Share on Facebook

Main News Page

ਉਰਮੈਲਾ ਤਰਵੀਜ਼ੋ (ਇਟਲੀ) ਮਿਤੀ 20 ਫਰਵਰੀ 2011

ਭਗਤ ਰਵਿਦਾਸ ਜੀ ਦਾ ਆਗਮਨ ਪੁਰਬ ਤਾਂ ਜ਼ਰੂਰ ਮਨਾਇਆ ਜਾ ਰਿਹਾ ਹੈ, ਪਰ ਅਸੀਂ ਕਰਮ-ਕਾਂਡ ਉਹੀ ਕਰ ਰਹੇ ਹਾਂ ਜਿੰਨ੍ਹਾਂ ਤੋਂ ਗੁਰਬਾਣੀ ਸਾਨੂੰ ਮਨ੍ਹਾਂ ਕਰ ਰਹੀ ਹੈ: ਪ੍ਰੋ. ਗੁਰਬਚਨ ਸਿੰਘ ਥਾਈਲੈਂਡ

ਗੁਰਦੁਆਰਾ ਸ੍ਰੀ ਸਾਧ ਸੰਗਤ ਸਾਹਿਬ ਉਰਮੈਲਾ ਵਿਖੇ ਤਕਰੀਬਨ ਇਕ ਹਫਤੇ ਤੋਂ ਗੁਰੂ ਸ਼ਬਦ ਦੀ ਸੱਚਾਈ ਤੇ ਪਹਿਰਾ ਦੇਣ ਵਾਲੇ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਤੇ ਗੁਰਮਤਿ ਸਿਧਾਂਤ ਦੇ ਲੇਖਕ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲ਼ਿਆਂ ਨੇ ਸਾਰਾ ਹਫਤਾ ਭਗਤ ਰਵਿਦਾਸ ਜੀ ਦੀ ਬਾਣੀ ਦੀ ਵਿਚਾਰ ਕੀਤੀ। ਸੰਗਤਾਂ ਨੂੰ ਗੁਰਮਤਿ ਸਿਧਾਂਤ ਬਾਰੇ ਜਾਣਕਾਰੀ ਦੇਂਦਿਆ ਕਿਹਾ, ਕਿ ਜੋ ਗੁਰਬਾਣੀ ਸਾਨੂੰ ਉਪਦੇਸ਼ ਦੇਂਦੀ ਹੈ ਉਸ ਅਨੁਸਾਰ ਅਸੀਂ ਚਲ ਨਹੀਂ ਰਹੇ। ਭਗਤ ਰਵਿਦਾਸ ਜੀ ਦੇ ਸ਼ਬਦ "ਜਬ ਹਮ ਹੋਤੇ ਤਬ ਤੂ ਨਾਹੀ, ਮਾਟੀ ਕੋ ਪੂਤਰਾ, ਕੂਪ ਭਰਿਓ ਜੈਸੇ ਦਾਦਰਾ, ਬੇਗਮਪੁਰਾ ਸਹਰ ਕੋ ਨਾਉ" ਤੇ ਅਖੀਰਲੇ ਦੀਵਾਨ ਵਿਚ "ਦੂਧ ਤਾਂ ਬਛਰੇ ਥਨਹੁ ਬਿਟਾਰਿਓ" ਦੀ ਵਿਚਾਰ ਕਰਦਿਆਂ ਮੌਜੂਦਾ ਗੁਰਦੁਆਰਿਆਂ ਵਿੱਚ ਹੋ ਰਹੇ ਕਰਮ-ਕਾਂਡਾ ਦੀਆਂ ਧੱਜੀਆਂ ਉਡਾਈਆ ਤੇ ਸੰਗਤ ਨੂੰ "ਇਕਾ ਬਾਣੀ ਇਕ ਗੁਰ ਇਕੋ ਸ਼ਬਦ ਵਿਚਾਰ" ਨਾਲ ਜੋੜਨ ਦੀ ਪ੍ਰੇਰਨਾ ਦਿੱਤੀ।

