Share on Facebook

Main News Page

ਭਾਈ ਤਰਸੇਮ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ, ਦਿੱਲੀ ਵਲੋਂ ਅਖੌਤੀ ਜਥੇਦਾਰ ਗੁਰਬਚਨ ਸਿੰਘ ਨੂੰ ਚਿੱਠੀ

ਦਾਸ ਨੂੰ ਜਨਵਰੀ 2011 ਦੇ ਆਖਰੀ ਹਫਤੇ ਲਈ ਅੰਮ੍ਰਿਤਸਰ ਵਿਖੇ ਰਹਿ ਕੇ ਪਿੰਡਾਂ ਦੇ ਨੌਜਵਾਨਾਂ ਤੇ ਆਮ ਸਿੱਖਾਂ ਦੇ ਜੀਵਨ ਨੂੰ ਨੇੜੇ ਤੋਂ ਹੋ ਕੇ ਦੇਖਣ ਦਾ ਮੌਕਾ ਮਿਲਿਆ, ਜਿਸ ਪਿੱਛੋਂ ਦਾਸ ਨੇ ਇਹ ਮਹਿਸੂਸ ਕੀਤਾ :-

* ਅਕਾਲੀ ਰਾਜਨੀਤੀ ਦੇ ਸਵਾਰਥ ਵਿਚ ਸਿੱਖ ਧਰਮ ਦੇ ਪ੍ਰਚਾਰ ਨੂੰ ਸੋਕਾ ਪੈ ਗਿਆ ਹੈ। ਇਸੇ ਲਈ ਕਮੇਟੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਨਹੀਂ ਪੈ ਰਿਹਾ।
* ਪੰਜਾਬ ਦੇ ਪਿੰਡਾਂ ਵਿਚ ਸਿੱਖ ਨੌਜਵਾਨਾਂ ਦੀ ਤਰਸਯੋਗ ਹਾਲਤ ਸਹਿਨ ਕਰਨ ਤੋਂ ਬਾਹਰ ਹੈ, ਬੇਰੋਜ਼ਗਾਰੀ, ਨਸ਼ੇ ਅਤੇ ਕੇਸਾਂ ਨੂੰ ਕਤਲ ਕਰਨ ਦਾ ਰੁਝਾਨ ਵਿਆਪਕ ਪੱਧਰ ’ਤੇ ਫੈਲਣ ਕਰਕੇ ਸਿੱਖ ਧਰਮ ਦਾ ਵੱਡੀ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ।
* ਕੌਮੀ ਨੇਤਾਵਾਂ ਦੇ ਆਪਣੇ ਗਰੂਰ ਵਿਚ ਸੁੱਤੇ ਹੋਣ ਕਰਕੇ ਪੰਥ-ਵਿਰੋਧੀ ਸ਼ਕਤੀਆਂ ਲਾਭ ਉਠਾ ਰਹੀਆਂ ਹਨ। ਭੇਖੀ ਸੰਤ-ਸਾਧ ਆਪਣੀਆਂ ਦੁਕਾਨਾਂ ਚਮਕਾ ਕੇ ਬੈਠੇ ਹੋਏ ਹਨ, ਅਤੇ ਭੋਲੇ-ਭਾਲੇ ਲੋਕ ਉਨ੍ਹਾਂ ਦੇ ਜਾਲ ਵਿਚ ਧੜਾਧੜ ਫਸ ਰਹੇ ਹਨ।
* ਧਰਮ ਅਤੇ ਸਦਾਚਾਰ ਤੋਂ ਮੂੰਹ ਮੋੜ ਲੈਣ ਕਰਕੇ, ਸਮੂੰਹ ਅਕਾਲੀ ਸ਼ਕਤੀਆਂ ਕਮਜ਼ੋਰ ਹੀ ਨਹੀਂ, ਬਲਕਿ ਬੇਹੋਸ਼ ਹੋ ਕੇ ਮੂਧੇ-ਮੂੰਹ ਡਿੱਗੀਆਂ ਪਈਆਂ ਹਨ। ਫੋਕੇ ਅਡੰਬਰ ਰਚ ਕੇ ਕੌਮ-ਪ੍ਰਸਤ ਹੋਣ ਦੇ ਢੰਡੋਰੇ ਹੁਣ ਆਮ ਲੋਕ ਨਹੀਂ ਸੁਣਦੇ, ਲੋਕਾਂ ਨੂੰ ਮਾਨਸਿਕ ਸ਼ਾਂਤੀ ਚਾਹੀਦੀ ਹੈ ਅਤੇ ਇਹ ਜਗਤ ਪ੍ਰਸਿੱਧ ਕਹਾਵਤ ਹੈ ਕਿ ਕੇਵਲ ਨਾਂ ਦੇ ਅਕਾਲੀਆਂ ਦਾ ਸ਼ਾਂਤੀ ਨਾਲ ਕੋਈ ਸਬੰਧ ਹੀ ਨਹੀਂ ਹੈ।
* ਸਿੱਖ ਕੌਮ ਦੇ ਮੌਜੂਦਾ ਉਜਾੜੇ ਦਾ ਸਭ ਤੋਂ ਵੱਧ ਈਸਾਈ, ਆਰ.ਐਸ.ਐਸ., ਭਾਜਪਾ ਸਮੇਤ ਪੰਥ-ਵਿਰੋਧੀ ਡੇਰੇਦਾਰ ਉਠਾ ਰਹੇ ਹਨ। ਪੰਥ ਦੇ ਨਾਂ ’ਤੇ ਵੋਟਾਂ ਲੈਣ ਵਾਲਿਆਂ ਨੂੰ ਧਰਮ ਵਿਚ ਆ ਰਹੀ ਗਿਰਾਵਟ ਦੀ ਕੋਈ ਚਿੰਤਾ ਨਹੀਂ, ਆਪਣੇ-ਆਪਣੇ ਧੜਿਆਂ ਦੀ ਚਿੰਤਾ ਸਭ ਨੂੰ ਹੈ। ਇਸੇ ਲਈ ਵੋਟਾਂ ਖਾਤਰ ‘ਅਕਾਲੀ’ ਸਾਰੇ ਪੰਥ-ਵਿਰੋਧੀਆਂ ਦੇ ਮਿੱਤਰ ਬਣੇ ਹੋਏ ਹਨ।
* ਐਸੀ ਹਾਲਤ ਵਿਚ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਨਿਰਪੱਖ ਸੰਸਥਾ ਸਿੱਖ ਕੌਮ ਲਈ ਸੰਜੀਵਨੀ ਦਾ ਕੰਮ ਕਰ ਸਕਦੀ ਸੀ। ਪਰ ਸਵਾਰਥੀ ਰਾਜਨੀਤਿਕ ਲੋਕਾਂ ਦੇ ਜਬਾੜੇ ਵਿਚ ਜਕੜੀ ਹੋਣ ਕਰਕੇ ਇਹ ਪੰਥ-ਪ੍ਰਸਤ ਲੋਕਾਂ ਨੂੰ ਹੀ ਕਮਜ਼ੋਰ ਕਰਨ, ਦਬਕੇ ਮਾਰਨ, ਪੰਥ ਵਿਚੋਂ ਛੇਕਣ ਦੇ ਕੰਮਾਂ ਵਿਚ ਸਰਗਰਮ ਹੈ।
* ਪੰਥ-ਪ੍ਰਸਤ ਧਿਰਾਂ ਨੂੰ ਅਪੀਲ ਹੈ ਆਪਣੇ ਸਾਰੇ ਮਤਭੇਦ ਇਕ ਪਾਸੇ ਰੱਖ ਕੇ ਆਪਣੀ ਸਿਆਣਪ, ਸਾਧਨ ਅਤੇ ਸ਼ਕਤੀ ਦੀ ਵਰਤੋਂ ਕਰਕੇ ਸਿੱਖ ਧਰਮ ਨੂੰ ਹੋਰ ਨੁਕਸਾਨ ਹੋਣ ਤੋਂ ਬਚਾਉਣ ਲਈ ਇਸ ਨੂੰ ਕੌਮੀ ਬਿਪਤਾ ਵਜੋਂ ਸਮਝ ਕੇ ਤੁਰੰਤ ਠੋਸ ਯਤਨ ਆਰੰਭ ਕਰ ਦੇਣੇ ਚਾਹੀਦੇ ਹਨ।

ਪਤਾ ਨਹੀਂ ਕਿਉਂ ਦਾਸ ਦੇ ਉਪਰੋਕਤ ਵੀਚਾਰਾਂ ਦੇ ਆਧਾਰ ’ਤੇ ਆਈ ਸਟੇਟਮੈਂਟ ਤੋਂ ਖਫਾ ਹੋ ਕੇ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਬੜੀ ਹਲਕੀ ਅਤੇ ਆਪਣੀ ਪਦਵੀ ਨਾਲ
ਮੇਲ ਨਾ ਖਾਣ ਵਾਲੀ ਸ਼ਬਦਾਵਲੀ ਵਰਤ ਕੇ ਅਜੀਬ ਜਿਹੀ ਪ੍ਰਤੀਕ੍ਰਿਆ 4 ਫਰਵਰੀ 2011 ਨੂੰ ਜ਼ਾਰੀ ਕਰ ਦਿੱਤੀ।

ਦਾਸ ਨੇ ਇਸ ਸਟੇਟਮੈਂਟ ਦਾ ਕੋਈ ਜਵਾਬ ਦੇਣਾ ਯੋਗ ਨਹੀਂ ਸਮਝਿਆ ਕਿਉਂਕਿ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉ¤ਚੇ ਰੁਤਬੇ ਦਾ ਪੂਰਾ-ਪੂਰਾ ਸਤਿਕਾਰ ਕਾਇਮ ਰਖਿਆ ਜਾਣਾ ਜ਼ਰੂਰੀ ਸੀ।

ਪਰ ਸਿੱਖ ਕੌਮ ਦੀ ਨਿਘਰਦੀ ਜਾ ਰਹੀ ਹਾਲਤ ਅਤੇ ਮੁੱਖ ਨੇਤਾਵਾਂ ਦੀ ਗੈਰ-ਸੰਜੀਦਗੀ ਨੂੰ ਧਿਆਨ ਵਿਚ ਰੱਖ ਕੇ ਪੰਜਾਬ ਵਿਚਲੇ ਸਿੱਖਾਂ ਦੀ ਸਹੀ-ਸਹੀ ਤਸਵੀਰ ਪੇਸ਼ ਕਰਦਾ ਹੋਇਆ ਇੱਕ ਪੱਤਰ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਲਿਖਣ ਦਾ ਫੈਸਲਾ ਕੀਤਾ ਗਿਆ, ਜਿਸ ਨੂੰ ਤੁਸੀਂ ਅਗਲੇ ਪੰਨਿਆਂ ’ਤੇ ਪੜ੍ਹ ਸਕਦੇ ਹੋ।


ਸਿੰਘ ਸਾਹਿਬ
ਗਿਆਨੀ ਗੁਰਬਚਨ ਸਿੰਘ ਜੀ
ਜੱਥੇਦਾਰ
ਸ੍ਰੀ ਅਕਾਲ ਤਖਤ ਸਾਹਿਬ
ਸ੍ਰੀ ਅੰਮ੍ਰਿਤਸਰ

ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।

ਵਿਸ਼ਾ - ਸਿੱਖ ਧਰਮ ਦੀ ਮੌਜ਼ੂਦਾ ਹਾਲਤ ਨੂੰ ਦੇਖਦੇ ਹੋਏ ਇਸ ਨੂੰ ਕੌਮੀ ਬਿਪਤਾ ਵਜੋਂ ਐਲਾਨ ਕਰਨ ਬਾਰੇ।

ਸ੍ਰੀ ਮਾਨ ਜੀ,

ਆਪ ਜੀ ਨੇ 3 ਫਰਵਰੀ 2011 ਨੂੰ ਮੀਡੀਏ ਰਾਹੀਂ ਇਸ ਭਾਵ ਦਾ ਬਿਆਨ ਜ਼ਾਰੀ ਕੀਤਾ ਹੈ ਕਿ ਪੰਜਾਬ ਵਿਚ ਸਿੱਖ ਧਰਮ ਬਹੁਤ ਚੜ੍ਹਦੀ ਕਲ੍ਹਾ ਵੱਲ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਮੇਰੇ ਵਰਗੇ ਨਿਮਾਣੇ ਮੂਰਖ ਨੂੰ ਐਵੇਂ ਝੌਲਾ ਪੈਂਦਾ ਹੈ ਕਿ ਸਿੱਖੀ ਢਹਿੰਦੀ ਕਲਾ ਵੱਲ ਜਾ ਰਹੀ ਹੈ। ਆਪ ਜੀ ਦਾ ਇਹ ਅਟੁੱਟ ਵਿਸ਼ਵਾਸ ਕਿ ਸਿੱਖੀ ਨੂੰ ਕੋਈ ਖਤਮ ਨਹੀਂ ਕਰ ਸਕਦਾ, ਨਾਲ ਦਾਸ ਵੀ ਪੂਰੀ ਤਰ੍ਹਾਂ ਸਹਿਮਤ ਹੈ ਅਤੇ ਇਹ ਵੀ ਸੱਚ ਹੈ ਕਿ ਸਿੱਖੀ ਨੂੰ ਖਤਮ ਕਰਨ ਵਾਲੇ ਸਾਰੇ ਆਪ ਮਰ ਮੁਕ ਗਏ ਹਨ ਪਰ ਸਿੱਖੀ ਨੂੰ ਖਤਮ ਨਹੀਂ ਕਰ ਸਕੇ। ਅੱਜ ਵੱਡੀ ਮੁਸੀਬਤ ਇਹ ਬਣੀ ਪਈ ਹੈ ਕਿ ਹੁਣ ਲਾਲਚੀ ਤੇ ਗਿਆਨ-ਹੀਣ ਸਿੱਖ ਅਤੇ ਸਿੱਖ ਲੀਡਰ ਹੀ ਸਿੱਖੀ ਦਾ ਘਾਣ ਕਰ ਰਹੇ ਹਨ। ਇਨ੍ਹਾਂ ਦਾ ਕੀ ਕੀਤਾ ਜਾਵੇ?

