Share on Facebook

Main News Page

ਸਿੱਖਾਂ ਨੂੰ ਹੁਣ ਝੂਠ ਬੋਲਣ ਦੀ ਲੋੜ ਨਹੀਂ, ਕਿਉਂਕਿ ਇਸ ਦਾ ਠੇਕਾ ਮੱਕੜ ਤੇ ਗੁਰਬਚਨ ਸਿੰਘ ਨੇ ਲੈ ਲਿਆ ਹੈ

* ਧੁੰਮਾ-ਮੱਕੜ ਨੂੰ ਕੈਲੰਡਰ ਦੀ ਕੋਈ ਸੂਝ ਹੈ? ਉਨ੍ਹਾਂ ਨੂੰ ਅਧਿਕਾਰ ਦੇਣ ਵਾਲੇ ਕੌਣ ਹਨ?

* ਇਨ੍ਹਾਂ ਨੇ ਗ੍ਰੰਥ ਤੇ ਪੰਥ ਦੇ ਕੰਸੈਪਟ ਨੂੰ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ

* ਆਰ.ਐੱਸ.ਐੱਸ ਦਾ ਮੁਖੀ ਧੱਕੇ ਨਾਲ ਆਪਣੀ ਮਰਜ਼ੀ ਦਾ ਜਥੇਦਾਰ ਲਵਾ ਸਕਦਾ ਹੈ ਤਾਂ ਕੀ ਇਹ ਦਖ਼ਲਅੰਦਾਜ਼ੀ ਨਹੀਂ ਹੈ?: ਭਾਈ ਰਣਜੀਤ ਸਿੰਘ

* ਮੈਂ ਪੁਰੇਵਾਲ ਦਾ ਨਾਮ ਲੈ ਕੇ ਉਸ ਨੂੰ ਆਰ.ਐੱਸ.ਐੱਸ ਦਾ ਏਜੰਟ ਨਹੀਂ ਕਿਹਾ, ਇਹ ਕਿਹਾ ਸੀ ਕਿ ਜਿਹੜੇ ਜਿਆਦਾ ਰੌਲਾ ਪਾਉਂਦੇ ਹਨ ਉਹੀ ਏਜੰਟ ਹੁੰਦੇ ਹਨ।

* ਮਹਾਂਰਾਸ਼ਟਰ ਪੁਲਿਸ ਅਫ਼ਸਰਾਂ ਨੂੰ ਬੇਨਤੀ ਨਹੀਂ ਤਾੜਨਾ ਕੀਤੀ ਗਈ ਸੀ: ਗਿਆਨੀ ਗੁਰਬਚਨ ਸਿੰਘ

* ਜਥੇਦਾਰ ਦੇ ਸੁਭਾਅ ਵਿੱਚ ਹੈ ਕਿ ਉਹ ਗੱਲ ਕਹਿ ਕੇ ਮੁੱਕਰ ਜਾਂਦੇ ਹਨ: ਪੱਤਰਕਾਰ

* ਪੁਲਿਸ ਅਫ਼ਸਰਾਂ ਨੂੰ ਚਿੱਠੀ ਲਿਖਣ ਨਾਲ, ਅਕਾਲ ਤਖ਼ਤ ਦੀ ਸਿਰਮੌਰਤਾ ਨੂੰ ਧੱਕਾ ਲੱਗਾ

* ਨਾਨਕਸ਼ਾਹੀ ਕੈਲੰਡਰ ਦੀਆਂ ਸੋਧਾਂ ਕਾਰਣ ਪੰਥ ਵਿੱਚ ਦੁਬਿਧਾ ਪੈਦਾ ਹੋਈ: ਵੇਦਾਂਤੀ

* ਹੁਣ ਇਹ ਚਰਚਾ ਨਹੀਂ ਹੋਣੀ ਚਾਹੀਦੀ ਕਿ ਗਲਤ ਕੌਣ ਹਨ, ਬਲਕਿ ਚਰਚਾ ਇਹ ਹੋਣੀ ਚਾਹੀਦੀ ਹੈ ਕਿ ਇਸ ਨੂੰ ਠੀਕ ਕਿਸ ਤਰਾਂ ਕਰਨਾ ਹੈ: ਦੁਪਾਲਪੁਰੀ

* ਜਿਹੜੇ ਹੁਣ ਤੱਕ ਰੌਲਾ ਪਾਉਂਦੇ ਆ ਰਹੇ ਸਨ, ਉਹ ਹੁਣ ਦੱਸਣ ਕਿ ਗੁਰੂ ਤੇਗ ਬਹਾਦਰ ਸਾਹਿਬ, ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਬਦਲਣ ਨਾਲ ਇਤਿਹਾਸ ਕਿਉਂ ਨਹੀਂ ਵਿਗੜਿਆ? ਕਾਲਰ

ਬਠਿੰਡਾ, 21 ਫਰਵਰੀ (ਕਿਰਪਾਲ ਸਿੰਘ): ਸ਼ੇਰੇ ਪੰਜਾਬ ਰੇਡੀਓ ਕੈਨੇਡਾ ’ਤੇ ਹਰ ਐਤਵਾਰ ਵਾਂਗ ਭਾਰਤੀ ਸਮੇਂ ਅਨੁਸਾਰ ਬੀਤੀ ਰਾਤ ਹੋਈ ਦਿਲਾਂ ਦੀ ਸਾਂਝ ਪ੍ਰੋਗਰਾਮ ਵਿੱਚ ਲਾਈਵ ਟਾਕ ਸ਼ੋਅ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਬੋਲੇ ਗਏ ਝੂਠ ਅਤੇ ਸਾਬਕਾ ਜਥੇਦਾਰਾਂ ਸਮੇਤ ਹੋਰਨਾਂ ਪੰਥਕ ਸਖ਼ਸ਼ੀਅਤਾਂ ਦੇ ਵੀਚਾਰ ਸੁਣਨ ਉਪ੍ਰੰਤ ਇਕ ਕਾਲਰ ਨੇ ਭਰੇ ਮਨ ਨਾਲ ਕਿਹਾ ਹੁਣ ਸਿੱਖਾਂ ਨੂੰ ਝੂਠ ਬੋਲਣ ਦੀ ਲੋੜ ਨਹੀਂ, ਕਿਉਂਕਿ ਝੂਠ ਬੋਲਣ ਦਾ ਠੇਕਾ ਮੱਕੜ ਤੇ ਜਥੇਦਾਰ ਨੇ ਲੈ ਲਿਆ ਹੈ। ਇਹ ਵੀਚਾਰ ਸਿਰਫ ਉਸ ਕਾਲਰ ਦੇ ਹੀ ਨਹੀਂ ਬਲਕਿ ਜਾਗੋਖ਼ਾਲਸਾਡਾਟਕਾਮ (http://www.wakeupkhalsa.com/talk-shows.php) ’ਤੇ ਲਾਈਵ ਟਾਕ ਸ਼ੋਅ ਦੀ ਰੀਕਾਰਡਿੰਗ ਸੁਣਨ ਉਪ੍ਰੰਤ, ਹਰ ਪੰਥ ਦਰਦੀ ਨੂੰ ਇਹੋ ਵੀਚਾਰ ਬਣਾਉਣ ਲਈ ਮਜ਼ਬੂਰ ਹੋਣਾ ਪਏਗਾ।

