Share on Facebook

Main News Page

ਰਵਿਦਾਸ ਭਾਈਚਾਰੇ ਦਾ ਸਿੱਖੀ ਤੋਂ ਦੂਰ ਜਾਣ ਲਈ ਸਿੱਖਾਂ ਦੀ ਸਰਵਉੱਚ ਮੰਨੀ ਜਾਣ ਵਾਲੀ ਸੰਸਥਾ ਸ਼੍ਰੋਮਣੀ ਕਮੇਟੀ ਵੱਧ ਜਿੰਮੇਵਾਰ: ਸ. ਗੁਰਸੇਵਕ ਸਿੰਘ ਮਦਰੱਸਾ
  • ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੂਰਬ ਮੌਕੇ ਸੰਗਤਾਂ ਨੂੰ ਮਲਟੀਮੀਡੀਆ ਤਕਨੀਕ ਰਾਹੀਂ ਗੁਰਬਾਣੀ ਅਤੇ ਇਤਿਹਾਸ ਸਬੰਧੀ ਜਾਣਕਾਰੀ ਦਿੱਤੀ

(ਜਸਬੀਰ ਸਿੰਘ ਫਰਵਾਲੀ/ਸਤਨਾਮ ਕੌਰ : ਫਰੀਦਾਬਾਦ/ਲੁਧਿਆਣਾ)

ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੂਰਬ ਮੌਕੇ ਪਿੰਡ ਫਰਵਾਲੀ ਨੇੜੇ ਲੋਹਟਬੱਧੀ ਵਿਖੇ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਉਥੇ ਦੋ ਰੋਜ਼ਾ ਗੁਰਮਤਿ ਸਮਾਗਮ ਵਿਚ ਗੁਰਸਿੱਖ ਫੈਮਿਲੀ ਕਲੱਬ ਅਤੇ ਗੁਰਮਤਿ ਪ੍ਰਚਾਰ ਕੌਂਸਿਲ ਦੇ ਸ. ਗੁਰਸੇਵਕ ਸਿੰਘ ਮਦਰੱਸਾ ਨੇ ਸੰਗਤਾਂ ਨੂੰ ਮਲਟੀਮੀਡੀਆ ਤਕਨੀਕ ਰਾਹੀਂ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੋੜਿਆ। ਉਨ੍ਹਾਂ ਭਗਤ ਰਵਿਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਸ਼ਬਦਾਂ ਤੋਂ ਦ੍ਰਿਸ਼ਟਾਂਤ ਰਾਹੀਂ ਦਸਿਆ ਕਿ ਭਗਤ ਰਵਿਦਾਸ ਜੀ ਨੇ ਰੱਬੀ ਬਾਣੀ ਰਾਹੀਂ ਮਨੁੱਖ ਨੂੰ ਪ੍ਰੇਮਾ ਭਗਤੀ ਦਾ ਸੰਦੇਸ਼ ਦਿੱਤਾ ਹੈ ਪਰ ਅੱਜ ਅਸੀਂ ਭਗਤ ਰਵਿਦਾਸ ਜੀ ਦੇ ਨਾਂ ’ਤੇ ਸਮਾਜ ਵਿਚ ਵੰਡੀਆਂ ਪਾ ਰਹੇ ਹਾਂ।

