Share on Facebook

Main News Page

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ, ਹੁੱਡਾ ਨੂੰ ਲਿਖੇ ਗਏ ਪੱਤਰ ਤੋਂ ਪਹਿਲੀ ਸੱਟੇ ਅਪਨਾਉਣ ਤੋਂ ਕੀਤਾ ਇਨਕਾਰ

ਪੱਤਰ ਵਿੱਚ ਲਿਖੀ ਸ਼ਬਦਾਵਲੀ ਸਿੱਧ ਕਰਦੀ ਹੈ, ਕਿ ਸ਼੍ਰੋਮਣੀ ਕਮੇਟੀ ਦਾ ਕੰਮ ਉਨ੍ਹਾਂ ਕਲੱਰਕਾਂ ਦੇ ਹੱਥ ਹੈ, ਜਿਨ੍ਹਾਂ ਨੂੰ ਇਹ ਵੀ ਸੋਝੀ ਨਹੀਂ, ਕਿ ਲਿਖੇ ਜਾ ਰਹੇ ਪੱਤਰ ਵਿੱਚ ਲਿਖਣ ਦਾ ਭਾਵ ਵੀ ਸਪਸ਼ਟ ਹੁੰਦਾ ਹੈ ਜਾਂ ਨਹੀਂ

ਬਠਿੰਡਾ, 27 ਫਰਵਰੀ (ਕਿਰਪਾਲ ਸਿੰਘ): ਸ਼੍ਰੋਮਣੀ ਕਮੇਟੀ ਦੇ ਲੈੱਟਰ ਪੈਡ ’ਤੇ ਮੁੱਖ ਮੰਤਰੀ ਹਰਿਆਣਾ ਸ਼੍ਰੀ ਭੁਪਿੰਦਰ ਸਿੰਘ ਹੁੱਡਾ ਨੂੰ ਪੰਜਾਬੀ ਵਿੱਚ ਲਿਖੇ ਪੱਤਰ ਦੀ ਸ਼ਬਦਾਵਲੀ ਨੂੰ ਪ੍ਰਧਾਨ ਦੇ ਧਿਆਨ ਵਿੱਚ ਲਿਆਉਣ ਲਈ ਜਦੋਂ ਅਵਤਾਰ ਸਿੰਘ ਮੱਕੜ ਨਾਲ ਸੰਪਰਕ ਕੀਤਾ ਤਾਂ ਪਹਿਲੀ ਸੱਟੇ ਉਨ੍ਹਾਂ ਅਜੇਹਾ ਕੋਈ ਪੱਤਰ ਲਿਖੇ ਜਾਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਤੁਸੀਂ ਪੁਰਾਣੀਆਂ ਚਿੱਠੀਆਂ ਨੂੰ ਚੁੱਕੀ ਫਿਰਦੇ ਹੋ। ਜਦੋਂ ਉਨ੍ਹਾਂ ਨੂੰ ਪੱਤਰ ਦਾ ਨੰ: 27215 ਮਿਤੀ 22-2-11 ਦੀ ਜਾਣਕਾਰੀ ਦੇ ਕੇ ਉਸ ਵਿੱਚ ਲਿਖੀ ਸ਼ਬਦਾਵਲੀ ਹੂਬਹੂ ਪੜ੍ਹ ਕੇ ਸੁਣਾਈ, ਜੋ ਇਸ ਤਰ੍ਹਾਂ ਸੀ :-

ਪਰ ਹਰਿਆਣਾ ਵਿੱਚ ਚੱਲ ਰਹੀ ਮੌਜੂਦਾ ਜਨਗਣਨਾ ਅਨੁਸਾਰ ਜੋ ਨੋਟਿਸ ਵਿੱਚ ਆਇਆ ਹੈ ਉਹ ਸਰਕਾਰ ਵਲੋਂ ਸਿੱਖਾਂ (ਨੂੰ) ਉਨ੍ਹਾਂ ਦੀ ਮਾਤ ਭਾਸ਼ਾ ਨੂੰ ਪ੍ਰਫੁਲਿਤ ਕਰਨ ਦੇ ਦਿੱਤੇ ਵਿਸ਼ਵਾਸ਼ ਦੇ ਬਿਲਕੁਲ ਉਲਟ ਸਾਬਤ ਹੋ ਰਿਹਾ ਹੈ। ਜਨਗਣਨਾ ਦੌਰਾਨ ਪੰਜਾਬੀ ਬੋਲਦੇ ਪ੍ਰਵਾਰਾਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਜੋ ਕਿ ਬਹੁਤ ਹੀ ਤਸ਼ਵੀਸ਼ਨਾਕ ਤੇ ਸਿੱਖਾਂ ਨਾਲ ਅਨਿਆ ਹੈ, ਜਿਸ ਨਾਲ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪੁੱਜੀ ਹੈ।