ਨਾਨਕਸ਼ਾਹੀ ਕੈਲੰਡਰ ਵਿੱਚ ਕੀਤੀਆਂ ਗੈਰ ਸਿਧਾਂਤਕ ਸੋਧਾਂ ਨਾਲ ਪੰਥ ਵਿੱਚ ਪਈ ਦੁਬਿਧਾ ਦੀ ਸੰਖੇਪ ਜਾਣਕਾਰੀ ਦੇਣ ਉਪ੍ਰੰਤ ਰੇਡੀਓ ਹੋਸਟ ਸ: ਕੁਲਦੀਪ ਸਿੰਘ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਲਾਈਨ ’ਤੇ ਲੈ ਕੇ ਪੁੱਛਿਆ ਕਿ ਕੱਲ੍ਹ ਦੇ ਅਖ਼ਬਾਰਾਂ ਵਿੱਚ ਚਰਚਾ ਦਾ ਇਹ ਮੁਖ ਵਿਸ਼ਾ ਰਿਹਾ ਹੈ ਕਿ ਤੁਸੀ ਸ. ਪਾਲ ਸਿੰਘ ਪੁਰੇਵਾਲ ਨੂੰ ਆਰ.ਐੱਸ.ਐੱਸ ਦਾ ਏਜੰਟ ਕਿਹਾ ਹੈ, ਇਸ ਵਿੱਚ ਕਿੰਨੀ ਕੁ ਸਚਾਈ ਹੈ? ਜਥੇਦਾਰ ਨੇ ਕਿਹਾ ਉਨ੍ਹਾਂ ਕਦੀ ਵੀ ਕਿਸੇ ਦਾ ਨਾਮ ਲੈ ਕੇ ਕਿਸੇ ਨੂੰ ਏਜੰਟ ਨਹੀਂ ਕਿਹਾ, ਸਿਰਫ ਇੱਕ ਸੀ.ਆਈ.ਡੀ ਅਫਸਰ ਦਾ ਹਵਾਲਾ ਦਿੱਤਾ ਸੀ, ਕਿ ਉਸ ਅਫਸਰ ਨੇ ਕਿਸੇ ਤੋਂ ਇਹ ਪੁੱਛਿਆ ਸੀ ਕਿ ਆਰ.ਐੱਸ.ਐੱਸ ਦੇ ਏਜੰਟ ਕੌਣ ਹੁੰਦੇ ਹਨ? ਤਾਂ ਉਸ ਦਾ ਜਵਾਬ ਸੀ ਕਿ ਜਿਹੜੇ ਜਿਆਦਾ ਰੌਲਾ ਪਾਉਂਦੇ ਹਨ, ਕਿ ਫਲਾਨਾ ਏਜੰਟ ਹੈ, ਫਲਾਨਾ ਏਜੰਟ ਹੈ ਅਸਲ ਵਿੱਚ ਉਹ ਖ਼ੁਦ ਏਜੰਟ ਹੁੰਦੇ ਹਨ।

ਅਗਲਾ ਸਵਾਲ ਪੁੱਛਿਆ ਗਿਆ, ਕਿ ਅਕਾਲ ਤਖ਼ਤ ਵਲੋਂ ਪਿਛਲੇ ਦਿਨੀਂ ਜੋ ਕੈਲੰਡਰ ਜਾਰੀ ਕੀਤਾ ਗਿਆ ਹੈ, ਉਸ ਸਬੰਧੀ ਬੜਾ ਵਿਵਾਦ ਚੱਲ ਰਿਹਾ ਕਿ ੳਸ ਵਿੱਚ ਬਹੁਤ ਗਲਤੀਆਂ ਹਨ। ਕੀ ਤੁਸੀਂ ਸਮਝਦੇ ਹੋ ਕਿ ਕੈਲੰਡਰ ਵਿੱਚ ਕੀਤੀਆਂ ਸੋਧਾਂ ਬਿਲਕੁਲ ਠੀਕ ਹਨ? ਜਵਾਬ ਵਿੱਚ ਜਥੇਦਾਰ ਨੇ ਕਿਹਾ, ਕਿ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਵਲੋਂ ਹੀ ਚਿੱਠੀ ਕੱਢੀ ਗਈ ਸੀ, ਕਿ ਜੇ ਇਸ ਵਿੱਚ ਸੋਧਾਂ ਕਰਨ ਦੀ ਲੋੜ ਹੈ ਤਾਂ ਉਸ ਸਬੰਧੀ ਸੁਝਾਅ ਭੇਜੇ ਜਾਣ। ਇਹ ਸੁਝਾਅ ਆਉਣ ਪਿਛੋਂ ਹੀ ਸੋਧਾਂ ਕੀਤੀਆਂ ਗਈਆਂ ਹਨ। ਹੁਣ ਵੀ ਜੇ ਕੋਈ ਸੁਝਾਅ ਆਉਂਦੇ ਹਨ ਤਾਂ ਉਨ੍ਹਾਂ ’ਤੇ ਵੀਚਾਰ ਕੀਤਾ ਜਾ ਸਕਦਾ ਹੈ। ਦੱਸਿਆ ਗਿਆ ਕਿ ਪਿਛਲੇ ਹਫਤੇ ਇਸੇ ਪ੍ਰੋਗਰਾਮ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ, ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਬਾਬਾ ਹਰੀ ਸਿੰਘ ਰੰਧਾਵਾ ਨਾਲ ਗੱਲ ਹੋਈ ਸੀ, ਉਹ ਤਿੰਨੇ ਹੀ ਮੰਨ ਕੇ ਗਏ ਸਨ ਕਿ ਜੇ ਕੋਈ ਗਲਤੀ ਹੋਈ ਹੈ ਤਾਂ ਉਸ ਸਬੰਧੀ ਵੀਚਾਰ ਕੀਤੇ ਜਾਣ ਲਈ ਉਹ ਤਿਆਰ। ਕਰਨਲ ਨਿਸ਼ਾਨ ਨੇ ਕਿਹਾ ਸੀ ਕਿ 2003 ਅਤੇ 2010 ਵਾਲੇ ਦੋਵੇਂ ਹੀ ਕੈਲੰਡਰ ਗਲਤ ਹਨ।

ਸ. ਪੁਰੇਵਾਲ ਨੇ ਕਿਹਾ ਸੀ ਕਿ ਇਸ ਸਬੰਧੀ ਵੀਚਾਰ ਕਰਨ ਲਈ ਉਹ ਭਾਰਤ ਵਿੱਚ ਜਾਣ ਲਈ ਤਿਆਰ ਹਨ। ਸ. ਪੁਰੇਵਾਲ 17 ਫਰਵਰੀ ਨੂੰ ਅੰਮ੍ਰਿਤਸਰ ਪਹੁੰਚ ਵੀ ਗਏ ਸਨ। ਉਨ੍ਹਾਂ 12:30 ਵਜੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਉਨ੍ਹਾਂ 11 ਪੰਨਿਆਂ ਦੀ ਚਿੱਠੀ ਭੇਜ ਕੇ ਵੇਰਵੇ ਸਾਹਿਤ ਲਿਖਿਆ ਹੈ, ਕਿ ਕੀਤੀਆਂ ਗਈ ਸੋਧਾਂ ਬਿਲਕੁਲ ਗਲਤ ਹਨ। ਇਸ ਦੀਆਂ ਸੰਗ੍ਰਾਂਦਾਂ ਬਿਕ੍ਰਮੀ ਕੈਲੰਡਰ ਵਾਲੀਆਂ ਕਰ ਦਿੱਤੀਆਂ ਹਨ ਇਸ ਲਈ ਹੁਣ ਇਸ ਨੂੰ ਨਾਨਕਸ਼ਾਹੀ ਕੈਲੰਡਰ ਕਹਿਣਾ ਹੀ ਗਲਤ ਹੈ ਇਸ ਲਈ ਨਵਾਂ ਕੈਲੰਡਰ 2003 ਵਾਲੇ ਕੈਲੰਡਰ ਦੇ ਆਧਾਰ ’ਤੇ ਛਾਪਿਆ ਜਾਵੇ। ਪਰ ਤੁਸੀਂ ਤੇ ਸ: ਮੱਕੜ ਨੇ ਵਜਾਏ ਉਸ ਨਾਲ ਕੋਈ ਵੀਚਾਰ ਕਰਨ ਦੇ ਬੜੀ ਕਾਹਲੀ ਵਿੱਚ 3 ਵਜੇ ਹੀ ਕੈਲੰਡਰ ਜਾਰੀ ਕਰ ਦਿੱਤਾ, ਤੇ ਬਾਕੀ ਕਿਸੇ ਜਥੇਦਾਰ ਨੂੰ ਨਾਲ ਲੈਣ ਦੀ ਵੀ ਜਰੂਰਤ ਨਹੀਂ ਸਮਝੀ। ਜਥੇਦਾਰ ਨੇ ਕਿਹਾ ਉਨ੍ਹਾਂ ਨੂੰ ਨਹੀਂ ਪਤਾ ਕਿ ਪੁਰੇਵਾਲ ਨੇ ਕੋਈ ਪੈੱਸ ਕਾਨਫਰੰਸ ਕੀਤੀ ਹੈ ਜਾਂ ਨਹੀਂ। ਸ਼੍ਰੋਮਣੀ ਕਮੇਟੀ ਵਲੋਂ ਸੋਧਿਆ ਹੋਇਆ ਕੈਲੰਡਰ ਛਾਪਿਆ ਗਿਆ, ਤੇ ਸੰਗਤਾਂ ਦੀ ਜਾਣਕਾਰੀ ਲਈ ਹਰ ਸਾਲ ਦੀ ਤਰ੍ਹਾਂ ਉਹ ਰੀਲੀਜ਼ ਕਰ ਦਿੱਤਾ ਗਿਆ। ਇਸ ਲਈ ਬਾਕੀ ਜਥੇਦਾਰਾਂ ਦੀ ਕੋਈ ਲੋੜ ਨਹੀਂ ਸੀ, ਕਿਉਂਕਿ ਪੰਜੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਵਲੋਂ ਸੋਧਾਂ ਨੂੰ ਪ੍ਰਵਾਨਗੀ ਮਿਲ ਚੁੱਕੀ ਸੀ।

