Share on Facebook

Main News Page

ਗੁਰਦੁਆਰਾ ਚੋਣ ਕਮਿਸ਼ਨਰ ਵਲੋਂ ਗੁਰਦੁਆਰਾ ਚੋਣਾਂ 8 ਮਈ ਨੂੰ ਕਰਵਾਉਣ ਦੀ ਸਿਫਾਰਸ਼

ਚੰਡੀਗੜ੍ਹ, (1 ਮਾਰਚ, ਪੀ.ਅਸ.ਐਨ): ਗੁਰਦੁਆਰਾ ਚੋਣ ਕਮਿਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨੂੰ ਐਤਵਾਰ 8 ਮਈ ਨੂੰ ਕਰਾਉਣ ਦੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸਿਫਾਰਸ਼ ਕੀਤੀ ਹੈ। ਕਮਿਸ਼ਨ ਨੇ ਚੋਣਾਂ ਦੇ ਅਮਲ ਨੂੰ ਨੇਪਰੇ ਚਾੜ੍ਹਨ ਲਈ ਸਬੰਧਤ ਧਿਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਕਰ ਦਿਤਾ ਹੈ। ਅੰਤਿਮ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਮੁਤਾਬਕ ਇਸ ਵਾਰ ਕਮੇਟੀ ਦੀਆਂ ਚੋਣਾਂ ਵਿਚ ਕੁਲ 56,77,129 ਵੋਟਰ ਵੋਟ ਦੇ ਹੱਕ ਦੀ ਵਰਤੋਂ ਕਰ ਸਕਣਗੇ।

ਕਮੇਟੀ ਦੀਆਂ ਪਿਛਲੀਆਂ ਆਮ ਚੋਣਾਂ 2004 ਵਿਚ ਹੋਈਆਂ ਸਨ ਅਤੇ ਗੁਰਦੁਆਰਾ ਐਕਟ ਅਨੁਸਾਰ 2009 ਵਿਚ ਸ਼੍ਰੋਮਣੀ ਕਮੇਟੀ ਦੀ ਆਮ ਚੋਣ ਹੋਣੀ ਸੀ ਪਰ ਵੱਖ-ਵੱਖ ਕਾਰਨਾਂ ਕਰਕੇ ਕਮੇਟੀ ਚੋਣਾਂ ਦਾ ਅਮਲ ਪਛੜਦਾ ਗਿਆ। ਹੁਣ ਤਕ ਕਈ ਧਿਰਾਂ ਵਲੋਂ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਕੇਂਦਰ ਵੱਲੋਂ ਆਨੇ-ਬਹਾਨੇ ਵਿਚ ਚੋਣਾਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਬਾਅਦ ਹੀ ਕਰਵਾਈਆਂ ਜਾਣਗੀਆਂ। ਅੰਤਿਮ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਦਾ ਅਮਲ ਨੇਪਰੇ ਚੜ੍ਹਨ ਬਾਅਦ ਅਤੇ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਤਾਰੀਖ ਤਜਵੀਜ਼ੇ ਜਾਣ ਨਾਲ ਇਹ ਗੱਲ ਅਹਿਮ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਫਰਵਰੀ ਦੇ ਆਖਰੀ ਦਿਨਾਂ ਵਿਚ ਗੁਰਦੁਆਰਾ ਚੋਣ ਕਮਿਸ਼ਨ ਦੀ ਮਿਆਦ ਇਕ ਸਾਲ ਲਈ ਵਧਾ ਕੇ ਚੋਣਾਂ ਦਾ ਕੰਮ ਨੇਪਰੇ ਚਾੜ੍ਹਨ ਦਾ ਸਪਸ਼ਟ ਸੰਕੇਤ ਦਿੱਤਾ ਹੈ।

ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਸਾਰੇ ਇਤਰਾਜ਼ ਅਤੇ ਦਾਅਵਿਆਂ ਦਾ ਕੰਮ ਨਿਬੇੜਨ ਬਾਅਦ ਵੋਟਰਾਂ ਦੀ ਕੁਲ ਗਿਣਤੀ ਵੀ ਸਪਸ਼ਟ ਹੋ ਗਈ ਹੈ। ਸੂਚੀਆਂ ਅਨੁਸਾਰ ਪੰਜਾਬ ਵਿਚ ਕੁਲ ਵੋਟਾਂ 52,68,664 ਬਣੀਆਂ ਹਨ। ਹਰਿਆਣਾ ਵਿਚ ਕੱੁਲ ਵੋਟਾਂ 3,73,465, ਹਿਮਾਚਲ ਵਿਚ 23,001 ਅਤੇ ਚੰਡੀਗੜ੍ਹ ਵਿਚ ਕੁੱਲ ਵੋਟਾਂ 11,999 ਬਣੀਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਦੀਆਂ ਸੱਤ ਕਮੇਟੀ ਸੀਟਾਂ ਵਿਚ ਇਤਰਾਜ਼ ਠੀਕ ਨਾ ਕੀਤੇ ਜਾਣ 'ਤੇ ਕਮਿਸ਼ਨ ਨੇ ਪੰਜਾਬ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਜੇਕਰ ਇਤਰਾਜ਼ ਠੀਕ ਨਾ ਕੀਤੇ ਗਏ ਤਾਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਰੋਕ ਲਈਆਂ ਜਾਣਗੀਆਂ। ਇਸ ਦੇ ਬਾਅਦ ਪੰਜਾਬ ਸਰਕਾਰ ਫੌਰੀ ਹਰਕਤ ਵਿਚ ਆਈ ਅਤੇ ਵੋਟਰ ਸੂਚੀਆਂ ਦੀ ਸੋਧ ਕੀਤੀ ਗਈ। ਇਨ੍ਹਾਂ ਸੀਟਾਂ ਵਿਚ ਸਮਾਣਾ, ਕਪੂਰਥਲਾ, ਫਗਵਾੜਾ, ਭੁਲੱਥ, ਅੰਮ੍ਰਿਤਸਰ ਪੱਛਮੀ, ਅੰਮ੍ਰਿਤਸਰ ਕੇਂਦਰੀ ਅਤੇ ਚੋਗਾਵਾਂ ਸ਼ਾਮਲ ਹਨ।

ਮੁੱਖ ਕਮਿਸ਼ਨਰ (ਗੁਰਦੁਆਰਾ ਚੋਣਾਂ) ਜਸਟਿਸ ਹਰਫੂਲ ਸਿੰਘ ਬਰਾੜ ਨੇ ਦੱਸਿਆ ਕਿ ਕਮਿਸ਼ਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ 8 ਮਈ ਨੂੰ ਇਕੋ ਦਿਨ ਵਿਚ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਦੀ ਸਿਫਾਰਸ਼ ਕੀਤੀ ਹੈ ਪਰ ਅੰਤਿਮ ਫੈਸਲਾ ਗ੍ਰਹਿ ਮੰਤਰਾਲੇ ਨੇ ਹੀ ਲੈਣਾ ਹੈ। ਪਿਛਲੀਆਂ ਆਮ ਚੋਣਾਂ ਗੁਰਦੁਆਰਾ ਕਮਿਸ਼ਨ ਵਲੋਂ ਸਿਫਾਰਸ਼ ਕੀਤੀ ਤਰੀਕ ਨੂੰ ਹੀ ਕਰਵਾਈਆਂ ਗਈਆਂ ਸਨ ਕਿਉਂ ਜੋ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਦੇ ਸਾਰੇ ਪ੍ਰਬੰਧ ਗੁਰਦੁਆਰਾ ਕਮਿਸ਼ਨ ਨੇ ਹੀ ਕਰਨੇ ਹੁੰਦੇ ਹਨ।

ਇਕ ਸਵਾਲ ਦੇ ਜੁਆਬ ਵਿਚ ਜਸਟਿਸ ਬਰਾੜ ਨੇ ਕਿਹਾ ਕਿ ਉਨ੍ਹਾਂ ਨੇ ਪੂਰੀ ਵਾਹ ਲਾਈ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਕੇਸਧਾਰੀ ਸਿੱਖ ਹੀ ਹਿੱਸਾ ਲੈਣ। ਉਨ੍ਹਾਂ ਨੇ ਵੋਟਰ ਸੂਚੀਆਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਸਬੰਧਤ ਡਿਪਟੀ ਕਮਿਸ਼ਨਰਾਂ ਤੋਂ ਹਲਫੀਆ ਬਿਆਨ ਵੀ ਲਏ ਹਨ ਕਿ ਕੇਸਧਾਰੀ ਸਿੱਖਾਂ ਦੀਆਂ ਹੀ ਵੋਟਾਂ ਬਣਾਈਆਂ ਗਈਆਂ ਹਨ। ਚੋਣਾਂ ਲੜਨ ਲਈ ਜਿਹੜੀਆਂ ਪਾਰਟੀਆਂ ਨੇ ਅਰਜ਼ੀਆਂ ਦਿਤੀਆਂ ਹਨ, ਉਨ੍ਹਾਂ ਦੀ ਪੜਤਾਲ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ ਅਤੇ ਪਤਾ ਕੀਤਾ ਜਾ ਰਿਹਾ ਹੈ ਕਿ ਚੋਣ ਲੜਨ ਵਾਲੀ ਪਾਰਟੀ ਦੀ ਕੀ ਸਥਿਤੀ ਹੈ। ਇਸ ਵੇਲੇ ਤੱਕ ਅੱਠ ਧਿਰਾਂ ਨੂੰ ਕਮਿਸ਼ਨ ਵੱਲੋਂ ਬੁਲਾਇਆ ਜਾ ਚੁੱਕਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top