Share on Facebook

Main News Page

ਕੈਲੰਡਰ ’ਚ ਸੋਧਾਂ ਦਾ ਕੰਮ ਵਿਦਵਾਨਾਂ ਦੀ ਥਾਂ, ਕਿਸੇ ਕਲਰਕ ਨੂੰ ਸੌਂਪਿਆ: ਕਰਨਲ ਨਿਸ਼ਾਨ

* ਅਸੀਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਬੇਨਤੀ ਕਰ ਦਿੱਤੀ ਸੀ ਕਿ ਪੁਰੇਵਾਲ ਨੂੰ ਮੀਟਿੰਗ ਵਿੱਚ ਬੁਲਾਓ, ਕਿਉਂ ਨਹੀਂ ਬੁਲਾਇਆ ਇਹ ਉਨ੍ਹਾਂ ਦੀ ਮਰਜ਼ੀ: ਰੰਧਾਵਾ

* ਪੁਰੇਵਾਲ ਨੇ ਕੈਲੰਡਰ ਬਣਾਇਆ ਉਸ ਦਾ ਧੰਨਵਾਦ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸ ਤੋਂ ਪੁੱਛੇ ਬਿਨਾਂ ਅਸੀਂ ਕੋਈ ਸੋਧ ਨਹੀਂ ਕਰ ਸਕਦੇ: ਮੱਕੜ

ਬਠਿੰਡਾ, 23 ਫਰਵਰੀ (ਕਿਰਪਾਲ ਸਿੰਘ) ਪੁਰੇਵਾਲ ਵਲੋਂ ਤਿਆਰ ਕੀਤਾ ਕੈਲੰਡਰ, ਜਿਹੜਾ 2003 ਤੋਂ ਲਗਾਤਾਰ 7 ਸਾਲ ਤੱਕ ਲਾਗੂ ਰਿਹਾ, ਅਤੇ ਜਿਸ ਨੂੰ ਸਿਰਫ ਉਹ ਧਿਰਾਂ ਜਿਹੜੀਆਂ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਨੂੰ ਨਹੀਂ ਮੰਨ ਰਹੀਆਂ, ਨੂੰ ਛੱਡ ਕੇ ਬਾਕੀ ਦੀਆਂ ਸਮੁਚੀਆਂ ਧਿਰਾਂ ਨੇ ਬੜੀ ਖੁਸ਼ੀ ਨਾਲ ਪ੍ਰਵਾਨ ਕੀਤਾ ਹੋਇਆ ਸੀ। ਇਸ ਕੈਲੰਡਰ ਵਿੱਚ 2010 ਵਿੱਚ ਅਚਾਨਕ ਸੋਧਾਂ ਕੀਤੀਆਂ ਗਈਆਂ ਸਨ, ਜਿਸ ਨਾਲ ਪੰਥ ਵਿੱਚ ਦੁਫੇੜ ਸਗੋਂ ਪਹਿਲਾਂ ਨਾਲੋਂ ਵੀ ਜਿਆਦਾ ਪੈ ਗਈ। ਗੱਲਬਾਤ ਰਾਹੀਂ ਇਸ ਮਸਲੇ ਨੂੰ ਹੱਲ ਕਰਨ ਲਈ, ਸ਼ੇਰੇ ਪੰਜਾਬ ਰੇਡੀਓ ਕੈਨੇਡਾ ਤੇ ਕਈ ਵਾਰ ਟਾਕ ਸ਼ੋਅ ਕਰਵਾਈ ਗਈ, ਜਿਸ ਵਿਚ ਸਿੱਖ ਵਿਦਵਾਨ ਕਰਨਲ ਸੁਰਜੀਤ ਸਿੰਘ ਨਿਸ਼ਾਨ, ਬਾਬਾ ਹਰੀ ਸਿੰਘ ਰੰਧਾਵਾ, ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਅਤੇ ਕੈਲੰਡਰ ਦੇ ਨਿਰਮਤਾ ਸ. ਪਾਲ ਸਿੰਘ ਪੁਰੇਵਾਲ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਜਾਂਦਾ ਰਿਹਾ ਹੈ। ਕਰਨਲ ਨਿਸ਼ਾਨ ਤੇ ਬਾਬਾ ਰੰਧਾਵਾ ਟਾਕ ਸ਼ੋਅ ਦੌਰਾਨ ਮੰਨ ਚੁੱਕੇ ਹਨ, ਕਿ ਸੋਧਿਆ (ਵਿਗਾੜਿਆ) ਹੋਇਆ ਕੈਲੰਡਰ ਵੀ ਗਲਤ ਹੈ।

