Share on Facebook

Main News Page

ਸਿੱਖਾਂ ਦੇ ਉਹ ਬੂਝ੍ਹੜ ਲੀਡਰ, ਜਿਨ੍ਹਾਂ ਦੇ ਦਿਮਾਗ ਵਿੱਚ, ਬੋਦੀ ਵਾਲਾ ਬ੍ਰਾਹਮਣ, ਸ਼ੰਖ ਵਜਾ ਰਿਹਾ ਹੈ

ਤਿੰਨ ਦਿਨਾਂ, 14, 15 ਅਤੇ 16 ਫਰਵਰੀ 2011 ਨੂੰ ਲਗਾਤਾਰ, ਤਿੰਨ ਖਬਰਾਂ ਪੜ੍ਹਨ ਨੂੰ ਮਿਲੀਆਂ। ਆਉ ਉਨ੍ਹਾਂ ਬਾਰੇ ਗੁਰਮਤਿ ਦੇ ਆਧਾਰ ’ਤੇ ਵਿਚਾਰ ਕਰਦੇ ਹਾਂ।

14 ਫਰਵਰੀ, ਖਬਰ ਸੀ, ਕਿ ਪੂਨਾ ਦੇ ਗਣੇਸ਼ ਪੇਠ ਦੇ ਗੁਰਦਵਾਰਾ, ਸ੍ਰੀ ਗੁਰੂ ਸਿੰਘ ਸਭਾ ਵਿਖੇ, ਦੋ ਦਿਨ ਲਈ ਪ੍ਰੋ. ਦਰਸ਼ਨ ਸਿੰਘ ਜੀ ਦਾ ਕੀਰਤਨ ਪ੍ਰੋਗਰਾਮ ਸੀ, ਜਿਸ ਨੂੰ ਰੋਕਣ ਲਈ, ਅਕਾਲ ਤਖਤ ਸਾਹਿਬ ਦੇ ਉਸ ਸੇਵਾਦਾਰ ਨੇ (ਜਿਸ ਨੂੰ ਸਿੱਖ ਕਹਿਣਾ ਵੀ ਸਿੱਖਾਂ ਦੀ ਨਿਰਾਦਰੀ ਹੈ) ਜੋ ਆਪਣੇ-ਆਪ ਨੂੰ ਸਿੰਘ ਸਾਹਿਬ, ਸਿੰਘਾਂ ਦਾ ਮਾਲਕ ਅਖਵਾਉਂਦਾ ਹੈ, ਅਕਾਲ ਤਖਤ ਦੇ ਲੈਟਰ ਪੈਡ ਦੀ ਦੁਰ ਵਰਤੋਂ ਕਰਦਿਆਂ, ਆਪਣੇ ਨਿੱਜੀ ਸਹਾਇਕ ਕੋਲੋਂ, ਇਕ ਬੇਨਤੀ ਪੱਤਰ ਲਿਖਵਾਇਆ, ਜਿਸ ਵਿਚ ਪੂਨੇ ਦੇ ਪੁਲਸ-ਮੁਖੀ ਨੂੰ ਬੇਨਤੀ ਕੀਤੀ ਗਈ ਸੀ ਕਿ ਪ੍ਰੋ. ਦਰਸ਼ਨ ਸਿੰਘ (ਜੋ ਪੰਥ ਵਿਚੋਂ ਛੇਕਿਆ ਹੋਇਆ ਹੈ) ਦਾ ਪ੍ਰੋਗਰਾਮ ਰੁਕਵਾਇਆ ਜਾਵੇ, ਨਹੀਂ ਤਾਂ ਸਿੱਖਾਂ ਵਿਚ ਬਹੁਤ ਰੋਸ ਹੈ, ਅਤੇ ਅਮਨ ਕਾਨੂਨ ਦੀ ਸਿਥਤੀ ਵਿਗੜ ਸਕਦੀ ਹੈ।

