Share on Facebook

Main News Page

ਗੁਰਇਕਬਾਲ ਸਿੰਘ ਵਰਗੇ ਸੰਪਾਰਦਾਈ (ਬ੍ਰਾਹਮਣਵਾਦੀ) ਸੋਚ ਵਾਲੇ ਪ੍ਰਚਾਰਕ ਪਾ ਰਹੇ ਹਨ, ਨਾਨਕ ਫਲਸਫੇ ਦੇ ਜੜ੍ਹਾਂ ’ਚ ਤੇਲ

ਹਰ ਮੱਤ ਦੇ ਚੰਗੇ ਗੁਣਾਂ ਨੂੰ ਪੁਜਾਰੀਵਾਦੀ ਤਾਕਤਾਂ ਹੋਲੀ-ਹੋਲੀ ਅਲੋਪ ਕਰਕੇ ‘ਕਰਮਕਾਂਡ’ ਮਾਤਰ ਨੂੰ ਹੀ ਧਰਮ ਪ੍ਰਚਾਰਨ ਲਗ ਪੈਂਦੀਆਂ ਹਨ। ਇਸ ਤਰੀਕੇ ਇਹ ਪੁਜਾਰੀਵਾਦੀ ਤਾਕਤਾਂ ਆਮ ਲੋਕਾਈ ਨੂੰ ‘ਸੱਚ ਦੇ ਰਾਹ’ ਤੋਂ ਭਟਕਾ ਕੇ ਧਰਮ ਦੇ ਨਾਂ ’ਤੇ ਅੰਧ ਵਿਸ਼ਵਾਸਾਂ, ਕਰਮਕਾਂਡਾਂ ਵਿਚ ਉਲਝਾ ਦੇਂਦੀਆਂ ਹਨ। ਇਸ ਭਟਕਾਵ ਵਿਚ ਵਿਚਰ ਰਹੀਆਂ ‘ਸੰਗਤਾਂ’ ਐਸੇ ਪ੍ਰਚਾਰਕਾਂ ਨੂੰ ਬਹੁਤੇ ਪੁੱਜੇ ਹੋਏ, ਸੰਤ ਬਾਬੇ ਆਦਿ ਮੰਨ ਕੇ ‘ਸ਼ਖਸੀ ਪੂਜਾ’ ਕਰਨ ਲਗ ਪੈਂਦੀਆਂ ਹਨ, ਜੋ ਇਨ੍ਹਾਂ ਪੁਜਾਰੀਆਂ ਨੂੰ ਬਹੁਤ ਰਾਸ ਆਉਂਦਾ ਹੈ। ਲੋਕਾਂ ਦੀ ਅਗਿਆਨਿਤਾ ਇਨ੍ਹਾਂ ਪੁਜਾਰੀਆਂ ਦੀ ਮਾਨਤਾ ਬਣ ਕੇ ਐਸ਼-ਪ੍ਰਸਤੀ ਦੀ ਜੀਵਿਕਾ ਬਣ ਜਾਂਦੀ ਹੈ। ਕਿਸੇ ਵੀ ਮੱਤ ਦਾ ਇਤਿਹਾਸ ਪੜਚੋਲ ਕੇ ਵੇਖੀਏ ਤਾਂ ਐਸਾ ਹੀ ਵਰਤਾਰਾ ਮਿਲੇਗਾ।

ਬਾਬਾ ਨਾਨਕ ਜੀ ‘ਗੁਰਮਤਿ ਇਨਕਲਾਬ’ ਸ਼ੁਰੂ ਕਰਨ ਵੇਲੇ ਇਨ੍ਹਾਂ ‘ਪੁਜਾਰੀਵਾਦੀ ਤਾਕਤਾਂ’ ਪ੍ਰਤੀ ਬਹੁਤ ਸੁਚੇਤ ਸਨ। ਉਹ ਸਮਝਦੇ ਸਨ ਕਿ ਪਹਿਲੇ ਮੱਤਾਂ ਦੇ ਰਹਿਬਰਾਂ ਨੇ ਅਪਣੇ ਉਪਦੇਸ਼ ਕਲਮਬੰਦ ਨਹੀਂ ਕੀਤੇ। ਇਸ ਕਾਰਨ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਕਹਿ ਕੇ ਦੱਸੇ ਜਾਂਦੇ ਉਪਦੇਸ਼ ਪੂਰੀ ਤਰ੍ਹਾਂ ਪ੍ਰਮਾਣਿਕ ਨਹੀਂ ਹਨ। ਇਨ੍ਹਾਂ ਵਿਚ ਪੁਜਾਰੀਵਾਦੀ ਤਾਕਤਾਂ ਵਲੋਂ ਰਲਾਅ ਪਾਏ ਹੋਣ ਦੀ ਸੰਭਾਵਨਾ ਕਾਫੀ ਹੁੰਦੀ ਹੈ। ਰਹਿਬਰ ਤੋਂ ਬਾਅਦ ਰਚੀਆਂ ਗਈਆਂ ਜ਼ਿਆਦਾਤਰ ਪੁਸਤਕਾਂ ਵਿਚ ਮੂਲ ਉਪਦੇਸ਼ ਨੂੰ ਜਾਂ ਤਾਂ ਛੁਪਾ ਦਿਤਾ ਗਿਆ ਜਾਂ ਫੇਰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਇਸ ਲਈ ਨਾਨਕ ਪਾਤਸ਼ਾਹ ਜੀ ਨੇ ਅਪਣੀ ਬਾਣੀ ਨੂੰ ਆਪ ਕਲਮਬੰਦ ਕੀਤਾ। ਨਾਲ ਹੀ ਰੱਬੀ ਗੁਣਾਂ ਦੇ ਸੱਚ ਨੂੰ ਪ੍ਰਗਟਾਉਂਦੀ ਵਿਚਾਰਧਾਰਾ ਵਾਲੇ ਮਹਾਪੁਰਖਾਂ ਦੀ ਬਾਣੀ ਨੂੰ ਵੀ ਇਕੱਤਰ ਕਰਨ ਉੱਪਰੰਤ ਇਕ ਪੋਥੀ ਦਾ ਰੂਪ ਦੇ ਕੇ ਸਾਂਭਿਆ। ਇਸ ‘ਗੁਰਮਤਿ ਇਨਕਲਾਬ’ ਨੂੰ ਪੱਕੇ ਪੈਰੀਂ ਕਰਨ ਲਈ ‘ਯੋਗ ਉਤਰਾਧਿਕਾਰੀ’ ਥਾਪਿਆ। ਉਸ ਉਤਰਾਧਿਕਾਰੀ ਨੂੰ ਅਪਣੇ ਲੜ ਲਾਉਣ ਦੀ ਥਾਂ ‘ਗੁਰਬਾਣੀ (ਗੁਰੂ)’ ਦੇ ਲੜ ਲਾਇਆ ਅਤੇ ਅੱਗੇ ਵੀ ਐਸਾ ਹੀ ਕਰਨ ਦੀ ਤਾਕੀਦ ਕੀਤੀ। ਇਸ ਤਰੀਕੇ ਮਗਰਲੇ ਨਾਨਕ ਸਰੂਪਾਂ ਨੇ ਅਪਣੀ ਰਚਨਾ ਆਪ ਹੀ ਕਲਮਬੰਦ ਕੀਤੀ ਅਤੇ ਪਹਿਲੀ ਬਾਣੀ ਵੀ ਨਾਲ-ਨਾਲ ਸਾਂਭਣੀ ਜਾਰੀ ਰੱਖੀ। ਅਰਜਨ ਪਾਤਸ਼ਾਹ ਜੀ ਨੇ ਇਸ ਬਾਣੀ ਸੰਗ੍ਰਹਿ ਨੂੰ ‘ਆਦਿ ਗ੍ਰੰਥ’ ਦੇ ਰੂਪ ਵਿਚ ਸੰਪਾਦਿਤ ਕੀਤਾ। ਮਗਰੋਂ ਦਸਮ ਪਾਤਸ਼ਾਹ ਜੀ ਨੇ ਇਸ ਵਿਚ ਨੌਵੇਂ ਮਹਲੇ ਦੀ ਬਾਣੀ ਸ਼ਾਮਿਲ ਕਰਕੇ ਇਸ ’ਤੇ ਸੰਪੂਰਨਤਾ ਦੀ ਮੋਹਰ ਲਾ ਦਿੱਤੀ। ਇਸ ਨਾਲ ਹੀ ਉਨ੍ਹਾਂ ਨੇ ‘ਵਿਅਕਤੀ ਉਤਰਾਧਿਕਾਰੀ’ ਦੀ ਲੜੀ ਬੰਦ ਕਰਕੇ ਪੰਥ ਨੂੰ ਸਿਰਫ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਤਬਿਆ ਕਰ ਦਿੱਤਾ। ਭਾਵ ਨਾਨਕ ਸਰੂਪਾਂ ਨੇ ਅਪਣੇ ਵਲੋਂ ਪੁਖਤਾ ਇੰਤਜ਼ਾਮ ਕੀਤੇ ਕਿ ਕੌਮ ਕਿਧਰੇ ‘ਪੁਜਾਰੀਵਾਦੀ ਤਾਕਤਾਂ’ ਦੇ ਚੰਗੁਲ ਵਿਚ ਨਾ ਫੱਸ ਜਾਵੇ। ਜੇ ਕਿਧਰੇ ਫੱਸ ਵੀ ਜਾਵੇ ਤਾਂ ‘ਸੁਚੇਤ ਸਿੱਖ’ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਆਸਰੇ ਉਨ੍ਹਾਂ ਨੂੰ ਇਸ ਚੰਗੁਲ ਵਿਚੋਂ ਬਾਹਰ ਕੱਢ ਲੈਣ।

1708 ਤੋਂ ਬਾਅਦ ਪੰਥ ਲਗਭਗ 100 ਸਾਲਾਂ ਤੱਕ ਰਾਜਨੀਤਕ ਜ਼ੁਲਮ ਕਾਰਨ ਬਿਖੜੇ ਹਾਲਾਤਾਂ ਵਿਚ ਵਿਚਰਦੀ ਰਹੀ। ਇਸ ਦਾ ਫਾਇਦਾ ਚੁੱਕ ਕੇ ‘ਪੁਜਾਰੀਵਾਦੀ ਤਾਕਤਾਂ’ (ਉਦਾਸੀਆਂ, ਨਿਰਮਲਿਆਂ ਆਦਿ ਦੇ ਨਾਂ ਹੇਠ) ਹੋਲੀ-ਹੋਲੀ ਪੰਥ ਦੇ ਕੇਂਦਰੀ ਸਥਾਨਾਂ ’ਤੇ ‘ਹਮਦਰਦ’ ਬਣ ਕੇ ਕਾਬਿਜ਼ ਹੋ ਗਈਆਂ। ਇਸ ਨੇ ਜਨਮ ਸਾਖੀਆਂ, ਗੁਰਬਿਲਾਸ ਆਦਿ ਦੇ ਨਾਂ ਵਾਲੇ ਐਸੇ ਗ੍ਰੰਥ ਰੱਚ ਦਿਤੇ ਜਿਨ੍ਹਾਂ ਵਿਚ ਨਾਨਕ ਸਰੂਪਾਂ ਦੇ ਜੀਵਨ ਵਿਚ ਮੁੱਢਲੇ ਗੁਰਮਤਿ ਸਿਧਾਂਤਾਂ ਤੋਂ ਉਲਟ ਘਟਨਾਵਾਂ ਲਿੱਖ ਕੇ ਪ੍ਰਚਾਰਿਆ। ਕੌਮ ਨੂੰ ‘ਉਪਦੇਸ਼’ (ਗਿਆਨ) ਦੀ ਥਾਂ ਕਹਾਣੀਆਂ (ਸਾਖੀਆਂ) ਦੇ ਮਗਰ ਲਾਉਣ ਦਾ ਢੰਗ ਅਪਨਾਇਆ। ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਮਿਲਾਵਟ ਦੇ ਯਤਨ ‘ਰਾਗਮਾਲਾ’ ਤੋਂ ਅੱਗੇ ਕਾਮਯਾਬ ਨਾ ਹੋ ਸਕੇ (ਸੁਚੱਜੀ ਬਣਤਰ ਕਾਰਨ) ਤਾਂ ਉਨ੍ਹਾਂ ਨੇ ਇਸ ਦੀ ਕਾਟ ਕਰਨ ਲਈ ‘ਬਚਿਤ੍ਰ ਨਾਟਕ’ ਨਾਂ ਦਾ ਗ੍ਰੰਥ ਰੱਚ ਦਿੱਤਾ। ਇਸ ਗ੍ਰੰਥ ਨੂੰ ਦਸ਼ਮੇਸ਼ ਪਾਤਸ਼ਾਹ ਜੀ ਦੀ ਬਾਣੀ ਪ੍ਰਚਾਰਨਾ ਸ਼ੁਰੂ ਕੀਤਾ। ਬਾਅਦ ਵਿਚ ਭੁਲੇਖਾ ਹੋਰ ਗਹਿਰਾ ਕਰਨ ਲਈ ਇਸ ਗ੍ਰੰਥ ਦਾ ਨਾਂ ਵੀ ‘ਦਸਮ ਗ੍ਰੰਥ’ ਰੱਖ ਦਿਤਾ। ਇਸ ਗ੍ਰੰਥ ਦਾ ਸੰਦੇਸ਼ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਬਿਲਕੁਲ ਉਲਟ ਹੈ। ਵੈਸੇ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਇਕ ਉਪਦੇਸ਼ਾਤਮਕ ਗ੍ਰੰਥ ਹੈ, ਜਦਕਿ ਦਸਮ ਗ੍ਰੰਥ (ਅਸ਼ਲੀਲ ਤੇ ਬ੍ਰਾਹਮਾਣਵਾਦੀ ਕਹਾਣੀਆਂ ਨਾਲ ਭਰਪੂਰ) ਕਥਾਤਮਕ ਗ੍ਰੰਥ ਹੈ। ਪੰਥ ਦੀ ਅਣਗਹਿਲੀ ਦਾ ਫਾਇਦਾ ਚੁੱਕਦੇ ਹੋਏ, ਇਸ ਗ੍ਰੰਥ ਦੀਆਂ ਕੁਝ ਰਚਨਾਵਾਂ ਦੇ ਕੁਝ ਹਿੱਸੇ ‘ਪੰਥਕ ਨਿਤਨੇਮ’ (ਖੰਡੇ ਦੀ ਪਾਹੁਲ ਵੀ) ਦਾ ਹਿੱਸਾ ਬਣਾ ਦਿਤੇ ਗਏ।

ਇਕ ਹੋਰ ਹਥਿਆਰ ਵਰਤਦੇ ਹੋਏ, ਇਨ੍ਹਾਂ ਤਾਕਤਾਂ ਨੇ ‘ਗੁਰਬਾਣੀ’ ਨੂੰ ਸਮਝਣ ਵਿਚਾਰਨ ਦੀ ਰੂਚੀ ਘਟਾਉਣ ਲਈ ਗੁਰਬਾਣੀ ਦੇ ਤੋਤਾਰਟਨੀ ਵਾਂਗੂ ਗਿਣਤੀ-ਮਿਣਤੀ ਦੇ ਪਾਠਾਂ ਦਾ ਪ੍ਰਚਲਨ ਕਰ ਦਿੱਤਾ। ਗੁਰਬਾਣੀ ਸ਼ਬਦਾਂ ਨੂੰ ਮੰਤਰਾਂ ਵਾਂਗੂ ਪ੍ਰਚਾਰਦੇ ਹੋਏ, ਸਮੱਸਿਆਵਾਂ ਦੇ ਹੱਲ ਲਈ ਕੁਝ ਖਾਸ ‘ਸ਼ਬਦਾਂ’ ਦੇ ਰਟਨ ਦਾ ਕਰਮਕਾਂਡ ਵੀ ਪ੍ਰਚਲਿਤ ਕੀਤਾ। ਬਿਖੜੇ ਹਾਲਤਾਂ ਵਿਚ ਚਲਾਏ ਇਨ੍ਹਾਂ ਪੁਜਾਰੀਵਾਦੀ ਤਾਕਤਾਂ ਦੇ ਉਪਰੋਕਤ ਬਹੁਪੱਖੀ ਮਾਰੂ ਹਥਿਆਰਾਂ ਦੀ ਮਾਰ ਹੇਠ ‘ਖਾਲਸਾ’ ਗੁਰਬਾਣੀ ਦੀ ਸਿੱਖਿਆ ਤੋਂ ਦੂਰ ਹੁੰਦਾ, ਕਰਮਕਾਂਡਾਂ ਵਿਚ ਉਲਝਦਾ ‘ਬਿਪਰਵਾਦੀ ਸੋਚ’ ਦਾ ਧਾਰਨੀ ਬਣ ਕੇ ‘ਖਾਲਸ’ ਨਾ ਰਿਹਾ।

ਅੱਜ ਵੀ ਕੌਮ ਦੇ ‘ਪ੍ਰਚਾਰ ਤੰਤਰ’ ਤੇ ਇਹ ਪੁਜਾਰੀਵਾਦੀ (ਸੰਪਰਦਾਈ) ਤਾਕਤਾਂ ਵੱਖ-ਵੱਖ ਨਾਵਾਂ (ਸੰਤ, ਬਾਬੇ, ਭਾਈ, ਬ੍ਰਹਮਗਿਆਨੀ, ਸਿੰਘ ਸਾਹਿਬ ਆਦਿ) ਭਾਰੂ ਹਨ। ਅਫਸੋਸ! ਕੌਮ ਦੇ ਕੇਂਦਰੀ ਸੰਸਥਾ (ਸ਼੍ਰੋਮਣੀ ਕਮੇਟੀ) ਵੀ ਇਨ੍ਹਾਂ ਦੇ ਕਬਜ਼ੇ ਹੇਠ ਹੈ। ਗੁਰਇਕਬਾਲ ਸਿੰਘ (ਰਾਗੀ) ਵੀ ਇਕ ਐਸਾ ਹੀ ਪ੍ਰਚਾਰਕ ਹੈ। ਪਹਿਲਾਂ ਇਸ ਨੇ ਬੀਬੀ ਕੌਲਾਂ ਨੂੰ ‘ਮਾਤਾ ਕੌਲਾਂ’ ਪ੍ਰਚਾਰ ਕੇ ਗੁਰਬਿਲਾਸ ਪਾਤਸ਼ਾਹੀ 6 ਵਰਗੀ ਕੂੜ ਪੁਸਤਕ ਨੂੰ ਪ੍ਰਮਾਣਿਕਤਾ ਦੇਣ ਦਾ ਜਤਨ ਕੀਤਾ। ਜਦਕਿ ਕੌਮ ਵਿਚ ‘ਮਾਤਾ’ ਲਫਜ਼ ਆਮ ਕਰਕੇ ਨਾਨਕ ਸਰੂਪਾਂ ਦੀ ਪਤਨੀਆਂ ਲਈ ਹੀ ਵਰਤਿਆ ਜਾਂਦਾ ਹੈ। ਇਹ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ ਦੇ ਲੜ ਲਾਉਣ ਦੀ ਥਾਂ ਕਰਾਮਾਤੀ ਸਾਖੀਆਂ ਨਾਲ ਬਹੁਤਾ ਜੋੜਦਾ ਹੈ। ਗੁਰਬਾਣੀ ਦੇ ਗਿਣਤੀ-ਮਿਣਤੀ ਵਾਲੇ ਤੋਤਾਰਟਨੀ ਵਾਲੇ ਪਾਠਾਂ ਨੂੰ ਬੜ੍ਹਾਵਾ ਦੇਂਦਾ ਹੈ। ‘ਸੁਖਮਨੀ ਸਾਹਿਬ’ ਜੀ ਨੂੰ ਇਹ ਬਾਕੀ ‘ਗੁਰਬਾਣੀ’ ਨਾਲੋਂ ਵੱਧ ਮਹੱਤਵ ਦਿੰਦਾ ਹੈ। ਸੁਖਮਨੀ ਸਾਹਿਬ ਨੂੰ ਵੀ ਸਮਝਣ ਵਿਚਾਰਨ ਦੀ ਥਾਂ ‘ਮੰਤਰ’ ਵਾਂਗੂ ਗਿਣਤੀ-ਮਿਣਤੀ ਵਿਚ ਕਰਨ ਦਾ ਜ਼ਿਆਦਾ ਪ੍ਰਚਾਰ ਕਰਦਾ ਹੈ। ਪਿਛਲੇ ਸਮੇਂ ਵਿਚ ਇਹ ਪ੍ਰਚਾਰਕ ਕਈਂ ਤਰ੍ਹਾਂ ਦੇ ਪ੍ਰਪੰਚ ਕਰਵਾਉਂਦਾ ਰਿਹਾ ਹੈ। ਖਬਰਾਂ ਅਨੁਸਾਰ ਹੁਣ ਇਸ ਨੇ ਇਕ ਨਵਾਂ ਕਾਰਨਾਮਾ ਕਰਦੇ ਹੋਏ, ਨਿਰੋਲ ਸੁਖਮਨੀ ਸਾਹਿਬ ਦਾ ਇਕ ਗ੍ਰੰਥ ਤਿਆਰ ਕਰਵਾ ਲਿਆ ਹੈ। ਇਸ ਗ੍ਰੰਥ ਵਿਚ ਸੁਖਮਨੀ ਸਾਹਿਬ ਦੀ ਬਾਣੀ ਨੂੰ 51 ਵਾਰ ਛਾਪਿਆ ਗਿਆ ਹੈ। ਖਬਰਾਂ ਰਾਹੀਂ ਇਹ ਵੀ ਪਤਾ ਚਲਿਆ ਹੈ ਕਿ ਇਸ ਗ੍ਰੰਥ ਦੇ ‘ਅਖੰਡ’ (ਅਸਲ ਵਿਚ ਪਾਖੰਡ) ਪਾਠ ਵੀ ਸ਼ੁਰੂ ਕਰ ਦਿਤੇ ਗਏ ਹਨ, ਜਿਸ ਦਾ ਭੋਗ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ‘ਆਖੰਡ ਪਾਠ’ ਵਾਂਗੂ ਲਗਭਗ 48 ਘੰਟੇ ਵਿਚ ਹੀ ਪਾਇਆ ਜਾ ਰਿਹਾ ਹੈ।

ਸ਼੍ਰੋਮਣੀ ਕਮੇਟੀ ਐਸੇ ਮਨਮੱਤੀਂ ਪ੍ਰਚਾਰਕਾਂ ਨੂੰ ਰੋਕਣ ਦੀ ਥਾਂ ਇਨ੍ਹਾਂ ਨੂੰ ‘ਹੱਲਾਸ਼ੇਰੀ’ ਦੇ ਰਹੀ ਹੈ, ਕਿਉਂਕਿ ਇਹ ਵੀ ਪੰਥ ਵਿਰੋਧੀ ਤਾਕਤਾਂ ਦੀ ਹੱਥਠੋਕਾ ਬਣੀ ਜਾਪਦੀ ਹੈ। ਇਹ ਸਾਰੇ ਮਿਲ ਕੇ ‘ਨਾਨਕ ਫਲਸਫੇ’ ਦੇ ਕਤਲ ਦੀ ਸਾਜ਼ਿਸ਼ ’ਤੇ ਕੰਮ ਕਰ ਰਹੇ ਹਨ। ਇਨ੍ਹਾਂ ਦੀ ਸ਼ਹਿ ’ਤੇ ਕੁਝ ਅਨਮਤੀ ਪ੍ਰਚਾਰਕ (ਕੁਮਾਰ ਸੁਆਮੀ ਆਦਿ) ਵੀ ਗੁਰਬਾਣੀ ਤੁੱਕਾਂ ਨੂੰ ਬੀਮਾਰੀ ਠੀਕ ਕਰਨ ਲਈ ‘ਬੀਜ ਮੰਤਰ’ ਦੇ ਨਾਂ ’ਤੇ ਵੰਡ ਕੇ ਗੁੰਮਰਾਹ ਕਰ ਰਹੇ ਹਨ। ਉਪਰੋਕਤ ਅਨੁਸਾਰ ਜਿੱਥੇ ਸੰਪਰਦਾਈ ਧਿਰਾਂ ਮੂਲ ਨਾਨਕ ਫਲਸਫੇ ਨੂੰ ਗੰਧਲਾ ਕਰ ਰਹੀਆਂ ਹਨ, ਦੂਜੇ ਪਾਸੇ ਜਾਗਰੂਕ ਪੰਥਕ ਧਿਰਾਂ ਵਿਚ ਏਕਤਾ ਅਤੇ ਸਿਧਾਂਤਕ ਦ੍ਰਿੜਤਾ (ਸਿਧਾਂਤਕ ਸਮਝ ਦੀ ਨਹੀਂ) ਦੀ ਘਾਟ ਹੈ।

ਸੱਚ ਦੇ ਚਾਹਵਾਨ ਹਰ ਮਨੁੱਖ (ਸਿੱਖ) ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਜਿਹੜਾ ਵੀ ਪ੍ਰਚਾਰਕ:

  1. ਕਰਾਮਾਤੀ (ਗੈਰ-ਕੁਦਰਤੀ) ਕਹਾਣੀਆਂ (ਸਾਖੀਆਂ ਆਦਿ ਦੇ ਨਾਂ ਹੇਠ) ਦਾ ਪ੍ਰਚਾਰ ਕਰਦਾ ਹੈ।
  2. ਗੁਰਬਾਣੀ ਦੇ ਗਿਣਤੀ-ਮਿਣਤੀ ਦੇ ਤੋਤਾਰਟਨੀ ਪਾਠਾਂ ਦੀ ਪ੍ਰੌੜਤਾ ਕਰਦਾ ਹੈ।
  3. ‘ਦਸਮ ਗ੍ਰੰਥ’ ਦੀ ਹਿਮਾਇਤ ਕਰਦਾ ਹੈ।

ਉਹ ਅਗਿਆਨੀ ਜਾਂ ਢੋਂਗੀ ਹੈ। ਨਾਲ ਹੀ ਜਾਗਰੂਕ ਧਿਰਾਂ ਲਈ ਵੀ ਹੁਣ ਫੈਸਲੇ ਦੀ ਘੜੀ ਹੈ ਕਿ ਉਨ੍ਹਾਂ ਨੇ ਸਾਰੇ ਕੂੜ-ਕਬਾੜ ਤੇ ਇਕੋ ਵਾਰ ਪੋਚਾ ਫੇਰ ਕੇ ‘ਨਾਨਕ ਫਲਸਫੇ’ ਦੀ ‘ਰੂਹ’ ਦੇ ਕਤਲ ਨੂੰ ਬਚਾਉਣ ਲਈ ਇਕੱਠੇ ਹੋਣਾ ਹੈ ਜਾਂ ‘ਪੰਥ ਪ੍ਰਵਾਣਿਕਤਾ’ ਦੀ ਦੁਬਿਧਾ ਹੇਠ ਫਸੇ ਰਹਿ ਕੇ ਏਕਤਾ ਦੇ ਨਾਂ ਹੇਠ ਸਿਧਾਂਤ ਨਾਲ ਸਮਝੌਤੇ ਕਰੀ ਜਾਣਾ ਹੈ ?

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top