ਸਿੱਖ ਜਗਤ ਦੀ ਅੰਦਰੂਨੀ ਤਸਵੀਰ

  1. ਉਲਟੀ ਗੰਗਾ : ਸਿੱਖ ਬਜੁਰਗਾਂ ਦੇ ਉਚੇ ਕਿਰਦਾਰ ਤੋਂ ਪ੍ਰਭਾਵਿਤ ਹੋ ਕੇ ਪਹਿਲੇ ਅਨੇਕਾਂ ਹਜਾਮਤ ਕਰਵਾਉਣ ਵਾਲੇ ਲੋਕ, ਸੋਹਣੇ ਸਰਦਾਰ ਬਣਿਆ ਕਰਦੇ ਸਨ ਪਰ ਅੱਜ ਸੋਹਣੇ ਸਰਦਾਰਾਂ ਦੇ ਪੁੱਤਰ, ਆਪਣੀ ਹਜਾਮਤ ਕਰਵਾਉਣ ਤੋਂ ਕੋਈ ਸੰਕੋਚ ਨਹੀਂ ਕਰ ਰਹੇ। ਪੰਜਾਬ ਦੇ ਹਰ ਪਿੰਡ, ਗਲੀ-ਮੁਹੱਲੇ ਅਤੇ ਸ਼ਹਿਰ ਵਿਚ ਸਿੱਖੀ ਸਰੂਪ ਨੂੰ ਤਿਆਗ ਕੇ ਮੋਨੇ ਹੋਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਦਾਸ ਇਹ ਯਕੀਨ ਨਹੀਂ ਕਰ ਸਕਦਾ ਕਿ ਆਪ ਜੀ ਨੂੰ ਇਸ ਸਚਾਈ ਦਾ ਪਤਾ ਨਹੀਂ ਹੋਵੇਗਾ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਨੂੰ ਤੁਸੀਂ ਕੌਮੀ ਗਿਰਾਵਟ ਵਜੋਂ ਕਿਉਂ ਨਹੀਂ ਸਵੀਕਾਰਦੇ?
  2. ਆਬਾਦੀ : ਦੁਨੀਆਂ ਭਰ ਵਿਚ (ਸਾਡੀ) ਸਿੱਖਾਂ ਦੀ ਆਬਾਦੀ ਬੜੀ ਤੇਜ਼ੀ ਨਾਲ ਘਟ ਰਹੀ ਹੈ। ਪੰਜਾਬ ਵਿਚ ਵੀ ਸਿੱਖਾਂ ਦਾ ਵਾਧਾ ਬੜੇ ਹੈਰਾਨੀ ਜਨਕ ਰੂਪ ਵਿਚ ਰੁਕ ਗਿਆ ਹੈ ਅਤੇ ਇਸ ਦੇ ਅਨੇਕਾਂ ਕਾਰਨ ਹਨ। ਦੂਜੇ ਧਰਮਾਂ ਵਾਲਿਆਂ ਦੀ ਗਿਣਤੀ ਅਤੇ ਸਾਡੀ ਗਿਣਤੀ ਵਿਚ ਵਾਧੇ ਦੀ ਰਫ਼ਤਾਰ ਬੜੀ ਘਾਟੇ ਵਾਲੀ ਹੈ। ਇਸ ਗਹਿਰੀ ਸਮੱਸਿਆ ਬਾਰੇ ਸਿੱਖ ਜਗਤ ਨੂੰ ਕੌਣ ਸੁਚੇਤ ਕਰੇਗਾ? ਕੀ ਇਹ ਸਭ ਕੰਮ ਜੱਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਦੇ ਵੀਚਾਰ ਕਰਨ ਗੋਚਰੇ ਨਹੀਂ ਹਨ? ਤੁਹਾਨੂੰ ਜ਼ਰੂਰ ਆਪਣੇ ਪ੍ਰਭਾਵ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ।
  3. ਰੋਜ਼ਗਾਰ : ਸਰਕਾਰੀ ਅਦਾਰਿਆਂ ਜਿਵੇਂ ਫੌਜ, ਏਅਰ ਫੋਰਸ, ਨੇਵੀ, ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਿਚ ਕਿਸੇ ਭਾਗਾਂ ਵਾਲੇ ਸਾਬਤ-ਸੂਰਤ ਸਿੱਖ ਨੂੰ ਹੀ ਨੌਕਰੀ ਮਿਲ ਰਹੀ ਹੈ। ਸਿੱਖਾਂ ਤੇ ਗੈਰ-ਸਿੱਖਾਂ ਦੇ ਕਾਰਖਾਨਿਆਂ ਵਿਚ ਵੀ ਸਿੱਖ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ। ਸਿੱਖ ਖੇਤਾਂ ਵਿਚ ਕੰਮ ਕਰਦੇ ਨਜ਼ਰ ਨਹੀਂ ਆਉਂਦੇ। ਸਕੂਲਾਂ, ਕਾਲਜਾਂ, ਹਸਪਤਾਲਾਂ ਤੇ ਦਫਤਰਾਂ ਵਿਚ ਦੂਰਬੀਨ ਲਗਾ ਕੇ ਹੀ ਸਾਬਤ-ਸੂਰਤ ਸਿੱਖ ਲੱਭਣਾ ਪੈਂਦਾ ਹੈ। ਸਿੱਖ ਮਜ਼ਦੂਰ, ਮਿਸਤ੍ਰੀ, ਮਕੈਨਿਕ, ਹੈਲਪਰ ਆਦਿਕ ਦੀਆਂ ਸੇਵਾਵਾਂ ਲੈਣ ਲਈ ਸਿੱਖਾਂ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ। ਅਜੇਹੀ ਸੂਰਤ ਵਿਚ ਸਿੱਖਾਂ ਦੇ ਬੱਚੇ ਰੋਟੀ ਕਮਾ ਕੇ ਕਿੱਥੋਂ ਖਾਣ? ਇਸੇ ਲਈ ਜ਼ਮੀਨਾਂ, ਜਾਇਦਾਦਾਂ ਵੇਚ-ਵੱਟ ਕੇ ਆਪਣੇ ਪੁਰਖਿਆਂ ਦਾ ਨਾਂ ਨਿਸ਼ਾਨ ਮਿਟਾ ਕੇ ਵਿਦੇਸ਼ਾਂ ਵੱਲ ਦੋੜ ਰਹੇ ਹਨ। ਕਈ ਨਸ਼ੇ ਕਰ ਰਹੇ ਹਨ, ਚੋਰੀਆਂ ਡਾਕੇ ਮਾਰ ਰਹੇ ਹਨ, ਲੜਾਈਆਂ ਝਗੜੇ ਕਰਕੇ ਮਰ ਰਹੇ ਹਨ। ਜਿਹੜੇ ਨੌਕਰੀਆਂ ਮੰਗਦੇ ਹਨ ਪੰਜਾਬ ਪੁਲਿਸ ਉਨ੍ਹਾਂ ਨੂੰ ਭਜਾ-ਭਜਾ ਕੇ ਲਾਠੀਆਂ ਬਰਸਾ ਰਹੀ ਹੈ, ਉਨ੍ਹਾਂ ਦੀਆਂ ਪੱਗਾਂ ਲਾਹ ਰਹੀ ਹੈ। ਕੀ ਏਸੇ ਨੂੰ ਤਰੱਕੀ ਕਿਹਾ ਜਾਂਦਾ ਹੈ?
  4. ਬੋਲੀ : ਪੰਜਾਬੀ ਬੋਲੀ ਸਾਡੇ ਧਰਮ ਦੀ ਬੌਧਿਕ ਅਧਾਰਸ਼ਿਲਾ ਹੈ। ਸਾਡੀ ਅਗਲੀ ਪੀੜੀ ਦਾ ਆਪਣੀ ਮਾਂ-ਬੋਲੀ ਨਾਲੋ ਨਾਤਾ ਬੜੇ ਵੱਡੇ ਚੱਕਰਵਿਉ ਰਚ ਕੇ ਤੋੜਿਆ ਜਾ ਰਿਹਾ ਹੈ। ਕਈ ਵਾਰ ਐਲਾਨ ਕਰਨ ਦੇ ਬਾਵਜੂਦ ਵੀ ਪੰਜਾਬ ਦੇ ਸਰਕਾਰੀ ਦਫਤਰਾਂ ਵਿਚ ਕੰਮਕਾਰ ਪੰਜਾਬੀ ਭਾਸ਼ਾ ਵਿਚ ਕਰਨਾ ਨਿਸ਼ਚਿਤ ਨਹੀਂ ਬਣਾਇਆ ਜਾ ਸਕਿਆ। ਖਾਲਸਾ ਸਕੂਲਾਂ ਵਿਚ ਪੰਜਾਬੀ ਬੋਲਣ ’ਤੇ ਅਧਿਆਪਕ ਬੱਚਿਆਂ ਨੂੰ ਸਜਾਵਾਂ ਦੇ ਰਹੇ ਹਨ। ਇਤਿਹਾਸ ਦੀਆਂ ਕਿਤਾਬਾਂ ਵਿਚ ਗੁਰੂਆਂ ਦਾ ਮਜ਼ਾਕ, ਮੀਡੀਏ ਵਿਚ ਸਿੱਖਾਂ ਦਾ ਮਜ਼ਾਕ, ਜਨਸੰਘ ਵਾਲੇ ਪੰਜਾਬੀ ਬੋਲੀ ਦੇ ਖਿਲਾਫ, ਸਮੂੰਹ ਹਿੰਦੀ ਅਖਬਾਰ ਪੰਜਾਬੀ ਭਾਸ਼ਾ ਤੇ ਸਿੱਖ ਰਾਜ ਦੇ ਖਿਲਾਫ, ਕੋਈ ਕੇਸਾਂ ਦੇ ਖਿਲਾਫ, ਕੋਈ ਦਸਤਾਰ ਦੇ ਖਿਲਾਫ, ਕੋਈ ਕ੍ਰਿਪਾਨ ਦੇ ਖਿਲਾਫ! ਕੌਣ ਹੈ ਜਿਹੜਾ ਸਿੱਖਾਂ ਦੇ ਹੱਕ ਵਿਚ ਹੋਵੇ? ਸਿੱਖਾਂ ਨੂੰ ਘਸਿਆਰੇ ਬਣਾਉਣ ਦਾ ਟੀਚਾ ਸਰ ਕੀਤਾ ਜਾ ਰਿਹਾ ਹੈ।
  5. ਸ਼ਰਾਬ : ਹਰ ਛੋਟੇ-ਵੱਡੇ ਸਮਾਜਿਕ ਤਿਉਹਾਰ, ਘਰੇਲੂ ਪ੍ਰੋਗਰਾਮਾਂ ਸਮੇਂ ਅਤੇ ਵੱਡੀ ਗਿਣਤੀ ਵਿਚ ਸਿੱਖ ਅਖਵਾਉਣ ਵਾਲੇ (ਆਮ ਤੇ ਖਾਸ) ਆਪਣੇ ਘਰਾਂ ਵਿਚ ‘ਝੂਠਾ ਮਦੁ ਮੂਲਿ ਨ ਪੀਚਈ’ ਦਾ ਖੁੱਲੇਆਮ ਉਲੰਘਣ ਕਰਦੇ ਹੋਏ ਆਮ ਦੇਖੇ ਜਾ ਸਕਦੇ ਹਨ। ਜਿਨ੍ਹਾਂ ਆਗੂਆਂ ਤੇ ਪ੍ਰਚਾਰਕਾਂ ਨੇ ਇਨ੍ਹਾਂ ਨੂੰ ਸਿੱਧੇ ਰਾਹੇ ਪਾਉਣਾ ਸੀ, ਉਨ੍ਹਾਂ ਵਿਚੋਂ ਬਹੁਤਿਆਂ ਦਾ ਆਪਣਾ ਹੀ ਬੇੜਾ ਡੁੱਬਾ ਹੋਇਆ ਹੈ, ਜਿਸ ਕਰਕੇ ਜਨ ਸਾਧਾਰਨ ’ਤੇ ਕੋਈ ਅਸਰ ਨਹੀਂ ਹੋ ਰਿਹਾ। ਸਰਕਾਰੀ ਅੰਦਾਜ਼ੇ ਮੁਤਾਬਕ 8 ਕਰੋੜ ਰੁਪਏ ਰੋਜ਼ਾਨਾ ਦੀ ਸ਼ਰਾਬ ਪੰਜਾਬ ਵਿੱਚ ਪੀਤੀ ਜਾਂਦੀ ਹੈ। ਕੀ ਇਸ ਬੁਰਾਈ ਵਿਰੁੱਧ ਜੂਝਣ ਦੀ ਲੋੜ ਨਹੀਂ?
  6. ਤੰਬਾਕੂ : ਇਹ ਕਹਾਣੀ ਹਰ ਆਗੂ ਤੇ ਪ੍ਰਚਾਰਕ ਦੇ ਮੂੰਹ ’ਤੇ ਚੜੀ ਹੋਈ ਹੈ ਕਿ ਤੰਬਾਕੂ ਦੀ ਗੰਦੀ ਤੇ ਭੈੜੀ ਬਦਬੂ ਕਰਕੇ ਇਕ ਵਾਰੀ ਦਸ਼ਮੇਸ਼ ਪਿਤਾ ਦਾ ਘੋੜਾ ਵੀ ਤੰਬਾਕੂ ਦੇ ਖੇਤ ਵਿਚੋਂ ਨਹੀਂ ਸੀ ਲੰਘਿਆ। ਹੁਣ ਆਮ ਸਿੱਖ ਨੌਜਵਾਨਾਂ ਦੀ ਤਾਂ ਗੱਲ ਹੀ ਕੀ ਕਰਨੀ ਹੈ, ਧਾਰਮਿਕ ਸ਼੍ਰੇਣੀ ਨਾਲ ਜੁੜੇ ਹੋਏ ਲੋਕ ਵੀ ਬਿਨ੍ਹਾਂ ਸੰਕੋਚ ਤੋਂ ਲੁਕ-ਛਿਪ ਕੇ ਜਾਂ ਕਈ ਬੇਸ਼ਰਮ ਸ਼ਰੇਆਮ ਹੀ ਇਸ ਜਗਤ-ਜੂਠ ਦਾ ਸੇਵਨ ਕਰਦੇ ਹੋਏ ਬਿਨ੍ਹਾਂ ਉਚੇਚੇ ਯਤਨ ਤੋਂ ਦੇਖੇ ਜਾ ਸਕਦੇ ਹਨ। ਰੇਲਵੇ ਸਟੇਸ਼ਨ, ਬੱਸ ਸਟੈਂਡ, ਗਰੀਬ ਕਲੋਨੀਆ ਅਤੇ ਕੰਮ ਕਰਦੇ ਹੋਏ ਸਿੱਖ ਮਜ਼ਦੂਰ ਵੀ ਇਸ ਬੀਮਾਰੀ ਤੋਂ ਬਚ ਨਹੀਂ ਸਕੇ। ਇਹ ਦੁਖਦਾਈ ਪੱਖ ਗੈਰ-ਸਿੱਖਾਂ ਦਾ ਨਹੀਂ ਪੜਚੋਲਿਆ ਜਾ ਰਿਹਾ, ਸਗੋਂ ਗੈਰ-ਸਿੱਖ ਸ਼ਕਲਾਂ ਅਖਤਿਆਰ ਕਰਨ ਵਾਲੇ ਉਨ੍ਹਾਂ ਬਦਨਸੀਬ ਸਿੱਖਾਂ ਦਾ ਘੋਖਿਆ ਜਾ ਰਿਹਾ ਹੈ, ਇਸ ਲਈ ਤੱਥ ਪੜਚੋਲ ਸਮਝਣ ਸਬੰਧੀ ਕਿਸੇ ਭੁਲੇਖੇ ਵਿਚ ਨਾ ਰਹਿਣਾ। ਸਮੈਕ ਦੇ ਵਿਉਪਾਰੀਆਂ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਦੇ ਗੈਰ-ਸਰਕਾਰੀ ਅੰਕੜੇ ਬੜੇ ਦੁਖਦਾਈ ਹਨ।
  7. ਜ਼ਾਤ-ਅਹੰਕਾਰ : ਆਮ ਗਰੀਬ ਲੋਕਾਂ ਅਤੇ ਹੋਰ-ਹੋਰ ਜ਼ਾਤੀਆਂ ਦਾ ਸਿੱਖ ਧਰਮ ਨਾਲੋਂ ਟੁੱਟ ਕੇ ਦੂਜੇ ਪਾਸੇ ਚਲੇ ਜਾਣ ਦਾ ਇਹ ਵੀ ਇਕ ਵੱਡਾ ਕਾਰਨ ਹੈ। ਪੰਜਾਬ ਵਿਚ ਕ੍ਰਿਸਾਣੀ ਨਾਲ ਜੁੜੀ ਹੋਈ ਇਕ ਬਿਰਾਦਰੀ ਦੇ ਵੱਡੀ ਗਿਣਤੀ ਵਿਚ ਉਹ ਅਹੰਕਾਰੀ ਲੋਕ, ਜਿਹੜੇ ਦੂਜਿਆਂ ਨੂੰ ਚੰਗੇ ਤੇ ਪੱਕੇ ਸਿੱਖ ਹੋਣ ਦੇ ਬਾਵਜੂਦ ਵੀ ਸਿੱਖ ਨਹੀਂ ਸਮਝਦੇ ਅਤੇ ਜ਼ਾਤ ਅਹੰਕਾਰ ਦਾ ਦੌਰਾ ਪੈਣ ਤੇ ਉਨ੍ਹਾਂ ਦੇ ਸਵੈ-ਮਾਣ ਨੂੰ ਵੀ ਸੱਟ ਪਹੁੰਚਾਉਣ ਤੋਂ ਕੋਈ ਰਾਈ ਮਾਤਰ ਸੰਕੋਚ ਨਹੀਂ ਕਰਦੇ, ਬਹੁਤ ਹੱਦ ਤਕ ਦੂਜਿਆਂ ਨੂੰ ਸਿੱਖੀ ਨਾਲੋਂ ਤੋੜਨ ਲਈ ਜੁੰਮੇਵਾਰ ਹਨ। ਪੰਜਾਬ ਵਿਚ ਦਲਿਤਾਂ ਅਤੇ ਹੋਰ ਬਿਰਾਦਰੀਆਂ ਨਾਲ ਇਨ੍ਹਾਂ ਦਾ ਉਹੀ ਵਰਤਾਉ ਹੈ, ਜਿਹੜਾ ਪੁਰਾਤਨ ਸਮੇਂ ਵਿਚ ਬ੍ਰਹਮਣ, ਛੋਟੀਆਂ ਕਹੀਆਂ ਜਾਂਦੀਆਂ ਜ਼ਾਤਾਂ ਵਾਲੇ ਲੋਕਾਂ ਨਾਲ ਕਰਿਆ ਕਰਦੇ ਸਨ। ਉਦੋਂ ਇਹ ਦਲਿਤ ਲੋਕ, ਬ੍ਰਹਮਣ ਤੋਂ ਦੁਖੀ ਹੋ ਕੇ ਸਿੱਖ ਬਣੇ ਸਨ, ਅੱਜ ਇਹ ਅਹੰਕਾਰੀ ਸਿੱਖਾਂ ਕੋਲੋਂ ਦੁਖੀ ਹੋ ਕੇ ਹੋਰ ਧਰਮਾਂ ਜਾਂ ਸਿੱਖ ਵਿਰੋਧੀ ਸੰਪਰਦਾਵਾਂ ਵਿੱਚ ਧੜ੍ਹਾ-ਧੜ੍ਹ ਸ਼ਾਮਲ ਹੋ ਰਹੇ ਹਨ। ਕੋਣ ਸਮਝਾਵੇ ਕਿ ‘ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ।।’ ਜਾਤ ਅਹੰਕਾਰ ਨੇ ਸਿੱਖ ਜਗਤ ਵਿਚ ਇਕ ਪਾਸੜ ਤਨਾਉ ਪੈਦਾ ਕਰਕੇ ਵੱਡਾ ਪਾੜਾ ਪਾ ਦਿੱਤਾ ਹੈ। ਜਿਸ ਨੂੰ ਮੇਲਣ ਲਈ ਸ਼ਾਇਦ ਆਪ ਜੀ ਨੂੰ ਹੋਰ ਰੁਝੇਵਿਆਂ ਕਰਕੇ ਸਮਾਂ ਨਹੀਂ ਮਿਲਦਾ।

ਗੁਰੂਆਂ ਦੀ ਖੁੱਲ-ਦਿਲੀ ਅਤੇ ਦੂਜਿਆਂ ਨੂੰ ਆਦਰ ਦੇਣ ਦੇ ਅਨਮੋਲ ਗੁਣਾਂ ਸਦਕਾ ਹੀ (ਇਕ ਰੱਬ ਦੇ ਉਪਾਸ਼ਕ) ਸਮੂੰਹ ਭਗਤਾਂ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰਕੇ ਗੁਰਬਾਣੀ ਦੇ ਰੂਪ ਵਿਚ ਪ੍ਰਗਟ ਕੀਤੀਆਂ ਗਈਆਂ ਸਨ। ਇਸੇ ਕਰਕੇ ਸਿੱਖੀ ਦਾ ਵਿਹੜਾ ਮਾਨਵਵਾਦੀ ਗੁਣਾਂ ਨਾਲ ਸ਼ਿੰਗਾਰਿਆਂ ਹੋਇਆ ਹੈ। ਜਿਸ ਉਪਰ ਅੱਜ ਤੱਕ ਵੀ ਅਸੀਂ ਸਾਰੇ ਬੜਾ ਫਖਰ ਕਰਦੇ ਹਾਂ। ਪਰ ਹੁਣ, ਸਿੱਖੀ ਕਿਲ੍ਹੇ ਦੀਆਂ ਦੀਵਾਰਾਂ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ।

ਕੁਝ ਸਮਾਂ ਪਹਿਲੇ ਹੀ ਰਵਿਦਾਸੀਏ ਭਰਾਵਾਂ ਨੇ ਭਗਤ ਰਵਿਦਾਸ ਜੀ ਦੀ ਗੁਰੂ ਗ੍ਰੰਥ ਸਾਹਿਬ ਵਿਚਲੀ ਦਰਜ਼ ਬਾਣੀ ਦਾ ਵੱਖਰਾ ਗ੍ਰੰਥ ਬਣਾ ਲਿਆ ਹੈ। ਉਨ੍ਹਾਂ ਨੇ ਆਪਣੇ ਨਾਲ ਸਬੰਧਿਤ ਸਥਾਨਾਂ ’ਤੇ ਗੁਰੁੂ ਗ੍ਰੰਥ ਸਾਹਿਬ ਦੀ ਬਜਾਇ ਆਪਣੇ ਨਵੇਂ ਗ੍ਰੰਥ ਦਾ ਪ੍ਰਕਾਸ਼ ਕਰਨਾ ਵੀ ਸ਼ੁਰੂ ਕੀਤਾ ਹੋਇਆ ਹੈ। ਇਹ ਤਾਂ ਅਜੇ ਸ਼ੁਰੂਆਤ ਹੋਈ ਹੈ। ਜੇਕਰ ਸਾਡੇ ਸਿਰਮੌਰ ਆਗੂਆਂ ਨੇ ਜਾਤ ਅਹੰਕਾਰ ਨੂੰ ਠੱਲ ਨਾ ਪਾਈ ਅਤੇ ਆਪਣੀ ਵਰਤਮਾਨ ਸੋਚ ਅਤੇ ਕਾਰਜਸ਼ੈਲੀ ਵਿਚ ਲੁੜੀਂਦੀ ਤਬਦੀਲੀ ਨਾ ਕੀਤੀ ਤਾਂ ਭਵਿੱਖ ਵਿਚ ਹੋਰ ਕਈ ਦੀਵਾਰਾਂ ਨੂੰ ਡਿੱਗਣ ਤੋਂ ਨਹੀਂ ਬਚਾਇਆ ਜਾ ਸਕੇਗਾ।

ਦਾਸ ਮੰਨਦਾ ਹੈ ਕਿ ਸਿੱਖ ਜਗਤ ਦੀ ਇਸ ਸਮੱਸਿਆ ਨੂੰ ਘੋਖਣ ਲਈ ਸ਼ਾਇਦ ਮੇਰੇ ਨਜ਼ਰੀਏ ਵਿਚ ਫਰਕ ਹੋਵੇ ਪਰ ਸਿੰਘ ਸਾਹਿਬ ਜੀ ਮੇਰਾ ਵਿਸ਼ਵਾਸ ਹੈ, ਕੁਝ ਸਮੇਂ ਪਿਛੋਂ ਆਪ ਜੀ ਦਾ ਨਜ਼ਰੀਆ ਵੀ ਮੇਰੇ ਵਰਗਾ ਹੀ ਹੋ ਜਾਵੇਗਾ। ਇਹ ਵੱਖਰੀ ਗੱਲ ਹੈ ਕਿ ਉਸ ਸਮੇਂ ਸ਼ਾਇਦ ਆਪ ਜੱਥੇਦਾਰ ਦੀ ਮੌਜੂਦਾ ਪਦਵੀ ’ਤੇ ਸੁਸ਼ੋਭਿਤ ਨਾ ਹੋਵੋ।

ਸਿੱਖੀ ਉਤੇ ਬਾਹਰੀ ਹਮਲੇ ਅਤੇ ਸਾਡਾ ਅਵੇਸਲਾ-ਪਨ

ਗੁਰੂ ਗ੍ਰੰਥ ਸਾਹਿਬ ਵਿਰੋਧੀ ਡੇਰੇ

ਕਈ ਡੇਰੇ ਮਾਸ, ਸ਼ਰਾਬ ਦੀ ਮਨਾਹੀ ਅਤੇ ਮਾਨਵੀ ਪਿਆਰ ਦਾ ਸੁਨੇਹਾ ਦੇਣ ਦੇ ਬਹਾਨੇ, ਸਿੱਖ ਕੌਮ ਅਤੇ ਇਸਦੇ ਆਗੂਆਂ ਦੀਆਂ ਕਮਜ਼ੋਰੀਆਂ ਦਾ ਲਾਭ ਉਠਾਉਣ ਲਈ ਸਿੱਖ ਜਗਤ ਨੂੰ ਅੰਦਰੋਂ ਅੰਦਰੀਂ ਖੋਖਲਾ ਕਰਦੇ ਜਾ ਰਹੇ ਹਨ। ਇਸ ਤਰ੍ਹਾਂ ਦੇ ਕੇਂਦਰ ਤਾਂ ਬੇਸ਼ੁਮਾਰ ਹਨ ਪਰ ਵਿਸਥਾਰ ਦੇ ਡਰੋਂ ਕੇਵਲ ਕੁਝ ਕੁ ਬਾਰੇ ਹੀ ਵੀਚਾਰ ਕਰ ਰਿਹਾ ਹਾਂ :-

1. ਨਕਲੀ ਨਿਰੰਕਾਰੀ : ਅਣਗਿਣਤ ਸਿੱਖਾਂ ਨੂੰ ਇਸ ਪੰਥ-ਵਿਰੋਧੀ ਡੇਰੇ ਨੇ ਆਪਣੇ ਜਾਲ ਵਿਚ ਫਸਾਇਆ ਹੋਇਆ ਹੈ। ਭਾਰਤ ਦੀ ਵੰਡ ਪਿੱਛੋਂ ਇਨ੍ਹਾਂ ਨੇ ਬੜੇ ਯੋਜਨਾ ਭਰੇ ਢੰਗ ਨਾਲ ਸਿੱਖਾਂ ਵਿਚ ਆਪਣੇ ਪੈਰ ਪਸਾਰਨ ਵਿਚ ਸਫਲਤਾ ਪ੍ਰਾਪਤ ਕਰ ਲਈ ਹੈ। ਪੁਲਿਸ ਤੇ ਪ੍ਰਸ਼ਾਸ਼ਨ ਵਿਚ ਅਨੇਕਾ ਵੱਡੇ ਅਫਸਰਾਂ ਨੂੰ ਇਨ੍ਹਾਂ ਨੇ ਆਪਣੇ ਪੈਰੋਕਾਰ ਬਣਾ ਕੇ ਸਿੱਖ-ਸਿਧਾਂਤ ਤੇ ਇਤਿਹਾਸ ਦਾ ਮਖੌਲ ਉਡਾਉਣ ਲਈ ਉਕਸਾ ਕੇ ਵਿਰੋਧ ਵਿਚ ਤਿਆਰ ਕੀਤਾ ਹੋਇਆ ਹੈ। 1978 ਈ. ਦੀ ਵਿਸਾਖੀ ਨੂੰ ਇਹ ਵਿਰੋਧ, ਹਿੰਸਕ ਰੂਪ ਵਿਚ 13 ਸਿੰਘਾਂ ਦੀ ਸ਼ਹੀਦੀ ਪਿੱਛੋਂ ਸਾਹਮਣੇ ਆਇਆ। ਜਿਸ ਨਾਲ ਪੰਜਾਬ ਲਈ ਮਾੜੇ ਦਿਨਾਂ ਦਾ ਆਗਾਜ ਹੋ ਗਿਆ। ਇਹ ਅੱਜ ਵੀ ਪੰਜਾਬ ਵਿਚ ਭੋਲੇ-ਭਾਲੇ ਸਿੱਖਾਂ ਨੂੰ ਬੜੀ ਤੇਜ਼ੀ ਨਾਲ ਆਪਣੇ ਪੈਰੋਕਾਰ ਬਣਾਉਣ ਵਿਚ ਰੁੱਝੇ ਹੋਏ ਹਨ। ਇਨ੍ਹਾਂ ਨੇ ਆਪਣੀ ਪੁਰਾਣੀ ਨੀਤੀ ਵਿੱਚ ਅਜੇ ਤੱਕ ਕੋਈ ਤਬਦੀਲੀ ਵੀ ਨਹੀਂ ਕੀਤੀ। ਇਨ੍ਹਾਂ ਦਾ ਕੂੜ ਪ੍ਰਚਾਰ ਹਰ ਕਸਬੇ ਤੇ ਸ਼ਹਿਰ ਵਿਚ ਬਿਨ੍ਹਾਂ ਕਿਸੇ ਰੋਕ ਦੇ ਜ਼ਾਰੀ ਹੈ। ਪਰ ਸਾਡੀਆਂ ਜ਼ੁੰਮੇਵਾਰ ਰਸਤੀਆਂ ਨੂੰ ਇਸ ਦੀ ਕੋਈ ਚਿੰਤਾ ਫਿਕਰ ਨਾ ਹੋਣੀ ਬੜਾ ਗੰਭੀਰ ਮਾਮਲਾ ਹੈ।