(ਇਸ ਗੱਲ ਨੂੰ ਬੰਨੇ ਰਖਦਿਆਂ ਕਿ ਜੋ ਬੰਦਾ ਸਮਝਦਾ ਹੈ ਕਿ ਮੇਰਾ ਹੁਕਮ ਮੰਨਣਾ ਹਰ ਗੁਰਸਿੱਖ ਦਾ ਫਰਜ਼ ਹੈ, ਉਸ ਦੀ ਫਰਿਆਦ ਤੇ, ਇਕ ਸੂਬੇ ਦੇ ਪੁਲਸ-ਮੁਖੀ ਨੇ, ਕੋਈ ਵਿਚਾਰ ਵੀ ਨਹੀਂ ਕੀਤਾ। ਇਹ ਵੀ ਵਿਚਾਰੇ ਬਗੈਰ ਕਿ ਇਸ ਬੰਦੇ ਨੂੰ ਪੰਜਾਬ ਵਿਚ ਲੱਗੀ ਅੱਗ ਦਾ ਕੋਈ ਸੇਕ ਨਹੀਂ ਲਗਦਾ, ਪੂਨੇ ਵਿਚ ਅੱਗ ਲੱਗਣ ਦੀ ਝੂਠੀ ਸੰਭਾਵਨਾ ਦੇ ਡਰ ਨਾਲ ਹੀ ਇਸ ਦੀਆਂ ਚੀਕਾਂ ਨਿਕਲ ਰਹੀਆਂ ਹਨ, ਕਿਉਂ ?) ਆਪਾਂ ਵਿਚਾਰਨਾ ਇਹ ਹੈ ਕਿ, ਉਸ ਦਾ ਇਹ ਕਦਮ, ਉਸ ਅਕਾਲ ਦੇ ਤਖਤ ਦਾ, ਕਿੰਨਾ ਕੁ ਮਾਣ ਵਧਾਉਣ ਦਾ ਕਾਰਨ ਬਣਿਆ ? ਜਿਸ ਤੇ ਬੈਠਣ ਮਾਤਰ ਨਾਲ ਹੀ, ਸਿੱਖ ਉਸ ਗੈਰ ਸਿੱਖ ਦੀਆਂ ਸਿੱਖ ਮਾਰੂ ਯਭਲੀਆਂ ਵੀ ਬਰਦਾਸ਼ਤ ਕਰ ਰਹੇ ਹਨ। ਕੀ ਅਕਾਲ ਦੇ ਤਖਤ ਤੋਂ (ਜਿਸ ਦੇ ਮਾਲਕ ਅਕਾਲਪੁਰਖ, ਦੇ ਹੁਕਮ ਵਿਚ ਦੁਨੀਆ ਦੇ ਵੱਡੇ ਤੋਂ ਵੱਡੇ ਬੰਦੇ ਤਾਂ ਕੀ, ਧਰਤੀ, ਸੂਰਜ, ਚੰਦ-ਤਾਰੇ, ਹਵਾ-ਪਾਣੀ ਅਤੇ ਅੱਗ ਆਦਿ ਵੀ ਚਲ ਰੇ ਹਨ, ਜਿਸ ਦਾ ਇਕ ਇਸ਼ਾਰਾ, ਰਾਜਿਆਂ ਨੂੰ ਵੀ, ਭੀਖ ਮੰਗਣ ਲਈ ਮਜਬੂਰ ਕਰ ਦਿੰਦਾ ਹੈ) ਕਿਸੇ ਨੂੰ ਬੇਨਤੀ ਕੀਤੀ ਜਾ ਸਕਦੀ ਹੈ ? ਉਹ ਵੀ ਉਸ ਕੰਮ ਨੂੰ ਰੋਕਣ ਲਈ, ਜਿਸ ਨੂੰ ਕਰਨ ਦੀ ਤਾਕੀਦ ਨਾਲ ਸਾਰਾ ਗੁਰੂ ਗ੍ਰੰਥ ਸਾਹਿਬ ਭਰਿਆ ਪਿਆ ਹੈ,

ਕਰਿ ਕੀਰਤਨੁ ਮਨ ਸੀਤਲ ਭਏ ॥ ਜਨਮ ਜਨਮ ਕੇ ਕਿਲਵਿਖ ਗਏ ॥ (Page# 178)

