Share on Facebook

Main News Page

ਪਿੰਡ ਹੋਂਦ ਤੋਂ ਸੇਧ ਲੈ ਸਿੱਖਾਂ ਦੀ ਹੋਂਦ ਸਥਾਪਤ ਕਰੋ

ਕਿਰਤ ਕਰਨੀ, ਵੰਡ ਛਕਣਾ ਤੇ ਨਾਮ ਜਪਣਾ ਗੁਰਮਤਿ ਦੇ ਮੁਢਲੇ ਸਿਧਾਂਤ ਹਨ । ਆਪਣੀ ਮਿਹਨਤ ਦੀ ਕਮਾਈ ਨਾਲ਼ ਕੁੱਲੀ, ਗੁੱਲੀ ਦਾ ਜੁਗਾੜ ਕਰਨਾ, ਕਿਰਤ ਹੈ । ਇਸ ਮਿਹਨਤ ਦੀ ਕਮਾਈ ਵਿੱਚੋਂ ਲੋੜਵੰਦਾਂ ਦੀ ਸਹਾਇਤਾ, ਵੰਡ ਛਕਣਾ ਹੈ । ਇਹ ਕੰਮ ਕਰਦੇ-ਕਰਦੇ ਵਾਹਿਗੁਰੂ ਦਾ ਸ਼ੁਕਰ ਕਰਨਾ, ਨਾਮ ਜਪਣਾ ਹੈ ।

ਗੁਰਮਤਿ ਦਾ ਮਾਰਗ ਰੱਬ ਤੋਂ ਸ਼ੁਰੂ ਹੋ ਕੇ ਚੱਲਦਾ ਹੈ ਅੰਤ ਤੱਕ ਰੱਬ ਨੂੰ ਨਾਲ਼ ਰੱਖਦਾ ਹੈ, ਜਦਕਿ ਵਿਗਿਆਨ ਆਦਿ ਰੱਬ ਤੇ ਆ ਰੁੱਕ ਜਾਂਦੇ ਹਨ । ਇਸ ਗੁਰਮਤਿ ਗਾਡੀ ਰਾਹ ਵਿੱਚ ਰੁਕਾਵਟਾਂ ਪਾਉਣ ਵਾਲਿਆਂ ਨੂੰ ਸਮਝਾਇਆ ਜਾਂਦਾ ਹੈ, ਜੇ ਫਿਰ ਵੀ ਰੁਕਾਵਟ ਪਾਈ ਜਾਵੇ ਤਾਂ ਕਿਰਪਾਨ ਦੀ ਵਰਤੋਂ ਨਾਲ ਸੁਧਾਈ ਕਰ ਸਮਝਾਇਆ ਜਾਂਦਾ ਹੈ । ਸੱਚੀ-ਸੁੱਚੀ ਕਿਰਤ ਨਾਲ਼, ਤਨ ਤੇ ਮਨ ਅੱਛਾ ਰਹਿੰਦਾ ਹੈ । ਕਿਰਤ ਆਮ ਤੌਰ ਤੇ ਦੋ ਤਰਾਂ ਦੀ ਹੁੰਦੀ ਹੈ, ਦਿਮਾਗੀ ਤੇ ਸਰੀਰਕ । ਦਿਮਾਗੀ ਵਾਸਤੇ ਖੁਰਾਕ ਘੱਟ, ਜਦਕਿ ਸਰੀਰਕ ਵਾਸਤੇ ਖੁਰਾਕ ਵੱਧ ਚਾਹੀਦੀ ਹੈ । ਅਗਰ ਦਿਮਾਗੀ ਕੰਮ ਕਰਦੇ ਵੱਧ ਖਾਵਾਂਗੇ ਤੇ ਸਰੀਰਕ ਕਿਰਤ ਕਰਦੇ ਘੱਟ ਖਾਵਾਂਗੇ ਤਾਂ ਦੋਨੋ ਬਿਮਾਰ ਹੋ ਜਾਵਾਂਗੇ । ਦੋਹਾਂ ਦੀ ਕਿਰਤ ਛੁੱਟ ਜਾਵੇਗੀ, ਸਮਾਜ ਵਿੱਚ ਗੜਬੜੀ ਫੈਲੇਗੀ, ਤਾਂ ਹੀ ਵੱਧ ਖਾਣ ਵਾਲਿਆਂ ਦਾ ਪੇਟ ਫੁੱਲ ਜਾਂਦਾ ਹੈ ਤੇ ਘੱਟ ਖਾਣ ਵਾਲਿਆਂ ਨੂੰ ਰੋਗ ਲੱਗ ਜਾਂਦੇ ਹਨ ।

ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ।। ਅੰਗ 790

ਸਿੱਖ ਵਾਸਤੇ ਸਰੀਰਕ ਤੰਦਰੁਸਤੀ ਜ਼ਰੂਰੀ ਹੈ । ਤੰਦਰੁਸਤ ਸੇਹਤ ਨਾਲ਼ ਸੇਵਾ ਕਰਨੀ ਹੈ , ਖੇਡਾਂ ਵਿੱਚ ਹਿਸਾ ਵੀ ਲੈਣਾ ਹੈ । ਸਿੱਖਾਂ ਦੀ ਖੇਡ ਜੁਲਮ ਦਾ ਨਾਸ਼ ਕਰਨਾ ਹੈ । ਜੁਲਮ ਦਾ ਨਾਸ ਕਰਨ ਨੂੰ ਪ੍ਰੇਮ ਦੀ ਖੇਡ ਆਖਦੇ ਹਨ ।

ਜਉ ਤਉ ਪ੍ਰੇਮ ਖੇਲਣ ਕਾ ਚਾਉ ।। ਅੰਗ 1412

ਇਹ ਕ੍ਰਿਕਟ, ਹਾਕੀ, ਫੁਟਬਾਲ ਆਦਿ ਸਿੱਖਾਂ ਦੀਆਂ ਖੇਡਾਂ ਨਹੀਂ । ਜਦੋਂ ਕੋਈ ਸਿੱਖ ਚੜ੍ਹਦੀ ਕਲਾ ਵਾਲ਼ਾ ਕੰਮ ਕਰੇ ਚੌਕਾ ਜਾ ਛੱਕਾ ਹੁੰਦਾ ਹੈ । ਜਦੋਂ ਜਾਲਮ ਦੀ ਸੁਧਾਈ ਕਰੇ ਤਾਂ ਵਿਕਟ ਗਿਰਦੀ ਹੈ ।
ਜਦੋਂ ਸਿੱਖ ਲੜਦਾ-ਲੜਦਾ ਸ਼ਹੀਦ ਹੋ ਜਾਵੇ ਤਾਂ ਮੈਚ ਜਿੱਤਿਆ ਜਾਂਦਾ ਹੈ । ਗੁਰੂ ਦੇ ਹੁਕਮਾਂ ਨੂੰ ਮੰਨਦੇ ਸ਼ਹੀਦ ਕਿਹਾ ਜਾਂਦਾ ਹੈ । ਸ਼ਹੀਦ ਤੋਂ ਉੱਪਰ ਕੋਈ ਪਦਵੀ ਨਹੀਂ । ਸਿੱਖਾਂ ਨੇ ਇਹ ਖੇਡ ਮੁਗਲਾਂ ਨਾਲ਼, ਅੰਗਰੇਜਾਂ ਨਾਲ਼ ਖੇਡੀ ਤੇ ਜਿੱਤਾਂ ਪ੍ਰਾਪਤ ਕੀਤੀਆਂ । ਅੱਜ ਕੱਲ੍ਹ ਇਹ ਮੈਚ ਬ੍ਰਾਹਮਣਵਾਦੀ ਸੋਚ ਨਾਲ਼ ਹੋ ਰਿਹਾ ਹੈ । ਬ੍ਰਾਹਮਣਾਂ ਦਾ ਰਾਜ ਹੈ । ਭਾਰਤੀ ਸੰਵਿਧਾਨ ਵਿੱਚ ਬ੍ਰਾਹਮਣਾਂ ਨੇ ਸਿੱਖਾਂ ਦੀ ਹੋਂਦ ਨੂੰ ਨਹੀਂ ਮੰਨਿਆ । ਅਗਰ ਕੋਈ ਆਪਣੇ ਆਪ ਨੂੰ ਸਿੱਖ ਹੋਣ ਦਾ ਅਹਿਸਾਸ ਕਰਾਉਂਦਾ ਹੈ, ਇਹ ਉਸ ਨੂੰ ਮਾਰ ਮੁਕਾਉਂਦੇ ਹਨ । ਇਹਨਾਂ ਦਾ ਇਹ ਕੰਮ ਇਕ ਰਸ ਚੱਲ ਰਿਹਾ ਹੈ । ਬੇਅੰਤ ਇਨ੍ਹਾਂ ਸਿੰਘ ਸ਼ਹੀਦ ਕਰਵਾਏ ਹਨ ਬਹੁਤ ਸਾਰੇ ਜੇਲਾਂ ਵਿੱਚ ਸੜ ਵੀ ਰਹੇ ਹਨ ।