Share on Facebook

Main News Page

ਜੇਕਰ ਗੁਰਧਾਮਾਂ ਤੋਂ ਰਾਜਨੀਤਕ ਕਬਜ਼ਾ ਨਾ ਟੁੱਟਾ, ਤਾਂ ਸ੍ਰੀ ਅੰਮ੍ਰਿਤਸਰ ਵਿਖੇ ਸਾਕਾ ਨਨਕਾਣਾ ਮੁੜ ਵਰਤ ਸਕਦਾ ਹੈ: ਗਿਆਨੀ ਜਾਚਕ

ਮੈਲਬੌਰਨ 27 ਫਰਵਰੀ (ਅਰਵਿੰਦਰ ਸਿੰਘ): ਜੇਕਰ ਸਮੁਚੀ ਸਿੱਖ ਕੌਮ ਨੇ ਜਾਗਰੂਕ ਹੁੰਦਿਆਂ ਗੁਰਦੁਆਰਾ ਪ੍ਰਬੰਧ ਲਈ ਸਥਾਪਿਤ ਲੋਕਰਾਜੀ ਤਰੀਕੇ ਮੁਤਾਬਿਕ, ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਆਪਣੀ ਵੋਟ ਦੀ ਸੁਵਰਤੋਂ ਨਾ ਕੀਤੀ ਤਾਂ ਭਵਿੱਖ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਤੋਂ ਵੀ ਵਧੇਰੇ ਦੁਖਦਾਈ ਕਾਂਡ ਵਰਤ ਸਕਦਾ ਹੈ। ਕਿਉਂਕਿ, ਅਜੋਕੇ ਸੱਤਾਧਾਰੀ ਲੋਕ ਮਹੰਤ ਨਰਾਇਣੂ ਤੋਂ ਵਧੇਰੇ ਸ਼ਕਤੀਸ਼ਾਲੀ ਹਨ । ਦੇਸ਼-ਵਿਦੇਸ਼ ਦੀਆਂ ਸਮੂਹ ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਧੜੇਬੰਦੀ ਤੋਂ ਉਚੇਰੀਆਂ ਹੋ ਕੇ ਕੌਮੀ ਭਵਿਖ ਲਈ ਇਸ ਪੱਖੋਂ ਚਿੰਤਾਤੁਰ ਹੋਣ । ਕਿਉਂਕਿ, ਕੌਮ ਦੇ ਸਰਬਪੱਖੀ ਵਿਕਾਸ ਲਈ ਗੁਰਦੁਆਰਿਆਂ ਨੂੰ ਸਿੱਖੀ ਦੇ ਸਕੂਲ ਬਣਾਉਦਿਆਂ ਗੋਲਕ ਦੀ ਦੁਰਵਰਤੋਂ ਰੋਕਣੀ ਅਤਿਅੰਤ ਜ਼ਰੂਰੀ ਹੈ । ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਇਹ ਅਪੀਲ ਅਸਟ੍ਰੇਲੀਆ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੈਗੀਬਰਨ (ਮਿਲਬਰਨ) ਤੋਂ ਕੀਤੀ, ਜਿਥੇ ਉਹ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਨੂੰ ਸਮਰਪਤ ਇੱਕ ਵਿਸ਼ੇਸ਼ ਸਤਿਸੰਗ ਨੂੰ ਸੰਬੋਧਨ ਕਰ ਰਹੇ ਸਨ ।