ਪਰ ਬਾਦਲ ਦੇ ਲਫਾਫੇ ਵਿਚੋਂ ਨਿਕਲੇ ਕਿਸੇ ਗਧੇ ਨੂੰ ਹੀਰਿਆਂ ਅਤੇ ਲਾਲਾਂ ਦੀ ਕੀ ਸਾਰ ? ਉਸ ਨੂੰ ਤਾਂ ਇਕ ਡੰਡੇ ਦੀ ਬੋਲੀ ਹੀ ਸਮਝ ਆਉਂਦੀ ਹੈ। ਜੇ ਅਕਾਲਤਖਤ ਤੇ ਬੈਠੇ ਕਿਸੇ ਬੂਝੜ ਦੇ ਫਰਜ਼ਾਂ ਵਿਚ ਇਹ ਸਭ ਕੁਝ ਹੈ, ਤਾਂ ਇਸ ਅਕਾਲ ਤਖਤ ਤੇ ਸਿੱਖ ਏਨਾ ਮਾਣ, ਕਿਸ ਆਧਾਰ ਤੇ ਕਰ ਰਹੇ ਹਨ ? ਇਹ ਛੋਟੀ ਜਿਹੀ ਘਟਨਾ, ਸੋਚਣ ਲਈ ਮਜਬੂਰ ਕਰਦੀ ਹੈ ਕਿ ਉਸ ਸਿੰਘਾਂ ਦੇ ਅਖਵਾਉਂਦੇ ਸਾਹਿਬ ਦੇ ਦਿਮਾਗ ਵਿਚ ਗੁਰਬਾਣੀ ਦਾ ਉਪਦੇਸ਼ ਗੂੰਜਦਾ ਹੈ, ਜਾਂ ਬੋਦੀ ਵਾਲੇ ਬ੍ਰਾਹਮਣ ਦੇ ਸੰਖ ਦੀ ਗੁੰਜਾਰ ?

15 ਫਰਵਰੀ, ਖਬਰ ਸੀ ਕਿ ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ ਇਕ ਬਿਆਨ ਦਿੱਤਾ ਗਿਆ ਹੈ ਕਿ, ਭਗਤਾਂ ਨੂੰ ਗੁਰੂਆਂ ਦਾ ਦਰਜਾ ਦੇਣਾ, ਗੁਰੂਆਂ ਦਾ ਅਪਮਾਨ ਹੈ।

ਪੰਚ ਪ੍ਰਧਾਨੀ ਵਾਲੇ, ਕਿਸ ਨੂੰ ਗੁਰੂ ਮੰਨਦੇ ਹਨ ? ਗੁਰੂਆਂ ਵਲੋਂ ਦਿੱਤੀ ਸਿਖਿਆ ਨੂੰ, ਜਾਂ ਗੁਰ ਵਿਅਕਤੀਆਂ ਦੇ ਸਰੀਰਾਂ ਨੂੰ ? ਜੇ ਉਹ ਗੁਰੂ ਸਾਹਬਾਂ ਵਲੋਂ ਦਿੱਤੀ ਸਿਖਿਆ ਨੂੰ ਗੁਰੂ ਮੰਨਦੇ ਹਨ, ਤਾਂ ਉਹ ਸਪੱਸ਼ਟ ਕਰਨ ਕਿ, ਗੁਰੂਆਂ ਵਲੌ ਦਿੱਤੀ ਸਿਖਿਆ ਅਤੇ ਭਗਤਾਂ ਵਲੋਂ ਦਿੱਤੀ ਸਿਖਿਆ ਵਿਚ ਫਰਕ ਹੈ ? ਅਤੇ ਉਹ ਫਰਕ ਕੀ ਹੈ ? ਜਿਸ ਦੇ ਆਧਾਰ ਤੇ ਦੋਵਾਂ ਵਿਚ ਫਰਕ ਨਿਸਚਿਤ ਕੀਤਾ ਜਾ ਸਕੇ। ਜੇ ਦੋਵਾਂ ਵਲੋਂ ਦਿੱਤੀ ਸਿਖਿਆ ਇਕ ਸਮਾਨ ਹੈ, ਤਾਂ ਉਹ ਕਿਸ ਆਧਾਰ ਤੇ ਦੋਵਾਂ ਵਿਚ ਫਰਕ ਪਾ ਰਹੇ ਹਨ ?