2. ਰਾਧਾ ਸੁਆਮੀ : ਇਨ੍ਹਾਂ ਦੇ ਸਾਰੇ ਡੇਰਿਆਂ ਵਿਚ ਗੁਰਬਾਣੀ ਦੀ ਵਰਤੋਂ ਸਿੱਖ-ਸਿਧਾਂਤ ਵਿਰੁੱਧ ਬੜੇ ਮਿੱਠੇ ਤੇ ਕੂਟਨੀਤਿਕ ਢੰਗ ਨਾਲ ਹੋ ਰਹੀ ਹੈ। ਪੂਰਵ ਨਿਰਧਾਰਤ ਯੋਜਨਾ ਤਹਿਤ ਕੇਵਲ ਪੰਜਾਬ ਵਿਚ ਹੀ ਕਰੋੜਾਂ ਦੀ ਗਿਣਤੀ ਵਿਚ ਆਪਣੇ ਸ਼ਰਧਾਲੂ ਕਾਇਮ ਕਰਕੇ, ਇਕ ਤਰ੍ਹਾਂ ਨਾਲ ਇਨ੍ਹਾਂ ਨੇ ਇਕ ਵੱਡੀ ਅਣ-ਐਲਾਨੀ ਸਲਤਨਤ ਸਥਾਪਿਤ ਕਰ ਲਈ ਹੈ। ਕੁਲ ਸ਼ੁਰਧਾਲੂਆਂ ਦਾ 75× ਹਿੱਸਾ ਸਾਡੇ ਸਿੱਖ, ਰਾਧਾ ਸੁਆਮੀ ਬਣ ਕੇ ਸਿੱਖੀ ਵਿਚੋਂ ਨਿਕਲ ਗਏ ਹਨ। ਅਕਾਲੀ ਸਰਕਾਰ ਇਨ੍ਹਾਂ ਉਪਰ ਕਿੰਨੀ ਕੁ ਮਿਹਰਬਾਨ ਹੈ ਦਾਸ ਨੂੰ ਲਿਖਣ ਦੀ ਲੋੜ ਨਹੀਂ, ਤੁਸੀਂ ਇਸ ਬਾਰੇ ਵਧੇਰੇ ਜਾਣਕਾਰੀ ਰੱਖਦੇ ਹੋਵੋਗੇ। ਪੰਜਾਬ ਦਾ ਕੋਈ ਸ਼ਹਿਰ, ਕਸਬਾ, ਪਿੰਡ ਅਜੇਹਾ ਨਜ਼ਰ ਨਹੀਂ ਆਉਂਦਾ ਜਿੱਥੇ ਇਨ੍ਹਾਂ ਨੇ ਆਪਣਾ ਡੇਰਾ ਕਾਇਮ ਨਾ ਕੀਤਾ ਹੋਵੇ। ਹਰ ਹਫਤੇ ਆਪਣੇ ਮਤ ਦਾ ਪ੍ਰਚਾਰ ਕਰਕੇ ਆਪਣੀ ਗਿਣਤੀ ਵਿਚ ਹਰ ਸਾਲ ਲੱਖਾਂ ਲੋਕਾਂ ਦਾ ਵਾਧਾ ਕਰਦੇ ਜਾ ਰਹੇ ਹਨ। ਜੱਜ ਜਾਂ ਹੋਰ ਰਿਟਾਇਰ ਹੋਣ ਵਾਲੇ ਅਧਿਕਾਰੀਆਂ ਨੂੰ ਆਪਣੀਆ ਸ਼ੁਭ ਇਛਾਵਾਂ ਭੇਜਣ ਦੇ ਬਹਾਨੇ ਉਨ੍ਹਾਂ ਦੇ ਤਜ਼ਰਬੇ ਤੇ ਲਿਆਕਤ ਨੂੰ ਰਾਧਾ ਸੁਆਮੀ ਮੱਤ ਦੇ ਵਾਧੇ ਵਿਚ ਵਰਤਣ ਲਈ ਭੁਗਤਾ ਰਹੇ ਹਨ ਜਦਕਿ ਸਿੱਖ ਸੰਸਥਾਵਾਂ ਤੇ ਵਿਸ਼ੇਸ਼ ਕਰਕੇ ਅਕਾਲੀ ਕਲਚਰ ਵਿੱਚ ਕਿਸੇ ਪੜ੍ਹੇ ਲਿਖੇ ਤੇ ਸਿਆਣੇ ਬੰਦੇ ਨੂੰ ਆਪਣੇ ਨੇੜੇ ਨਹੀਂ ਫਟਕਣ ਦਿੱਤਾ ਜਾਂਦਾ। ਸਿੱਖ ਸਿਧਾਂਤ ਨੂੰ ਪਿੱਠ ਦੇ ਕੇ ਰਾਧਾ ਸੁਆਮੀ ਬਣਨ ਵਾਲਿਆਂ ਦੀ ਸਹੀ-ਸਹੀ ਗਿਣਤੀ ਖੂਫੀਆ ਵਿਭਾਗ ਪਾਸੋਂ ਜ਼ਰੂਰ ਦੇਖਣ ਦੀ ਕ੍ਰਿਪਾਲਤਾ ਕਰਨੀ ਜੀ, ਤਾਂਕਿ ਖਾਲਸਾ ਪੰਥ ਦੀ ਤਰੱਕੀ ਦਾ ਭੁਲੇਖਾ ਦੂਰ ਹੋ ਸਕੇ।

3. ਆਸ਼ੂਤੋਸ਼ : ਉਤਰ-ਪ੍ਰਦੇਸ਼ ਤੋਂ ਹਿਜਰਤ ਕਰਕੇ ਪੰਜਾਬ ਵਿਚ ਨੂਰ ਮਹਿਲ ਦੇ ਸਥਾਨ ਤੇ ਇਸ ਸਾਧ ਨੇ ਆਪਣਾ ਡੇਰਾ ਸਥਾਪਿਤ ਕਰਕੇ ਨਵੀਂ ਕਿਸਮ ਦਾ ਪ੍ਰਚਾਰ ਅਰੰਭਿਆ। ਨੌਜਵਾਨ ਲੜਕੇ-ਲੜਕੀਆਂ ਨੂੰ ਵਿਸ਼ੇਸ਼ ਸਿਖਲਾਈ ਦੇ ਕੇ ਗੁਰਬਾਣੀ ਅਧਾਰਿਤ ਕਥਾ ਵਿਖਿਆਨ ਕਰਨ ਵਿਚ ਉਨ੍ਹਾਂ ਨੂੰ ਨਿਪੁੰਨ ਕਰਕੇ, ਆਪਣੀ ਪ੍ਰਚਾਰਕ ਫੌਜ ਨਾਲ ਸਿੱਖ ਧਰਮ ਦੇ ਸਿਧਾਂਤ ’ਤੇ ਹੱਲਾ ਬੋਲ ਕੇ ਇਸ ਨੇ ਕਈ ਇਲਾਕੇ ਬੜੀ ਤੇਜ਼ੀ ਨਾਲ ਸਰ ਕਰ ਲਏ। ਲੋਕ ਦਿਖਾਵੇ ਨਾਲ ਇਸ ਨੇ ਸਿਆਸੀ ਨਿਤਾਵਾਂ ਨੂੰ ਵੀ ਆਪਣੇ ਵੱਲ ਅਕ੍ਰਸ਼ਿਤ ਕਰ ਲਿਆ ਹੈ। ਕਈ ਜਗ੍ਹਾ ਇਸ ਦੀਆਂ ਸਿੱਖਾਂ ਨਾਲ ਝੜਪਾਂ ਵੀ ਹੋਈਆਂ ਹਨ ਪਰ ਇਸ ਦਾ ਵਾਲ ਵੀ ਵੀਂਗਾ ਨਹੀਂ ਕੀਤਾ ਜਾ ਸਕਿਆ ਅਤੇ ਦਿਨ-ਪ੍ਰਤੀ-ਦਿਨ ਇਹ ਹੋਰ ਮਜ਼ਬੂਤ ਹੁੰਦਾ ਆ ਰਿਹਾ ਹੈ। ਮਿਲਗੋਭਾ ਪ੍ਰਚਾਰ ਰਾਹੀਂ ਇਸ ਨੇ ਲੱਖਾਂ ਸਿੱਖਾਂ ਨੂੰ ਆਪਣੇ ਸੇਵਕ ਬਣਾ ਲਿਆ ਹੈ, ਜਿਸ ਦਾ ਮੁਜਾਹਰਾ ਇਸ ਨੇ ਪਿਛਲੇ ਦਿਨੀਂ ਨੂਰ ਮਹਿਲ ਦੇ ਆਪਣੇ ਸਲਾਨਾ ਸਮਾਗਮ ਵਿਚ ਕਰ ਦਿੱਤਾ ਹੈ। ਅਗਾਮੀ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਵਿਚ ਆਪਣੇ ਸਿੱਖੀ ਸ਼ਕਲ ਵਾਲੇ ਸੇਵਕਾਂ ਨੂੰ ਅਕਾਲੀ ਦਲ ਦੀਆਂ ਟਿਕਟਾਂ ਦਿਵਾ ਕੇ ਨੂਰ ਮਹਿਲੀਏ ਆਪਣੇ ਮੈਂਬਰ ਬਣਾਉਣ ਦਾ ਇਰਾਦਾ ਵੀ ਪ੍ਰਗਟਾ ਰਹੇ ਹਨ। ਗੁਰੂ ਗੰ੍ਰਥ ਸਾਹਿਬ ਵਿਰੋਧੀ ਹੋਣ ਦੇ ਨਾਲ-ਨਾਲ ਸਿੱਖ ਲੜਕੀਆ ਦੇ ਸ਼ੋਸ਼ਨ ਕਰਨ ਦੀਆਂ ਖਬਰਾਂ ਵੀ ਖੂਬ ਚਰਚਿਤ ਰਹੀਆਂ ਹਨ। ਵਿਦੇਸ਼ੀ ਹਮਲਾਵਰ ਤਾਂ ਭਾਰਤੀ ਲੜਕੀਆਂ ਨੂੰ ਚੁੱਕ ਕੇ ਗਜਨੀ ਲੈ ਜਾਂਦੇ ਸਨ ਪਰ ਇਹ ਪੰਜਾਬ ਵਿਚ ਹੀ ਸਿੱਖਾਂ ਦੀ ਪੱਤ ਰੋਲਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਆਸ਼ੂਤੋਸ਼ ਦੇ ਨਕਲੀ ਸਿੱਖਾਂ ਦੀ ਫੌਜ ਭਵਿੱਖ ਵਿੱਚ ਗੁਰੂ ਕੇ ਸਿੱਖਾਂ ਵਿਰੁੱਧ ਕੋਈ ਮੁਸੀਬਤ ਖੜੀ ਕਰਨ ਦੀ ਸੰਭਾਵਨਾ ਪੈਦਾ ਕਰਦੀ ਜਾ ਰਹੀ ਹੈ। ਹਰ ਪੰਥ-ਦਰਦੀ ਇਸ ਸਾਧ ਦੀਆਂ ਘਿਣਾਉਣੀਆਂ ਚਾਲਾਂ ਤੋਂ ਡਾਢਾ ਚਿੰਤਤ ਹੈ। ਪਰ ਆਪ ਜੀ ਦੀ ਬੇਫਿਕਰੀ ਖਾਲਸਾ ਪੰਥ ਦੇ ਵਫਾਦਾਰਾਂ ਲਈ ਹੋਰ ਵੀ ਚਿੰਤਾ ਪੈਦਾ ਕਰਨ ਵਾਲੀ ਹੈ।