ਬਾਬਾ ਰੰਧਾਵਾ ਨੇ ਰੇਡਿਓ ਉਤੇ ਵਾਅਦਾ ਕੀਤਾ ਸੀ, ਕਿ ਜੇ ਪੁਰੇਵਾਲ ਸਾਹਿਬ ਭਾਰਤ ਆਉਣ ਲਈ ਤਿਆਰ ਹਨ, ਤਾਂ ੳਹ ਅਕਾਲ ਤਖ਼ਤ ’ਤੇ ਦੋਵੇਂ ਧਿਰਾਂ ਦੀ ਮੀਟਿੰਗ ਕਰਵਾਉਣ ਦਾ ਪ੍ਰਬੰਧ ਕਰਨ ਲਈ ਤਿਆਰ ਹਨ। ਸ: ਪੁਰੇਵਾਲ ਨੇ ਵਾਅਦਾ ਕੀਤਾ ਸੀ, ਕਿ ਜੇ ਉਨ੍ਹਾਂ ਨੂੰ ਸੱਦਾ ਮਿਲਦਾ ਹੈ, ਤਾਂ ਉਹ ਭਾਰਤ ਆਉਣ ਲਈ ਤਿਆਰ ਹਨ। ਸ: ਮੱਕੜ ਅਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਕਿਹਾ ਸੀ, ਕਿ ਜੇ ਕਰ ਕੋਈ ਗੁਰਸਿੱਖ ਸੁਝਾਅ ਦਿੰਦਾ ਹੈ ਤਾਂ ਉਸ ਤੇ ਵੀਚਾਰ ਕਰਕੇ ਹੁਣ ਵੀ ਸੋਧਾਂ ਹੋ ਸਕਦੀਆਂ ਹਨ। ਬੇਸ਼ੱਕ ਸ: ਪੁਰੇਵਾਲ ਨੂੰ ਕਿਸੇ ਵਲੋਂ ਸੱਦਾ ਨਹੀਂ ਸੀ ਦਿੱਤਾ ਗਿਆ, ਇਸ ਦੇ ਬਾਵਜੂਦ ਉਹ 17 ਫਰਵਰੀ ਨੂੰ ਅੰਮ੍ਰਿਤਸਰ ਪਹੁੰਚ ਗਏ ਸਨ, ਤੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਉਨ੍ਹਾਂ ਜਨਵਰੀ ਮਹੀਨੇ ਵਿੱਚ ਇੱਕ 11 ਪੰਨਿਆਂ ਦੀ ਚਿੱਠੀ ਅਕਾਲ ਤਖ਼ਤ ਨੂੰ ਲਿਖੀ ਸੀ, ਜਿਸ ਵਿੱਚ ਸਬੂਤਾਂ ਸਹਿਤ ਦੱਸਿਆ ਗਿਆ ਹੈ, ਕਿ ਸੋਧਾਂ ਮੂਲੋਂ ਗਲਤ ਹਨ ਇਸ ਲਈ ਸਾਲ 2011-12 ਲਈ ਕੈਲੰਡਰ 2003 ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਆਧਾਰ ’ਤੇ ਜਾਰੀ ਕੀਤਾ ਜਾਵੇ। ਜਿਉਂ ਹੀ ਉਨ੍ਹਾਂ 12:30 ਵਜੇ ਪ੍ਰੈੱਸ ਕਾਨਫਰੰਸ ਕੀਤੀ ਤਾਂ ਉਨ੍ਹਾਂ ਨੂੰ ਕਿਸੇ ਗੱਲਬਾਤ ਲਈ ਸੱਦਣ ਦੀ ਬਜਾਏ, ਤੁਰੰਤ 3 ਵਜੇ ਸ਼ਾਮੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਪ੍ਰਧਾਨ ਸ: ਮੱਕੜ ਨੇ 2011-12 ਲਈ ਸੋਧਿਆ ਹੋਇਆ ਕੈਲੰਡਰ ਜਾਰੀ ਕਰ ਦਿੱਤਾ।

