ/6 ਅੱਸੂ ਅਤੇ ਪ੍ਰਕਾਸ਼ ਦਿਹਾੜਾਂ ਗੁਰੂ ਰਾਮਦਾਸ ਜੀ 9 ਅਕਤੂਬਰ/23 ਅੱਸੂ ਦਰਜ ਕੀਤੀ ਗਈ ਹੈ ਜਦੋਂ ਕਿ ਇਹ 8 ਅੱਸੂ ਅਤੇ 25 ਅੱਸੂ ਹੈ। ਜੋਤੀ ਜੋਤ ਸ੍ਰੀ ਗੁਰੂ ਹਰਿਰਾਏ ਜੀ ਅਤੇ ਗੁਰਗੱਦੀ ਗੁਰੂ ਹਰਿਕ੍ਰਿਸ਼ਨ ਜੀ ਦੀ ਤਾਰੀਖ 20 ਅਕਤੂਬਰ ਦਰਜ ਕੀਤੀ ਗਈ ਹੈ ਜਿਸ ਮੁਤਾਬਕ ਇਹ 4 ਕੱਤਕ ਬਣਦੀ ਹੈ ਜਦੋ ਕਿ ਇਹ 6 ਕੱਤਕ ਹੋਣੀ ਚਾਹੀਦੀ ਸੀ। ਸੋ ਇਹ ਦੋਵੇ ਦਿਹਾੜੇ ਵੀ ਸ਼੍ਰੋਮਣੀ ਕਮੇਟੀ ਨੇ 6 ਕੱਤਕ ਤੋਂ ਬਦਲ ਕੇ 4 ਕੱਤਕ ਨੂੰ ਕਰ ਦਿੱਤੇ ਹਨ। ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਮੁਤਾਬਕ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ 11 ਮੱਘਰ ਨੂੰ ਹੋਈ ਸੀ ਪਰ ਨਵੇਂ ਕੈਲੰਡਰ `ਚ 24 ਨਵੰਬਰ ਮੁਤਾਬਕ 9 ਮੱਘਰ ਦਰਜ ਕੀਤੀ ਗਈ ਹੈ। ਅਜੇਹਾ ਕਿਓ? ਗੁਰੂ ਗੋਬਿੰਦ ਸਿੰਘ ਜੀ ਦਾ ਗੁਰਗੱਦੀ ਦਿਵਸ ਵੀ 11 ਮੱਘਰ ਤੋਂ ਬਦਲ ਕੇ 9 ਮੱਘਰ ਨੂੰ ਕਰ ਦਿਤਾ ਗਿਆ ਹੈ। ਇਨੇ ਨਾਲ ਵੀ ਇਨ੍ਹਾਂ ਨੂੰ ਸਬਰ ਨਹੀ ਆਇਆ । ਸ਼ਹੀਦੀ ਵੱਡੇ ਸਾਹਿਬਜਾਦੇ 21 ਦਸੰਬਰ/6 ਪੋਹ ਅਤੇ ਸ਼ਹੀਦੀ ਦਿਵਸ ਛੋਟੇ ਸਾਹਿਬਜ਼ਦੇ 26 ਦਸੰਬਰ/11 ਪੋਹ ਦਰਜ ਕਰ ਦਿੱਤੀ ਹੈ। ਭਾਵ ਇਹ ਦੋਵੇ ਦਿਹਾੜੇ ਵੀ 8 ਪੋਹ ਤੋਂ 6 ਅਤੇ 13 ਪੋਹ ਤੋਂ ਬਦਲ ਕੇ 11 ਪੋਹ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਹੀ ਪ੍ਰਕਾਸ ਦਿਵਸ ਗੁਰੂ ਹਰਿਰਾਏ ਜੀ 31 ਜਨਵਰੀ/18 ਮਾਘ ਦਰਜ ਕੀਤਾ ਗਿਆ ਹੈ ਜਦੋਂ ਕੇ ਸ਼੍ਰੋਮਣੀ ਕਮੇਟੀ ਵਲੋਂ ਹੀ ਛਾਪੀ ਗਈ , ਪੋ: ਕਰਤਾਰ ਸਿੰਘ ਦੀ ਕਿਤਾਬ, ‘ਸਿੱਖ ਇਤਿਹਾਸ ਭਾਗ ੧’ ਦੇ ਪੰਨਾ 270 ਤੇ 19 ਮਾਘ ਦਰਜ ਹੈ। ਇਸੇ ਤਰਾਂ ਹੀ ਸਿੱਖ ਇਤਿਹਾਸਕ ਨਾਲ ਸਬੰਧਤ ਦਿਹਾੜਿਆਂ ਦੀਆਂ ਤਾਰੀਖਾਂ ਵੀ ਬਦਲ ਦਿੱਤੀਆ ਗਈਆਂ ਹਨ ਜਿਵੇ ਸ਼ਹੀਦੀ ਬਾਬਾ ਦੀਪ ਸਿੰਘ ਜੀ 30 ਕੱਤਕ ਤੋਂ 28 ਕੱਤਕ, ਸ਼ਹੀਦੀ ਭਾਈ ਮਤੀ ਦਾਸ ਜੀ, ਸਤੀਦਾਸ ਅਤੇ ਭਾਈ ਦਿਆਲਾ ਜੀ ਦੀ 11 ਮੱਘਰ ਤੋਂ 9 ਮੱਘਰ, ਜਨਮ ਦਿਨ ਸਾਹਿਬਜਾਦਾ ਜੋਰਾਵਰ ਸਿੰਘ ਜੀ ਦਾ 15 ਮੱਘਰ ਤੋਂ 13 ਮੱਘਰ ਅਤੇ ਜਨਮ ਦਿਨ ਸਾਹਿਬਜਾਦਾ ਫਤਿਹ ਸਿੰਘ ਜੀ ਦਾ 29 ਮੱਘਰ ਤੋਂ ਬਦਲਕੇ 27 ਮੱਘਰ ਕਰ ਦਿੱਤਾ ਗਿਆ ਹੈ ਪਰ ਮਹਾਤਮਾ ਗਾਧੀ ਦੇ ਜਨਮ ਦਿਨ ਦੀ ਤਾਰੀਖ 2 ਅਕਤੂਬਰ, ਬਿਲਕੁਲ ਸਹੀ ਦਰਜ ਕੀਤੀ ਹੈ। ਇਹ ਹੈ ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ ਵਲੋਂ ਸਿੱਖ ਇਤਿਹਾਸ ਨੂੰ ਵਿਗਾੜਨ ਦਾ ਦਸਤਾਵੇਜੀ ਸਬੂਤ-17 ਫਰਵਰੀ 2011 ਨੂੰ ਨਾਨਕਸ਼ਾਹੀ ਦੇ ਨਾਮ ਹੇਠ ਜਾਰੀ ਕੀਤਾ ਗਿਆ ਬਿਕ੍ਰਮੀ ਕੈਲੰਡਰ। ਖਾਲਸਾ ਜੀ ਜਾਗੋ! ਸਰਵਜੀਤ ਸਿੰਘ ਸੈਕਰਾਮੈਂਟੋ |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
![]() |