Share on Facebook

Main News Page

ਹੁਣ ਹੋਰ ਕੀ ਸਹਿਣਾ ਤੇ ਕਰਨਾ ਬਾਕੀ ਹੈ?

ਪੰਥ ਦੇ ਉੱਚ ਧਾਰਮਿਕ ਅਦਾਰਿਆਂ ਤੇ ਕਾਬਿਜ ਮਹੰਤਾਂ ਤੇ ਮਸੰਦਾਂ ਨੇ, ਕੌਮ ਦੇ ਮਹਾਨ ਪ੍ਰਚਾਰਕ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਨੂੰ ਬਿਨਾਂ ਉਨ੍ਹਾਂ ਦਾ ਪੱਖ ਸੁਣੇ, ਆਰ.ਐਸ.ਐਸ. ਦਾ ਪੱਖ ਪੂਰਨ ਵਾਲੇ ਦਸਮ ਗ੍ਰੰਥੀਆਂ ਦੇ ਆਖੇ ਲਗਕੇ, ਇੱਕ ਸਾਜਿਸ਼ ਦੇ ਤਹਿਤ, ਪੰਥ ਤੋਂ ਛੇਕ ਦਿੱਤਾ ਤੇ ਕੌਮ ਦੇ ਵਿਦਵਾਨ ਤੇ ਪੰਥ ਦਰਦੀ ਕਹਿਲਾਉਣ ਵਾਲੇ ਕੁੱਝ ਨਹੀਂ ਕਰ ਸਕੇ। ਉਨ੍ਹਾਂ ਦੇ ਕੀਰਤਨ ਪ੍ਰੋਗ੍ਰਾਮਾਂ ਤੇ ਪਾਬੰਦੀ ਲਾ ਦਿੱਤੀ ਗਈ ਸਿੱਖ ਕੁੱਝ ਨਹੀਂ ਕਰ ਸਕੇ। ਆਸਨਸੋਲ ਵਿੱਚ ਪ੍ਰੋ. ਸਰਬਜੀਤ ਸਿੰਘ ਧੂੰਦਾ ਤੇ ਪ੍ਰੋ. ਦਰਸ਼ਨ ਸਿੰਘ ਉਤੇ ਜਾਨਲੇਵਾ ਹਮਲਾ, ਇਨ੍ਹਾਂ ਮਸੰਦਾਂ ਨੇ ਕਰਵਾਇਆ ਤੇ ਇਹ ਮਸੰਦ ਉਸ ਨੂੰ ਰੱਬ ਦੀ ਰਜਾ ਕਹਿੰਦੇ ਰਹੇ, ਕੌਮ ਕੁੱਝ ਨਹੀਂ ਕਰ ਸਕੀ।

ਜਿਸ ਸੰਦੇਸ਼ ਨੂੰ ਪ੍ਰੋ. ਦਰਸ਼ਨ ਸਿੰਘ ਕੌਮ ਤੱਕ ਪਹੁੰਚਾਉਣਾ ਚਾਹੁੰਦੇ ਸੀ, ਕਿ ਅਕਾਲ ਤਖਤ ਇੱਕ ‘ਸਿਧਾਂਤ’ ਹੈ, ਉਸ ਦਾ ਕੀ ਹੋਇਆ? ਗੁਰੂ ਦੀ ਹਜੂਰੀ ਤੋਂ ਬਗੈਰ ਸਥਾਪਿਤ ਕੀਤੇ ਗਏ ਪੁਜਾਰੀਆਂ ਦੇ ਕਿਸੇ ‘ਸਕਤਰੇਤ’ ਨਾਮ ਦੇ ਕਮਰੇ ਨੂੰ ਅਕਾਲ ਤਖਤ ਨਹੀਂ ਕਹਿਆ ਜਾ ਸਕਦਾ। ਇਸ ਲਈ ਉਨ੍ਹਾਂ ਨੇ ਕੀ ਕੁੱਝ ਸਹਿਆ ਤੇ ਕੀ ਕੁੱਝ ਸਹਿ ਰਹੇ ਨੇ, ਕੀ ਸਿੱਖਾਂ ਨੇ ਸਰਕਾਰੀ ਪੁਜਾਰੀਆਂ ਦੀ ਉਸ ‘ਅਰਾਮ ਗਾਹ’ ਨੂੰ ਬੰਦ ਕਰਵਾ ਲਿਆ? ਪੂਨੇ ਤੇ ਮੁੰਬਈ ਵਿੱਚ ਕੀਰਤਨ ਪ੍ਰੋਗ੍ਰਾਮਾਂ ਨੂੰ ਰੋਕਣ ਲਈ, ਅਕਾਲ ਤਖਤ ਦੇ ਲੈਟਰ ਪੈਡ ਨੂੰ ਗੈਰ ਸਿਧਾਂਤਕ ਅਤੇ ਸਿੱਖ ਵਿਰੋਧੀ ਢੰਗ ਨਾਲ ਵਰਤਿਆ ਗਇਆ, ਸਿੱਖਾਂ ਨੇ ਕੀ ਕਰ ਲਿਆ? ਸਗੋਂ ਉਨ੍ਹਾਂ ਉਪਰ ਹੀ ਭਾਂਤਿ ਭਾਂਤਿ ਦੇ ਦੋਸ਼ ਲਾ ਕੇ, ਅਸੀਂ ਆਪ ਹੀ ਵਖਰੇਵੇਂ ਪੈਦਾ ਕਰਦੇ ਰਹੇ, ਤੇ ਆਪੋ ਆਪਣੇ ਵਿਦਵਾਨ ਅਤੇ ਪੰਥ ਦਰਦੀ ਹੋਣ ਦੇ ਝੰਡੇ ਗਡਦੇ ਰਹੇ।