ਰਾਜ ਕਰਨ ਦੇ ਸਾਮ, ਦਾਮ, ਦੰਡ, ਭੇਦ ਦੇ ਪੈਂਤਰੇ ਪੁਰਾਣੇ ਹੋ ਚੁੱਕੇ ਹਨ । ਹੁਣ ਇਨ੍ਹਾਂ ਨਵਾਂ ਤਰੀਕਾ ਕੱਢਿਆ “ਕੁਰੱਪਟ ਐਂਡ ਰੂਲ” । ਆਪਣੇ ਨਾਲਦਿਆਂ ਨੂੰ ਵੀ ਭਰਸ਼ਟ ਕਰੋ । ਉਹਨਾਂ ਦੇ ਭੇਦ ਆਪਣੇ ਕੋਲ ਰੱਖੋ, ਆਪਣੇ ਭੇਦ ਉਹਨਾਂ ਨੂੰ ਨਾ ਦੱਸੋ । ਸਮੇਂ ਮੁਤਾਬਕ ਉਹਨਾਂ ਦੇ ਭਰਸ਼ਟ ਕਾਰਨਾਮਿਆਂ ਨਾਲ਼ ਉਹਨਾਂ ਨੂੰ ਡਰਾਈ ਰੱਖੋ ਤਾਂ ਕਿ ਉਹ ਤੁਹਾਡੇ ਖਿਲਾਫ ਨਾਲ਼ ਮੂੰਹ ਨਾ ਖੋਲਣ । ਇਹਨਾਂ ਦੀ ਇਕ ਪਾਰਟੀ ਕਤਲੇਆਮ ਕਰਦੀ ਹੈ ਦੂਜੀ ਵਿਰੋਧੀ ਪਾਰਟੀ ਦੇਸ ਦਾ ਧੰਨ ਲੁੱਟ-ਲੁੱਟ ਬਾਹਰਲੀਆਂ ਬੈਂਕਾ ਵਿੱਚ ਜਮਾ ਕਰਾਉਂਦੀ ਹੈ । ਇਹ ਅੱਜ ਕੱਲ੍ਹ ਭਰਸ਼ਟਾਚਾਰ-ਭਰਸ਼ਟਾਚਾਰ ਦਾ ਰੌਲਾ ਪਾ ਰਹੇ ਹਨ ਇਸ ਦਾ ਮਤਲਬ ਹੈ ਆਪਣੇ-ਆਪਣੇ ਛੁਪਾਏ ਧੰਨ ਨੂੰ ਸਾਂਭੋ, ਜਗ੍ਹਾ ਬਦਲੀ ਕਰੋ । ਅਜ਼ਾਦੀ ਤੋਂ ਬਾਅਦ ਹੁਣ ਤੱਕ ਘੱਟ ਗਿਣਤੀਆਂ ਦਾ ਕਤਲੇਆਮ ਤੇ ਧੰਨ ਦੀ ਲੁੱਟ ਚੱਲੀ ਹੈ, ਹੁਣ ਇਨ੍ਹਾਂ ਕੋਲ ਲੋਕਾਂ ਦਾ ਬੇਅੰਤ ਧੰਨ ਇਕੱਠਾ ਹੋ ਗਿਆ ਹੈ, ਇਨ੍ਹਾਂ ਨੂੰ ਪਤਾ ਹੈ ਭਾਰਤ ਦੀ ਜਨਤਾ ਵਿੱਚ ਰੋਸ ਫੈਲੇਗਾ, ਗ੍ਰਹਿ ਯੁੱਧ ਹੋਵੇਗਾ, ਇਹ ਆਪੋ-ਆਪਣੇ ਧੰਨ ਨਾਲ਼ ਜਹਾਜ਼ ਫੜ ਬਾਹਰ ਭੱਜਣਗੇ, ਲੁੱਟੇ ਧੰਨ ਨਾਲ਼ ਐਸ਼ਾਂ ਕਰਨਗੇ । ਏਹ ਇੱਕੋ ਥੈਲੀ ਦੇ ਚੱਟੇ ਵੱਟੇ ਹਨ ।“ਚੋਰ-ਚੋਰ ਮੌਸੇਰੇ ਭਾਈ”