ਉਨ੍ਹਾਂ ਇਹ ਵੀ ਕਿਹਾ ਹੁਣ ਬਿਲਕੁਲ ਓਹੀ ਹਲਾਤ ਬਣੇ ਹੋਏ, ਜਿਨ੍ਹਾਂ ਨੂੰ ਅਧਾਰ ਬਣਾ ਕੇ 1920 ਵਿੱਚ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਸੀ ਅਤੇ ਸਾਡੇ ਗੁਰਸਿੱਖ ਬੁਜ਼ੁਰਗਾਂ ਨੂੰ ਫਰਵਰੀ 1921 ਨੂੰ ਸ੍ਰੀ ਨਾਨਕਾਣਾ ਸਾਹਿਬ ਵਰਗਾ ਦਿਲ ਕੰਬਾਊ ਸ਼ਹੀਦੀ ਸਾਕਾ ਵਰਤਾਉਣਾਂ ਪਿਆ ਸੀ । ਕਿਉਂਕਿ, ਜਿਵੇਂ ਅੰਗਰੇਜ਼ ਹਾਕਮ ਸਾਡੇ ਕੁਝ ਝੋਲੀ-ਚੁੱਕ ਸਿੱਖ ਆਗੂਆਂ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪੁਜਾਰੀਆਂ ਅਤੇ ਗੁਰਧਾਮਾਂ ਦੇ ਮਹੰਤਾਂ ਨੂੰ ਹੱਥ-ਠੋਕੇ ਬਣਾ ਕੇ ਆਪਣੇ ਰਾਜਸੀ ਸੁਆਰਥਾਂ ਦੀ ਪੂਰਤੀ ਲਈ ਵਰਤ ਰਹੇ ਸਨ । ਬਿਲਕੁਲ, ਓਵੇਂ ਹੀ ਹੁਣ ਸੱਤਾਧਾਰੀ ਸਿੱਖ ਆਗੂ ਆਪਣੇ ਰਾਜਸੀ ਤੇ ਪ੍ਰਵਾਰਕ ਸੁਆਰਥਾਂ ਲਈ ਕੱਟੜ ਹਿੰਦੂਤਵੀ ਸ਼ਕਤੀਆਂ ਦੇ ਹੱਥ ਠੋਕੇ ਬਣ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਗੁਰਧਾਮਾਂ ਦੀ ਦੁਰਵਰਤੋਂ ਕਰ ਰਹੇ ਹਨ । ਜਿਵੇਂ ਅੰਗਰੇਜ਼ ਵੇਲੇ ਦੇ ਪੁਜਾਰੀਆਂ ਨੇ ਹਾਕਮਾਂ ਦੇ ਕਹਿਣ ਅਨੁਸਾਰ ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ: ਗੁਰਮੁਖ ਸਿੰਘ ਨੂੰ ਪੰਥ ਵਿਚੋਂ ਛੇਕਿਆ, ਜਨਰਲ ਅਡਵਾਇਰ ਨੂੰ ਸਰੋਪਾ ਦਿੱਤਾ ਅਤੇ ਕਲਕੱਤੇ ਦੀ ਬੰਦਰਗਾਹ ’ਤੇ ਗੋਲੀਆਂ ਨਾਲ ਭੁੰਨੇ ਗਏ ਗਦਰੀ ਸਿੱਖ ਬਾਬਿਆਂ ਬਾਰੇ ਆਖਿਆ ਸੀ, ਕਿ ਉਹ ਸਿੱਖ ਨਹੀ ਸਨ । ਤਿਵੇਂ ਹੀ ਅੱਜ ਪੰਥ ਦਰਦੀ ਗੁਰਸਿੱਖ ਵਿਦਵਾਨਾਂ ਨੂੰ ਸਤਿਕਾਰਤ ਕਰਨ ਦੀ ਥਾਂ, ਪੰਥ ਵਿਚੋਂ ਛੇਕਣ ਦੀ ਆਪਹੁਦਰੀ ਕਾਰਵਾਈ ਕਰਕੇ ਅਪਮਾਨਿਤ ਕੀਤਾ ਜਾ ਰਿਹਾ ਹੈ ਅਤੇ 2003 ਵਿੱਚ ਗਿਆਨੀ ਜੁਗਿੰਦਰ ਸਿੰਘ ਵੇਦਾਂਤੀ ਨੇ ਜਿਸ ਪੁਰੇਵਾਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਨਮਾਨਿਤ ਕੀਤਾ ਸੀ, ਉਸੇ ਨੂੰ ਹੀ ਸੱਤਾਧਾਰੀ ਹਾਕਮਾਂ ਦੇ ਕਹਿਣ ’ਤੇ ਆਰ.ਐਸ.ਐਸ ਦਾ ਏਜੰਟ ਦੱਸਿਆ ਜਾ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top