ਪੰਥ ਦੇ ਵਿਦਵਾਨ ਪ੍ਰੋ. ਇੰਦਰ ਸਿੰਘ ਘੱਗਾ ਤੇ ਜਾਨਲੇਵਾ ਹਮਲਾ ਇਨ੍ਹਾਂ ਮਸੰਦਾਂ ਨੇ ਕਰਵਾਇਆ, ਕੌਮ ਦੇ ਵਿਦਵਾਨ ਕੁੱਝ ਨਹੀਂ ਕਰ ਸਕੇ। ਮੁੰਬਈ ਵਿੱਚ ਭਾਈ ਬਲਕਾਰ ਸਿੰਘ ਦਾ ਕਤਲ ਤੇ ਪੰਜਾਬ ਵਿੱਚ ਭਾਈ ਕੰਵਲ ਜੀਤ ਸਿੰਘ ਦਾ ਕਤਲ ਸੌਦਾ ਸਾਧ ਨੇ ਕਰਵਾਇਆ, ਸਿੱਖ ਕੁੱਝ ਨਹੀਂ ਕਰ ਸਕੇ। ਪੰਜਾਬ ਦੀ ਭਰੀ ਜਵਾਨੀ ਜੇਲਾਂ ਵਿਚ ਬੁੱਢੀ ਹੋਕੇ, ਮਾਨਸਿਕ ਰੋਗੀ ਹੁੰਦੀ ਰਹੀ, ਅਸੀਂ ਕੁੱਝ ਨਹੀਂ ਕਰ ਸਕੇ। ਕੌਮ ਦੇ ਮਰਜੀਵੜਿਆਂ ਨੂੰ ਫਾਂਸੀਆਂ ਦੀ ਸਜਾ ਹੁੰਦੀ ਰਹੀ, ਸਿੱਖ ਕੌਮ ਨੇ ਉਨ੍ਹਾਂ ਦੀ ਪੈਰਵੀ ਤੇ ਦੂਰ, ਉਨ੍ਹਾਂ ਦਾ ਹਾਲ ਚਾਲ ਵੀ ਨਾ ਪੁੱਛਿਆ। ਆਸ਼ੂਤੋਸ਼ ਤੇ ਝੂਠੇ ਸੌਦੇ ਦੇ ਸਿਆਸੀ ਭਾਈਵਾਲਾਂ ਨੇ ਕਈ ਸਿੱਖਾਂ ਦਾ ਪੰਜਾਬ ਵਿੱਚ ਕਤਲ ਕਰਵਾਇਆ, ਪੰਥ ਦੇ ਵਿਦਵਾਨ ਤੇ ਪੰਥ ਦਰਦੀ ਕੁੱਝ ਨਹੀਂ ਕਰ ਸਕੇ।

ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿੱਤਾ ਗਇਆ ਪੰਥ ਦਰਦੀ ਤੇ ਵਿਦਵਾਨ ਫੇਰ ਵੀ ਕੁੱਝ ਨਹੀਂ ਕਰ ਸਕੇ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਅਖੀਰਲੇ ਦਿਨ ਲੱਖਾਂ ਦੀ ਤਾਦਾਦ ਵਿੱਚ ਫਰਜੀ ਫਾਰਮ ਇਨ੍ਹਾਂ ਮਸੰਦਾਂ ਨੇ ਦਾਖਿਲ ਕਰਵਾ ਦਿੱਤੇ ਪੰਥ ਦੇ ਵਿਦਵਾਨ ਫੇਰ ਵੀ ਕੁੱਝ ਨਹੀਂ ਕਰ ਸਕੇ। ਅਕਾਲ ਤਖਤ ਤੇ ਕਾਬਿਜ ਸਰਕਾਰੀ ਪੁਜਾਰੀ ਨੇ ਨਾਨਕਸ਼ਾਹੀ ਕੈਲੰਡਰ ਦੇ ਜਨਕ, ਪਾਲ ਸਿੰਘ ਪੁਰੇਵਾਲ ਨੂੰ ਆਰ.ਐਸ.ਐਸ. ਦਾ ਏਜੰਟ ਕਿਹਾ, ਅਸੀਂ ਉਸ ਦੇ ਖਿਲਾਫ ਕੁੱਝ ਨਹੀਂ ਕਰ ਸਕੇ। ਸ਼੍ਰੋਮਣੀ ਕਮੇਟੀ ਅਤੇ ਗੁਰਇਕਬਾਲ ਸਿੰਘ ਦੀਆਂ ‘ਸਿੱਖ ਇਤਿਹਾਸ’ ਦੇ ਨਾਮ ਤੇ ਛਾਪੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਨੂੰ ਵਿਕ੍ਰਤ ਕੀਤਾ ਜਾਂਦਾ ਰਿਹਾ, ਕੌਮ ਕੁੱਝ ਨਹੀਂ ਕਰ ਸਕੀ।