4. ਭਨਿਆਰੇ ਵਾਲਾ : ਜੰਗਲਾਤ ਮਹਿਕਮੇ ਦਾ ਬੇਲਦਾਰ, ਆਪਣੀਆਂ ਲੂਬੜ ਚਾਲਾਂ ਵਿਚ ਕਿੰਨਾਂ ਕੁ ਕਾਮਯਾਬ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਸੇਵਕਾਂ ਨੇ ਸਿੱਖਾਂ ਦੇ ਗੁਰੂ ਗੰ੍ਰਥ ਸਾਹਿਬ ਜੀ ਨੂੰ ਕਈ ਥਾਵਾਂ ’ਤੇ ਅੱਗ ਲਗਾ ਦਿੱਤੀ, ਤਾਂਕਿ ਪੰਜਾਬ ਵਿਚ ਸਿੱਖਾਂ ਨੂੰ ਉਨ੍ਹਾਂ ਦੀ ਤਾਕਤ ਦਾ ਅਹਿਸਾਸ ਕਰਵਾਇਆ ਜਾ ਸਕੇ ਅਤੇ ਇਹ ਵੀ ਸਿੱਧ ਕੀਤਾ ਜਾ ਸਕੇ ਕਿ ਗੁਰੂ ਗੰ੍ਰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਲੋਕ ਕਿੰਨੇ ਕੁ ਆਪਣੇ ਗੁਰੂ ਨੂੰ ਸਮਰਪਿਤ ਹਨ। ਜਿਹੜੇ ਅਕਾਲੀ ਨੇਤਾਵਾਂ ਦਾ ਭਨਿਆਰੇ ਵਾਲੇ ਸਾਧ ਨੂੰ ਥਾਪੜਾ ਹੈ, ਉਨ੍ਹਾਂ ਨੂੰ ਸਿੱਖ ਕਿਹਾ ਜਾਵੇ, ਅਕਾਲੀ ਕਿਹਾ ਜਾਵੇ ਜਾਂ ਸਿੱਖੀ ਭੇਖ ਵਿਚ ਸਿੱਖ ਦੁਸ਼ਮਣ? ਗੁਰੂ ਗ੍ਰੰਥ ਸਾਹਿਬ ਜੀ ਦੀ ਤਰਜ਼ ਤੇ ਇਹ ਸਾਧ ਆਪਣਾ ਗ੍ਰੰਥ ਤਿਆਰ ਕਰ ਚੁੱਕਾ ਹੈ। ਅਖੌਤੀ ਨੀਵੀਂ ਜਾਤੀਆ ਦੇ ਲੋਕ ਜਿਨ੍ਹਾਂ ਦੇ ਵੱਡੇ ਵਡੇਰੇ ਕਦੇ ਸਰਦਾਰ ਬਣ ਕੇ ਫਖਰ ਕਰਿਆ ਕਰਦੇ ਸਨ, ਅੱਜ ਅਗਲੀ ਪੀੜ੍ਹੀ ਭਨਿਆਰੇ ਵਾਲੇ ਸਾਧ ਦੇ ਚੁੰਗਲ ਵਿਚ ਫਸ ਕੇ ਸਿੱਖੀ ਵਿਰੋਧੀ ਕਿਰਦਾਰ ਦਿਖਾ ਰਹੀ ਹੈ। ਇਸ ਬਦਲਾਅ ਵਿਚ ਕੌਣ ਕਸੂਰਵਾਰ ਹੈ? ਇਸ ਵਰਤਾਰੇ ਨਾਲ ਘਾਟਾ ਸਿੱਖਾਂ ਨੂੰ ਹੋਇਆ ਹੈ ਜਾਂ ਕਿਸੇ ਹੋਰ ਨੂੰ? ਸੋਚਣ ਦਾ ਵਿਸ਼ਾ ਹੈ...।

5. ਸੌਦਾ ਸਾਧ (ਸਿਰਸੇ ਵਾਲਾ) : ਇਹ ਸਿੱਖ ਧਰਮ ਤੋਂ ਟੁੱਟ ਕੇ ਰਾਧਾ ਸੁਆਮੀਆਂ ਤੋਂ ਵੱਖ ਹੋਏ ਡੇਰੇ ਦਾ ਮੁਖੀ ਕਿਵੇਂ ਬਣਿਆ, ਸਾਡਾ ਇਸ ਨਾਲ ਕੋਈ ਵਾਸਤਾ ਨਹੀਂ, ਪਰ ਇਸ ਗੱਲ ਨਾਲ ਸਾਡਾ ਵਾਸਤਾ ਜ਼ਰੂਰ ਹੈ ਕਿ ਇਸ ਦੀ ਦਸਤਾਰ-ਬੰਦੀ ਸਮੇਂ ਜਿਹੜੇ ਤਖਤਾਂ ਦੇ ਜੱਥੇਦਾਰ ਇਸ ਨੂੰ ਆਪਣੀਆਂ ਸ਼ੁਭ ਇਛਾਵਾਂ ਦੇਣ ਲਈ ਗਏ ਸਨ, ਆਖ਼ਰਕਾਰ! ਉਨ੍ਹਾਂ ਨੇ ਕੀ ਸੋਚਿਆ ਹੋਵੇਗਾ?

ਇਸ ਨੇ ਦਸ਼ਮੇਸ਼ ਪਿਤਾ ਦੀ ਨਕਲ ਕਰਦੇ ਹੋਏ ਨਕਲੀ ਅੰਮ੍ਰਿਤ (ਰੂਹ ਅਫਜਾ) ਤਿਆਰ ਕੀਤਾ, ਸਿੰਘ ਕੌਰ ਦੀ ਥਾਂ ਇਸ ਨੇ ਉਪ-ਨਾਮ ਵਜੋਂ ਹਰ ਪੈਰੋਕਾਰ ਨੂੰ ਇੰਸਾਂ ਲਗਾਉਣ ਦਾ ਹੁਕਮ ਸੁਣਾਇਆ। ਸਿੱਖਾਂ ਵੱਲੋਂ ਵਿਰੋਧ ਕਰਨ ਸਮੇਂ ਇਸ ਨੇ ਜਗ੍ਹਾ-ਜਗ੍ਹਾ ਸਿੱਖਾਂ ਨੂੰ ਨੁਕਸਾਨ ਪਹੁੰਚਾਇਆ। ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਦੇ ਪੰਜਾਬ ਵਿਚਲੇ ਸਮਾਗਮ ਬੰਦ ਕਰਨ ਦਾ ਹੁਕਮ ਵੀ ਦਿੱਤਾ ਗਿਆ। ਪਰ ਅਕਾਲੀੈਭਾਜਪਾ ਸਰਕਾਰ ਨੇ ਹੁਕਮ ਨਹੀਂ ਮੰਨਿਆਂ। ਜਿਨ੍ਹਾਂ ਗੁਰਸਿੱਖਾਂ ਨੇ ਹੁਕਮ ਮੰਨਿਆ, ਉਹੀ ਅਕਾਲੀ ਰਾਜ ਵਿਚ ਸੂਬੇ ਦਾ ਕਾਨੂੰਨ ਤੋੜਨ ਦੇ ਦੋਸ਼ ਵਿਚ ਜੇਲ੍ਹਾਂ ਅੰਦਰ ਬੰਦ ਕੀਤੇ ਗਏ ਹਨ। ਆਪ ਜੀ ਨੇ ਵੀ ਉਨ੍ਹਾਂ ਸਿੰਘਾਂ ਦੀ ਕੋਈ ਪੈਰਵੀ ਨਹੀਂ ਕੀਤੀ।... ਕਿਉਂ?

ਸੌਦਾ ਸਾਧ ਆਪਣੇ ਸੇਵਕਾਂ ਦੀ ਗਿਣਤੀ ਪੰਜ ਕਰੋੜ ਦੱਸਦਾ ਹੋਇਆ ਦਾਅਵਾ ਕਰਦਾ ਹੈ ਕਿ ਸਿੱਖ ਦੋ ਕਰੋੜ ਤੋਂ ਘਟ ਹੋਣ ਕਰਕੇ ਮੇਰੇ ਸੇਵਕਾਂ ਸਾਹਮਣੇ ਘੱਟ ਗਿਣਤੀ ਵਿਚ ਹਨ। ਇਸ ਲਈ ਮੇਰਾ ਕੁਝ ਨਹੀਂ ਵਿਗਾੜ ਸਕਦੇ।

ਇਸ ਨਾਲ ਸਲਾਬਤਪੁਰੇ ਝੜਪ ਹੋਈ ਸਿੱਖ ਮਰੇ, ਬੰਬਈ ਝੜਪ ਹੋਈ... ਸਿੱਖ ਮਰੇ, ਲੁਧਿਆਣੇ ਝੜਪ ਹੋਈ... ਸਿੱਖ ਮਰੇ। ਸਿੰਘ ਸਾਹਿਬ ਜੀ, ਇਹ ਕਿਹੜੀ ਕਹਾਣੀ ਹੈ? ਸਰਕਾਰ ਤਾਂ ਪੰਥਕ ਕਹਾਉਣ ਵਾਲੇ ਅਕਾਲੀਆਂ ਦੀ ਹੈ ਪਰ ਹਰ ਜਗ੍ਹਾ ਮਰਨ ਵਾਲੇ ਗੁਰਸਿੱਖ ਹੀ ਹਨ...?

ਇਸ ਸਾਧ ਨੇ ਲੱਖਾਂ ਗਰੀਬ ਲੋਕਾਂ ਨੂੰ ਮਕਾਨ ਬਣਵਾ ਕੇ ਦਿੱਤੇ ਹਨ, ਲੜਕੀਆਂ ਦੇ ਵਿਆਹ ਕਰਵਾਏ ਹਨ, ਪੜ੍ਹਾਈ ਲਈ ਸਕੂਲ ਤੇ ਹੋਰ ਅਦਾਰੇ ਖੋਹਲੇ ਹੋਏ ਹਨ, ਜ਼ਰਾ ਪੜਤਾਲ ਕਰਕੇ ਦੇਖੋ! ਇਨ੍ਹਾਂ ਦਾ ਪ੍ਰਚਾਰ ਢੰਗ ਕਿੰਨਾਂ ਅਸਰਦਾਰ ਹੈ। ਐਵੇਂ ਨਹੀਂ ਲੱਖਾਂ ਲੋਕ ਇਸ ਦੇ ਇਕ ਇਸ਼ਾਰੇ ’ਤੇ ਸੜਕਾਂ ਉ¤ਤੇ ਆਣ ਖੜੇ ਹੁੰਦੇ। ਤੁਸੀਂ ਪੰਥ ਦੇ ਸਿਰਮੋਰ ਆਗੂ ਹੋ, ਕੀ ਕਰ ਰਹੇ ਹੋ...? ਪੰਥ ਦੀ ਮਜ਼ਬੂਤੀ ਤੇ ਇਸ ਦੇ ਵਾਧੇ ਲਈ ਕਦੇ ਕੋਈ ਪ੍ਰੋਜੈਕਟ ਉਲੀਕਿਆ...? ਆਪਜੀ ਪਾਸ ਹੈ ਕੁਝ ਕੌਮ ਨੂੰ ਦੱਸਣ ਲਈ...?

6. ਆਰ.ਐਸ.ਐਸ. : ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਦੀ ਵੱਖਰੀ ਪਛਾਣ ਅਤੇ ਰਹਿਣੀ-ਬਹਿਣੀ ਨੂੰ ਖਤਮ ਕਰਨ ਲਈ ਸਰਗਰਮ ਇਸ ਸੰਸਥਾ ਦਾ ਪੂਰਾ ਨਾਂ ‘ਰਾਸ਼ਟਰੀਯ ਸਿੱਖ ਸੰਗਤ’ ਹੈ। ਇਸ ਦਾ ਕੰਮ ਸਿੱਖਾਂ ਨੂੰ ਹਿੰਦੂ ਸਮਾਜ ਵਿਚ ਜਜ਼ਬ ਕਰਕੇ ਖਤਮ ਕਰ ਦੇਣ ਦਾ ਹੈ। ਇਹ ਕੱਟੜ ਫਿਰਕਾ-ਪ੍ਰਸਤ ਹਿੰਦੂ ਜਮਾਤ ‘ਜਨ-ਸੰਘ’ ਦਾ ਹੀ ਦੂਜਾ ਰੂਪ ਹੈ। ਇਸ ਨੇ ਆਪਣੀ ਉਪਰੋਕਤ ਸੰਸਥਾ ਦਾ ਨਾਂ ਸਿੱਖ ਜਗਤ ਨੂੰ ਗੁਮਰਾਹ ਕਰਨ ਲਈ ਰੱਖਿਆ ਹੋਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਞਛਛ ਨੂੰ ਸਿੱਖ ਵਿਰੋਧੀ ਜਮਾਤ ਐਲਾਨਿਆਂ ਗਿਆ ਸੀ। ਇਨ੍ਹਾਂ ਦੇ ਕੰਮ ਕਰਨ ਦਾ ਢੰਗ ਇਹ ਹੈ ਕਿ ਜਿਸ ਵੀ ਕੌਮ, ਫਿਰਕੇ ਨੂੰ ਇਨ੍ਹਾਂ ਨੇ ਖਤਮ ਕਰਨਾ ਹੋਵੇ, ਇਹ ਉਨ੍ਹਾਂ ਦੇ ਵਿਚ ਵੜ ਕੇ ਖਤਮ ਕਰਨ ਦਾ ਕੰਮ ਆਰੰਭ ਕਰ ਦੇਂਦੇ ਹਨ। ਇਹ ਲੋਕ ਆਪਣੀ ਸੰਸਥਾ ਦੇ ਨਾਂ ਨਾਲ ਬਹੁਤੀ ਪਕੜ ਨਹੀਂ ਰੱਖਦੇ ਬਲਕਿ ਆਪਣਾ ਉਦੇਸ਼ ਪੂਰਾ ਕਰਨ ਲਈ ਸੰਸਥਾ ਦਾ ਨਾਂ ਵੀ ਬਦਲ ਲੈਂਦੇ ਹਨ। ਇਸੇ ਨੀਤੀ ਤਹਿਤ ਹੁਣ ਤੱਕ ਇਹ ਭਾਰਤੀ ਖਿੱਤੇ ਵਿਚੋਂ ਬੁੱਧ ਧਰਮ ਦਾ ਸਫਾਇਆ ਕਰਨ ਵਿਚ ਪੂਰੀ ਤਰ੍ਹਾਂ ਸਫਲ ਹੋ ਚੁੱਕੇ ਹਨ। ਇਸ ਸਮੇਂ ਸਾਰੀ ਸਿੱਖ ਕੌਮ ਬ੍ਰਾਹਮਣਵਾਦ ਦੇ ਪੰਜੇ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ। ਸਿੱਖਾਂ ਵਿੱਚ ਭੁਲੇਖੇ ਪਾਉਣੇ, ਮਤਭੇਦ ਪੈਦਾ ਕਰਕੇ ਲੜ੍ਹਾਈਆਂ ਪਾ ਕੇ ਸਿੱਖਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਨਾ ਇਨ੍ਹਾਂ ਦਾ ਵੱਡਾ ਇਜੰਡਾ ਹੈ। ਇਹਨਾਂ ਵੱਲੋਂ ਜ਼ਾਰੀ ਹੋਏ ਖੁਫੀਆ ਸਰਕੂਲਰਾਂ ਵਿੱਚ ਕੋਈ ਵੀ ਗੱਲ ਛੁਪੀ ਹੋਈ ਨਹੀਂ ਹੈ। ਸਿੰਘ ਸਾਹਿਬ ਜੀ ਆਪ ਜੀ ਨੂੰ ਵੀ ਇਹ ਜ਼ਰੂਰ ਪੜ੍ਹਨੇ ਚਾਹੀਦੇ ਹਨ।