ਜੇ ਉਹ ਸਰੀਰਾਂ ਨੂੰ ਹੀ ਗੁਰੂ ਮੰਨ ਰਹੇ ਹਨ ਤਾਂ ਮੈਨੂੰ ਇਕ ਇਤਿਹਾਸਿਕ ਘਟਨਾ ਯਾਦ ਆ ਰਹੀ ਹੈ। ਸ਼ਾਇਦ ਬਹੁਤੇ ਲੋਕਾਂ ਨੇ ਅਸ਼ਟਾ-ਬਕਰ ਦਾ ਨਾਮ ਸੁਣਿਆ ਹੋਵੇ ? ਉਸ ਦਾ ਨਾਮ ਅਸ਼ਟਾ-ਬਕਰ, ਇਸ ਕਰ ਕੇ ਪਿਆ ਸੀ, ਕਿਉਂਕਿ ਉਸ ਦੇ ਸਰੀਰ ਵਿਚ ਅੱਠ ਵਿਕਾਰ, ਵਿੰਗ, ਨੁਕਸ ਸਨ।

ਉਸ ਦਾ ਪਿਤਾ ਬਹੁਤ ਵਿਦਵਾਨ, ਪੰਡਿਤ ਸੀ। ਉਸ ਵੇਲੇ ਇਕ ਰਿਵਾਜ ਸੀ, ਬ੍ਰਾਹਮਣ ਆਪਣੇ ਆਪ ਨੂੰ ਵੱਡਾ ਵਿਦਵਾਨ ਸਥਾਪਤ ਕਰਨ ਲਈ, ਵੇਦਾਂ, ਸ਼ਾਸਤਰਾਂ, ਪੁਰਾਣਾਂ ਅਤੇ ਸਿਮਿਰਿਤੀਆਂ ਦੇ ਗਿਆਨ ਦੇ ਆਧਾਰ ਤੇ, ਵਾਦ ਰਚਾਇਆ ਕਰਦੇ ਸਨ। ਉਹ ਆਪਣੀਆਂ ਕਿਤਾਬਾਂ ਊਠਾਂ ਅਤੇ ਗੱਡਆਂ ਤੇ ਲੱਦ ਕੇ ਚਲਦੇ ਸਨ। ਵਾਦ ਵਿਚ ਜੋ ਹਾਰ ਜਾਂਦਾ ਸੀ, ਉਸ ਦੀਆਂ ਸਾਰੀਆਂ ਕਿਤਾਬਾਂ, ਜਿੱਤਣ ਵਾਲਾ ਪੰਡਿਤ ਜ਼ਬਤ ਕਰ ਲਿਆ ਕਰਦਾ ਸੀ ਅਤੇ ਹਾਰਨ ਵਾਲੇ ਨੂੰ, ਸਜ਼ਾ ਦੇ ਤੌਰ ਤੇ ਦਰਿਆ ਵਿਚ ਡੁੱਬ ਕੇ ਮਰਨਾ ਹੁੰਦਾ ਸੀ। ਅਜਿਹੇ ਹੀ ਇਕ ਮੁਕਾਬਲੇ ਵਿਚ, ਅਸ਼ਟਾ-ਬਕਰ ਦਾ ਪਿਤਾ, ਹਾਰ ਕੇ ਡੁੱਬ ਮਰਿਆ ਸੀ।

ਅਸ਼ਟਾ-ਬਕਰ ਦੀ ਮਾਤਾ ਨੇ ਉਸ ਨੂੰ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਖੂਬ ਪੜ੍ਹਾ ਕੇ ਵਿਦਵਾਨ ਬਣਾਇਆ। ਅਸ਼ਟਾ-ਬਕਰ ਨੇ ਉਸ ਪੰਡਿਤ ਨੂੰ ਵਾਦ ਵਿਚ ਹਰਾਅ ਕੇ ਡੁੱਬਣ ਲਈ ਮਜਬੂਰ ਕਰ ਦਿੱਤਾ। ਇਵੇਂ ਅਸ਼ਟਾ-ਬਕਰ ਇਕ ਵਿਦਵਾਨ ਦੇ ਰੂਪ ਵਿਚ ਖੂਬ ਮਸ਼ਹੂਰ ਹੋ ਗਿਆ। ਰਾਜੇ ਉਸ ਨੂੰ ਆਪਣੇ ਦਰਬਾਰ ਵਿਚ ਆਦਰ ਸਹਿਤ ਸੱਦ ਕੇ ਉਸ ਕੋਲੋਂ ਪਰਵਚਨ ਸੁਣਨ ਨੂੰ ਮਾਣ ਵਾਲੀ ਗੱਲ ਸਮਝਦੇ ਸਨ।

