Share on Facebook

Main News Page

ਗੁਰਬਚਨ ਸਿੰਘ ਇਹ ਸਾਬਿਤ ਕਰੇ ਕਿ ਪੁਰੇਵਾਲ ਆਰ.ਐਸ. ਐਸ. ਦਾ ਏਜੰਟ ਹੈ, ਨਹੀਂ ਤਾਂ ਅਸਤੀਫਾ ਦੇ ਕੇ ਪੰਥ ਦਾ ਖਹਿੜਾ ਛੱਡੇ

ਪੰਥ ਦੀ ਸ਼ਾਨ, ਸਵੈਮਾਨ ਤੇ ਵਖਰੀ ਹੋਂਦ ਦੀ ਪਛਾਣ ਨਾਨਕਸ਼ਾਹੀ ਕੈਲੰਡਰ ਦੇ ਜਨਕ ਸ੍ਰ. ਪਾਲ ਸਿੰਘ ਪੁਰੇਵਾਲ ਨੂੰ ਅਕਾਲ ਤਖਤ ਤੇ ਕਾਬਿਜ ਪੁਜਾਰੀ ਗੁਰਬਚਨ ਸਿੰਘ ਨੇ ਆਰ.ਐਸ.ਐਸ ਦਾ ਏਜੰਟ ਕਹਿ ਕੇ, ਅਕਾਲ ਤਖਤ ਦੇ ਪਵਿੱਤਰ ਸਿਧਾਂਤ ਤੇ ਮਰਿਯਾਦਾ ਦੀਆਂ, ਇੱਕ ਵਾਰ ਫੇਰ ਧੱਜੀਆਂ ਉਡਾ ਕੇ ਰੱਖ ਦਿਤੀਆਂ ਨੇ।

ਅਕਾਲ ਤਖਤ ਤੇ ਕਾਬਿਜ ਇਸ ਪੁਜਾਰੀ ਨੇ ਲਗਦਾ ਹੈ ਕਿ ਆਪਣਾ ਮਾਨਸਿਕ ਸੰਤੁਲਨ ਖੋ ਦਿਤਾ ਹੈ। ਕਦੀ ਇਹ ਸਿੱਖਾਂ ਦੇ ਕੀਰਤਨ ਪ੍ਰੋਗ੍ਰਾਮਾਂ ਨੂੰ ਰੋਕਣ ਲਈ, ਸਰਕਾਰੀ ਅਫਸਰਾਂ ਨੂੰ ਅਕਾਲ ਤਖਤ ਦੇ ਲੈਟਰ ਪੈਡ ‘ਤੇ ਮਿੰਨਤਾਂ ਕਰਦਾ ਹੈ। ਕਦੀ 5 ਜਨਵਰੀ ਨੂੰ ਗੁਰੂ ਪੁਰਬ ਮਨਾਉਣ ਵਾਲੇ ਸਿੱਖਾਂ ਨੂੰ ਧਮਕੀਆਂ ਦੇਂਦਾ ਹੈ, ਕਿ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਹੁਣ ਤੇ ਇਸ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਮੁੱਕਾ ਦਿਤੀਆਂ, ਜਦੋਂ ਇਸ ਨੇ ਸ੍ਰ. ਪਾਲ ਸਿੰਘ ਪੁਰੇਵਾਲ ਨੂੰ ਆਰ.ਐਸ.ਐਸ. ਦਾ ਏਜੰਟ ਕਹਿ ਦਿੱਤਾ।