ਪੰਜਾਬ ਦੀ 75% ਨਵੀਂ ਪਨੀਰੀ ਪਤਿਤ ਹੋ ਗਈ, ਪੰਥ ਦਰਦੀਆਂ ਨੇ ਕੀ ਕਰ ਲਿਆ? 1984 ਦੀ ਹਕੂਮਤ ਨੇਂ ‘ਤੇ ਸਿੱਖਾਂ ਦਾ ਕਤਲ ਕੀਤਾ, ਇਨ੍ਹਾਂ ਨੇ ਤੇ ਸਿੱਖੀ ਦਾ ਹੀ ਕਤਲ ਕਰ ਦਿਤਾ। ਆਪਣੇ ਏਜੰਟ ਸਿੱਖਾਂ ਦੇ ਉੱਚ ਅਦਾਰਿਆਂ ਤੇ ਨਿਯੁਕਤ ਕਰ ਦਿਤੇ, ਜੋ ਆਏ ਦਿਨ ਸਿੱਖੀ ਤੇ ਗੁਰੂ ਸਿਧਾਂਤਾਂ ਦਾ ਘਾਣ ਕਰ ਰਹੇ ਹਨ, ਪੰਥ ਦਰਦੀ ਤੇ ਵਿਦਵਾਨ ਕੀ ਕਰ ਰਹੇ ਹਨ?

ਖਾਲਸਾ ਜੀ! ਹੋਸ਼ ਵਿਚ ਆਉ! ਮਹੰਤ ਨਰੈਣੂ ਦੇ ਇਨ੍ਹਾਂ ਵੰਸ਼ਜਾਂ ਕੋਲੋਂ ਕੌਮ ਦਾ ਖਿਹੜਾ ਛੁੜਾਉਣਾ ਇਨ੍ਹਾਂ ਆਸਾਨ ਨਹੀਂ ਹੈ। ਇਸ ਲਈ ਕੋਈ ਠੋਸ ਕਦਮ ਚੁਕਣੇ ਪੈਣਗੇ। ਵਿਦਵਤਾ ਤੇ ਪੰਥ ਦਰਦ ਨੇ ਨਾਮ ਤੇ ਅਸੀਂ ਕਰ ਕੀ ਰਹੇ ਹਾਂ? ਕੌਮ ਦੀ ਚੜਦੀਕਲਾ ਦੀ ਸਭ ਤੋਂ ਵੱਡੀ ਜਿੰਮੇਦਾਰੀ ਕੌਮ ਦੇ ਪ੍ਰਚਾਰਕਾਂ ਦੀ ਹੁੰਦੀ ਹੈ। ਸਾਡੇ ਬਹੁਤੇ ਪ੍ਰਚਾਰਕ ਪਰਲੇ ਦਰਜੇ ਦੇ ਡਰਪੋਕ ਤੇ ਲਿਫਾਫਿਆਂ ਦੇ ਲਾਲਚੀ ਹਨ। ਖੁਸ਼ਾਮਦ ਤੇ ਚਾਪਲੂਸੀ ਇਨ੍ਹਾਂ ਦੀ ਨੱਸ ਨੱਸ ਵਿੱਚ ਸਮਾਂ ਚੁੱਕੀ ਹੈ। ਕੌਮ ਵਿੱਚ ਕੌਣ ਭਰੇਗਾ, ਜਨਚੇਤਨਾ ਤੇ ਕੌਮ ਪ੍ਰਤੀ ਕੁਰਬਾਨ ਹੋ ਜਾਣ ਦਾ ਜਜ਼ਬਾ?