ਉਨ੍ਹਾਂ ਨੇ ਬੇਖੌਫ ਟਿਪਣੀ ਕਰਦਿਆਂ ਕਿਹਾ, ਕਿ ਮੰਦਰਾਂ ਵਾਲੇ ਕਰਮ-ਕਾਂਡ ਅੱਜ ਸਾਡੇ ਗੁਰਦੁਆਰਿਆਂ ਵਿੱਚ ਨਿਭਾਏ ਜਾ ਰਹੇ ਹਨ। ਜਿੰਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਵਿਚਾਰ ਮੁੱਢ ਤੋਂ ਹੀ ਰੱਦ ਕਰਦੀ ਆ ਰਹੀ ਹੈ। ਭਗਤ ਰਵਿਦਾਸ ਜੀ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਹੈ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਬੈਠ ਕੇ ਸਾਰੇ ਕਰਮ ਮੂਰਤੀ ਪੂਜਾ ਵਾਲੇ ਹੀ ਕਰ ਰਹੇ ਹਾਂ। ਜਿਵੇਂ ਭੋਗ ਲਵਾਉਣਾ, ਫੋਕੀ ਤੇ ਬੇਲੋੜੀ ਸਜਾਵਟ ਜਗਮਗ ਕਰਦੀਆਂ, ਬੱਤੀਆਂ ਦੀ ਪੂਰੀ ਭਰਮਾਰ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਵਾਲੀਆਂ ਪੋਥੀਆਂ ਸਾਨੂੰ ਗੁਰਦੁਆਰਿਆਂ ਵਿੱਚੋਂ ਢੂੰਢਿਆਂ ਵੀ ਨਹੀਂ ਮਿਲਦੀਆਂ।

ਭਗਤ ਰਵਿਦਾਸ ਜੀ ਦਾ ਆਗਮਨ ਪੁਰਬ ਮਨਾਉਂਦਿਆਂ ਹੋਇਆਂ, ਪ੍ਰਬੰਧਕ ਵੀਰਾਂ ਨੂੰ ਬੇਨਤੀ ਕੀਤੀ ਕਿ ਗੁਰਦੁਆਰੇ ਵਿੱਚ ਉੱਚ ਕੋਟੀ ਦੀ ਗੁਰਮਤਿ ਲਾਇਬ੍ਰੇਰੀ ਤਿਆਰ ਕੀਤੀ ਜਾਵੇ, ਤੇ ਬੱਚਿਆਂ ਲਈ ਬਕਾਇਦਾ ਗੁਰਮਤਿ ਕਲਾਸਾਂ ਦਾ ਪ੍ਰਬੰਧ ਕੀਤਾ ਜਾਏ, ਤਾਂ ਜੋ ਆਉਣ ਵਾਲੀ ਸਾਡੀ ਨਵੀਂ ਪਨੀਰੀ ਨੂੰ ਗੁਰਮਤ ਸਿਧਾਂਤ ਨਾਲ ਜੋੜਿਆ ਜਾਏ। ਅਖੀਰ ਵਿਚ ਸਾਧ ਸੰਗਤ ਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਬੜੀ ਖੁਸ਼ੀ ਹੋਈ ਹੈ ਸਾਰੇ ਦੀਵਾਨਾਂ ਵਿਚ ਸਾਰਿਆਂ ਨੇ ਹਾਜ਼ਰੀਆਂ ਭਰੀਆਂ।

ਦੀਵਾਨ ਦੀ ਸਮਾਪਤੀ ਉਪਰੰਤ ਨੌਜਵਾਨਾਂ ਨੇ ਗੁਰਮਤਿ ਸਬੰਧੀ ਕਈ ਸਵਾਲ ਪੁੱਛੇ, ਜਿੰਨ੍ਹਾਂ ਦਾ ਸ਼ਬਦ ਗੁਰਬਾਣੀ ਰਾਹੀਂ ਜੁਆਬ ਦੇ ਕੇ, ਉਨ੍ਹਾਂ ਦੇ ਵਹਿਮਾਂ ਭਰਮਾਂ ਨੂੰ ਦੂਰ ਕੀਤਾ ਗਿਆ। ਬਹੁਤ ਸਾਰੇ ਨੌਜਵਾਨਾਂ ਨੇ ਇਹ ਵੀ ਪ੍ਰਣ ਕੀਤਾ, ਕਿ ਅਸੀਂ ਹਰ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਦਸਤਾਰ ਸਜਾ ਕੇ ਆਇਆ ਕਰਾਂਗੇ।

ਯਾਦਵਿੰਦਰ ਸਿੰਘ ਉਰਮੇਲਾ ਤਰਵੀਜ਼ੋ
(ਇਟਲੀ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top