Share on Facebook

Main News Page

ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਸੋਧੇ (ਵਿਗਾੜੇ) ਹੋਏ ਕੈਲੰਡਰ ਵਿੱਚ ਗਲਤੀਆਂ ਦੀ ਭਰਮਾਰ: ਭਾਈ ਰਤਨ ਸਿੰਘ

* ਵਿਗਾੜੇ ਹੋਏ ਕੈਲੰਡਰ ਵਿੱਚ ਚਾਰ ਗੁਰਪੁਰਬ ਤਾਂ ਬਿਕ੍ਰਮੀ ਚੰਦਰ ਸਾਲ ਮੁਤਾਬਕ ਕਰ ਦਿੱਤੇ ਅਤੇ ਬਾਕੀ ਦੇ ਸੂਰਜੀ ਸਾਲ ਮੁਤਬਕ। ਇਸ ਤਰ੍ਹਾਂ ਇਹ ਕੈਲੰਡਰ ਮਿਲਗੋਭਾ ਬਣ ਕੇ ਰਹਿ ਗਿਆ ਹੈ ਜੋ ਕਿਸੇ ਨੂੰ ਵੀ ਸਮਝ ਨਹੀਂ ਆ ਸਕਦਾ।

* ਇਸ ਦੀਆਂ ਸੰਗ੍ਰਾਂਦਾਂ ਤਾਂ ਬਦਲ ਕੇ ਬਿਕ੍ਰਮੀ ਸੰਮਤ ਵਾਲੀਆਂ ਕਰ ਦਿੱਤੀਆਂ ਪਰ ਗੁਰਪੁਰਬ ਤੇ ਹੋਰ ਇਤਿਹਾਸਕ ਦਿਹਾੜਿਆਂ ਦੀਆਂ ਤਰੀਖਾਂ ਸ: ਪੁਰੇਵਾਲ ਵਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਵਾਲੀਆਂ ਹੀ ਕਰ ਦਿਤੀਆਂ, ਜਿਸ ਸਦਕਾ ਸਾਰੀਆਂ ਦੀਆਂ ਸਾਰੀਆਂ ਇਤਿਹਾਸਕ ਤਰੀਖਾਂ ਬਦਲ ਗਈਆਂ।

* ਪੁਰੇਵਾਲ ਵਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਵਿਗਿਆਨ, ਗਣਿਤ, ਇਤਿਹਾਸ ਤੇ ਗੁਰਬਾਣੀ ਦੀ ਕਸਵੱਟੀ ਤੇ ਪਰਖਿਆਂ ਸਭ ਤੋਂ ਵੱਧ ਸ਼ੁੱਧ ਹੈ।

ਬਠਿੰਡਾ, 20 ਫਰਵਰੀ (ਕਿਰਪਾਲ ਸਿੰਘ): ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਸੋਧੇ ਹੋਏ ਕੈਲੰਡਰ ਵਿੱਚ ਗਲਤੀਆਂ ਦੀ ਭਰਮਾਰ ਹੈ। ਇਸ ਨੂੰ ਸੋਧਿਆ ਹੋਇਆ ਨਹੀਂ ਬਲਕਿ ਵਿਗਾੜਿਆ ਹੋਇਆ ਕੈਲੰਡਰ ਕਹਿਣਾ ਚਾਹੀਦਾ ਹੈ। ਇਹ ਸ਼ਬਦ ਖ਼ਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜਥੇ ਦੇ ਪ੍ਰਧਾਨ ਭਾਈ ਰਤਨ ਸਿੰਘ ਨੇ ਕਹੇ। ਉਨ੍ਹਾਂ ਦੱਸਿਆ ਕਿ ਇਸ ਵਿਗਾੜੇ ਹੋਏ ਕੈਲੰਡਰ ਵਿੱਚ ਚਾਰ ਗੁਰਪੁਰਬ ਤਾਂ ਬਿਕ੍ਰਮੀ ਚੰਦਰ ਸਾਲ ਮੁਤਾਬਕ ਕਰ ਦਿੱਤੇ ਅਤੇ ਬਾਕੀ ਦੇ ਸੂਰਜੀ ਸਾਲ ਮੁਤਬਕ। ਇਸ ਤਰ੍ਹਾਂ ਇਹ ਕੈਲੰਡਰ ਮਿਲਗੋਭਾ ਬਣ ਕੇ ਰਹਿ ਗਿਆ ਹੈ, ਜੋ ਕਿਸੇ ਨੂੰ ਵੀ ਸਮਝ ਨਹੀਂ ਆ ਸਕਦਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਦੀਆਂ ਸੰਗ੍ਰਾਂਦਾਂ ਤਾਂ ਬਦਲ ਕੇ, ਬਿਕ੍ਰਮੀ ਸੰਮਤ ਵਾਲੀਆਂ ਕਰ ਦਿੱਤੀਆਂ, ਪਰ ਗੁਰਪੁਰਬ ਤੇ ਹੋਰ ਇਤਿਹਾਸਕ ਦਿਹਾੜਿਆਂ ਦੀਆਂ ਤਰੀਖਾਂ ਸ: ਪੁਰੇਵਾਲ ਵਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਵਾਲੀਆਂ ਹੀ ਕਰ ਦਿਤੀਆਂ, ਜਿਸ ਸਦਕਾ ਸਾਰੀਆਂ ਦੀਆਂ ਸਾਰੀਆਂ ਇਤਿਹਾਸਕ ਤਰੀਖਾਂ ਬਦਲ ਗਈਆਂ। ਮਿਸਾਲ ਦੇ ਤੌਰ ’ਤੇ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਤਾਂ ਮਾਘ ਸੁਦੀ 13, 19 ਮਾਘ ਬਿਕ੍ਰਮੀ ਸੰਮਤ 1686 ਦਿਨ ਸ਼ਨਿਚਰਵਾਰ, 16 ਜਨਵਰੀ ਸੰਨ 1630 (ਜੂਲੀਅਨ) ਹੈ।