ਪੁੱਛਿਆ ਗਿਆ ਕਿ ਜਥੇਦਾਰ ਨੰਦਗੜ੍ਹ ਨੇ ਤਾਂ ਸੋਧਾਂ ਦਾ ਵਿਰੋਧ ਕੀਤਾ ਤੇ ਅੱਜ ਤੱਕ ਵਿਰੋਧ ਕਰ ਰਹੇ ਹਨ। ਜਥੇਦਾਰ ਨੇ ਕਿਹਾ ਇਹ ਤਾਂ ਤੁਸੀਂ ਜਥੇਦਾਰ ਨੰਦਗੜ੍ਹ ਨੂੰ ਪੁੱਛੋ, ਕਿ ਉਹ ਵਿਰੋਧ ਕਰਦੇ ਹਨ ਜਾਂ ਨਹੀਂ ਪਰ ਸਾਡੇ ਕੋਲ ਉਨ੍ਹਾਂ ਦੀ ਸਹਿਮਤੀ ਦੇ ਦਸਖ਼ਤ ਮੌਜੂਦ ਹਨ। ਜਦੋਂ ਇਹ ਪੁੱਛਿਆ ਗਿਆ ਕਿ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਤੇ ਕਰਨੈਲ ਸਿੰਘ ਪੰਜੌਲੀ ਵਾਕ ਆਊਟ ਕਰ ਗਏ ਸਨ, ਤਾਂ ਉਸ ਸਮੇਂ, ਉਨ੍ਹਾਂ ਉਸ ਰੀਪੋਰਟ ਦੀ ਮੰਗ ਕੀਤੀ ਸੀ, ਜਿਸ ਵਿੱਚ ਹਰਨਾਮ ਸਿੰਘ ਧੁੰਮਾ ਤੇ ਅਵਤਾਰ ਸਿੰਘ ਮੱਕੜ ਵਲੋਂ ਕੈਲੰਡਰ ’ਤੇ ਕੀਤੇ ਗਏ ਕੰਮ ਜਾਂ ਖੋਜ ਦਾ ਵੇਰਵਾ ਹੋਵੇ ਕਿ ਉਨ੍ਹਾਂ ਕਿਸ ਆਧਾਰ ’ਤੇ ਤਰੀਖਾਂ ਨਿਸਚਤ ਕੀਤੀਆਂ ਹਨ। ਕੀ ਉਹ ਰੀਪੋਰਟ ਤੁਹਾਨੂੰ ਮਿਲ ਚੁੱਕੀ ਹੈ? ਜਥੇਦਾਰ ਨੇ ਗੱਲ ਬਦਲਦਿਆਂ ਕਿਹਾ ਕਿ ਦੋ ਮੀਟਿੰਗਾਂ ਹੋਈਆਂ ਸਨ, ਜਿਨ੍ਹਾਂ ਵਿੱਚ ਪ੍ਰਧਾਨ ਮੱਕੜ ਅਤੇ ਹਰਨਾਮ ਸਿੰਘ ਧੁੰਮਾ ਨੂੰ ਇਹ ਅਧਿਕਾਰ ਦਿੱਤੇ ਗਏ ਸਨ, ਕਿ ਉਹ ਆਪਸੀ ਸਹਿਮਤੀ ਨਾਲ ਜਰੂਰੀ ਸੋਧਾਂ ਕਰ ਸਕਦੇ ਹਨ। ਉਸ ਆਧਾਰ ’ਤੇ ਧੁੰਮਾ-ਮੱਕੜ ਕਮੇਟੀ ਨੇ ਇਹ ਸੋਧਾਂ ਕਰਨ ਲਈ ਸਿਫਾਰਸ਼ ਕਰਕੇ ਅਕਾਲ ਤਖ਼ਤ ਨੂੰ ਭੇਜਿਆ। ਪੰਜ ਸਿੰਘ ਸਾਹਿਬਾਨ ਨੇ ਇਸ ਨੂੰ ਪ੍ਰਵਾਨ ਕਰਕੇ ਕਾਰਜਕਾਰਨੀ ਕਮੇਟੀ ਨੂੰ ਭੇਜ ਦਿੱਤਾ। ਕਾਰਜਕਾਰਨੀ ਨੇ ਬਹੁਸੰਮਤੀ ਨਾਲ ਇਸ ਨੂੰ ਪ੍ਰਵਾਨ ਕਰਕੇ ਅਕਾਲ ਤਖ਼ਤ ’ਤੇ ਭੇਜ ਦਿੱਤਾ। ਅਕਾਲ ਤਖ਼ਤ ਨੇ ਸ਼੍ਰੋਮਣੀ ਕਮੇਟੀ ਨੂੰ ਛਾਪ ਕੇ ਵੰਡਣ ਲਈ ਹੁਕਮ ਕਰ ਦਿੱਤਾ।