ਇਹ ਲੋਕ ਸਿੱਖਾਂ ਦੀ ਵੱਖਰੀ ਪਛਾਣ ਨੂੰ ਕਾਇਮ ਨਹੀਂ ਰਹਿਣ ਦੇਣਾ ਚਾਹੁੰਦੇ, ਸਿੱਖ ਨੌਜਵਾਨਾਂ ਵਿੱਚ ਕੇਸਾਂ ਪ੍ਰਤੀ ਨਫਰਤ ਭਰਕੇ, ਉਨ੍ਹਾਂ ਨੂੰ ਆਪਣੀ ਸਫਾ-ਚੱਟ ਸੂਰਤ ਵਰਗਾ ਬਣਾ ਲੈਣ ਦੀ ਤੀਬਰ ਇੱਛਾ ਰੱਖਦੇ ਹਨ। ਇਹ ਆਪਣੇ ਮਿਸ਼ਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਰਹੇ ਹਨ। ਜਿਹੜਾ ਕੰਮ ਜ਼ਾਲਮ ਮੁਗਲ ਆਪਣੀ ਤਲਵਾਰ ਨਾਲ ਨਹੀਂ ਸਨ ਕਰ ਸਕੇ, ਉਹ ਕੰਮ ਆਰ.ਐਸ.ਐਸ. ਵਾਲੇ ਆਪਣੀਆਂ ਕੂਟਨੀਤੀਆਂ ਰਾਹੀਂ ਕਰਨ ਵਿੱਚ ਸਫਲ ਹੋ ਗਏ ਹਨ। ਇਨ੍ਹਾਂ ਦੀਆਂ ਪਿੰਡਾਂ ਤੇ ਸ਼ਹਿਰਾਂ ਵਿੱਚ ਕਾਇਮ ਕੀਤੀਆਂ ਹੋਈਆਂ ਸ਼ਾਖਾਵਾਂ ਦੀ ਹੀ ਤੁਸੀਂ ਗਿਣਤੀ ਕਰ ਲਵੋ ਤਾਂ ਤੁਹਾਨੂੰ ਇਹਨਾਂ ਦੀ ਨੀਯਤ ਦਾ ਪਤਾ ਚਲ ਜਾਵੇਗਾ। ਬੜੀ ਤੇਜ਼ੀ ਨਾਲ ਆਪਣੇ ਨੈ¤ਟਵਰਕ ਨੂੰ ਸੰਗਠਿਤ ਕਰਨ ਵਿੱਚ ਰੁੱਝੇ ਹੋਏ ਹਨ ਤਾਂ ਕਿ ਪੰਜਾਬ ਵਿਚੋਂ ਸਿੱਖਾਂ ਦੀ ਰਾਜਸੀ ਸ਼ਕਤੀ ਸਮਝੀ ਜਾਂਦੀ ਅਕਾਲੀ ਪਾਰਟੀ ਨੂੰ ਪਹਿਲਾਂ ਕਮਜ਼ੋਰ ਕਰਕੇ ਫਿਰ ਹੌਲੀ-ਹੌਲੀ ਖਤਮ ਹੀ ਕਰ ਦਿੱਤਾ ਜਾਵੇ। ਅਕਾਲੀ ਨੇਤਾਵਾਂ ਦੇ ਇਨ੍ਹਾਂ ਨਾਲ ਸਬੰਧ ਤਾਂ ਆਪਣੇ ਰਾਜਸੀ ਲਾਭ ਲਈ ਹਨ ਪਰ ਇਨ੍ਹਾਂ ਹਿੰਦੂ ਸ਼ਕਤੀਆਂ ਨੇ ਆਪਣੇ ਸਬੰਧ ਸਿੱਖ ਲੀਡਰਾਂ ਨਾਲ ਅਕਾਲੀ ਦਲ ਨੂੰ ਪਹਿਲੇ ਕਮਜ਼ੋਰ ਤੇ ਫਿਰ ਖਤਮ ਕਰਨ ਦੇ ਨਾਲ-ਨਾਲ ਆਪਣੇ ਆਪ ਨੂੰ ਸੁਤੰਤਰ ਰੂਪ ਵਿੱਚ ਪੰਜਾਬ ਦਾ ਰਾਜ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਬਣਾਏ ਹੋਏ ਹਨ। ਸੰਘ ਪਰਿਵਾਰ (ਆਰ.ਐਸ.ਐਸ. ਜਨਸੰਘ, ਭਾਜਪਾ, ਸ਼ਿਵ ਸੈਨਾ, ਬਜਰੰਗ ਦਲ ਆਦਿਕ) ਘੱਟ ਗਿਣਤੀਆਂ ਦੀ ਹੋਂਦ ਨੂੰ ਖਤਮ ਕਰਨ ਲਈ ਹਰ ਖੇਤਰ ਵਿੱਚ ਵਿਚਾਰਧਾਰਿਕ ਤੇ ਕੂਟਨੀਤਿਕ ਯੁੱਧ ਲੜ੍ਹ ਰਿਹਾ ਹੈ ਅਤੇ ਹੌਲੀ-ਹੌਲੀ ਸਿੱਖਾਂ ਉਪਰ ਫਤਹਿ ਹਾਸਲ ਕਰਦਾ ਜਾ ਰਿਹਾ ਹੈ। ਇਧਰ ਸਿਤਮ ਫਿਰੋਸ਼ੀ ਦੇਖੋ! ਸਾਡੇ ਬਹੁਤੇ ਅਕਾਲੀ ਨੇਤਾ ਤੇ ਸਨਾਤਨੀ ਸੋਚ ਦੇ ਸਾਧ, ਸੰਤ ਤੇ ਪ੍ਰਚਾਰਕ ਉਹੀ ਪ੍ਰਚਾਰ ਕਰ ਰਹੇ ਹਨ, ਜਿਹੜਾ ਸਿੱਖਾਂ ਨੂੰ ਬ੍ਰਹਮਣੀ ਪਿੰਜਰੇ ਵੱਲ ਲੈ ਕੇ ਜਾਂਦਾ ਹੈ।

ਇਸ ਸਾਰੇ ਵਰਤਾਰੇ ਨੂੰ ਲਿਖਣ ਲਈ ਵੈਸੇ ਤਾਂ ਪੂਰੀ ਕਿਤਾਬ ਹੀ ਲਿਖਣੀ ਪਵੇਗੀ ਪਰ ਆਪ ਜੀ ਨੂੰ ਮੇਰੀ ਗੁਜਾਰਿਸ਼ ਹੈ ਕਿ ਜਰਾ ਸ੍ਰ. ਕਪੂਰ ਸਿੰਘ ਦੀ ‘ਸਾਚੀ ਸਾਖੀ’, ਸ੍ਰ. ਨਰੈਣ ਸਿੰਘ ਦੀ ‘ਕਿਉਂ ਕੀਤੋ ਵਿਸਾਹ’, ਡਾ. ਸੰਗਤ ਸਿੰਘ ਦੀ ‘ਇਤਿਹਾਸ ’ਚ ਸਿੱਖ’, ਪ੍ਰੋ. ਕੁਲਦੀਪ ਸਿੰਘ ‘ਕੌੜਾ’ ਦੀ ‘ਸਿੱਖ ਵੀ ਨਿਗਲਿਆ ਗਿਆ’ ਅਤੇ ਪ੍ਰੋ. ਜਗਜੀਤ ਸਿੰਘ ‘ਜਾਬੇਵਾਲ’ ਦੀ ‘ਕੀ ਦਲਿਤ, ਸਿੱਖ ਸਮਾਜ ਦਾ ਹਿੱਸਾ ਬਣੇ ਰਹਿਣਗੇ?’ ਪੜ੍ਹਨ ਤੋਂ ਬਾਅਦ ਦਾਸ ਦੇ ਇਸ ਪੱਤਰ ਦਾ ਜਵਾਬ ਦੇਣ ਦਾ ਕਸ਼ਟ ਜ਼ਰੂਰ ਕਰਨਾ ਤਾਂਕਿ ਮੈਂ ਆਪਣੇ ਨਜ਼ਰੀਏ ਨੂੰ ਠੀਕ ਕਰ ਸਕਾਂ।

7. ਈਸਾਈ : ਪੰਜਾਬ ਵਿੱਚ ਈਸਾਈ ਧਰਮ ਦੇ ਪ੍ਰਚਾਰਕਾਂ ਦਾ ਨਿਸ਼ਾਨਾ ਮੁੱਖ ਰੂਪ ਵਿੱਚ ਕਹੀਆਂ ਜਾਂਦੀਆਂ ਛੋਟੀਆਂ ਜ਼ਾਤਾਂ ਦੇ ਦਲਿਤ ਲੋਕ ਅਤੇ ਸਿੱਖ ਹਨ। ਗਰੀਬ, ਲੋੜਵੰਧ, ਬੀਮਾਰ ਤੇ ਬੇਰੋਜ਼ਗਾਰ ਸਿੱਖਾਂ ਅਤੇ ਹੋਰਾਂ ਨੂੰ ਬੜੀ ਆਸਾਨੀ ਨਾਲ ਆਪਣੇ ਵੱਲ ਆਕ੍ਰਸ਼ਿਤ ਕਰਕੇ ਉਨ੍ਹਾਂ ਦਾ ਧਰਮ ਪ੍ਰੀਵਰਤਨ ਕਰ ਰਹੇ ਹਨ। ਪੰਜਾਬ ਵਿੱਚ ਈਸਾਈਆਂ ਦੇ ਸਕੂਲ ਤੇ ਚਰਚ, ਇਨ੍ਹਾਂ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਦੀ ਜ਼ਾਹਰਾ ਤਸਵੀਰ ਹਨ। ਹਰ ਜਿਲ੍ਹੇ ਵਿੱਚ ਸਕੂਲਾਂ ਤੇ ਚਰਚ-ਘਰਾਂ ਦੀ ਸਥਾਪਨਾ ਕਰਨ ਪਿੱਛੋਂ, ਈਸਾਈ ਹਰ ਤਹਿਸੀਲ ਤੇ ਬਲਾਕ ਵਿੱਚ ਵੀ ਸਕੂਲ ਖੋਲ੍ਹਣ ਵਿੱਚ ਸਫਲ ਹੋ ਚੁੱਕੇ ਹਨ। ਇਨ੍ਹਾਂ ਅਦਾਰਿਆਂ ਵਿੱਚ ਗੈਰ-ਈਸਾਈਆ ਦੀ ਮੁਫਤ ਪੜ੍ਹਾਈ ਕਾਰਨ ਮੋਨੇ ਹੋ ਚੁੱਕੇ ਸਿੱਖ ਬੱਚਿਆਂ ਦੀ ਗਿਣਤੀ ਲੱਖਾਂ ਵਿੱਚ ਹੈ।

ਜਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਰੋਪੜ, ਤਰਨ ਤਾਰਨ, ਫਿਰੋਜ਼ਪੁਰ ਦੇ ਹਜ਼ਾਰਾਂ ਪਿੰਡਾਂ ਵਿਚ ਈਸਾਈਆਂ ਦੀਆਂ ਸਰਗਰਮੀਆਂ ਜਿਹੜਾ ਰੰਗ ਲਿਆ ਚੁੱਕੀਆਂ ਹਨ, ਉਹ ਸਿੱਖ ਪੰਥ ਲਈ ਵੱਡੇ ਸਦਮੇ ਤੋਂ ਘੱਟ ਨਹੀਂ ਹੈ। ਮੈਂ ਨਹੀਂ ਸਮਝਦਾ ਕਿ ਤੁਹਾਡੇ ਸਮੇਤ ਵੱਡੇ ਆਗੂਆਂ ਨੂੰ ਹੋ ਰਹੀ ਤਬਦੀਲੀ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ। ਧਾਰਮਿਕ ਅਤੇ ਸਿਆਸੀ ਪੱਧਰ ’ਤੇ ਨੇੜ੍ਹੇ ਭਵਿੱਖ ਵਿੱਚ ਵੱਜਣ ਵਾਲੀ ਵੱਡੀ ਸੱਟ ਦਾ ਪੂਰਵ ਅਨੁਮਾਨ ਨਾ ਲਗਾਉਣ ਵਾਲਿਆਂ ਨੂੰ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸੁਚੇਤ ਕੀਤਾ ਸੀ ਕਿ ‘ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੇ ਸਜਾਇ।।’

ਕੈਸ਼, ਪੜ੍ਹਾਈ, ਵਿਆਹ ਤੇ ਰੋਜ਼ਗਾਰ ਦੇ ਚੱਕਰ ਵਿੱਚ ਕਿੰਨੇ ਸਿੱਖ ਆਪਣਾ ਧਰਮ ਛੱਡ ਕੇ ਈਸਾਈ ਬਣ ਗਏ ਹਨ, ਈਸਾਈਆਂ ਦੀ ਵੈਬਸਾਈਟ ’ਤੇ ਦੇਖਿਆ ਜਾ ਸਕਦਾ ਹੈ। ਸਾਲ ਵਿੱਚ 8 ਲੱਖ ਲੋਕ ਈਸਾਈ ਬਣ ਰਹੇ ਹਨ, ਜਿੰਨ੍ਹਾਂ ਵਿੱਚ ਹਜ਼ਾਰਾਂ ਸਿੱਖ ਪਰਿਵਾਰ, ਗੁਰੂ ਨਾਨਕ ਦੇ ਘਰ ਨਾਲੋਂ ਟੁੱਟ ਕੇ ਹਜ਼ਰਤ ਈਸਾ ਮਸੀਹ ਦੇ ਘਰ ਵਿੱਚ ਦਾਖਲ ਹੋ ਰਹੇ ਹਨ। ਈਸਾਈ ਧਰਮ ਦਾ ਪ੍ਰਚਾਰ, ਸਿੱਖ ਸਕੂਲਾਂ ਵਾਲੇ ਕ੍ਰਿਸਮਿਸ ਮਨਾ ਕੇ ਕਰ ਰਹੇ ਹਨ ਜਦਕਿ ਈਸਾਈਆਂ ਦੇ ਸਕੂਲਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਨਹੀਂ ਮਨਾਇਆ ਜਾਂਦਾ। ਕਈ ਥਾਵਾਂ ’ਤੇ ਸਿੱਖ ਈਸਾਈ ਪਾਦਰੀ ਵਾਲੀ ਡਿਊਟੀ ਵੀ ਭੁਗਤਾ ਰਹੇ ਹਨ। ਇਸ ਵਿੱਚ ਇਕ ਵੱਡੇ ਅਕਾਲੀ ਲੀਡਰ ਦੀ ਨੌਹ ਦੇ ਸ਼ਾਮਲ ਹੋਣ ਦੀਆਂ ਵੀ ਚਿੰਤਾ ਜਨਕ ਖਬਰਾਂ ਹਨ। ਜੇਕਰ ਆਪ ਜੀ ਨੂੰ ਇਹ ਸਾਰਾ ਵੇਰਵਾ ਚਾਹੀਦਾ ਹੋਵੇਗਾ ਤਾਂ ਦਾਸ ਆਪ ਜੀ ਨੂੰ ਮੁਕੰਮਲ ਜਾਣਕਾਰੀ ਮੁਹੱਈਆ ਕਰਵਾ ਦੇਵੇਗਾ ਤਾਂਕਿ ਤੁਸੀਂ ਕੋਈ ਸਖਤ ਕਾਰਵਾਈ ਕਰ ਸਕੋ।