ਪਹਿਲਾਂ ਇਹ ਚੰਦਰਮਾਂ ਦੀਆਂ ਤਿੱਥਾਂ ਦੇ ਹਿਸਾਬ ਮਾਘ ਸੁਦੀ 13 ਨੂੰ ਮਨਾਇਆ ਜਾਂਦਾ ਸੀ ਪਰ ਨਾਨਕਸ਼ਾਹੀ ਕੈਲੰਡਰ ਵਿੱਚ ਸੂਰਜੀ ਸਿਧਾਂਤ ਨੂੰ ਅਪਣਾੳਂੁਦੇ ਹੋਏ 19 ਮਾਘ ਕਰ ਦਿੱਤਾ ਸੀ ਜੋ ਹਰ ਸਾਲ 31 ਜਨਵਰੀ (ਗੈਰੇਗੋਰੀਅਨ) ਨੂੰ ਹੀ ਆਉˆਦਾ ਹੈ। ਗੈਰੇਗੋਰੀਅਨ ਕੈਲੰਡਰ ਸਾਰੀ ਦੁਨੀਆਂ ਵਿੱਚ ਪ੍ਰਚਲਤ ਹੈ ਇਸ ਲਈ ਇਹ ਤਰੀਖ ਯਾਦ ਰੱਖਣੀ ਬੜੀ ਆਸਾਨ ਸੀ। ਪਰ 14 ਮਾਰਚ 2010 ਨੂੰ ਸ਼੍ਰੋਮਣੀ ਕਮੇਟੀ ਵਲੋˆ ਜਾਰੀ ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ ਵਿਚ ਸੰਗਰਾਂਦ ਤਾਂ ਇੱਕ ਦਿਨ ਅੱਗੇ ਕਰ ਦਿੱਤੀ ਪਰ ਗੁਰਪੁਰਬ ਦਾ ਦਿਹਾੜਾ 31 ਜਨਵਰੀ ਦਾ ਹੀ ਦਰਜ ਹੈ, ਉਸ ਮੁਤਾਬਕ ਉਸ ਦਿਨ 19 ਮਾਘ ਨਹੀਂ ਸਗੋˆ 18 ਮਾਘ ਹੈ। ਭਾਵ ਸ਼ੋਮਣੀ ਕਮੇਟੀ ਨੇ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ 19 ਮਾਘ ਤੋˆ ਬਦਲ ਕੇ 18 ਮਾਘ ਨੂੰ ਕਰ ਦਿੱਤਾ ਹੈ।

ਹੈਰਾਨੀ ਦੀ ਗੱਲ ਹੈ ਕਿ ਇਹ ਤਰੀਖ ਇਤਿਹਾਸ ਵਿੱਚ ਦਰਜ਼ ਕਿਸੇ ਕੈਲੰਡਰ ਦੀ ਤਰੀਖ ਨਾਲ ਵੀ ਮੇਲ ਨਹੀਂ ਖਾਂਦੀ ਅਤੇ ਜਨਵਰੀ ਵਿੱਚ ਇਸ ਗਲਤੀ ਨੂੰ ਮੀਡੀਏ ਤੇ ਰੇਡੀਓ ਟਾਕ ਸ਼ੋਅ ਰਾਹੀਂ ਸੋਧਾਂ ਦੇ ਹੱਕ ਵਿੱਚ ਬੋਲਣ ਵਾਲੇ ਧੁਰੰਤਰ ਵਿਦਵਾਨ ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਬਾਬਾ ਹਰੀ ਸਿੰਘ ਰੰਧਾਵਾ ਦੇ ਨਿੱਜੀ ਧਿਆਨ ਵਿੱਚ ਲਿਆਂਦੀ ਗਈ ਸੀ ਜਿਨ੍ਹਾਂ ਨੇ ਇਸ ਗਲਤੀ ਨੂੰ ਕਬੂਲ ਕਰ ਲਿਆ ਸੀ ਤੇ ਇਹ ਤਹਿ ਕੀਤਾ ਗਿਆ ਸੀ ਕਿ ਅਗਲੇ ਸਾਲ ਦਾ ਕੈਲੰਡਰ ਰਲੀਜ਼ ਕੀਤੇ ਜਾਣ ਤੋਂ ਪਹਿਲਾਂ ਅਕਾਲ ਤਖ਼ਤ ’ਤੇ ਸ: ਪਾਲ ਸਿੰਘ ਪੁਰੇਵਾਲ ਸਮੇਤ ਦੋਵੇਂ ਧਿਰਾਂ ਦੇ ਵਿਦਵਾਨਾਂ ਦੀ ਮੀਟਿੰਗ ਵਿੱਚ ਵੀਚਾਰ ਕੇ ਲੋੜੀਂਦੀ ਸੋਧ ਕਰਨ ਉਪ੍ਰੰਤ ਹੀ ਜਾਰੀ ਕੀਤਾ ਜਾਵੇਗਾ।