ਅਗਲਾ ਸਵਾਲ ਪੁੱਛਿਆ ਗਿਆ ਕਿ ਪਿਛਲੇ ਦਿਨੀ ਅਕਾਲ ਤਖ਼ਤ ਵਲੋਂ ਡੀ.ਜੀ.ਪੀ. ਅਤੇ ਹੋਰਨਾਂ ਨੂੰ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਰੁਕਵਾਉਣ ਲਈ ਬੇਨਤੀ ਪੱਤਰ ਲਿਖਿਆ ਗਿਆ ਸੀ। ਕੀ ਇਸ ਨਾਲ ਅਕਾਲ ਤਖ਼ਤ ਦੀ ਸਰਬਉੱਚਤਾ ਨੂੰ ਧੱਕਾ ਨਹੀਂ ਲੱਗਾ? ਜਵਾਬ ਵਿੱਚ ਉਨ੍ਹਾਂ ਕਿਹਾ ਅਕਾਲ ਤਖ਼ਤ ਦੇ ਸਕੱਤਰ ਵਲੋਂ ਇਹ ਪੱਤਰ ਲਿਖਿਆ ਗਿਆ ਸੀ, ਪਰ ਇਹ ਬੇਨਤੀ ਨਹੀ ਤਾੜਨਾ ਕੀਤੀ ਗਈ ਸੀ ਕਿ ਜੇ ਪ੍ਰੋ: ਦਾ ਕੀਰਤਨ ਹੋਇਆ ਤਾਂ ਉਥੇ ਗੜਬੜ ਹੋ ਸਕਦੀ ਹੈ, ਜਿਸ ਦੀ ਜਿੰਮੇਵਾਰੀ ਤੁਹਾਡੀ ਹੋਵੇਗੀ।ਇਸ ਲਈ ਇਹ ਵੇਖੋ ਕਿ ਇਹ ਕੀਰਤਨ ਕਰਵਾਉਣਾ ਹੈ ਜਾਂ ਨਹੀਂ? ਪੁੱਛਿਆ ਗਿਆ ਕਿ ਲਿਖੇ ਗਏ ਪੱਤਰ ਦੀ ਸ਼ਬਦਾਵਲੀ ਤਾਂ ਤਾੜਨਾ ਵਾਲੀ ਨਹੀਂ ਉਸ ਵਿੱਚ ਤਾਂ ਉਨ੍ਹਾਂ ਲਈ ਬੜੇ ਸਤਿਕਾਰਯੋਗ ਸ਼ਬਦ ਵਰਤੇ ਗਏ ਹਨ ਤਾਂ ਜਥੇਦਾਰ ਨੇ ਕਿਹਾ ਕਿ ਉਹ ਡੀ.ਜੀ.ਪੀ ਹੈ ਹੋਰ ਉਸ ਨੂੰ ’ਓਇ’ ਕਰਕੇ ਸਬੋਧਨ ਕਰਨਾ ਸੀ। ਜਦੋਂ ਰੇਡੀਓ ਹੋਸਟ ਇਹ ਸਵਾਲ ਪੁੱਛਣ ਹੀ ਲੱਗੇ ਕਿ ਪੰਜਾਬ ਵਿੱਚ ਕਈ ਵਾਰ ਹਾਲਾਤ ਵਿਗੜੇ ਹਨ ਕੀ ਤੁਸੀਂ ਕਦੀ ਕਿਸੇ ਨੂੰ ਇਸ ਤਰ੍ਹਾਂ ਤਾੜਨਾ ਕੀਤੀ ਹੈ? ਜਵਾਬ ਦੇਣ ਤੋਂ ਅਸਮਰਥ ਜਥੇਦਾਰ ਨੇ ਫ਼ਤਹਿ ਬੁਲਾ ਕੇ ਫ਼ੋਨ ਕੱਟ ਦਿੱਤਾ।

ਇਸ ਉਪ੍ਰੰਤ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਆਪਣੇ ਵੀਚਾਰ ਦੱਸਣ ਲਈ ਕਿਹਾ, ਤਾਂ ਉਨ੍ਹਾਂ ਜੋਰਦਾਰ ਵਿਰੋਧ ਕਰਦਿਆਂ ਨਾਂਹ ਵਿੱਚ ਜਵਾਬ ਦਿੰਦਿਆਂ ਕਿਹਾ, ਕਿ ਸਨਮਾਨ ਯੋਗ ਸੰਗਤ ਨੂੰ ਅਪੀਲ ਕੀਤੀ ਜਾ ਸਕਦੀ ਹੈ, ਪਰ ਕਿਸੇ ਇੱਕ ਵਿਅਕਤੀ ਨੂੰ ਬੇਨਤੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਅਜੇ ਕੱਲ੍ਹ ਦੀ ਗੱਲ ਹੈ ਕਿ ਨਿਰੰਕਾਰੀ ਕਤਲ ਕਾਂਡ ਵਿੱਚ ਦਿੱਲੀ ਹਾਈ ਕੋਰਟ ਨੇ ਮੇਰੀ ਸਜਾ ਬਹਾਲ ਕਰ ਕੇ ਜਮਾਨਤ ਮਨਸੂਖ ਕਰ ਦਿੱਤੀ। ਮੈਨੂੰ ਬੜੇ ਈਸ਼ਾਰੇ ਕੀਤੇ ਗਏ ਕਿ ਤੁਸੀਂ ਰਾਸ਼ਟਰਪਤੀ ਨੂੰ ਸਜਾ ਮੁਆਫੀ ਲਈ ਅਪੀਲ ’ਤੇ ਦਸਖ਼ਤ ਕਰ ਦਿਓ, ਅਸੀਂ ਆਪੇ ਜਾ ਕੇ ਸਜਾ ਮੁਆਫ ਕਰਵਾ ਦੇਵਾਂਗੇ। ਮੈਂ ਉਨ੍ਹਾਂ ਨੂੰ ਸਾਫ ਕਹਿ ਦਿੱਤਾ ਸੀ- ਤੁਸੀਂ ਜਾਓ ਜਾਂ ਖਸਮਾਂ ਨੂੰ ਖਾਓ, ਮੈਂ ਅਕਾਲ ਤਖ਼ਤ ਦਾ ਜਥੇਦਾਰ ਹਾਂ, ਕਿਸੇ ਦੁਨੀਆਵੀ ਸ਼ਕਤੀ ਨੂੰ ਅਪੀਲ ਨਹੀਂ ਕਰਾਂਗਾ। ਉਨ੍ਹਾਂ ਦੱਸਿਆ ਕਿ ਇਕ ਵਾਰ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੂੰ ਵੀ ਅਦਾਲਤ ਵਲੋਂ ਸੰਮਨ ਜਾਰੀ ਹੋ ਗਏ ਸਨ ਉਨ੍ਹਾਂ ਵੀ ਅਦਾਲਤ ਵਿਚ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ ਸੀ।