ਇਕ ਦਿਨ ਇਕ ਰਾਜੇ ਨੇ ਉਸ ਨੂੰ ਆਪਣੇ ਦਰਬਾਰ ਵਿਚ ਪਰਵਚਨ ਕਰਨ ਲਈ ਆਦਰ ਸਹਿਤ ਸੱਦਾ ਦੱਤਾ। ਜਦ ਉਹ ਰਾਜੇ ਦੇ ਦਰਬਾਰ ਵਿਚ ਪੁੱਜਾ ਤਾਂ, ਸਾਰੇ ਦਰਬਾਰੀ ਉਸ ਨੂੰ ਵੇਖ ਕੇ ਹੱਸ ਪਏ। ਰਾਜਾ ਨੇ ਅਸ਼ਟਾ-ਬਕਰ ਨੂੰ ਆਪਣੇ ਕੋਲ ਬਿਠਾ ਕੇ ਉਸ ਨੂੰ ਪਰਵਚਨ ਕਰਨ ਲਈ ਬੇਨਤੀ ਕੀਤੀ, ਤਾਂ ਅਸ਼ਟਾ-ਬਕਰ ਨੇ ਕਿਹਾ “ਹੇ ਰਾਜਨ ਮੈਂ ਵਿਦਵਾਨਾਂ ਦੀ ਸਭਾ ਵਿਚ ਪਰਵਚਨ ਕਰਦਾ ਹਾਂ, ਚਮਾਰਾਂ ਦੀ ਸਭਾ ਵਿਚ ਨਹੀਂ” ਇਸ ਤੇ ਸਾਰੇ ਵਜ਼ੀਰ ਅਤੇ ਦਰਬਾਰੀ ਆਦਿ ਭੜਕ ਪਏ ਅਤੇ ਕਹਿਣ ਲੱਗੇ ਕਿ ਇਸ ਨੇ ਸਾਨੂੰ ਚਮਾਰ ਕਿਵੇਂ ਕਿਹਾ ਹੈ ?

ਰਾਜੇ ਦੇ ਪੁੱਛਣ ਤੇ ਅਸ਼ਟਾ-ਬਕਰ ਨੇ ਕਿਹਾ “ਹੇ ਰਾਜਨ, ਜਦ ਮੈਂ ਦਰਬਾਰ ਵਿਚ ਦਾਖਲ ਹੋਇਆ ਤਾਂ ਇਹ ਸਾਰੇ ਹੱਸੇ। ਹੁਣ ਤੁਸੀਂ ਹੀ ਦੱਸੋ ਕਿ ਇਨ੍ਹਾਂ ਨੇ ਮੇਰੀ ਚਮੜੀ ਤੋਂ ਇਲਾਵਾ, ਮੇਰਾ ਕੀ ਵੇਖਿਆ ਸੀ ? ਅਤੇ ਚਮੜੇ ਦੀ ਪਰਖ ਕਰਨ ਵਾਲੇ ਨੂੰ ਕੀ ਕਿਹਾ ਜਾ ਸਕਦਾ ਹੈ ?

ਇਵੇਂ ਹੀ ਇਹ ਅਕਾਲੀ ਵੀ, ਗਿਆਨ ਦੇ ਨਹੀਂ ਚਮੜੀ ਦੇ ਪਾਰਖੂ ਹਨ, ਅਜਿਹੇ ਆਗੂਆਂ ਦੀ ਅਗਵਾਈ ਵਿਚ, ਜੋ ਹਾਲ ਪੰਥ ਦਾ ਹੋਣਾ ਚਾਹੀਦਾ ਸੀ, ਉਹੀ ਹੋ ਰਿਹਾ ਹੈ। ਬੰਦਿਆਂ ਵਿਚ ਤਾਂ ਵੰਡੀਆਂ ਪੇਣੀਆਂ ਹੀ ਸਨ, ਗਿਆਨ ਦਾਤਿਆਂ ਵਿਚ ਵੀ ਵੰਡੀਆਂ ਪਾਈਆਂ ਜਾ ਰਹੀਆਂ ਹਨ। ਇਸ ਕਾਰਨ ਹੀ ਸਿੱਖ, ਆਪਸ ਵਿਚ ਪਾਟੇ ਪਏ ਹਨ, ਅਤੇ ਇਹ ਲਗਾਰ ਹਰ ਰੋਜ਼ ਵੱਧ ਰਿਹਾ ਹੈ, ਹਰ ਕੋਈ ਕੈਂਚੀ ਦਾ ਕੰਮ ਕਰ ਰਿਹਾ ਹੈ, ਸੂਈ ਦਾ ਕੰਮ ਕੋਈ ਨਹੀਂ ਕਰਦਾ। ਇਸ ਤੋਂ ਵੱਡੀ ਸਿੱਖੀ ਲਈ ਹੋਰ ਕੀ ਢਾਅ ਹੋ ਸਕਦੀ ਹੈ?