ਉਨ੍ਹਾਂ ਦਸਿਆ ਕਿ ਭਗਤ ਜੀ ਨੇ ਗੁਰਬਾਣੀ ਵਿਚ ਸਾਨੂੰ ਨਸ਼ਿਆਂ ਤੋਂ ਵਰਜਿਆ ਹੈ ਪਰ ਸਾਡਾ ਸਮਾਜ ਨਸ਼ਿਆਂ ਵਿਚ ਬੁਰੀ ਤਰ੍ਹਾਂ ਜਕੜਿਆ ਪਿਆ ਹੈ, ਇਸ ਮੌਕੇ ਸ਼ਲਾਈਡ ਸ਼ੋ ਰਾਹੀਂ ਨਸ਼ਿਆਂ ਸਬੰਧੀ ਸਰਵੇਖਣ ਰਿਪੋਰਟਾਂ ਵੀ ਵਿਖਾਈਆਂ ਗਈਆਂ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਦੇ ਧਰਮ ਗ੍ਰੰਥ ਹਨ ਪਰ ਬਿਪਰਵਾਦ ਦੇ ਪ੍ਰਭਾਵ ਹੇਠ ਕੁਝ ਭੁਲੜ ਵੀਰਾਂ ਨੇ ਭਗਤ ਰਵਿਦਾਸ ਜੀ ਦੇ ਨਾਂ ਹੇਠ ਵੱਖਰਾ ਗ੍ਰੰਥ ਬਣਾ ਲਿਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਮਤੀ ਖਜ਼ਾਨੇ ਜਿਸ ਵਿਚ ਭਗਤ ਰਵਿਦਾਸ ਜੀ ਦੀ ਸਿੱਖਿਆਵਾਂ ਵੀ ਦਰਜ਼ ਹਨ ਤੋਂ ਵੱਖ ਕਰ ਕੇ ਅਪਣਾ ਹੀ ਨੁਕਸਾਨ ਕੀਤਾ ਹੈ, ਵੱਖਰੇ ਗ੍ਰੰਥ ਨਾਲ ਕੇਵਲ ਇਕ ਖਿੱਤੇ ਦੇ ਲੋਕ ਹੀ ਉਸ ਗ੍ਰੰਥ ਅੱਗੇ ਝੁਕਣਗੇ ਜਦਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਭਗਤ ਜੀ ਵੱਲੋਂ ਉਚਾਰੀ ਰੱਬੀ ਬਾਣੀ ਨੂੰ ਸਮੁੱਚੀ ਮਨੁੱਖਤਾ ਨਮਸ਼ਕਾਰ ਕਰਦੀ ਹੈ।