ਮਹਾਰਾਸ਼ਟਰ ਦੇ ਸਾਬਕਾ ਇੰਨਸਪੈਕਟਰ ਜਨਰਲ ਐਸ.ਐਸ. ਮੁਸ਼ੱਰਫ ਆਪਣੀ ਕਿਤਾਬ “ਕਰਕਰੇ ਦੇ ਕਾਤਲ ਕੌਣ” ਵਿਚ ਲਿਖਦੇ ਹਨ, “ਇਹ ਹਿੰਦੂ ਅੱਤਵਾਦੀ ਗਰੁੱਪ ਹਥਿਆਰਬੰਦ ਬਗਾਵਤ ਦੁਆਰਾ ਕੇਂਦਰੀ ਸਰਕਾਰ ਦਾ ਤਖਤਾ ਪਲਟਾ ਹਿੰਦੂ ਰਾਸਟਰ ਬਣਾਉਣਾ ਚਹੁੰਦੇ ਹਨ, ਇਸ ਸੰਬੰਧ ਇਨ੍ਹਾਂ ਬਹੁਤ ਮੀਟਿੰਗਾਂ ਕੀਤੀਆਂ” ਲੈਫ. ਜਨਰਲ ਪ੍ਰੋਹਤ ਆਪਣੇ ਲੈਪਟਾਪ ਵਿੱਚ ਕਹਿੰਦਾ ਹੈ “ਮੈਂ ਇਜ਼ਰਾਈਲ ਸਰਕਾਰ ਨਾਲ਼ ਸੰਪਰਕ ਕਰ ਚਾਰ ਚੀਜਾਂ ਮੰਗੀਆਂ ਹਨ ।

  1. ਹਥਿਆਰਾਂ ਤੇ ਲੋੜੀਂਦੇ ਸਮਾਨ ਸਮੱਗਰੀ ਦੀ ਸਪਲਾਈ ।
  2. ਸਾਡੇ ਆਦਮੀਆਂ ਨੂੰ ਟਰੇਨਿੰਗ ਦੇਣਾ ।
  3. ਸਾਨੂੰ ਸਿਆਸੀ ਸ਼ਰਣ ਦੇਣਾ ।

ਇਜ਼ਰਾਈਲ ਦੀ ਰਾਜਧਾਨੀ ਤਲ-ਅਵੀਵ ਵਿਚ ਸਾਡੇ ਦਫਤਰਾਂ ਲਈ ਇਮਾਰਤ ਦੇਣਾ, ਜਿਸ ਤੇ ਭਗਵਾ ਝੰਡਾ ਲਹਿਰਾਉਣਾ ਤੇ ਸੰਯੁਕਤ ਰਾਸ਼ਟਰ ਵਿਚ ਅਜ਼ਾਦ ਹਿੰਦੂ ਰਾਜ ਦੀ ਹਮਾਇਤ ਕਰਨਾ”।

