Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਭਾਵ ਅਰਥਾਂ ਨੂੰ ਸਮਝਣ ਦੀ ਲੋੜ: ਪ੍ਰੋ. ਗੁਰਬਚਨ ਸਿੰਘ ਥਾਈਲੈਂਡ

ਬੀਤੇ ਦਿਨੀਂ ਪ੍ਰੋ: ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਆਪਣੀ ਇਟਲੀ ਦੀ ਪ੍ਰਚਾਰ ਫੇਰੀ ਦੌਰਾਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਸਨ ਬੋਨੀਫਾਚੋ (ਵੇਰੋਨਾ, ਇਟਲੀ) ਵਿਖੇ ਹਫਤਾਵਾਰੀ ਦੀਵਾਨ ਦੌਰਾਨ ਲਗਭਗ 2 ਘੰਟੇ ਸ਼ਬਦ ਦੀ ਵੀਚਾਰ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1266 ਵਿਚ ਦਰਜ ਸ਼ਬਦ:

ਰਾਗੁ ਮਲਾਰ ਮਹਲਾ 5 ਚਉਪਦੇ ਘਰੁ 1
ੴ ਸਤਿਗੁਰ ਪ੍ਰਸਾਦਿ ॥
ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ॥ ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ॥1॥ ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥ ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥1॥ ਰਹਾਉ ॥ ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ॥ ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ॥2॥ ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ॥ ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ॥3॥ ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ॥ ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ॥4॥1॥

ਦੀ ਵੀਚਾਰ ਸੰਗਤ ਵਿਚ ਰੱਖੀ ਗਈ, ਉਪਰੰਤ, ਪਹਿਲਾਂ ਇਸ ਸ਼ਬਦ ਦੇ ਅੱਖਰੀ ਅਰਥ ਕੀਤੇ ਗਏ, ਅਤੇ ਫਿਰ ਇਸ ਸ਼ਬਦ ਦੇ ਭਾਵ ਅਰਥਾਂ ਦੀ ਵੀਚਾਰ ਸਾਂਝੀ ਕੀਤੀ ਗਈ। ਵਿਆਖਿਆ ਬਹੁਤ ਹੀ ਸਰਲ ਅਤੇ ਹਰ ਵਿਅਕਤੀ (ਛੋਟੇ ਤੋਂ ਲੈ ਕੇ ਵੱਡੀ ਉਮਰ ਦੇ) ਨੂੰ ਸਮਝ ਆਉਣ ਵਾਲੀ ਕੀਤੀ ਗਈ। ਇਸ ਸ਼ਬਦ ਦੀ ਇੱਕ-2 ਪੰਕਤੀ ਦੀ ਡੁੰਘਾਈ ਵਿੱਚ ਜਾਂਦਿਆਂ ਸ਼ਬਦ ਦੀਆਂ ਰਹਾਓ ਦੀਆਂ ਪੰਕਤੀਆਂ ਦੀ ਮਹੱਤਤਾ ਦੱਸੀ ਗਈ, ਅਤੇ ਦੱਸਿਆ ਗਿਆ ਕਿ ਕਿਵੇਂ ਅੱਖਰੀ ਅਰਥਾਂ ਨੂੰ ਨਹੀਂ, ਬਲਕਿ ਭਾਵ ਅਰਥਾਂ ਦੀ ਗਹਰਾਈ ਵਿੱਚ ਜਾਂਦਿਆਂ, ਗੁਰਬਾਣੀ ਦੀ ਵਡਮੁੱਲੀ ਦਾਤ ਦਾ ਅਹਿਸਾਸ ਹੁੰਦਾ ਹੈ। ਸ਼ਬਦ ਦੇ ਭਾਵ ਅਰਥਾਂ ਨੂੰ ਸਮਝਦਿਆਂ, ਇਹ ਮਹਿਸੂਸ ਹੁੰਦਾ ਹੈ, ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਹਰ ਮਨੁੱਖ ਪ੍ਰਤੀ, ਅਤੇ ਸਮੇਂ ਦੇ ਹਰ ਪਹੀਏ ਤੇ ਢੁੱਕਦੀ ਹੈ, ਤੇ ਸਮੇਂ ਦਾ ਉਹ ਪਹੀਆ ਭਾਵੇਂ ਅੱਜ ਦਾ ਹੋਵੇ, ਸੌ ਸਾਲ ਪੁਰਾਣਾ ਹੋਵੇ, ਜਾਂ ਆਉਣ ਵਾਲੇ ਸੌ, ਹਜਾਰਾਂ, ਲੱਖਾਂ-ਕਰੋੜਾਂ ਸਾਲ ਦਾ ਹੋਵੇ, ਪਰ ਗੁਰਬਾਣੀ ਦੀ ਵੀਚਾਰਧਾਰਾ, ਹਰ ਵਕਤ ਮਨੁੱਖ ਨੂੰ ਉਪਦੇਸ਼ ਦਿੰਦੀ ਹੈ। ਅੱਜ ਲੋੜ ਹੈ, ਸਿੱਖੀ ਨੂੰ ਇਸ ਤਰਾਂ ਦੇ ਪ੍ਰਚਾਰ ਦੀ, ਜਦ ਹਰ ਕੋਈ ਗੁਰਬਾਣੀ ਦੇ ਸ਼ਬਦ ਦੀ ਵੀਚਾਰ ਕਰੇ, ਪੜੇ ਅਤੇ ਸਮਝਦਿਆਂ ਆਪਣੇ ਜੀਵਨ ਵਿੱਚ ਢਾਲੇ।