ਸ: ਪਾਲ ਸਿੰਘ ਪੁਰੇਵਾਲ ਕੈਨੇਡਾ ਤੋਂ ਵਿਸ਼ੇਸ਼ ਤੌਰ ’ਤੇ ਅੰਮ੍ਰਿਤਸਰ ਪਹੁੰਚ ਗਏ ਤੇ ਉਨ੍ਹਾਂ ਸੋਧਾਂ ਵਾਲੇ ਕੈਲੰਡਰ ਵਿੱਚ ਹੋਈਆਂ ਗਲਤੀਆਂ ਦੀ ਭਰਮਾਰ ਦੱਸ ਕੇ ਜਥੇਦਾਰ ਨੂੰ ਲਿਖਤੀ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਹਾਲੀ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਇਸ ਲਈ 2003 ਈਸਵੀ ਵਿੱਚ ਲਾਗੂ ਹੋਏ ਕੈਲੰਡਰ ਮੁਤਾਬਕ ਹੀ ਇਸ ਸਾਲ ਦਾ ਕੈਲੰਡਰ ਛਾਪਿਆ ਜਾਵੇ। ਪਰ ਜਥੇਦਾਰ ਨੇ ਉਨ੍ਹਾਂ ਨਾਲ ਗੱਲ ਕਰਨੀ ਵੀ ਗਵਾਰਾ ਨਹੀਂ ਸਮਝੀ ਤੇ ਬੜੀ ਕਾਹਲੀ ਨਾਲ ਇੱਕ ਮਹੀਨਾ ਪਹਿਲਾਂ ਹੀ ਵਿਗਾੜਿਆ ਹੋਇਆ ਕੈਲੰਡਰ ਜਾਰੀ ਕਰ ਦਿੱਤਾ ਅਤੇ ਪੱਤਰਕਾਰਾਂ ਵਲੋਂ ਸ: ਪੁਰੇਵਾਲ ਦੇ ਪੱਤਰ ਦਾ ਹਵਾਲਾ ਦਿੱਤੇ ਜਾਣ ’ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਸ ਨੂੰ ਪੰਥ ਵਿਰੋਧੀ ਤੇ ਆਰਐੱਸਐੱਸ ਦਾ ਏਜੰਟ ਦੱਸ ਕੇ ਆਪਣੀ ਬੁਖ਼ਲਾਹਟ ਦਾ ਪ੍ਰਦਰਸ਼ਨ ਕਰ ਦਿੱਤਾ।ਸ: ਪੁਰੇਵਾਲ ਅਨੁਸਾਰ ਸੋਧੇ ਹੋਏ ਕੈਲੰਡਰ ਮੁਤਾਬਕ ਵੈਸਾਖੀ ਸਮੇਤ ਸਾਰੀਆਂ ਸੰਗਰਾਂਦਾਂ ਲਗਪਗ ਦੋ ਹਫਤੇ ਪਿਛੇ ਚਲੀਆਂ ਜਾਣਗੀਆਂ ਤੇ ਇਸੇ ਤਰ੍ਹਾਂ ਪਿੱਛੇ ਹਟਦੀਆਂ ਰਹਿਣਗੀਆਂ ਜਦੋਂ ਕਿ ਪੁਰੇਵਾਲ ਵਲੋਂ ਤਿਆਰ ਕੀਤੇ ਕੈਲੰਡਰ ਵਿੱਚ ਰਹਿੰਦੀ ਦੁਨੀਆਂ ਤੱਕ ਹਮੇਸ਼ਾਂ ਵੈਸਾਖੀ 14 ਅਪ੍ਰੈਲ ਤੇ ਮਾਘੀ 14 ਜਨਵਰੀ ਨੂੰ ਆਵੇਗੀ। ਭਾਈ ਰਤਨ ਸਿੰਘ ਨੇ ਕਿਹਾ ਕਿ ਇਸ ਹਿਸਾਬ ਸ: ਪੁਰੇਵਾਲ ਵਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਵਿਗਿਆਨ, ਗਣਿਤ, ਇਤਿਹਾਸ ਤੇ ਗੁਰਬਾਣੀ ਦੀ ਕਸਵੱਟੀ ਤੇ ਪਰਖਿਆਂ ਸਭ ਤੋਂ ਵੱਧ ਸ਼ੁੱਧ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top