ਇਸੇ ਕਾਰਨ ਇਹ ਘੱਟ ਗਿਣਤੀਆਂ ਦਾ ਕਤਲੇਆਮ ਕਰਦੇ ਹਨ । ਇਹਨਾਂ ਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ । ਇਹਨਾਂ 1984 ਵਿੱਚ ਪੂਰਾ ਪਿੰਡ ਹੀ ਜਲਾ ਦਿੱਤਾ । ਉਸ ਪਿੰਡ ਦੇ ਸਾਰੇ ਬੰਦੇ ਸਿੱਖ ਸਨ, ਜੋ ਬੜੇ ਦਰਦਨਾਕ ਤਰੀਕੇ ਨਾਲ਼ ਮਾਰੇ ਗਏ, ਜਿੰਦਾ ਜਲਾਏ ਗਏ । ਇਸ ਮੌਤ ਦਾ ਤਾਂਡਵ ਹਜ਼ਾਰਾਂ ਬੰਦਿਆਂ ਨੇ ਦੇਖਿਆ ਸੀ । ਅੱਜ ਤੱਕ ਉਹ ਪਿੰਡ ਖੰਡਰਾਤ ਦੇ ਰੂਪ ਵਿੱਚ ਹੈ । ਸਬੂਤ ਓਵੇਂ ਦੇ ਓਵੇਂ ਹਨ । ਇਹਨਾਂ ਨੂੰ ਤਸੱਲੀ ਹੈ ਕਿ ਇਸ ਦੇਸ਼ ਵਿੱਚ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਕਿਉਂਕਿ ਸਰਕਾਰ ਸਾਡੇ ਵੱਲ ਹੈ, ਪੁਲਿਸ ਤੇ ਪਰਸ਼ਾਸਨ ਦਾ ਇਹਨਾਂ ਨੂੰ ਕੋਈ ਡਰ ਨਹੀਂ ਹੈ । ਖਾਨਾ-ਪੂਰਤੀ ਵਾਸਤੇ ਐਫ. ਆਈ. ਆਰ.91 ਵੀ ਹੈ । ਅਟੇ-ਸਟੇ ਨਾਲ਼ 20 ਬੰਦੇ ਜਲੇ ਦਿਖਾਏ ਗਏ ਹਨ ।

ਇਹ ਹਰਿਆਣੇ ਦੇ ਰੇਵਾੜੀ ਜਿਲ੍ਹੇ ਵਿੱਚ ਹੈ । ਇਸ ਦਾ ਨਾਮ ਹੋਂਦ ਹੈ । ਇਸ ਦੇ ਨਾਲ਼ ਹੋਰ ਵੱਡਾ ਪਿੰਡ ਚਿੱਲੜ ਹੈ । ਹੋਦ ਤੇ ਚਿੱਲੜ ਦੀ ਪੰਚਾਇਤ ਸਾਂਝੀ ਹੁੰਦੀ ਸੀ । ਹੋਦ ਪਿੰਡ ਦੇ ਨਿਵਾਸੀਆਂ ਦਾ 15 ਸਾਲ ਤੱਕ ਸਰਪੰਚ ਬਣੇ ਰਹਿਣਾ ਇਹਨਾ ਦੀ ਕਿਸੇ ਨਾਲ਼ ਵੀ ਨਿਜੀ ਦੁਸ਼ਮਣੀ ਨਾ ਹੋਣਾ ਸਿੱਧ ਕਰਦਾ ਹੈ । ਇਸ ਪਿੰਡ ਦੀ ਖੋਜ ਇੰਜੀ.ਮਨਵਿੰਦਰ ਸਿੰਘ ਗਿਆਸਪੁਰ ਨੇ ਕੀਤੀ । 1984 ਵਿੱਚ ਇਸ ਪਿੰਡ ਦੇ 40-50 ਲੋਕਾਂ ਦੀਆਂ ਜਾਨਾਂ ਚਲੇ ਗਈਆਂ । ਸਰਕਾਰ ਨੇ 26 ਸਾਲ ਤੱਕ ਨਸ਼ਰ ਨਾ ਹੋਣ ਦਿੱਤਾ । ਅਗਰ ਮਨਵਿੰਦਰ ਸਿੰਘ ਨਾ ਜਾਂਦਾ ਤਾਂ ਪਿੰਡ ਦੀ ਹੋਂਦ ਮਿੱਟ ਜਾਣੀ ਸੀ ।