ਉਨ੍ਹਾਂ ਅਫਸੋਸ ਜਤਾਉਂਦਿਆਂ ਕਿਹਾ ਕਿ ਰਵਿਦਾਸ ਭਾਈਚਾਰੇ ਦਾ ਸਿੱਖੀ ਤੋਂ ਦੂਰ ਜਾਣ ਲਈ ਸਿੱਖਾਂ ਦੀ ਸਰਵਉੱਚ ਮੰਨੀ ਜਾਣ ਵਾਲੀ ਸੰਸਥਾ ਸ਼੍ਰੋਮਣੀ ਕਮੇਟੀ ਵੱਧ ਜਿੰਮੇਂਵਾਰ ਹੈ ਕਿਉਂਕਿ ਇਸ ਭਾਈਚਾਰੇ ਦੇ ਲੋਕਾਂ ਨੂੰ ਉਹ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਜਿਸ ਸਦਕਾ ਇਹ ਅਪਣੇ ਆਪ ਨੂੰ ਸਿੱਖ ਭਾਈਚਾਰੇ ਤੋਂ ਵੱਖ ਸਮਝਣ ਲਗੇ ਹਨ ਅਤੇ ਆਪਣਾ ਇਕ ਵਿਸ਼ੇਸ਼ ਖਿੱਤਾ ਬਣਾ ਲਿਆ ਹੈ। ਸ. ਗੁਰਸੇਵਕ ਸਿੰਘ ਨੇ ਕਿਹਾ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ ਸਿਧਾਂਤ ਮੁਤਾਬਕ ਗੁਰਬਾਣੀ ਜਾਤ-ਪਾਤ ਨੂੰ ਮੁੱਲੋਂ ਰੱਦ ਕਰਦੀ ਹੈ ਇਸੇ ਖਾਤਰ ਬਿਪਰ ਵੱਲੋਂ ਨੀਵੀਂ ਜਾਤ ਦਾ ਮੰਨਣ ਵਾਲੇ ਭਗਤ ਸਾਹਿਬਾਨ ਦੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਕਰ ਕੇ ਬਰਾਬਰਤਾ ਦਾ ਦਰਜ਼ਾ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਬਿਪਰ ਦੇ ਪ੍ਰਭਾਵ ਹੇਠ ਕੁਝ ਭੁੱਲੜ ਵੀਰ ਭਗਤ ਜੀ ਦੀ ਸਿੱਖਿਆਵਾਂ ਨੂੰ ਮੰਨਣ ਤੋਂ ਇਨਕਾਰੀ ਹਨ ਕਿਉਂਕਿ ਭਗਤ ਰਵਿਦਾਸ ਜੀ ਜਿਥੇ ਰੱਬੀ ਬਾਣੀ ਵਿਚ ਪ੍ਰੇਮਾ ਭਗਤੀ ਨਾਲ ਜੁੜਨ ਲਈ ਅਪਣੇ ਆਪ ਨੂੰ ਰੱਬ ਜੀ ਦਾ ਜਨ ਕਹਿੰਦੇ ਹਨ ਉਥੇ ਉਹ ਲੋਕ ਭਗਤ ਜੀ ਨੂੰ ਗੁਰੂ, ਸਤਿਗੁਰੂ ਆਦਿ ਨਾਂ ਨਾਲ ਸੰਬੋਧਨ ਕਰ ਕੇ ਇਹ ਸੋਚੀਂ ਬੈਠੇ ਹਨ ਕਿ ਸ਼ਾਇਦ ਇਸ ਨਾਲ ਉਹ ਭਗਤ ਜੀ ਨੂੰ ਉੱਚਾ ਦਰਜ਼ਾ ਦਿਵਾ ਦੇਣਗੇ ਪਰ ਉਹ ਭੁਲੇਖੇ ਵਿਚ ਹਨ। ਜਦੋਂ ਸਮੁੱਚੀ ਮਨੁੱਖਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਉਂਦੀ ਹੈ ਤਾਂ ਭਗਤ ਰਵਿਦਾਸ ਜੀ ਨੂੰ ਵੀ ਗੁਰੂ ਸਾਹਿਬਾਨਾਂ ਵਰਗਾ ਸਤਿਕਾਰ ਪ੍ਰਾਪਤ ਹੁੰਦਾ ਹੈ। ਅਸਲ ਵਿਚ ਭਗਤ ਰਵਿਦਾਸ ਜੀ ਦਾ ਉੱਚਾ ਦਰਜ਼ਾ ਤਾਂ ਹੀ ਹੈ ਜਦ ਅਸੀਂ ਭਗਤ ਰਵਿਦਾਸ ਜੀ ਦੇ ਪ੍ਰੇਮਾ ਭਗਤੀ ਦੇ ਸੰਦੇਸ਼ ਅਤੇ ਬੇਗਮਪੁਰਾ ਦੇ ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝ ਕੇ ਸਮਾਜ ਵਿਚ ਵੰਡੀਆਂ ਪਾਉਣ ਵਾਲੀ ਖੇਡ ਤੋਂ ਅਪਣੇ ਆਪ ਨੂੰ ਦੂਰ ਰਖਾਂਗੇ। ਇਸ ਮੌਕੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਸਬੰਧਤ ਫਿਲਮਾਂ ਵੀ ਵਿਖਾਈਆਂ ਗਈਆਂ। ਇਹ ਸਾਰੀ ਸੇਵਾਵਾਂ ਨਿਸ਼ਕਾਮ ਤੌਰ ’ਤੇ ਨਿਭਾਈਆਂ ਗਈਆਂ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਸ. ਗੁਰਸੇਵਕ ਸਿੰਘ ਨੂੰ ਸਨਮਾਨਤ ਕੀਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top