ਉਨ੍ਹਾਂ ਬੜੀ ਦਰਦ ਭਰੀ ਆਵਾਜ਼ ਵਿੱਚ ਕਿਹਾ, ਕਿ ਇਨ੍ਹਾਂ ਜਥੇਦਾਰਾਂ ਨੇ ਗ੍ਰੰਥ ਤੇ ਪੰਥ ਦੀ ਧਾਰਣਾ ਦਾ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ। ਜਥੇਦਾਰ ਨੰਦਗੜ੍ਹ ਬਾਹਰ ਆ ਕੇ ਸੋਧਾਂ ਦਾ ਵਿਰੋਧ ਕਰਦਾ ਹੈ ਪਰ ਅੰਦਰ ਜਾ ਕੇ ਸਹਿਮਤੀ ਦੇ ਦਸਖ਼ਤ ਕਰ ਦਿੰਦਾ ਹੈ। ਹੁਣੇ ਹੀ ਗਿਆਨੀ ਗੁਰਬਚਨ ਸਿੰਘ ਕਹਿ ਕੇ ਗਿਆ ਕਿ ਧੁੰਮਾ-ਮੱਕੜ ਕਮੇਟੀ ਨੇ ਆਪਸੀ ਸਹਿਮਤੀ ਨਾਲ ਸੋਧਾਂ ਕੀਤੀਆਂ। ਉਨ੍ਹਾਂ ਪੁਛਿਆ ਕੀ ਧੁੰਮਾ ਜਾਂ ਮੱਕੜ ਨੂੰ ਕੈਲੰਡਰ ਬਾਰੇ ਕੋਈ ਸੋਝੀ ਹੈ? ਕੋਈ ਤਾਰਾਮੰਡਲ ਦੀ ਸੋਝੀ ਹੈ? ਕੋਈ ਇਤਿਹਾਸ ਦੀ ਸੋਝੀ ਹੈ? ਉਨ੍ਹਾਂ ਨੂੰ ਅਧਿਕਾਰ ਦੇਣ ਵਾਲੇ ਕੌਣ ਹਨ? ਇਨ੍ਹਾਂ ਕੀ ਤਮਾਸ਼ਾ ਬਣਾ ਰੱਖਿਆ ਹੈ ਕਿ ਇਕ ਨੇ ਦੂਜੇ ਨੂੰ ਅਧਿਕਾਰ ਦੇ ਦਿੱਤੇ, ਦੂਜੇ ਨੇ ਗ੍ਰੰਥੀਆਂ ਕੋਲ ਪ੍ਰਵਾਨਗੀ ਲਈ ਭੇਜ ਦਿੱਤੇ, ਗੰ੍ਰਥੀਆਂ ਨੇ ਪ੍ਰਵਾਨ ਕਰਕੇ ਵਾਪਸ ਭੇਜ ਦਿੱਤੇ ਤੇ ਜਥੇਦਾਰ ਨੇ ਐਲਾਨ ਕਰ ਦਿੱਤਾ ਕਿ ਸੋਧਾਂ ਸਰਬ ਪ੍ਰਵਾਨਤ ਹਨ, ਕਿਧਰੇ ਇਕੱਲਾ ਮੱਕੜ ਹੀ ਐਲਾਨ ਕਰ ਦਿੰਦਾ ਹੈ। ਇਹ ਮੀਟਿੰਗਾਂ ਆਪ ਹੀ ਕਰਦੇ ਰਹਿੰਦੇ ਹਨ ਜਾਂ ਕਦੀ ਕਰਨਲ ਸੁਰਜੀਤ ਸਿੰਘ ਨਿਸ਼ਾਨ ਜਾਂ ਹੋਰ ਕਿਸੇ ਵਿਦਵਾਨ ਨਾਲ ਵੀ ਕਦੀ ਸਲਾਹ ਕੀਤੀ ਹੈ? ਜਿਸ ਨੈ ਕੈਲੰਡਰ ਬਣਾਇਆ ਉਸ ਦੀ ਵੀ ਕਦੀ ਸਲਾਹ ਲਈ ਹੈ। ਉਨ੍ਹਾਂ ਕਿਹਾ ਕਿ ਜਿਹੜਾ ਬਾਦਲ ਸਿੱਖਾਂ ਦੇ ਸ਼ਾਨਾਂਮੱਤੇ ਇਤਿਹਾਸ ਨਾਲ ਟਿੱਚਰਾਂ ਕਰ ਰਿਹਾ ਹੈ ਇਸ ਨੂੰ ਦੇਣੀਆਂ ਪੈਣਗੀਆਂ।

ਜਦੋਂ ਇਹ ਪੁੱਛਿਆ ਗਿਆ, ਕਿ ਕੀ ਤੁਸੀਂ ਸਮਝਦੇ ਹੋ ਕਿ ਅਕਾਲ ਤਖ਼ਤ ਦੇ ਕੰਮਾਂ ਵਿੱਚ ਆਰ.ਐੱਸ.ਐੱਸ ਦੀ ਦਖ਼ਲਅੰਦਾਜ਼ੀ ਹੈ ਤਾਂ ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ ਕੋਲ ਇਹ ਪੂਰੀ ਤਰ੍ਹਾਂ ਵਿੱਕ ਚੁੱਕੇ ਹਨ। ਆਰ.ਐੱਸ.ਐੱਸ ਦੀ ਕਿਰਪਾ ਨਾਲ ਬਾਦਲ ਦਾ ਰਾਜ ਭਾਗ ਹੈ। ਆਰ.ਐੱਸ.ਐੱਸ ਤੋਂ ਵੱਖਰਾ ਇਨ੍ਹਾਂ ਕੋਲ ਹੈ ਹੀ ਕੁਝ ਨਹੀਂ। ਆਰ.ਐੱਸ.ਐੱਸ ਦੇ ਮੁਖੀ ਦਾ ਹੈੱਡ ਕੁਆਟਰ ਨਾਗਪੁਰ ਵਿੱਚ ਹੈ, ਕਦੀ ਅੰਮ੍ਰਿਤਸਰ ਜਥੇਦਾਰਾਂ ਕੋਲ ਨਹੀਂ ਆਇਆ, ਇਹ ਸਾਰੇ ਉੱਥੇ ਹਾਜ਼ਰੀਆਂ ਭਰਦੇ ਹਨ, ਜਿਸ ਦੇ ਸਬੂਤ ਮੌਜੂਦ ਹਨ, ਇਹ ਉਸ ਦੀਆਂ ਹਾਜ਼ਰੀਆਂ ਇਸ ਲਈ ਭਰਦੇ ਹਨ, ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਆਰ.ਐੱਸ.ਐੱਸ ਦਾ ਮੁਖੀ ਧੱਕੇ ਨਾਲ ਜਥੇਦਾਰ ਲਵਾ ਸਕਦਾ ਹੈ, ਤਾਂ ਕੀ ਇਹ ਦਖ਼ਲਅੰਦਾਜ਼ੀ ਨਹੀਂ ਹੈ? ਰਾਮ ਰਹੀਮ ਵਿਰੁਧ 12-12 ਹੁਕਮਨਾਮੇ ਜਾਰੀ ਹੁੰਦੇ ਹਨ, ਉਨ੍ਹਾਂ ਵਿਚੋਂ ਇਕ ਵੀ ਲਾਗੂ ਨਹੀਂ ਹੋਇਆ। ਕਦੀ ਇਹ ਨਾਨਕਸ਼ਾਹੀ ਕੈਲੰਡਰ ਰੱਦ ਕਰਦੇ ਹਨ, ਕਦੀ ਸੋਧਾਂ ਵਾਲਾ ਕੈਲੰਡਰ ਲਾਗੂ ਕਰਵਾਉਣ ਲਈ 10-10 ਹੁਕਮਨਾਮੇ ਜਾਰੀ ਕਰਦੇ ਹਨ। ਇਨ੍ਹਾਂ ਨੂੰ ਪੁੱਛੋ ਸੋਧਾਂ ਕਿਸੇ ਨੇ ਕੀਤੀਆਂ, ਉਨ੍ਹਾਂ ਕੋਲ ਸੋਧਾਂ ਦੇ ਕੀ ਅਧਿਕਾਰ ਹਨ, ਕਦੀ ਕੈਲੰਡਰ ਦੇ ਮਾਹਰਾਂ ਨਾਲ ਜਾਂ ਜਿਨ੍ਹਾਂ ਨੇ ਕੈਲੰਡਰ ਬਣਾਇਆ ਉਨ੍ਹਾਂ ਨਾਲ ਸਲਾਹ ਕੀਤੀ?

ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਦ ਆਪਣੇ ਵੀਚਾਰ ਦੱਸਣ ਲਈ ਕਿਹਾ ਗਿਆ, ਤਾਂ ਉਨ੍ਹਾਂ ਕਿਹਾ ਕਿ ਅੱਜ ਤੱਕ ਦੇ ਇਤਿਹਾਸ ਵਿੱਚ ਕਦੀ ਵੀ ਅਕਾਲ ਤਖ਼ਤ ਵਲੋਂ ਕਿਸੇ ਇਕ ਵਿਅਕਤੀ ਅੱਗੇ ਬੇਨਤੀ ਨਹੀਂ ਕੀਤੀ। ਕੀਰਤਨ ਰੁਕਵਾਉਣ ਲਈ ਪੁਲਿਸ ਅਫਸਰਾਂ ਨੂੰ ਚਿੱਠੀ ਲਿਖਣ ਨਾਲ ਅਕਾਲ ਤਖ਼ਤ ਦੀ ਸਿਰਮੌਰਤਾ ਨੂੰ ਧੱਕਾ ਲੱਗਾ ਹੈ। ਸੋਧਾਂ ਦੇ ਸਬੰਧ ਵਿੱਚ ਉਨ੍ਹਾਂ ਦੱਸਿਆ ਕਿ 22 ਅਪ੍ਰੈਲ 2008 ਨੂੰ ਉਨ੍ਹਾਂ ਨੇ ਇੱਕ ਚਿੱਠੀ ਕੱਢੀ ਸੀ ਕਿ ਕੈਲੰਡਰ ਵਿੱਚ ਜੇ ਕੋਈ ਇਤਿਹਾਸਕ, ਧਾਰਮਿਕ ਜਾਂ ਵਿਗਿਆਨਕ ਤੌਰ ’ਤੇ ਊਣਤਾਈ ਹੈ ਤਾਂ ਲਿਖਤੀ ਸੁਝਾਅ ਭੇਜੇ ਜਾਣ ਪਰ ਉਨ੍ਹਾਂ ਦੇ ਅਹੁੱਦੇ ’ਤੇ ਰਹਿਣ ਤੱਕ ਕੋਈ ਸੁਝਾਅ ਨਹੀਂ ਸੀ ਆਇਆ। ਪਾਲ ਸਿੰਘ ਪੁਰੇਵਾਲ ਨੂੰ ਆਰ.ਐੱਸ.ਐੱਸ ਦਾ ਏਜੰਟ ਕਹੇ ਜਾਣ ਨੂੰ ਉਨ੍ਹਾਂ ਬੜਾ ਹਾਸੋਹੀਣਾ ਦੱਸਦਿਆਂ ਕਿਹਾ, ਕਿਸ ਕਿਸ ਨੂੰ ਆਰ.ਐੱਸ.ਐੱਸ ਦੇ ਏਜੰਟ ਕਹੀਏ, ਫਿਰ ਤਾਂ ਸਾਰੀ ਸ਼੍ਰੋਮਣੀ ਕਮੇਟੀ ਹੀ ਏਜੰਟ ਹੋਈ. ਕਿਉਂਕਿ ਜਨਰਲ ਹਾਊਸ ਨੇ ਸਰਬਸੰਮਤੀ ਨਾਲ ਕੈਲੰਡਰ ਨੂੰ ਪ੍ਰਵਾਨ ਕੀਤਾ, ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਪੁਰੇਵਾਲ ਨੂੰ ਸਨਮਾਨਤ ਕੀਤਾ ਸਾਰੀ ਕਮੇਟੀ ਦਾ ਧੰਨਵਾਦ ਕੀਤਾ, ਫਿਰ ਤਾਂ ਇਹ ਸਾਰੇ ਹੀ ਆਰ.ਐੱਸ.ਐੱਸ ਦੇ ਏਜੰਟ ਹੋਏ। ਗੈਰਸਿਧਾਂਤਕ ਸੋਧਾਂ ਕਰਕੇ ਕੌਮ ਨੂੰ ਦੁਬਿਧਾ ਵਿਚ ਪਾ ਦਿੱਤਾ ਹੈ, ਕਿ ਇਹ ਵੀ ਅਕਾਲ ਤਖ਼ਤ ਤੋਂ ਲਾਗੂ ਹੋਇਆ ਉਹ ਵੀ ਅਕਾਲ ਤਖ਼ਤ ਤੋਂ ਲਾਗੂ ਕੀਤਾ ਗਿਆ ਫਿਰ ਕਿਸ ਨੂੰ ਮੰਨਿਆ ਜਾਵੇ ਅਖੀਰ ’ਤੇ ਉਨ੍ਹਾਂ ਕੌਮ ਨੂੰ ਸੰਦੇਸ਼ ਦਿੱਤਾ ਕਿ 2003 ਵਿਚ ਜਿਸ ਕੈਲੰਡਰ ਨੂੰ ਅਕਾਲ ਤਖ਼ਤ ਤੇ ਸਮੁਚੇ ਜਨਰਲ ਹਾਊਸ ਨੇ ਪਾਸ ਕੀਤਾ ਉਸ ਨੂੰ ਹੀ ਮੰਨਣਾ ਚਾਹੀਦਾ ਹੈ।

ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸ. ਤਰਲੋਚਨ ਸਿੰਘ ਨੇ ਕਿਹਾ ਕਿ ਇਹ ਚਰਚਾ ਹੁਣ ਬੰਦ ਹੋਣੀ ਚਾਹੀਦੀ ਹੈ, ਕਿ ਪਹਿਲਾ ਕੈਲੰਡਰ ਕਿਸ ਕਿਸ ਨੇ ਬਣਾਇਆ ਤੇ ਕਿਸ ਨੇ ਪਾਸ ਕੀਤਾ ਅਤੇ ਗੈਰਸਿਧਾਂਤਕ ਸੋਧਾਂ ਕਰਵਾਉਣ ਲਈ ਕੌਣ ਜਿੰਮੇਵਾਰ ਹੈ, ਕਿਉਂਕਿ ਹੁਣ ਤੱਕ ਸਭ ਨੂੰ ਪਤਾ ਲੱਗ ਚੁੱਕਾ ਹੈ। ਇਸ ਦੀ ਬਜ਼ਾਏ ਇਹ ਨਿਰਣਾ ਕਰਨਾ ਚਾਹੀਦਾ ਹੈ ਕਿ ਇਸ ਗਲਤ ਨਿਜ਼ਾਮ ਨੂੰ ਬਦਲਣਾ ਕਿਸ ਤਰ੍ਹਾਂ ਹੈ। ਇਸ ਦੇ ਸੁਝਾਓ ਵਜੋਂ ਉਨ੍ਹਾਂ ਕਿਹਾ ਕਿ ਪਹਿਲਾ ਨਿਰਨਾ ਤਾਂ ਇਹ ਹੋਣਾ ਚਾਹੀਦਾ ਹੈ, ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣ ਵਾਲੀਆਂ ਹਨ, ਉਸ ਵਿੱਚ ਬਾਦਲ ਦਲ ਦੇ ਸਾਰੇ ਉਮੀਦਾਰ ਹਰਾਏ ਜਾਣ ਸੁਧਾਰ ਲਈ ਅਗਲਾ ਕੋਈ ਕਦਮ ਫਿਰ ਹੀ ਪੁੱਟਿਆ ਜਾ ਸਕਦਾ ਹੈ, ਉਤਨੀ ਦੇਰ ਕੁਝ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਚਰਚਾ ਕਰਨ ਦਾ ਕੋਈ ਲਾਭ ਹੈ।