ਅੱਜ ਇਹ ਪਿੰਡ ਮੀਡੀਆ ਵਿੱਚ ਛਾਇਆ ਹੋਇਆ ਹੈ । ਸ.ਮਨਵਿੰਦਰ ਸਿੰਘ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਆਦਿ ਦੇ ਸਾਂਝੇ ਯਤਨਾਂ ਸਦਕਾ 27 ਬੰਦਿਆਂ ਦੀ ਸੂਚੀ ਵੀ ਲੱਭ ਗਈ ਹੈ , ਹੋਰਨਾਂ ਦੀ ਭਾਲ ਜਾਰੀ ਹੈ । ਸਰਕਾਰ ਨੂੰ ਕੁੱਝ ਨਹੀਂ ਲੱਭਿਆ - ਇਸ ਤੋਂ ਸਿੱਧ ਹੁੰਦਾ ਹੈ ਬ੍ਰਾਹਮਣਵਾਦੀਆਂ ਨੇ ਸਿੱਖਾਂ ਦੀ ਹੋਂਦ ਮਿਟਾਉਣ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ । ਹੁਣ ਸਬੂਤ ਸਾਡੇ ਸਾਹਮਣੇ ਹਨ, ਸਰਬੱਤ ਸਿੱਖ ਸੰਗਤ ਦਾ ਫਰਜ਼ ਬਣਦਾ ਹੈ ਕਿ ਸਿੱਖਾਂ ਦੀ ਹੋਂਦ ਨੂੰ ਪੱਕਿਆਂ ਕੀਤਾ ਜਾਵੇ । ਜਲਿਆਂ ਵਾਲੇ ਬਾਗ ਦੀ ਤਰ੍ਹਾਂ ਇਸ ਪਿੰਡ ਨੂੰ ਸੰਭਾਲਿਆ ਜਾਵੇ, ਸਿੰਘਾਂ ਦੀ ਯਾਦ ਵਿੱਚ ਸਮਾਰਕ ਬਣਾਈ ਜਾਵੇ, ਉਸ ਉਪਰ ਸ਼ਹੀਦ ਸਿੰਘਾਂ ਦੇ ਨਾਮ ਲਿਖੇ ਜਾਣ, ਪੀੜਤਾਂ ਨੂੰ ਯੋਗ ਮੁਆਵਜਾ ਦਿਵਾਇਆ ਜਾਵੇ । ਇੰਨਕੁਆਰੀਆਂ-ਕਮਿਸ਼ਨਾਂ ਵਿੱਚੋਂ ਕੁਝ ਨਹੀ ਨਿਕਲਣਾ । ਇਹ ਹੁਣ ਤੱਕ ਭਾਰਤ ਅੰਦਰ ਨਾਟਕ ਹੀ ਸਿੱਧ ਹੋਏ ਹਨ । ਇਸ ਪਵਿੱਤਰ ਕੰਮ ਵਿੱਚ ਰਾਜਨੀਤੀ ਨਾ ਖੇਡੀ ਜਾਵੇ । ਰਾਜਨੀਤੀ ਖੇਡਣ ਵਾਲਿਆਂ ਤੇ ਬਾਜ ਅੱਖ ਰੱਖੀ ਜਾਵੇ । ਰਾਜਨੀਤੀ ਖੇਡਣ ਵਾਲਿਆਂ ਨੂੰ ਗੁਰੂ ਘਰ ਦੇ ਦੋਖੀ ਗਰਦਾਨ ਸੰਸਾਰ ਵਿੱਚ ਨੰਗਾ ਕੀਤਾ ਜਾਵੇ । ਇਸ ਪਿੰਡ ਦਾ ਅਸਲੀ ਨਾਮ ਹੋਦ ਹੈ, ਹੋਂਦ ਨਹੀਂ । ਹੁਣ ਇਸ ਦੀ ਹੋਂਦ ਬਚਾ ਸਿੱਖਾਂ ਦੀ ਹੋਂਦ ਨੂੰ ਪੱਕਿਆ ਕੀਤਾ ਜਾਵੇ । “ਸਿੱਖ ਇੱਕ ਵੱਖਰੀ ਕੌਮ ਹੈ” ਇਹ ਮਾਨਤਾ ਦਿਲਾਈ ਜਾਵੇ ।

ਗੁਰਮੇਲ ਸਿੰਘ ਖਾਲਸਾ
ਮੋ. 99147 01469
317, ਪਿੰਡ ਗਿਆਸਪੁਰ, ਲੁਧਿਆਣਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top