16 ਫਰਵਰੀ, ਖਬਰ ਸੀ ਕਿ ਸ਼੍ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ (ਜਿਸ ਨੂੰ ਅਗਿਆਨੀ ਲੋਕ, ਸਿੱਖਾਂ ਦੀ ਪਾਰਲੀਮੈਂਟ ਵੀ ਕਹਿੰਦੇ ਹਨ) ਦੇ ਪ੍ਰਧਾਨ, ਸਿੱਖਾਂ ਦੀ ਪਾਰਲੀਮੈਂਟ ਦੇ ਪਰਧਾਨ ਮੰਤ੍ਰੀ, ਅਤੇ ਬਾਦਲ (ਜਿਸ ਦੇ ਲਫਾਫੇ ਵਿਚੋਂ ਅਜਿਹੇ ਦੁਰਲੱਭ ਪਰਧਾਨ ਮੰਤ੍ਰੀ ਨਿਕਲਦੇ ਹਨ) ਦੀ ਦਿੱਲੀ ਇਕਾਈ ਦੇ ਚੱਟੇ-ਵੱਟਿਆਂ ਨੇ, ਗੁਰਦਵਾਰਾ ਡਾਂਗ ਮਾਰ ਸਾਹਿਬ, ਤਿਬਤ ਦੀ ਯਾਤਰਾ ਦੀ ਡੀ. ਵੀ. ਡੀ. ਜਾਰੀ ਕੀਤੀ। ਜੇ ਇਹ ਡੀ. ਵੀ. ਡੀ. ਯਾਤਰਾ ਦੇ ਮਾਰਗ ਦਰਸ਼ਕ ਵਜੋਂ ਜਾਰੀ ਕੀਤੀ ਗਈ ਹੁੰਦੀ ਤਾ ਇਹ ਇਕ ਸ਼ਲਾਘਾ-ਯੋਗ ਕੰਮ ਸੀ। ਪਰ ਮੱਕੜ ਸਾਹਿਬ ਦੇ ਦਿਮਾਗ ਵਿਚ ਤਾਂ, ਗੁਰੂ ਸਾਹਿਬ ਦੀ ਸਿਖਿਆ ਦੀ ਥਾਂ, ਬ੍ਰਾਹਮਣ ਦਾ ਸੰਖ ਹੀ ਹਰ ਵੇਲੇ ਸ਼ੋਰ ਮਚਾਉਂਦਾ ਰਹਿੰਦਾ ਹੈ, ਇਸ ਲਈ ਉਨ੍ਹਾਂ ਕੋਲੋਂ ਗੁਰਮਤਿ ਦੀ ਗੱਲ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ?

ਸੋ ਉਨ੍ਹਾਂ ਨੇ ਡੀ. ਵੀ. ਡੀ. ਜਾਰੀ ਕਰਦਿਆਂ, ਗੁਰਦਵਾਰਾ ਡਾਂਗ ਮਾਰ ਸਾਹਿਬ ਦੇ ਇਤਿਹਾਸ ਬਾਰੇ ਜੋ ਚਾਨਣਾ ਪਾਇਆ, ਉਹ ਇਸ ਤਰ੍ਹਾਂ ਹੈ, “ਜਦ 1516 ਈਸਵੀ ਦੇ ਆਸ-ਪਾਸ, ਗੁਰੂ ਨਾਨਕ ਸਾਹਿਬ, ਤਿੱਬਤ ਪਹੁੰਚੇ (ਜਿਸ ਦਾ ਤਾਪਮਾਨ -30 ਡਿਗਰੀ ਤੋਂ ਵੀ ਥੱਲੇ ਚਲਾ ਜਾਂਦਾ ਹੈ) ਤਾਂ ਓਥੋਂ ਦੇ ਵਸਨੀਕਾਂ ਨੇ, ਗੁਰੂ ਸਾਹਿਬ ਕੋਲ ਪਾਣੀ ਦੀ ਕਿੱਲਤ ਬਾਰੇ ਫਰਿਆਦ ਕੀਤੀ। ਕਿਉਂਕਿ ਠੰਡ ਕਾਰਨ ਝੀਲ ਦਾ ਪਾਣੀ ਜੰਮ ਜਾਂਦਾ ਹੈ ਅਤੇ ਪੀਣ ਲਈ ਪਾਣੀ ਨਹੀਂ ਮਿਲਦਾ। ਤਾਂ ਗੁਰੂ ਸਾਹਿਬ ਨੇ, ਝੀਲ ਦੀ ਜੰਮੀ ਹੋਈ ਬਰਫ ਨੂੰ ਹੱਥ ਲਾਇਆ, ਜਿਸ ਨਾਲ ਝੀਲ ਦੀ ਬਰਫ ਪਿਘਲ ਗਈ, ਅਤੇ ਅੱਜ-ਤਕ ਦੁਬਾਰਾ ਨਹੀਂ ਜੰਮੀ।