ਪਾਲ ਸਿੰਘ ਪੁਰੇਵਾਲ ਨੇ ਕਿਹਾ ਕਿ ਜਿਹੜੇ ਲੋਕ 2003 ਤੋਂ ਵਿਰੋਧ ਕਰਦੇ ਆ ਰਹੇ ਸਨ, ਕਿ ਸੰਗ੍ਰਾਂਦਾ ਬਦਲ ਦਿਤੀਆਂ ਗਈਆਂ ਹਨ, ਉਨ੍ਹਾਂ ਨੂੰ ਇਸ ਦੀ ਸੋਝੀ ਹੀ ਨਹੀਂ ਕਿ ਜਿਹੜੀਆਂ ਸੰਗ੍ਰਾਂਦਾਂ ਇਨ੍ਹਾਂ ਨੇ ਹੁਣ ਅਪਣਾਈਆਂ ਹਨ ਉਹ, ਉਹ ਨਹੀਂ ਜਿਹੜੀਆਂ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਵਰਤੀਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ 11 ਪੰਨਿਆਂ ਦੇ ਪੱਤਰ ਵਿੱਚ ਵਿਸਥਾਰ ਨਾਲ ਇਨ੍ਹਾਂ ਦੇ ਹਰ ਸਵਾਲ ਦਾ ਉੱਤਰ ਦੇ ਕੇ ਦੱਸਿਆ ਸੀ, ਕਿ ਬਿਕ੍ਰਮੀ ਕੈਲੰਡਰ ਵਿਚ ਕੀ ਕੀ ਊਣਤਾਈਆਂ ਹਨ, ਤੇ ਜੇ ਇਸੇ ਨਾਲ ਜੁੜੇ ਰਹੇ ਤਾਂ 2999 ਤੱਕ ਅੱਜ ਦੀਆਂ ਸੰਗ੍ਰਾਂਦਾਂ ਨਾਲਂ ਦੋ ਦੋ ਹਫਤੇ ਦਾ ਫਰਕ ਪੈ ਜਾਵੇਗਾ। ਪਰ ਇਸ ਗੱਲ ਦੀ ਇਨ੍ਹਾਂ ਨੂੰ ਸਮਝ ਤਾਂ ਹੀ ਆਵੇ ਜੇ ਇਨ੍ਹਾਂ ਨੂੰ ਕੋਈ ਸੋਝੀ ਹੋਵੇ। ਉਨ੍ਹਾਂ ਕਿਹਾ ਕੈਲੰਡਰ ਤਾਂ ਇਹ ਪਹਿਲਾਂ ਹੀ ਛਪਵਾਈ ਬੈਠੇ ਸਨ, ਗੱਲਬਾਤ ਲਈ ਤਾਂ ਸਿਰਫ ਇਸ ਕਰਕੇ ਕਹਿ ਰਹੇ ਸਨ, ਕਿਉਂਕਿ ਇਨ੍ਹਾਂ ਨੂੰ ਯਕੀਨ ਸੀ ਕਿ ਪੁਰੇਵਾਲ ਨੇ ਆਉਣਾ ਨਹੀਂ, ਪਰ ਮੇਰੇ ਪਹੁੰਚਣ ’ਤੇ ਵੀਚਾਰ ਕਰਨ ਦੇ ਸਾਰੇ ਦਰਵਾਜ਼ੇ ਬੰਦ ਕਰਦਿਆਂ ਬੜੀ ਕਾਹਲੀ ਵਿੱਚ ਕੈਲੰਡਰ ਰਲੀਜ਼ ਕਰ ਦਿੱਤਾ।

ਅੰਮ੍ਰਿਤਸਰ ਤੋਂ ਇੱਕ ਪੱਤਰਕਾਰ ਨੂੰ ਲਾਈਨ ’ਤੇ ਲੈ ਕੈ ਉਨ੍ਹਾਂ ਨੂੂੰ ਪੁਛਿਆ ਗਿਆ ਕਿ ਜਥੇਦਾਰ ਮੁੱਕਰ ਰਹੇ ਹਨ, ਕਿ ਉਨ੍ਹਾਂ ਕਿਸੇ ਦਾ ਨਾਮ ਲੈ ਕੇ ਆਰ.ਐੱਸ.ਐੱਸ ਦਾ ਏਜੰਟ ਨਹੀਂ ਕਿਹਾ। ਤੁਸੀ ਦੋਵੇਂ ਕਾਨਫਰੰਸਾਂ ਵਿੱਚ ਮੌਜੂਦ ਸੀ ਤੁਸੀ ਦੱਸੋ ਕਿ ਅਸਲੀਅਤ ਕੀ ਹੈ, ਤਾਂ ਉਨ੍ਹਾਂ ਕਿਹਾ ਕਿ ਇਹ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਸੁਭਾਅ ਵਿੱਚ ਹੈ, ਕਿ ਉਹ ਗੱਲ ਕਹਿ ਕੇ ਬੜੀ ਜਲਦੀ ਮੁੱਕਰ ਜਾਂਦੇ ਹਨ। ਉਨ੍ਹਾਂ ਮਿਸਾਲ ਦਿੰਦੇ ਹੋਏ ਦੱਸਿਆ, ਕਿ ਪਹਿਲਾਂ ਇਨ੍ਹਾਂ ਬਿਆਨ ਦਿੱਤਾ ਕਿ ਇੰਗਲੈਂਡ ਤੋਂ ਲਿਆਂਦੀ ਗਈ ਕਲਗੀ ਅਸਲੀ ਹੈ, ਪਰ ਨਕਲੀ ਸਿੱਧ ਹੋਣ ’ਤੇ ਖਿਸਿਆਣਾ ਜਿਹੀ ਹਾਸੀ ਹੱਸ ਕੇ ਕਹਿ ਦਿੱਤਾ, ਕਿ ਮੈਂ ਤਾਂ ਕਦੀ ਕਿਹਾ ਹੀ ਨਹੀਂ ਕਿ ਇਹ ਅਸਲੀ ਹੈ। 2009 ਦੀ ਦੀਵਾਲੀ ਨੂੰ ਪੰਜੇ ਜਥੇਦਾਰ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਨ ਲਈ ਸਾਰਾ ਦਿਨ ਝੂਝਦੇ ਰਹੇ, ਪਰ ਇਸ ਨੇ ਬਾਹਰ ਆ ਕੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਬੰਧੀ ਕੋਈ ਵੀਚਾਰ ਹੀ ਨਹੀਂ ਹੋਈ। ਪ੍ਰੋ. ਦਰਸ਼ਨ ਸਿੰਘ 3 ਘੰਟੇ ਅਕਾਲ ਤਖ਼ਤ ’ਤੇ ਬੈਠੇ ਇਨ੍ਹਾਂ ਨੂੰ ਉਡੀਕਦੇ ਰਹੇ, ਪਰ ਉਨ੍ਹਾਂ ਦੇ ਜਾਣ ਤੋਂ ਬਾਅਦ, ਇਸ ਨੇ ਆ ਕੇ ਝੂਠ ਬੋਲਿਆ, ਕਿ ਸਿੰਘ ਸਾਹਿਬਾਨ ਉਨ੍ਹਾਂ ਨੂੰ ਅਕਾਲ ਤਖ਼ਤ ’ਤੇ ਉਡੀਕਦੇ ਰਹੇ, ਪਰ ਦਰਸ਼ਨ ਸਿੰਘ ਆਇਆ ਹੀ ਨਹੀਂ। ਅਰਦਾਸਾਂ ਕਰਕੇ ਇਹ ਮੁੱਕਰ ਜਾਂਦੇ ਹਨ। ਇਨ੍ਹਾਂ ਦਾ ਕਿਹੜਾ ਕਿਹੜਾ ਝੂਠ ਦੱਸੀਏ, ਗਿਣਤੀ ਮੁੱਕ ਸਕਦੀ ਹੈ ਪਰ ਇਨ੍ਹਾਂ ਦੇ ਝੂਠ ਦੀ ਗਿਣਤੀ ਨਹੀਂ ਮੁੱਕ ਸਕਦੀ। ਜਿਹੜੇ ਜਥੇਦਾਰ ਜੈਕਾਰੈ ਛੱਡਣੇ ਭੁੱਲ ਸਕਦੇ ਹਨ ਉਨ੍ਹਾਂ ਨੂੰ ਝੂਠ ਮਾਰਨਾ ਕੋਈ ਵੱਡੀ ਗੱਲ ਨਹੀਂ ਹੈ।