ਪ੍ਰਧਾਨ ਮੱਕੜ ਨੂੰ ਦੱਸਿਆ ਗਿਆ ਕਿ ਇਸ ਪੱਤਰ ’ਤੇ ਸਕੱਤਰ ਸ਼੍ਰੋਮਣੀ ਕਮੇਟੀ ਦੇ ਦਸਖ਼ਤ ਹਨ ਤੇ ਉਸ ਨੇ ਪੱਤਰ ਵਿੱਚ ਸਾਫ ਤੌਰ ’ਤੇ ਲਿਖਿਆ ਹੈ ਕਿ ’ਮਾਣਯੋਗ ਜਥੇਦਾਰ ਅਵਤਾਰ ਸਿੰਘ ਜੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪ ਜੀ ਨੂੰ ਬੇਨਤੀ ਕਰਨ ਦਾ ਆਦੇਸ਼ ਹੋਇਆ ਹੈ ਕਿ ਇਸ ਵਰਤਾਰੇ ਨੂੰ ਤੁਰੰਤ ਰੋਕਿਆ ਜਾਵੇ।’ ਇਹ ਪੱਤਰ ਪੜ੍ਹ ਕੇ ਸੁਣਾਉਣ ਪਿਛੋਂ ਸ: ਮੱਕੜ ਨੂੰ ਪੁੱਛਿਆ ਗਿਆ ਕਿ ਜੇ ਇਹ ਪੱਤਰ ਤੁਹਾਡੇ ਧਿਆਨ ਵਿੱਚ ਨਹੀਂ ਹੈ ਤਾਂ ਕੀ ਇਹ ਸਮਝਿਆ ਜਾਵੇ ਕਿ ਸ਼੍ਰੋਮਣੀ ਕਮੇਟੀ ਦੇ ਲੈੱਟਰ ਪੈਡ ਦੀ ਦੁਰਵਰਤੋਂ ਹੋ ਰਹੀ ਹੈ? ਜੇ ਇਹ ਪੱਤਰ ਤੁਸੀਂ ਹੀ ਕਹਿ ਕੇ ਲਿਖਵਾਇਆ ਹੈ ਤਾਂ ਦੱਸੋ ਕਿ ਜੇ ਹਰਿਆਣਾ ਸਰਕਾਰ ਵਲੋਂ ਜਨਗਣਨਾ ਦੌਰਾਨ ਪੰਜਾਬੀ ਬੋਲਦੇ ਪ੍ਰਵਾਰਾਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਇਸ ਵਿੱਚ ਗਲਤ ਕੀ ਹੈ, ਇਹ ਸਿੱਖਾਂ ਨਾਲ ਅਨਿਆ ਕਿਵੇਂ ਹੈ, ਜਿਸ ਨਾਲ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪੁੱਜੀ ਹੈ? ਕੀ ਤੁਸੀਂ ਚਾਹੁੰਦੇ ਹੋ ਕਿ ਹਰਿਆਣਾ ਸਰਕਾਰ ਪੰਜਾਬੀ ਪ੍ਰਵਾਰਾਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਵਾਉਣ ਲਈ ਨਾ ਪ੍ਰੇਰੇ? ਜਵਾਬ ਵਿੱਚ ਸ: ਮੱਕੜ ਨੇ ਕਿਹਾ ਕਿ ਇਸ ਵਿੱਚ ਤਕਨੀਕੀ ਨੁਕਸ ਰਹਿ ਗਿਆ ਹੈ ਪਰ ਪੱਤਰ ਲਿਖਣ ਵਾਲੇ ਦੀ ਭਾਵਨਾ ਬਿਲਕੁਲ ਠੀਕ ਹੈ।