ਪੰਥ ਦਰਦੀਆਂ ਨੂੰ ਅਪੀਲ ਹੈ, ਕਿ ਇਨ੍ਹਾਂ ਮਸੰਦਾਂ ਤੋਂ ਕੌਮ ਨੂੰ ਬਚਾਉਣ ਲਈ, ਹੁਣ ਆਪਸੀ ਬਹਿਸ ਤੇ ਇੱਕ ਦੂਜੇ ਨੂੰ ਨੀਵਾਂ ਵਖਾਉਣ ਦੀ ਥਾਂ, ਇੱਕ ਜੁੱਟ ਹੋਕੇ, ਇੱਕ ਵੱਡਾ ਇਕੱਠ ਤਿਆਰ ਕਰੀਏ। ਕਿਸੇ ਨੀਤੀ ਤੇ ਪ੍ਰੋਗ੍ਰਮਿੰਗ ਦਾ ਸਹਾਰਾ ਲਇਏ। ਵਕਤ ਆ ਗਿਆ ਹੈ, ਕਿ ਮਹੰਤ ਨਰੈਣੂ ਦੇ ਇਨ੍ਹਾਂ ਵੰਸ਼ਜਾਂ ਨੂੰ ਕੁੱਝ “ਪ੍ਰੈਕਟੀਕਲ” ਕਰਕੇ ਵਿਖਾਈਏ ਤੇ ਇਨ੍ਹਾਂ ਦੇ ਕਬਜੇ ਨੂੰ ਜੜੋਂ ਪੁੱਟ ਕੇ ਰੱਖ ਦੇਈਏ, ਨਹੀਂ ਤਾਂ ਹੁਣ ਉਹ ਦਿਨ ਦੂਰ ਨਹੀਂ ਜਦੋਂ “ਸਾਂਝੀਵਾਲਤਾ” ਦੇ ਨਾਮ ਤੇ ਇਨ੍ਹਾਂ ਮਹੰਤਾਂ ਤੇ ਮਸੰਦਾਂ ਨੇ ਸਿੱਖ ਕੌਮ ਨੂੰ ਹਿੰਦੂ ਕੌਮ ਦਾ ਹੀ ਇਕ ਹਿੱਸਾ ਘੋਸ਼ਿਤ ਕਰ ਦੇਣਾਂ ਹੈ। ਸਾਡੇ ਗੁਰੂਆਂ ਨੂੰ ਲਵ ਕੁਸ਼ ਦੀ ਸੰਤਾਨ ਕਹਿਣ ਵਾਲੇ, ਪਹਿਲਾਂ ਤੇ ਕੌਮ ਵਿੱਚ ਇੱਕ ਦੋ ਪੂਰਨ ਸਿੰਘ ਸਨ, ਹੁਣ ਤੇ ਘਰ ਘਰ ਵਿੱਚ ਇਹੋ ਜਿਹੇ ਦਸਮ ਗ੍ਰੰਥੀਏ ਤੇ ਪੂਰਨ ਸਿੰਘ ਪੈਦਾ ਹੋ ਚੁਕੇ ਹਨ, ਤੇ ਸਾਡੇ ਹਰ ਧਾਰਮਿਕ ਅਦਾਰੇ ਤੇ ਕਾਬਿਜ ਹੋ ਚੁਕੇ ਹਨ।

ਲੇਕਿਨ ਇਹ ਉਸ ਵੇਲੇ ਤੱਕ ਇੱਕ ਸੁਫਨਾਂ ਹੀ ਸਾਬਿਤ ਹੋਵੇਗਾ, ਜਦੋਂ ਤੱਕ ਅਸੀਂ ਆਪਣੀ ਹਉਮੈ ਤੇ ਵਿਚਾਰਧਾਰਾ ਨੂੰ ਭੁਲਕੇ ਇੱਕ ਮੰਚ ਤੇ ਇਕੱਠੇ ਨਹੀਂ ਹੁੰਦੇ। ਇਨ੍ਹਾਂ ਕੇਸਾਧਾਰੀ ਬ੍ਰਾਹਮਣਾਂ ਦਾ ਮੂੰਹ ਤੋੜ ਜਵਾਬ ਦੇਣ ਲਈ “ਏਕਾ”- ਕੇ ਕੌਮ ਦਾ ਪਤਨ ਵੇਖਣ ਲਈ ਅਹਿਮ ਵਿੱਚ ਮਤਿੱਆ ਹੋਇਆ “ਵਖਰੇਵਾਂ”। ਇਸ ਵਿੱਚ ਸਾਨੂੰ ਇੱਕ ਨੂੰ ਹੀ ਚੁਣਨਾ ਪਵੇਗਾ। ਫੈਸਲਾ ਆਪ ਜੀ ਦੇ ਹੱਥ ਵਿੱਚ ਹੈ, ਜੋ ਮਿਲ ਜੁਲ ਕੇ ਅਸਾਂ ਸਾਰਿਆਂ ਨੇ ਕਰਨਾ ਹੈ-

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top