Share on Facebook

Main News Page

ਜੇਕਰ ਜ. ਮਕੱੜ ਸਿੱਖੀ ਪ੍ਰਤੀ ਜ਼ਿਮੇਵਾਰੀ ਨਿਭਾਉਣ ’ਚ ਸੱਚ ਮੁੱਚ ਇਮਾਨਦਾਰ ਹਨ, ਤਾਂ ਉਹ ਦਿੱਲੀ ਕਮੇਟੀ ਵਾਂਗ ਹੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ, ਫੋਟੋ ਵਾਲੀਆਂ ਵੋਟਰ ਸੂਚੀਆਂ ਬਣਵਾਉਣ ਲਈ ਪੰਜਾਬ ਗੁਰਦੁਆਰਾ ਚੋਣ ਕਮਿਸ਼ਨ ਦੇ ਮੁੱਖੀ ’ਤੇ ਦਬਾਉ ਬਨਾਉਣ:. ਭਜਨ ਸਿੰਘ ਵਾਲੀਆ

ਨਵੀਂ ਦਿੱਲੀ,13 ਫਰਵਰੀ (ਜਸਵੰਤ ਸਿੰਘ ਅਜੀਤ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤ੍ਰ ਜਨਰਲ ਸ. ਭਜਨ ਸਿੰਘ ਵਾਲੀਆ ਨੇ ਇਥੇ ਜਾਰੀ ਇਕ ਬਿਆਨ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਵਲੋਂ ਜਾਰੀ ਉਸ ਅਪੀਲ ਦਾ ਸੁਆਗਤ ਕੀਤਾ ਹੈ, ਜਿਸ ਵਿੱਚ ਉਨ੍ਹਾਂ ਮਰਦਮ ਸ਼ੁਮਾਰੀ ਵਿੱਚ ਸਿੱਖਾਂ ਨੂੰ ਆਪਣਾ ਧਰਮ ‘ਸਿੱਖ’ ਅਤੇ ਆਪਣੇ ਨਾਂ ਨਾਲ ‘ਸਿੰਘ’ ਅਤੇ ‘ਕੌਰ’ ਜ਼ਰੂਰ ਲਿਖਵਾਉਣ ਲਈ ਕਿਹਾ ਹੈ।

ਸ. ਵਾਲੀਆ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਚੰਗਾ ਹੁੰਦਾ ਕਿ ਜ. ਮਕੱੜ ਉਸ ਸਮੇਂ ਵੀ ਸਿੱਖਾਂ ਨੂੰ ਆਪਣੇ ਨਾਂ ਦੇ ਨਾਲ ‘ਸਿੰਘ’ ਅਤੇ ‘ਕੌਰ’ ਲ਼ਿਖਾਣ ਅਤੇ ਚੋਣ ਕਮਿਸ਼ਨ ਨੂੰ ਸਾਬਤ ਸੂਰਤ ਸਿੱਖਾਂ ਨੂੰ ਹੀ ਵੋਟਰ ਬਣਾਏ ਜਾਣ ਦੀ ਅਪੀਲ ਕਰਦੇ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਬਣਾਏ ਜਾ ਰਹੇ ਸਨ। ਸ. ਵਾਲੀਆ ਨੇ ਆਪਣੇ ਬਿਆਨ ਵਿੱਚ ਹੋਰ ਕਿਹਾ ਕਿ ਜ. ਮਕੱੜ ਜੇ ਸਿੱਖੀ ਸੰਭਾਲ ਪ੍ਰਤੀ ਜ਼ਿਮੇਂਦਾਰੀ ਨਿਭਾਉਣ ਵਜੋਂ ਸਚ-ਮੁਚ ਇਮਾਨਦਾਰ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ, ਕਿ ਉਹ ਦਿੱਲੀ ਕਮੇਟੀ ਦੀਆਂ ਚੋਣਾਂ ਲਈ ਬਣਾਈਆਂ ਜਾ ਰਹੀਆਂ ਫੋਟੋ ਵਾਲੀਆਂ ਵੋਟਰ ਸੂਚੀਆਂ ਵਾਂਗ ਹੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਫੋਟੋ ਵਾਲੀਆਂ ਵੋਟਰ ਸੂਚੀਆਂ ਬਣਵਾਉਣ ਲਈ, ਪੰਜਾਬ ਗੁਰਦੁਆਰਾ ਚੋਣ ਕਮਿਸ਼ਨ ਦੇ ਮੁੱਖੀ ਪੁਰ ਦਬਾਉ ਬਨਾਣ ਅਤੇ ਪੰਜਾਬ ਦੇ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਕੰਮ ਵਿੱਚ ਸਹਿਯੋਗ ਕਰਨ ਲਈ ਮਜਬੂਰ ਕਰਨ।

ਇਸ ਤਰ੍ਹਾਂ ਉਹ ਇਕ ਤਾਂ ਸਿੱਖਾਂ ਦੀ ਸਰਵੁਚ ਧਾਰਮਕ ਜਥੇਬੰਦੀ ਦੇ ਮੁੱਖੀ ਹੋਣ ਦਾ ਫਰਜ਼ ਪੂਰਾ ਕਰ ਸਕਣਗੇ ਅਤੇ ਦੂਸਰਾ ਉਹ ਗੁਰਦੁਆਰਾ ਪ੍ਰਬੰਧ ਵਿੱਚ ਸਿੱਖੀ ਵਿਰੋਧੀ ਸ਼ਕਤੀਆਂ ਦੀ ਘੂਸਪੈਠ ਨੂੰ ਰੋਕਣ ਵਿੱਚ ਮਦਦਗਾਰ ਵੀ ਹੋਣਗੇ। ਇਸਦੇ ਨਾਲ ਹੀ ਸ. ਵਾਲੀਆ ਨੇ ਕਿਹਾ ਕਿ ਇਸਤੋਂ ਬਿਨਾਂ ਉਨ੍ਹਾਂ ਦਾ ਆਪਣੇ ਆਪਨੂੰ ਸਿੱਖ ਤੇ ਸਿੱਖੀ ਹਿਤੈਸ਼ੀ ਸਾਬਤ ਕਰਨ ਦੀ ਕੌਸ਼ਿਸ਼ ਕਰਨਾ ਇਕ ਢਕਵੰਜ ਹੀ ਮੰਨਿਆ ਜਾਇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top