ਇਹ ਦੱਸਣਯੋਗ ਹੈ ਕਿ ਪ੍ਰੋ: ਦਰਸ਼ਨ ਸਿੰਘ ਦਾ ਪੂਨੇ ਵਿੱਚ ਕੀਰਤਨ ਰੁਕਵਾਉਣ ਲਈ ਅਕਾਲ ਤਖ਼ਤ ਦੇ ਲੈੱਟਰ ਪੈਡ ’ਤੇ ਹਰਿਆਣਾ ਦੇ ਡੀਜੀਪੀ ਤੇ ਚਾਰ ਹੋਰਨਾਂ ਅਧਿਕਾਰੀਆਂ ਨੂੰ ਕੀਤੀ ਗਈ ਬੇਨਤੀ ਦਾ ਕੇਸ ਜਦੋਂ ਸਾਹਮਣੇ ਆਇਆ ਸੀ ਤਾਂ ਸ਼ੇਰੇ ਪੰਜਾਬ ਰੇਡੀਓ ਕੈਨੇਡਾ ’ਤੇ ਸ: ਮੱਕੜ ਨੇ ਔਨ ਏਅਰ ਮੰਨਿਆ ਸੀ ਕਿ ਇਹ ਪੱਤਰ ਉਸ ਦੇ ਧਿਆਨ ਵਿੱਚ ਨਹੀਂ ਹੈ। ਉਸ ਨੇ ਇਹ ਵੀ ਮੰਨਿਆ ਸੀ ਕਿ ਅਕਾਲ ਤਖ਼ਤ ਦੇ ਲੈੱਟਰ ਪੈਡ ’ਤੇ ਕਿਸੇ ਦੁਨੀਆਵੀ ਵਿਅਕਤੀ ਨੂੰ ਬੇਨਤੀ ਪੱਤਰ ਨਹੀਂ ਲਿਖਿਆ ਜਾ ਸਕਦਾ ਇਸ ਲਈ ਇਹ ਪੱਤਰ ਲਿਖਣ ਵਾਲੇ ਪੀਏ ’ਤੇ ਕਾਰਵਾਈ ਕੀਤੀ ਜਾਵੇਗੀ। ਪਰ ਇਸ ਦੇ ਕੁਝ ਹੀ ਦਿਨਾਂ ਪਿਛੋਂ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਉਸੇ ਹੀ ਰੇਡੀਓ ’ਤੇ ਟਾਕ ਸ਼ੋਅ ਦੌਰਾਨ ਇਹ ਪੱਤਰ ਲਿਖੇ ਜਾਣ ਨੂੰ ਸਹੀ ਠਹਿਰਾਇਆ ਸੀ।

ਪੁਲਿਸ ਅਫਸਰਾਂ ਨੂੰ ਉਹ ਪੱਤਰ ਲਿਖਣ ਵਾਲੇ ਪੀਏ ਵਿਰੁੱਧ ਪ੍ਰਧਾਨ ਨੇ ਕੀ ਕਾਰਵਾਈ ਕੀਤੀ, ਇਸ ਸਬੰਧੀ ਤਾਂ ਉਹ ਖ਼ੁਦ ਹੀ ਦੱਸ ਸਕਦੇ ਹਨ ਪਰ ਇਹ ਗੱਲ ਸਾਬਤ ਜਰੂਰ ਕਰ ਦਿੱਤੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਕੰਮ ਕਲੱਰਕਾਂ ਦੇ ਹਵਾਲੇ ਹੈ ਜਿਸ ਦੀ ਪੁਸ਼ਟੀ ਕੁਝ ਦਿਨ ਪਹਿਲਾਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੇ ਵੀ ਇਹ ਕਹਿ ਕੇ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਨੇ ਕੈਲੰਡਰ ਵਿੱਚ ਸੋਧਾਂ ਦਾ ਕੰਮ ਵਿਦਵਾਨਾਂ ਤੋਂ ਕਰਵਾਉਣ ਦੀ ਬਜ਼ਾਏ ਕਲੱਰਕ ਦੇ ਹਵਾਲੇ ਕੀਤਾ ਹੋਇਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top