ਜਦ ਪੰਥ ਦੀਆਂ ਏਨੀਆਂ ਮਹਾਨ ਸ਼ਖਸੀਅਤਾਂ ਦੇ ਦਿਮਾਗ ਵਿਚ ਬ੍ਰਾਹਮਣ ਦੇ ਸੰਖ ਨੇ ਭੜਥੂ ਪਾਇਆ ਹੋਇਆ ਹੈ ਤਾਂ ਸਿੱਖ ਕਿਸ ਆਧਾਰ ਤੇ ਆਪਣੇ-ਆਪ ਨੂੰ ਹਿੰਦੂਆਂ ਦਾ ਇਕ ਫਿਰਕਾ ਨਹੀਂ ਮੰਨਦੇ ? ਆਪਣੇ-ਆਪ ਨੂੰ ਹਿੰਦੂਆਂ ਤੋਂ ਕਿਵੇਂ ਵੱਖਰਾ ਸਮਝਦੇ ਹਨ ? ਖਾਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ,

ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡ ਪਰਾਨ ॥ (Page# 1136) ਕਹਿਣ ਨਾਲ ਕੀ ਹੁੰਦਾ ਹੈ ? ਜਦ ਗੁਰੂ ਪੰਥ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਤੇ ਤੁਲਿਆ ਹੋਇਆ ਹੈ।

ਗੁਰੂ ਪੰਥ ਅਤੇ ਪੰਥ ਪਰਵਾਣਤ ਜਿਹੀਆਂ, ਭੁਲੇਖਾ ਪਾਊ ਗੱਲਾਂ ਨੂੰ ਮਨ ਅਤੇ ਦਿਮਾਗ ਵਿਚੋਂ ਕੱਢਿਆਂ ਬਗੈਰ, ਸਿੱਖਾਂ ਦਾ ਕੁਝ ਭਲਾ ਨਹੀਂ ਹੋਣ ਵਾਲਾ। ਇਕੋ-ਇਕ ਗੁਰੂ (ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ (646) ਦੀ ਸਿਖਿਆ ਅਨੁਸਾਰ ਚੱਲਣ ਨਾਲ ਹੀ, ਸਿੱਖੀ ਦਾ ਬੇੜਾ ਬੰਨੇ ਲੱਗ ਸਕਦਾ ਹੈ। ਦੁਬਿਧਾ ਬੰਦੇ ਨੂੰ ਕਦੀ ਕੋਈ ਫੈਸਲਾ ਨਹੀਂ ਕਰਨ ਦਿੰਦੀ, ਦੁਬਿਧਾ ਵਿਚੋਂ ਨਿਕਲੇ ਬਗੈਰ, ਜੋ ਆਪ ਹੀ ਦੁਬਿਧਾ ਵਿਚ ਹਨ, ਉਨ੍ਹਾਂ ਤੋਂ ਪੱਲਾ ਛਡਾਏ ਬਗੈਰ, ਸਿੱਖ ਹਿੰਦੂਆਂ ਦਾ ਹੀ ਇਕ ਫਿਰਕਾ ਹਨ, ਅਤੇ ਰਹਣਗੇ ਵੀ। ਬਲਕਿ, ਇਸ ਤੋਂ ਅਗਾਂਹ ਵੱਧ ਕੇ ਬੋਧੀਆਂ ਵਾਂਙ ਨਰੋਲ ਹਿੰਦੂ ਹੀ ਹੋ ਜਾਣਗੇ।

ਅਮਰਜੀਤ ਸਿੰਘ ਚੰਦੀ
ਫੋਨ:- 91 95685 4141


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top