ਇਸ ਉਪ੍ਰੰਤ ਸ੍ਰੋਤਿਆਂ ਦੇ ਵੀਚਾਰ ਜਾਨਣ ਲਈ ਫ਼ੋਨ ਲਾਈਨਾਂ ਖੋਲ੍ਹੀਆਂ ਗਈਆਂ, ਤਾਂ ਇਕ ਕਾਲਰ ਨੇ ਕਿਹਾ ਕਿ ਹਰੀ ਸਿੰਘ ਰੰਧਾਵਾ ਤੇ ਕਰਨਲ ਨਿਸ਼ਾਨ ਇਸੇ ਪ੍ਰੋਗਰਾਮ ਵਿੱਚ ਏਅਰ ’ਤੇ ਕਹਿ ਕੇ ਗਏ ਸਨ ਕਿ ਪੁਰੇਵਾਲ ਨੇ ਇਤਿਹਾਸ ਦੀਆਂ ਤਰੀਖਾਂ ਬਦਲ ਕੇ ਮਿਥਿਹਾਸ ਬਣਾ ਦਿੱਤਾ ਹੈ। ਉਹ ਦੱਸਣ ਕਿ ਕਿ ਇਨ੍ਹਾਂ ਨੇ ਸੰਗ੍ਰਾਂਦਾਂ ਤਾਂ ਬਦਲ ਦਿੱਤੀਆਂ, ਪਰ ਇਤਿਹਾਸਕ ਤਰੀਖਾਂ ਪੁਰੇਵਾਲ ਵਾਲੀਆਂ ਹੀ ਰੱਖ ਲਈਆਂ ਜਿਹੜੀਆਂ ਇਨ੍ਹਾਂ ਦੇ ਸੋਧੇ ਕੈਲੰਡਰ ਅਨੁਸਾਰ ਸਾਰੀਆਂ ਦੀਆਂ ਸਾਰੀਆਂ ਬਦਲ ਗਈਆਂ। ਉਨ੍ਹਾਂ ਕਿਹਾ ਸਾਰੀਆਂ ਤਰੀਖਾਂ ਤਾਂ ਯਾਦ ਨਹੀਂ ਰਹਿੰਦੀਆਂ, ਪਰ ਕੁਝ ਕੁ ਜੋ ਯਾਦ ਹਨ ਉਹ ਇਹ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 11 ਮੱਘਰ ਦਾ ਹੈ। ਇਨ੍ਹਾਂ ਸੋਧ ਕਰਦੇ ਸਮੇਂ ਪੁਰੇਵਾਲ ਦੇ ਕੈਲੰਡਰ ਵਿੱਚੋਂ 24 ਨਵੰਬਰ ਰੱਖ ਲਈ ਇਨ੍ਹਾਂ ਦੇ ਕੈਲੰਡਰ ਅਨੁਸਾਰ ਉਸ ਦਿਨ 9 ਮੱਘਰ ਹੈ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 8 ਪੋਹ ਨੂੰ ਹੋਈ ਸੀ ਪਰ ਇਨ੍ਹਾਂ ਨੇ 21 ਦਸੰਬਰ ਲਿਖ ਦਿੱਤੀ ਜਿਸ ਮੁਤਾਬਕ 6 ਪੋਹ ਬਣਦੀ ਹੈ। ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 13 ਪੋਹ ਨੂੰ ਹੋਈ ਸੀ ਪਰ ਇਨ੍ਹਾਂ ਦੇ ਕੈਲੰਡਰ ਵਿੱਚ 26 ਦਸੰਬਰ ਦਰਜ਼ ਹੈ ਜਿਸ ਮੁਤਾਬਕ 11 ਪੋਹ ਬਣਦੀ ਹੈ। ਇਸ ਤਰ੍ਹਾਂ ਸਾਰੇ ਇਤਿਹਾਸ ਨੂੰ ਇਨ੍ਹਾਂ ਨੇ ਮਿਥਿਹਾਸ ਬਣਾ ਕੇ ਰੱਖ ਦਿੱਤਾ ਹੈ। ਪਿਛਲੇ ਸਾਲ ਆਪਣੇ ਹੀ ਸੋਧੇ ਕੈਲੰਡਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 24 ਨਵੰਬਰ ਸੀ। ਮੌਕੇ ’ਤੇ ਬਦਲ ਕੇ ਚੰਦਰਮਾ ਦੇ ਹਿਸਾਬ 5 ਮਾਘ ਕਰ ਦਿੱਤਾ ਪਰ ਹੁਣ 2011 ਵਿੱਚ ਫਿਰ 24 ਨਵੰਬਰ ਕਰ ਦਿੱਤਾ ਤਾਂ ਹੁਣ ਕਿਹੜੀ ਬਿੱਲੀ ਛੂਅ ਗਈ ਕਿ ਫਿਰ ਸੂਰਜੀ ਹਿਸਾਬ ਨਾਲ ਕਰ ਦਿੱਤਾ। ਇਕ ਗੁਰਪੁਰਬ ਚੰਦ੍ਰਮਾ ਦੇ ਹਿਸਾਬ ਤੇ ਦੂਜਾ ਸੂਰਜੀ ਸਿਧਾਂਤ ਨਾਲ ਕਰਨ ਨਾਲ ਕਿਹੜੀ ਸੋਧ ਹੋਈ ਹੈ? ਉਨ੍ਹਾਂ ਕਿਹਾ ਹਰੀ ਸਿੰਘ ਰੰਧਾਵਾ ਤੇ ਕਰਨਲ ਨਿਸ਼ਾਨ ਜਾਂ ਤਾਂ ਇਸ ਸੋਧੇ ਹੋਏ ਕੈਲੰਡਰ ਨੂੰ ਗਲਤ ਕਹਿਣ ਜਾਂ ਏਅਰ ’ਤੇ ਆ ਕੇ ਸਾਡੇ ਸਵਾਲਾਂ ਦਾ ਜਵਾਬ ਦੇਣ।

ਇੱਕ ਕਾਲਰ ਨੇ ਕਿਹਾ ਨਾਨਕਸ਼ਾਹੀ ਕੈਲੰਡਰ ਨੂੰ ਸ. ਪੁਰੇਵਾਲ ਨੇ ਬਣਾਇਆ ਸੀ, ਇਸ ਲਈ ਸੋਧ ਵੀ ਉਹੀ ਕਰ ਸਕਦੇ ਹਨ। ਦੂਜਾ ਕੋਈ ਸੋਧ ਨਹੀਂ ਕਰ ਸਕਦਾ, ਜੇ ਉਹ ਕੋਈ ਸੋਧ ਕਰਨਾ ਚਾਹੁੰਦੇ ਹਨ ਤਾਂ ਆਪਣਾ ਨਵਾਂ ਬਣਾਉਣ। ਇਸ ਸਬੰਧੀ ਪੁਰੇਵਾਲ ਸਾਹਿਬ ਕਾਨੂਨੀ ਸਲਾਹ ਲੈ ਕੇ ਕੋਈ ਕਾਰਵਾਈ ਕਰਨ। ਇਕ ਨੇ ਕਿਹਾ ਕਿ ਹਰੀ ਸਿੰਘ ਰੰਧਾਵਾ ਤੇ ਕਰਨਲ ਇਥੇ ਵਾਅਦਾ ਕਰਕੇ ਗਏ ਸਨ, ਕਿ ਪੁਰੇਵਾਲ ਭਾਰਤ ’ਚ ਆਉਣ ਤਾਂ ਅਕਾਲ ਤਖ਼ਤ’ਤੇ ਬੈਠ ਕੇ ਉਨ੍ਹਾਂ ਨਾਲ ਸਲਾਹ ਕਰਕੇ ਜਰੂਰੀ ਸੋਧ ਕਰਨਗੇ, ਹੁਣ ਉਨਾਂ ਨੂੰ ਪੁਛਿਆ ਜਾਵੇ ਕਿ ਪੁਰੇਵਾਲ ਤਾਂ ਉਥੇ ਪਹੁੰਚ ਗਏ ਹਨ, ਅਕਾਲ ਤਖ਼ਤ ਦਾ ਜਥੇਦਾਰ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਕਿਉਂ ਭੱਜ ਰਹੇ ਹਨ। ਬਾਕੀ ਹੋਰ ਵੀ ਕਈ ਕਾਲਰਾਂ ਨੇ ਇਨ੍ਹਾਂ ਦੇ ਝੂਠ ’ਤੇ ਗਹਿਰੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਕੌਮ ਨੂੰ ਨਮੋਸ਼ੀ ਦਿਵਾਉਣ ਦਾ ਲੱਕ ਬੰਨ੍ਹਿਆ ਹੋਇਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top