ਅੱਜ ਦੇ ਚੱਲਦੇ ਸਮੇਂ ਵਿੱਚ ਵਿਗਿਆਨ ਦਾ ਆਧਾਰ “ਕਾਰਨ, ਵਜ੍ਹਾ, ਕਿਉਂ” ਦਾ ਹੈ, ਤੇ ਸਿੱਖ ਧਰਮ ਦੀ ਵਡਮੁੱਲੀ ਦਾਤ ਗੁਰਬਾਣੀ ਵਿੱਚੋਂ, ਕਿਸੇ ਵੀ ਸ਼ਬਦ ਦੇ ਭਾਵ ਅਰਥ ਕਰੀਏ, ਤਾਂ ਅਜੋਕੇ ਸਮੇਂ ਦੇ ਵਿਗਿਆਨਿਕ ਯੁੱਗ ਵਿੱਚ ਵਿਚਰਦਿਆਂ ਵੀ, ਹਰ ਮਨੁੱਖ ਨੂੰ ਸੰਦੇਸ਼ ਦਿੰਦੀ ਹੈ। ਨੌਜਵਾਨ ਵਰਗ ਨੇ ਇਸ ਤਰਾਂ ਕੀਤੀਆਂ ਵੀਚਾਰਾਂ ਨੂੰ ਬਹੁਤ ਸਲਾਹਿਆ, ਅਤੇ ਪ੍ਰੋਗਰਾਮ ਦੀ ਸੰਪੂਰਨਤਾ ਤੇ ਕਿਹਾ ਕਿ ਵੀਚਾਰ ਇਸ ਤਰਾਂ ਹੀ ਹੋਣੀ ਚਾਹੀਦੀ ਹੈ। ਹਰ ਕੋਈ ਜੇਕਰ ਅੱਖਰੀ ਅਰਥਾਂ ਤੱਕ ਸੀਮਤ ਰਹਿ ਜਾਏ, ਤਾਂ ਦੁਬਿਧਾ, ਸ਼ੰਕਾ ਵਿੱਚ ਚਲਾ ਜਾਂਦਾ ਹੈ, ਅਤੇ ਖਾਸ ਕਰਕੇ ਨੌਜਵਾਨ ਇਸ ਗੱਲ ਤੋਂ ਬਹੁਤ ਪਿੱਛੇ ਹੋ ਜਾਂਦੇ ਹਨ, ਜਦ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਆ ਕੇ ਗੁਰਬਾਣੀ ਦੀ ਸਮਝ ਨਹੀਂ ਆਉਂਦੀ, ਸਮਝ ਨਾ ਆਉਣ ਦਾ ਕਾਰਨ ਇਹੀ ਹੈ, ਕਿ ਅੱਜ ਤੱਕ ਗੁਰਬਾਣੀ ਦੀ ਵਿਆਖਿਆ ਡੁੰਘਾਈ ਵਿੱਚ ਜਾ ਕੇ ਕੀਤੀ ਹੀ ਨਹੀਂ ਜਾਂਦੀ। ਇਸਦਾ ਹੱਲ ਇਹੀ ਹੈ, ਕਿ ਆਪਾਂ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜੀਏ, ਵੀਚਾਰੀਏ ਅਤੇ ਆਪਣੇ ਜੀਵਨ ਵਿੱਚ ਢਾਲੀਏ।

ਸ਼ਨੀਵਾਰ 12/02/2011 ਦੇ ਸ਼ਾਮ ਦੇ ਸਮਾਗਮ ਵਿੱਚ ਪ੍ਰੋ: ਗੁਰਬਚਨ ਸਿੰਘ ਜੀ ਨੇ ਸੁਝਾਅ ਦਿੱਤਾ, ਕਿ ਪ੍ਰਦੇਸਾਂ ਵਿੱਚ ਕੰਮਾਂ-ਕਾਰਾਂ ਤੇ ਰੁਝੇਵਿਆਂ ਕਰਕੇ, ਹਰ ਰੋਜ਼ ਪੱਗ ਨਹੀਂ ਬੰਨੀ ਜਾ ਸਕਦੀ, ਪਰ ਐਤਵਾਰ ਨੂੰ ਜਰੂਰ ਬੰਨਕੇ ਆਈਏ ਤਾਂ ਕਿ ਕਿਤੇ ਬੰਨਣੀ ਭੁੱਲ ਹੀ ਨਾ ਜਾਈਏ। ਇਸ ਸੁਝਾਅ ਨਾਲ ਅੱਗਲੇ ਦਿਨ ਦੇ ਦੀਵਾਨ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਪੱਗਾਂ ਬੰਨਕੇ ਆਈ।

ਦੀਵਾਨ ਦੀ ਸੰਪੂਰਤਾ ਉਪਰੰਤ ਪ੍ਰੋ: ਗੁਰਬਚਨ ਸਿੰਘ ਜੀ ਦਾ, ਇਥੋਂ ਦੀ ਸਮੂਹ ਸੰਗਤ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਅਤੇ ਗੁਰਦੁਆਰਾ ਸਾਹਿਬ ਵੱਲੋਂ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।

ਹਰਪ੍ਰੀਤ ਸਿੰਘ ਇਟਲੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top