ਅੱਜ ਜਦੋਂ ਬਾਬਾ ਹਰੀ ਸਿੰਘ ਰੰਧਾਵਾ ਨਾਲ ਸੰਪਰਕ ਕਰ ਕੇ ਪੁੱਛਿਆ ਕਿ ਵਾਅਦੇ ਅਨੁਸਾਰ ਤੁਸੀਂ ਅਕਾਲ ਤਖ਼ਤ ’ਤੇ ਸ: ਪੁਰੇਵਾਲ ਨਾਲ ਮੀਟਿੰਗ ਦਾ ਪ੍ਰਬੰਧ ਕਿਉਂ ਨਹੀਂ ਕਰਵਾਇਆ ਤਾਂ ਉਨ੍ਹਾਂ ਕਿਹਾ ਕਿ ਰੇਡੀਓ ਟਾਕ ਸ਼ੋਅ ਉਪ੍ਰੰਤ ਉਹ ਕਰਨਲ ਨਿਸ਼ਾਨ ਨੂੰ ਨਾਲ ਲੈ ਕੇ ਜਥੇਦਾਰ ਸਾਹਿਬ ਨੂੰ ਬੇਨਤੀ ਕਰ ਆਏ ਸੀ ਪਰ ਕਿਉਂ ਨਹੀਂ ਬੁਲਾਇਆ ਇਹ ਤਾਂ ਜਥੇਦਾਰ ਸਾਹਿਬ ਹੀ ਮਰਜ਼ੀ ਹੈ। ਜਦ ਇਹ ਪੁੱਛਿਆ ਗਿਆ ਕਿ ਕੈਲੰਡਰ ਦੀਆਂ ਸੰਗ੍ਰਾਂਦਾਂ ਤਾਂ ਬਦਲ ਦਿਤੀਆਂ ਪਰ ਇਤਿਹਾਸਕ ਦਿਹਾੜੇ ਪੁਰੇਵਾਲ ਕੈਲੰਡਰ ’ਚੋਂ ਹੀ ਅੰਗਰੇਜ਼ੀ ਮਹੀਨੇ ਵਾਲੇ ਰੱਖਣ ਨਾਲ ਤਾਂ ਹੁਣ ਕੋਈ ਵੀ ਇਤਿਹਾਸਕ ਤਰੀਖ ਈਸਵੀ (ਜੂਲੀਅਨ) ਗੈਰੇਗੋਰੀਅਨ ਅਤੇ ਬਿਕ੍ਰਮੀ ਸੰਮਤ ਦੇ ਚੰਦਰ ਜਾਂ ਸੂਰਜੀ ਸਾਲ ਦੇ ਕਿਸੇ ਵੀ ਕੈਲੰਡਰ ਦੀਆਂ ਤਰੀਖਾਂ ਨਾਲ ਮੇਲ ਨਹੀਂ ਖਾਂਦੀ । ਕੀ ਇਹ ਸੋਧਾਂ ਦੇ ਨਾਮ ’ਤੇ ਵਿਗਾੜ ਨਹੀਂ ਹੈ? ਉਨ੍ਹਾਂ ਮੰਨਿਆ ਕਿ ਇਹ ਸੋਧਾਂ ਗਲਤ ਹਨ, ਅਸੀਂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਧਿਆਨ ਵਿੱਚ ਵੀ ਲਿਆ ਦਿੱਤਾ ਸੀ, ਪਰ ਉਹ ਕਹਿੰਦੇ ਕਿ ਤੁਹਾਡੇ (ਸੰਤ ਸਮਾਜ) ਮੁਤਾਬਕ ਅਸੀਂ ਚਾਰ ਗੁਰਪੁਰਬ ਪੁਰਾਤਨ ਮਰਯਾਦਾ ਅਨੁਸਾਰ ਬਦਲ ਦਿੱਤੇ ਹਨ, ਬਾਕੀ ਨਹੀਂ ਬਦਲਣੇ। ਇਨ੍ਹਾਂ ਗਲਤੀਆਂ ਦਾ ਅਸੀਂ ਆਪੇ ਜਵਾਬ ਦੇਵਾਂਗੇ। ਬਾਬਾ ਰੰਧਾਵਾ ਜੀ ਨੇ ਇਹ ਵੀ ਮੰਨਿਆ, ਕਿ ਅਸਲ ਵਿਚ ਹਉਮੈ ਦੀ ਲੜਾਈ ਹੈ, ਜਿਸ ਕਾਰਣ ਗੱਲ ਕਿਸੇ ਸਿਰੇ ਨਹੀਂ ਲੱਗ ਰਹੀ।

ਕਰਨਲ ਨਿਸ਼ਾਨ ਨੂੰ ਪੁੱਛਣ ’ਤੇ ਉਨ੍ਹਾਂ ਕਿਹਾ, ਕਿ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਅਸੀਂ ਕੀ ਕਰੀਏ? ਉਨ੍ਹਾਂ ਕਿਹਾ ਕਿ ਸੋਧਾਂ ਦਾ ਕੰਮ ਵਿਦਵਾਨਾਂ ਤੋਂ ਕਰਵਾਉਣ ਦੀ ਥਾਂ, ਕਲੱਰਕ ਨੂੰ ਦੇ ਛੱਡਿਆ ਹੈ, ਤਾਂ ਇਹੀ ਹਾਲ ਹੋਣਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ, ਕਿ ਤੁਸੀਂ ਤਾਂ ਉਨ੍ਹਾਂ ਵਿਦਵਾਨਾਂ ਵਿਚੋਂ ਹੋ, ਜਿਹੜੇ ਸੋਧਾਂ ਦੇ ਹੱਕ ਵਿੱਚ ਹਨ। ਜੇ ਉਹ ਤੁਹਾਨੂੰ ਹੀ ਨਹੀਂ ਪੁੱਛਦੇ, ਤਾਂ ਸੋਧਾਂ ਦੇ ਵਿਰੋਧੀ ਵਿਦਵਾਨ ਨਾਲ ਉਹ ਕੀ ਗੱਲ ਕਰਨਗੇ। ਤਾਂ ਉਨ੍ਹਾਂ ਕਿਹਾ ਅਸਲ ਵਿੱਚ ਪੰਥ ’ਚ ਕੋਈ ਐਸੀ ਤਾਕਤ ਘੁਸਪੈਠ ਕਰ ਗਈ ਹੈ, ਜਿਹੜੀ ਵੱਖਰੇ ਵੀਚਾਰਾਂ ਵਾਲਿਆਂ ਨੂੰ ਇੱਕ ਥਾਂ ਬੈਠਣ ਨਹੀਂ ਦੇ ਰਹੀ, ਤੇ ਨਵੇਂ ਵਿਵਾਦ ਛੇੜ ਕੇ ਪੰਥ ਦੀ ਏਕਤਾ ਖੇਰੂੰ ਖੇਰੂੰ ਕਰ ਰਹੀ ਹੈ।

ਸ: ਮੱਕੜ ਨਾਲ ਗੱਲ ਕੀਤੇ ਜਾਣ ’ਤੇ ਉਨ੍ਹਾਂ ਕਿਹਾ, ਪੁਰੇਵਾਲ ਨੇ ਕੈਲੰਡਰ ਬਣਾਇਆ ਹੈ, ਉਸ ਦਾ ਧੰਨਵਾਦ, ਪਰ ਇਸ ਦਾ ਮਤਲਬ ਇਹ ਨਹੀਂ, ਕਿ ਉਸ ਤੋਂ ਪੁੱਛੇ ਬਿਨਾਂ ਅਸੀਂ ਕੋਈ ਸੋਧ ਕਰ ਹੀ ਨਹੀਂ ਸਕਦੇ। ਪੁੱਛਿਆ ਗਿਆ ਕਿ ਇਹ ਤਾਂ ਠੀਕ ਹੈ ਕਿ ਸੋਧਾਂ ਤਾਂ ਕਰ ਸਕਦੇ ਹੋ, ਪਰ ਜੇ ਸੰਗ੍ਰਾਂਦਾਂ ਬਦਲੀਆਂ ਹਨ, ਤਾਂ ਉਸ ਅਨੁਸਾਰ ਇਤਿਹਾਸਕ ਦਿਹਾੜਿਆਂ ਦੀਆਂ ਤਰੀਖਾਂ ਵਿੱਚ ਲੋੜੀਂਦੀ ਸੋਧ ਤਾਂ ਕਰ ਲੈਂਦੇ। ਕੀ ਹੁਣ ਤੁਸੀਂ ਪੁਰੇਵਾਲ ਦੀ ਸਲਾਹ ਤੇ ਕੋਈ ਵੀਚਾਰ ਕਰਕੇ ਕਾਰਵਾਈ ਕਰੋਗੇ? ਤਾਂ ਉਨ੍ਹਾਂ ਕਿਹਾ, ਕਿ ਸੋਧਿਆ ਕੈਲੰਡਰ ਹੰਕਾਰੀ ਕਿਸਮ ਦੇ ਸਰਨਾ ਤੇ ਇੱਕ ਦੋ ਕਮੇਟੀਆਂ ਨੂੰ ਛੱਡ ਕੇ ਬਾਕੀ ਸਾਰੀ ਕੌਮ ਨੇ ਪ੍ਰਵਾਨ ਕਰ ਲਿਆ ਹੈ। ਫਿਰ ਵੀ ਜੇ ਕਿਸੇ ਗੁਰਸਿੱਖ ਵਲੋਂ ਸੁਝਾਅ ਆਉਂਦਾ ਹੈ, ਤਾਂ ਉਸ ’ਤੇ ਵੀਚਾਰ ਹੋ ਸਕਦਾ ਹੈ, ਪਰ ਹੰਕਾਰੀ ਕਿਸਮ ਦੇ ਕਿਸੇ ਬੰਦੇ ਨਾਲ ਉਹ ਗੱਲ ਨਹੀਂ ਕਰਨਗੇ।

ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਸੰਪਰਕ ਕਰਨ ਦੀ ਕਈ ਦਿਨਾਂ ਤੋਂ ਕੋਸ਼ਿਸ ਕੀਤੀ ਜਾਂਦੀ ਰਹੀ, ਪਰ ਜਾਂ ਤਾਂ ਉਨ੍ਹਾਂ ਵਲੋਂ ਫ਼ੋਨ ਸੁਣਿਆ ਹੀ ਨਹੀਂ ਸੀ ਜਾਂਦਾ, ਜਾਂ ਘੰਟਾ ਅੱਧਾ ਘੰਟਾ ਪਿਛੋਂ ਗੱਲ ਕਰਨ ਲਈ ਕਹਿੰਦੇ, ਪਰ ਫਿਰ ਪੀ.ਏ. ਨੇ ਫ਼ੋਨ ਸੁਣ ਕੇ ਕਹਿ ਦੇਣਾ ਕਿ ਸਿੰਘ ਸਾਹਿਬ ਮੀਟਿੰਗ ਵਿੱਚ ਬੈਠੇ ਹਨ। ਉਹ ਕਦੋਂ ਵਿਹਲੇ ਹੋਣਗੇ ਇਹ ਕੁੱਝ ਪਤਾ ਨਹੀਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top