ਉਪਰ ਲਿਖੀਆਂ ਇਨ੍ਹਾਂ ਸਾਰੀਆਂ ਸ਼ਕਤੀਆਂ ਦਾ ਇਕੋ ਹੀ ਨਿਸ਼ਾਨਾ ਹੈ ਪੰਜਾਬ ਅਤੇ ਸਿੱਖ। ਹੋਰ ਕਈ ਵੱਡੇ-ਵੱਡੇ ਡੇਰੇਦਾਰ, ਭੇਖੀ ਸਾਧ ਵੀ ਪੰਥ ਨੂੰ ਵੱਡੀ ਢਾਹ ਲਗਾ ਕੇ ਆਪ ਮਜਬੂਤ ਅਤੇ ਪੰਥ ਨੂੰ ਕਮਜ਼ੋਰ ਕਰਕੇ ਅੰਦਰੋਂ ਅੰਦਰੀਂ ਖੋਖਲਾ ਕਰਨ ਲਈ ਦਿਨ ਰਾਤ ਲੱਗੇ ਹੋਏ ਹਨ। ਜਿਨ੍ਹਾਂ ਨੂੰ ਆਰ.ਐਸ.ਐਸ ਦੀ ਪੂਰੀ-ਪੂਰੀ ਹਿਮਾਇਤ ਹਾਸਲ ਹੈ।

ਉਪਰੋਕਤ ਬਿਆਨ ਕੀਤੀਆਂ ਵਿਰੋਧੀ ਸ਼ਕਤੀਆਂ ਨਾਲ ਨਜਿੱਠਣ ਲਈ ਛਭ>ਸ, ਅਕਾਲੀ ਦਲ ਜਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਦੇ ਕੋਈ ਵਿਆਪਕ ਪ੍ਰਭਾਵ ਵਾਲੀ ਯੋਜਨਾ ਕਿਉਂ ਨਹੀਂ ਉਲੀਕੀ ਗਈ? ਕੀ ਇਨ੍ਹਾਂ ਸੰਸਥਾਵਾਂ ਨੂੰ ਪੂਰੀ ਖੁੱਲ ਹੈ ਕਿ ਉਹ ਸਿੱਖੀ ਦੀ ਫਸਲ ਨੂੰ ਉਜਾੜਦੇ ਰਹਿਣ ਅਤੇ ਤੁਹਾਡੇ ਪਿੱਛੇ ਲੱਗ ਕੇ, ਅਸੀਂ ਵੀ ਆਪਣੀ ਜ਼ੁੰਮੇਵਾਰੀ ਸਮਝਣ ਅਤੇ ਕੁਝ ਕਰਨ ਦੀ ਬਜਾਇ ਇਹੀ ਆਖਦੇ ਰਹੀਏ ਕਿ ਸਿੱਖੀ ਨੂੰ ਕੋਈ ਖਤਮ ਨਹੀਂ ਕਰ ਸਕਦਾ...? ਕੀ ਇਹ ਸਿਆਣੇ ਅਤੇ ਸਮਝਦਾਰ ਨੇਤਾਵਾਂ ਦੀ ਸੋਚ ਕਹੀ ਜਾ ਸਕਦੀ ਹੈ...? ਸਾਰੇ ਪੰਜਾਬ ਵਿੱਚ ਤੁਹਾਡੇ ਸਾਹਮਣੇ ਸਿੱਖ, ਸਿੱਖੀ ਅਤੇ ਪੰਜਾਬ ਦੀ ਬਰਬਾਦੀ ਲਈ ਕੀ ਕੁਝ ਨਹੀਂ ਹੋ ਰਿਹਾ?

ਅਕਾਲੀ ਅਤੇ ਅਕਾਲ ਤਖਤ ਸਾਹਿਬ : ਪੰਜਾਬ ਵਿੱਚ ਪੰਥ ਦੀ ਸੰਭਾਲ ਅਤੇ ਮਜ਼ਬੂਤੀ ਲਈ ਅਕਾਲੀਆਂ ਅਤੇ ਸ਼ੋਮਣੀ ਕਮੇਟੀ ਦੀ ਜ਼ੁੰਮੇਵਾਰੀ ਹੈ ਕਿਉਂਕਿ ਇਹ ਪੰਥਕ ਫਸਲ ਦੇ ਰਾਖੇ ਸਮਝੇ ਜਾਂਦੇ ਹਨ। ਅਕਾਲੀਆ ਦਾ ਉ¤ਚਾ-ਸੁੱਚਾ ਜੀਵਨ ਦੂਜਿਆਂ ਦੇ ਧਰਮੀ ਬਣਨ ਲਈ ਪ੍ਰੇਰਣਾ ਸ੍ਰੋਤ ਵੀ ਰਿਹਾ ਹੈ। ਪਰ ਅੱਜ ਸਾਰਾ ਪਾਸਾ ਹੀ ਪੁੱਠਾ ਪੈ ਚੁੱਕਿਆ ਹੈ। ਜ਼ਾਤੀ ਸਵਾਰਥ ਕਰਕੇ ਧੜਿਆਂ ਵਿੱਚ ਵੰਡਿਆ ਗਿਆ ਅਕਾਲੀ ਦਲ, ਇਕ ਦੂਜੇ ਨੂੰ ਕਮਜ਼ੋਰ ਕਰਨ, ਬਦਨਾਮ ਕਰਨ ਅਤੇ ਉਪਰੋਕਤ ਬਿਆਨ ਕੀਤੀਆਂ ਗਈਆਂ ਗੁਰੂ ਗ੍ਰੰਥ ਸਾਹਿਬ ਵਿਰੋਧੀ ਮੁੱਖ ਸ਼ਕਤੀਆਂ ਨਾਲ ਮਿੱਤਰਤਾ ਕਾਇਮ ਕਰਕੇ, ਕੇਵਲ ਤੇ ਕੇਵਲ ਵਕਤੀ ਰਾਜਸੀ ਸ਼ਕਤੀ ਪ੍ਰਾਪਤ ਕਰਨ ਨੂੰ ਆਪਣੀ ਸਿਆਣਫ ਸਮਝੀ ਬੈਠਾ ਹੋਇਆ ਬੜੀ ਤੇਜ਼ੀ ਨਾਲ ਆਪਣੇ ਪਤਨ ਵੱਲ ਅੱਗੇ ਵੱਧ ਰਿਹਾ ਹੈ। ਜਿਹੜੇ ਲੋਕ ਸਿੱਖਾਂ ਨੂੰ ਮੁਕਾਉਣਾ ਚਾਹੁੰਦੇ ਹਨ, ਉਨ੍ਹਾਂ ਨਾਲ ਪੰਜਾਬ ਦੇ ਅਕਾਲੀ ਲੀਡਰਾਂ ਦੀ ਮਿੱਤਰਤਾ ਤੇ ਰਿਸ਼ਤੇਦਾਰੀਆ ਨੂੰ ਕੀ ਸਮਝਿਆ ਜਾਵੇ? ਕੀ ਹੁਣ ਅਕਾਲੀ ਵੀ ਅਕਾਲੀ ਦਲ ਨੂੰ ਖਤਮ ਕਰਨ ਦੇ ਰਾਹ ਤੁਰ ਪਏ ਹਨ...?

ਸ੍ਰੀ ਅਕਾਲ ਤਖਤ ਸਾਹਿਬ ਉਤੋਂ ਇਸੇ ਰੁਝਾਨ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ ਪਰ ਤੁਸੀਂ ਮਜ਼ਬੂਰੀ ਵੱਸ ਕਰ ਨਹੀਂ ਸਕਦੇ ਕਿਉਂਕਿ ਤਹਾਡੀ ਨਿਯੁਕਤੀ ਤੇ ਬਰਖਾਸਤੀ ਦਾ ਅਧਿਕਾਰ ਉਨ੍ਹਾਂ ਲੋਕਾਂ ਕੋਲ ਹੈ ਜਿਨ੍ਹਾਂ ਦੀ ਮਿੱਤਰਤਾ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀਆਂ ਨਾਲ ਹੈ। ਸਿੱਖੀ ਫਸਲ ਦੇ ਵੈਰੀਆਂ ਨਾਲ ਮਿੱਤਰਤਾ ਰੱਖਣ ਦਾ ਕੀ ਅਰਥ ਹੁੰਦਾ ਹੈ? ਇਸ ਤੋਂ ਵੀ ਵੱਡਾ ਹਨੇਰ ਇਹ ਹੈ ਕਿ ਆਪ ਜੀ ਪਾਸੋਂ ਕਾਰਵਾਈ ਉਨ੍ਹਾਂ ਜਾਗਰੂਪ ਸਿਰੜੀ ਸਿੱਖਾਂ, ਵਿਦਵਾਨਾਂ, ਪ੍ਰੋਫੈਸਰਾਂ ਵਿਰੁੱਧ ਹੀ ਕਰਵਾਈ ਜਾਂਦੀ ਹੈ, ਜਿਹੜੇ ਇਸ ਸਾਰੀ ਸਾਜ਼ਿਸ਼ ਨੂੰ ਬੇ-ਨਕਾਬ ਕਰਨ ਲਈ ਆਪਣੀ ਜਾਨ ਲਈ ਵੱਡੇ ਖਤਰੇ ਮੁੱਲ ਲੈ ਕੇ ਵੀ ਸਿੱਖ-ਸਿਧਾਂਤਾਂ ਦੇ ਪ੍ਰਚਾਰ ਲਈ ਦਿਨ-ਰਾਤ ਇਕ ਕਰੀ ਬੈਠੇ ਹਨ।

ਅੱਜ ਅਕਾਲੀ ਜਾਂ ਅਕਾਲ ਤਖਤ ਸਾਹਿਬ, ਨਾ ਤਾਂ ਸਿੱਖੀ ਵਿਹੜੇ ਵਿਚੋਂ ਨਿਕਲ ਚੁੱਕੇ ਬੇਸ਼ੁਮਾਰ ਸਿੱਖਾਂ ਨੂੰ ਵਾਪਸ ਆਪਣੇ ਘਰ ਪਰਤ ਆਉਣ ਲਈ ਪ੍ਰੇਰਤ ਕਰਨ ਵਿਚ ਸਫਲ ਹੋ ਰਿਹਾ ਹੈ ਅਤੇ ਨਾ ਹੀ ਸਿੱਖੀ ਵਿਹੜੇ ਵਿਚ ਰਹਿਣ ਵਾਲਿਆਂ ਨੂੰ ਇਕ-ਮੁੱਠ ਰੱਖਣ ਵਿਚ ਕਾਮਯਾਬ। ਅਨੇਕਾਂ ਧੜਿਆਂ ਵਿਚ ਵੰਡੀ ਹੋਈ ਬਚੀ-ਖੁਚੀ ਸਿੱਖ ਸ਼ਕਤੀ ਇਸ ਤੱਥ ਦੀ ਮੂੰਹ ਬੋਲਦੀ ਤਸਵੀਰ ਹੈ। ਮੌਜੂਦਾ ਅਕਾਲੀਆਂ ਦਾ ਇਕੋ-ਇਕ ਨਿਸ਼ਾਨਾ ਪੰਜਾਬ ਵਿਚ ਰਾਜ ਕਰਨਾ ਅਤੇ ਅਕਾਲ ਤਖਤ ਦੇ ਜੱਥੇਦਾਰ ਦਾ ਰਾਜ ਕਰਨ ਵਾਲਿਆਂ ਦੇ ਰਾਹ ਰੋਕਣ ਵਾਲਿਆਂ ਨੂੰ ਪੰਥ ਵਿਚੋਂ ਛੇਕ ਕੇ ਇਨ੍ਹਾਂ ਅਕਾਲੀਆਂ ਦੇ ਰਾਜ ਕਰਨ ਦੇ ਮਕਸਦ ਨੂੰ ਪੂਰਾ ਕਰਨ ਵਿਚ ਲੁਕਵੀ ਮਦਦ ਕਰਨਾ ਹੈ। ਜੇਕਰ ਇਹ ਗੱਲ ਗਲਤ ਹੋਵੇ ਤਾਂ ਫਿਰ ਜਦੋਂ ਕੋਈ ਅਕਾਲੀ ਲੀਡਰ ਤਿਲਕ ਲਗਵਾਏ, ਹਵਨ ਕਰਵਾਏ, ਦੇਵੀ ਦੇ ਜਗਰਾਤੇ ਕਰਵਾਏ, ਸਿੱਖਾਂ ਦੇ ਵੈਰੀਆਂ ਨੂੰ ਮੱਥੇ ਟੇਕੇ, ਕੌਡੀਆਂ ਦੇ ਭਾਅ ਮੋਹਾਲੀ ਵਿੱਚ ਜਮੀਨਾਂ ਦੇਵੇ, ਜੇ ਕਿਸੇ ਅਕਾਲੀ ਲੀਡਰ ਦੀ ਕਾਰ ਵਿਚੋਂ ਸ਼ਰਾਬ ਦੀਆਂ ਪੇਟੀਆਂ ਅਤੇ ਹੋਰ ਇਖਲਾਕ ਹੀਣ ਹੋਣ ਦੇ ਜ਼ਾਹਰਾ ਸਬੂਤ ਮਿਲ ਜਾਣ ਕਰਕੇ ਉਹ ਸਾਰੀ ਅਕਾਲੀ ਸ਼ਕਤੀ ਨੂੰ ਬਦਨਾਮ ਕਰਨ ਦਾ ਕਾਰਨ ਬਣ ਜਾਵੇ ਤਾਂ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਸ ਵੇਲੇ ਸੁੰਨ ਕਿਉਂ ਹੋ ਜਾਂਦਾ ਹੈ, ਕੋਈ ਹੁਕਮ ਲਿਖਣ ਲਈ ਕਲਮ ਕਿਉਂ ਨਹੀਂ ਤੁਰਦੀ...? ਗੱਲ ਇਥੇ ਹੀ ਬਸ ਨਹੀਂ ਹੁੰਦੀ, ਇਕ ਹੋਰ ਤਮਾਸ਼ਾ ਵੀ ਦੇਖਣ ਨੂੰ ਮਿਲਦਾ ਹੈ, ਉਹ ਇਹ ਹੈ ਕਿ ਰਾਜ-ਭਾਗ ਕਰਨ ਵਾਲੇ ਅਕਾਲੀਆਂ ਦੀ ਇਨ੍ਹਾਂ ਗੱਲਾਂ ਨੂੰ ਲੈ ਕੇ ਜਦੋਂ ਦਿੱਲੀ ਦੇ ਅਕਾਲੀ, ਜਿਨ੍ਹਾਂ ਨੇ ਕਦੇ ਰਾਜ ਕਰਨ ਦੀ ਇੱਛਾ ਹੀ ਨਹੀਂ ਰੱਖੀ, ਨੁਕਤਾ-ਚੀਨੀ ਕਰਦੇ ਹਨ ਜਾਂ ਸੰਗਤਾਂ ਨੂੰ ਇਨ੍ਹਾਂ ਦੋ-ਮੂੰਹਿਆਂ ਕੋਲੋਂ ਸਾਵਧਾਨ ਹੋਣ ਲਈ ਰੌਲਾ ਪਾਉਂਦੇ ਹਨ ਤਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਬਿਨ੍ਹਾ ਕਿਸੇ ਦੇਰੀ ਦੇ ਤੁਰੰਤ ‘ਧਮਕੀ’, ‘ਆਦੇਸ਼’ ਜਾਰੀ ਕਰ ਦੇਂਦਾ ਹੈ। ਕੀ ਏਸੇ ਨੂੰ ਨਿਰਪੱਖਤਾ ਕਹਿੰਦੇ ਹਨ...? ਕੀ ਅਕਾਲ ਤਖਤ ਸਾਹਿਬ ਏਸੇ ਲਈ ਉਸਾਰਿਆ ਗਿਆ ਸੀ...? ਕੀ ਗੁਰੂਆਂ ਦੇ ਉਪਦੇਸ਼ ਇਹੀ ਰਵਈਆ ਧਾਰਨ ਕਰਨ ਦੀ ਸਿੱਖਿਆ ਦੇਂਦੇ ਹਨ...?

ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ ’ਤੇ ਕੀਤਾ ਗਿਆ ਇਨਸਾਫ ਦੇਖੋ! ਬਲਾਤਕਾਰ ਦਾ ਦੋਸ਼ੀ ਧਨਵੰਤ ਸਿੰਘ ‘ਬੇਦੋਸ਼ਾ’ ਅਤੇ ਅਸਿੱਧੇ ਰੂਪ ਵਿੱਚ ਗੁਰੂ ਸਾਹਿਬ ਦੇ ਨਾਮ ਨਾਲ ਜੋੜੀ ਗਈ ਅਸ਼ਲੀਲ ਕਹਾਣੀ ਨੂੰ ਗਲਤ ਸਾਬਤ ਕਰਨ ਵਾਲਾ ਪ੍ਰੋ. ਦਰਸ਼ਨ ਸਿੰਘ, ‘ਦੋਸ਼ੀ’! ਗੁਰੂ ਗੰ੍ਰਥ ਸਾਹਿਬ ਦਾ ਘੋਰ ਅਪਮਾਨ ਕਰਨ ਵਾਲੇ ਸਾਧ ਦੀ ਆਤਮਿਕ ਸ਼ਾਂਤੀ ਲਈ, ਸ੍ਰੀ ਦਰਬਾਰ ਸਾਹਿਬ ਵਿਖੇ ਪਾਠ ਰੱਖਵਾਉਣ ਵਾਲੇ ਵੱਡੇ ਅਕਾਲੀ ਆਗੂ, ‘ਪੰਥ ਸੇਵਕ’ ਪਰ ਗੁਰੂ ਦੀ ਬੇਅਦਬੀ ਨਾ ਸਹਿਨ ਕਰਨ ਵਾਲੇ ਨੌਜਵਾਨਾਂ ਦੇ ਕੇਸ ਲੜਨ ਅਤੇ ਪਾਪੀਆਂ ਨੂੰ ਸਜਾ ਦਿਵਾਉਣ ਲਈ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਕਰਨ ਵਾਲਾ ਪਰਮਜੀਤ ਸਿੰਘ ਸਰਨਾ, ਪੰਥ ਦਾ ਦੁਸ਼ਮਣ...! ਇਹੀ ਹੈ ਇਨਸਾਫ...?

ਆਮ ਲੋਕਾਂ ਦਾ ਸਿੱਖੀ ਵੱਲੋਂ ਮਾਯੂਸ ਹੋ ਜਾਣ ਦੇ ਇਹ ਵੀ ਵੱਡੇ ਕਾਰਨ ਹਨ। ਜਨ-ਸਧਾਰਨ ਵਿਅਕਤੀ ਕਿਹੜੀ ਸਖਸ਼ੀਅਤ ਕੋਲੋਂ ਪ੍ਰਭਾਵਿਤ ਹੋ ਕੇ ਸਿੱਖੀ ਵੱਲ ਪਰਤੇ? ਸਾਰਿਆਂ ਨੇ ਇਕ ਦੂਜੇ ਵਿਰੁੱਧ ਮੋਰਚੇ ਖੋਹਲੇ ਹੋਏ ਹਨ। ਅਕਾਲੀ ਵੀ ਆਪਸ ਵਿਚ ਲੜ੍ਹ ਰਹੇ ਹਨ, ਪੰਥ-ਪ੍ਰਸਤ ਸੰਤ ਬਾਬੇ ਵੀ ਲੜ੍ਹ ਰਹੇ ਹਨ, ਸਭਾ ਸੁਸਾਇਟੀਆਂ ਵੀ ਲੜ੍ਹ ਰਹੀਆਂ ਹਨ, ਗੁਣੀ-ਗਿਆਨੀ ਤੇ ਧਾਰਮਿਕ ਲੋਕ ਵੀ ਲੜ੍ਹ ਰਹੇ ਹਨ, ਹੋਰ ਤੇ ਹੋਰ ਜੱਥੇਦਾਰ ਵੀ ਲੜ੍ਹ ਰਹੇ ਹਨ। ਘੱਟ ਤੋਂ ਘੱਟ ਤੁਸੀਂ ਹੀ ਇਕ ਹੋ ਜਾਵੋ...। ਪਰ ਜਦੋਂ ਤੱਕ ਰਹਿੰਦੇ-ਖੁਹੰਦੇ ਸਿੱਖ ਵੀ ਸਿੱਖੀ ਤੋਂ ਦੂਰ ਨਹੀਂ ਹੋ ਜਾਂਦੇ ਇਹ ਸਭ ਮਿਲ ਕੇ ਨਹੀਂ ਬੈਠਣਗੇ ਅਤੇ ਨਾ ਹੀ ਕਿਸੇ ਹੋਰ ਨੂੰ ਬੈਠਣ ਦੇਣਗੇ...।

ਵਾਹਿਗੁਰੂ ਹੀ ਜਾਣੇ! ਤੁਸੀਂ ਕਿਵੇਂ ਨਿਰਣਾ ਕੱਢਿਆ ਹੈ ਕਿ ਪੰਜਾਬ ਵਿਚ ਸਿੱਖੀ ਬਹੁਤ ਚੜ੍ਹਦੀ ਕਲਾ ਵੱਲ ਜਾ ਰਹੀ ਹੈ ਅਤੇ ਮੇਰੇ ਵਰਗੇ ਮੂਰਖ ਤੇ ਅਗਿਆਨੀ ਨੂੰ ਸਮਝ ਹੀ ਨਹੀਂ ਹੈ ਕਿ ਸਿੱਖੀ ਕੀ ਹੈ? ਅਤੇ ਮੇਰੇ ਵਰਗਿਆਂ ਕਰਕੇ ਹੀ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ! ਸਿੰਘ ਸਾਹਿਬ ਜੀ, ਤੁਸੀਂ ਆਪਣੀ ਜਗ੍ਹਾ ਬਿਲਕੁਲ ਠੀਕ ਹੀ ਕਹਿ ਰਹੇ ਹੋ ਕਿਉਂਕਿ ਹੋ ਸਕਦਾ ਹੈ ਕਿ ਤੁਹਾਡੇ ਲਈ ਸਿੱਖੀ ਕੇਵਲ ਤੁਹਾਡੀ ਨੌਕਰੀ (ਪਦਵੀ ਉਪਰ ਬਣੇ ਰਹਿਣਾ) ਹੋਵੇ ਅਤੇ ਮੌਜੂਦਾ ਅਕਾਲੀਆਂ ਦੀ ਸਿੱਖੀ, ਪੰਜਾਬ ਦਾ ਰਾਜ-ਭਾਗ ਕਰਨਾ। ਪਰ ਮੇਰੇ ਵਰਗੇ ਮੂਰਖਾਂ ਨੂੰ ਤਾਂ ਰਾਜ-ਭਾਗ ਦੇ ਨਾਲ-ਨਾਲ ਸਾਬਤ ਸੂਰਤ ਸਿੱਖ ਚਾਹੀਦੇ ਹਨ, ਸ਼ਰਾਬ ਤੰਬਾਕੂ ਤੇ ਹੋਰ ਨਸ਼ਿਆਂ ਦੇ ਵਪਾਰੀਆਂ ਨੂੰ ਸਖਤ ਸਜਾ ਚਾਹੁੰਦਾ ਹਾਂ। ਹਰ ਸਿੱਖ ਅੰਮ੍ਰਿਤਧਾਰੀ ਹੋਵੇ ਦੀ ਲੋਚਾ ਹੈ ਅਤੇ ਸਾਰੀ ਦੁਨੀਆਂ ਦੇ ਸਿੱਖ ਧਰਮ ਅਸਥਾਨਾਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਲਾਗੂ ਕਰਨ ਦੀ ਇੱਛਾ ਹੈ, ਸਮੁੱਚਾ ਪੰਥ ਸਾਂਝੇ ਤੌਰ ’ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਚੁਣੇ, ਕੋਈ ਵੀ ਇਕ ਲੀਡਰ ਉਸ ਨੂੰ ਬਰਖਾਸਤ ਨਾ ਕਰ ਸਕੇ, ਕੋਈ ਵੀ ਰਾਜਸੀ ਧਿਰ ਜੱਥੇਦਾਰ ਨੂੰ ਦਬਾਅ ਨਾ ਸਕੇ, ਸਗੋਂ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗੁਰੂ-ਪੰਥ ਦੇ ਅਧੀਨ ਹੋਵੇ ਤੇ ਕੰਮ ਕਰੇ...।

ਸਿੰਘ ਸਾਹਿਬ ਜੀ, ਜੇਕਰ ਇਸ ਪੱਤਰ ਵਿੱਚ ਬਿਆਨ ਕੀਤੀ ਗਈ ਸੰਖੇਪ ਰੂਪ ਵਿਚ ਸਿੱਖ ਕੌਮ ਦੀ ਅੰਦਰੂਨੀ ਤੇ ਬਾਹਰੀ ਹਮਲਿਆਂ ਦੀ ਤਸਵੀਰ ਨੂੰ ਦੇਖਦੇ ਹੋਏ ਵੀ ਆਪ ਜੀ ਇਸ ਨੂੰ ਕੌਮੀ ਬਿਪਤਾ ਵਜੋਂ ਐਲਾਨਣ ਦੀ ਲੋੜ ਨਹੀਂ ਸਮਝਦੇ ਤਾਂ ਫਿਰ ਅਜੇ ਹੋਰ ਮਾੜੇ ਦਿਨ ਦੇਖਣ ਲਈ ਸਾਨੂੰ ਸਾਰਿਆਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਆਸ ਕੀਤੀ ਜਾਂਦੀ ਹੈ ਕਿ ਆਪ ਜੀ ਗੰਭੀਰਤਾ ਸਹਿਤ ਇਸ ਵਿਚਾਰ-ਚਰਚਾ ਨੂੰ ਪੜ੍ਹ ਕੇ ਜ਼ਰੂਰ ਐਲਾਨ ਕਰੋਗੇ ਕਿ ਵਾਕਿਆ ਹੀ (ਪੰਜਾਬ ਵਿਚ) ਸਿੱਖ ਕੌਮ ਡਾਢੀ ਬਿਪਤਾ ਵਿਚੋਂ ਗੁਜ਼ਰ ਰਹੀ ਹੈ ਅਤੇ ਇਸ ਬਿਪਤਾ ਵਿਚੋਂ ਕੱਢਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ, ਅਨੇਕਾਂ ਪਹਿਲੂਆਂ ’ਤੇ ਬੜਾ ਠੋਸ ਕੰਮ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਚੱਜੀ ਅਗਵਾਈ ਹੇਠ ਸੇਵਾ ਕਾਰਜਾਂ ਵਿਚ ਜੁਟਣਾਂ ਹੀ ਪਵੇਗਾ। ਗੁਰੂ ਸਾਹਿਬ ਨੇ ਵੀ ਤਾਂ ਹੀ ਭਲੀ ਕਰਨੀ ਹੈ। ਉਮੀਦ ਹੈ ਆਪ ਜੀ ਆਪਣੇ ਰੁਝੇਵਿਆਂ ਵਿਚੋਂ ਕੁਝ ਸਮਾਂ ਇਸ ਪੱਤਰ ਦਾ ਜੁਆਬ ਦੇਣ ਲਈ ਜ਼ਰੂਰ ਕੱਢਣ ਦੀ ਖੇਚਲ ਕਰੋਗੇ ਜੀ। ਦਾਸ ਨੂੰ ਆਪ ਜੀ ਦਾ ਉ¤ਤਰ ਮਿਲਣ ਦੀ ਤਾਂਘ ਰਹੇਗੀ।

ਖਾਲਸਾ ਪੰਥ ਦੇ ਉਜਲੇ ਭਵਿੱਖ ਲਈ ਯਤਨਸ਼ੀਲ।

ਗੁਰੂ ਪੰਥ ਦਾ ਦਾਸ
(ਤਰਸੇਮ ਸਿੰਘ)
ਚੇਅਰਮੈਨ, ਧਰਮ ਪ੍ਰਚਾਰ ਕਮੇਟੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top