ਗੁਰਬਚਨ ਸਿੰਘ ਦੇ ਇਸ ਗੈਰ ਜਿੰਮੇਦਾਰਾਨਾਂ ਤੇ ਆਧਾਰਹੀਣ ਬਿਆਨ ਨਾਲ ਸਿੱਖ ਜਗਤ ਦਾ ਹਿਰਦਾ ਵਲੂੰਧਰਿਆ ਗਿਆ ਹੈ। ਗੁਰਬਚਨ ਸਿੰਘ ਨੂੰ ਕੌਮ ਦਾ ਹਰ ਜਾਗਰੂਕ ਸਿੱਖ ਖਬਰਦਾਰ ਕਰਦਾ ਹੈ, ਕਿ ਪੰਥ ਦੇ ਉੱਚ ਅਦਾਰੇ ਤੇ ਕਾਬਿਜ ਹੋਣ ਦਾ ਇਹ ਮਤਲਬ ਨਹੀਂ ਕਿ ਉਹ ਸਿੱਖ ਵਿਰੋਧੀ ਬਿਆਨਬਾਜੀ ਤੇ ਸਿੱਖ ਵਿਰੋਧੀ ਕੰਮ ਕਰੇ।

ਹੁਣ ਇਸ ਗਲ ਨੂੰ ਉਹ ਸਾਬਿਤ ਕਰੇ ਜਾਂ ਉਸ ਦਾ ਸਬੂਤ ਪੰਥ ਦੇ ਸਾਹਮਣੇ ਪੇਸ਼ ਕਰੇ, ਜਿਸ ਤੋਂ ਇਹ ਸਾਬਿਤ ਹੁੰਦਾ ਹੋਵੇ, ਕਿ ਪਾਲ ਸਿੰਘ ਪੁਰੇਵਾਲ ਆਰ.ਐਸ.ਐਸ. ਦਾ ਏਜੰਟ ਹੈ। ਜੇ ਉਹ ਇਹ ਸਾਬਿਤ ਨਾਂ ਕਰ ਸਕੇ, ਤੇ ਫੇਰ ਉਸ ਨੂੰ ਅਕਾਲ ਤਖਤ ਦੀ ਉਸ ਉੱਚ ਪਦਵੀ ਤੋਂ ਅਸਤੀਫਾ ਦੇ ਕੇ ਆਪਣੇ ਸਿਆਸੀ ਆਕਾਵਾਂ ਦੀ ਪਨਾਹ ਵਿੱਚ ਚਲੇ ਜਾਣਾਂ ਚਾਹੀਦਾ ਹੈ।

ਇਸ ਦੇ ਨਾਲ ਨਾਲ ਉਸ ਨੂੰ ਇਹ ਵੀ ਦਸਣਾ ਪਵੇਗਾ, ਕਿ ਉਹ ਆਪ ਕਿਸ ਦੇ ਇਸ਼ਾਰਿਆਂ ਤੇ ਪੰਥ ਵਿਰੋਧੀ ਕੰਮ ਕਰ ਰਿਹਾ ਹੈ? ਉਸ ਨੇ ਪੰਥ ਦੇ ਸਰਮਾਏ ਨਾਨਕਸ਼ਾਹੀ ਕੈਲੰਡਰ ਵਿਚ ਗੈਰ ਸਿਧਾਂਤਕ ਤਬਦੀਲੀਆਂ ਕਰਕੇ ਉਸ ਨੂੰ ਵਿਕ੍ਰਤ ਕਰ ਦਿਤਾ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਇਹ ਤਬਦੀਲੀਆਂ ਕਰਨ ਵੇਲੇ, ਕੀ ਉਸ ਨੇ ਪੰਥ ਦੇ ਵਿਦਵਾਨਾਂ ਜਾਂ ਕੈਲੰਡਰ ਵਿਗਿਆਨ ਦੇ ਕਿਸੇ ਮਾਹਿਰ ਕੋਲੋਂ ਕੋਈ ਰਾਯ ਲਈ? ਕੀ ਉਹ ਆਪ ਕੈਲੰਡਰ ਵਿਗਿਆਨ ਦਾ ਕੋਈ ਮਾਹਿਰ ਹੈ? ਜਾਂ ਇਸ ਦੇ ਪਿਛੇ ਕੋਈ ਹੋਰ ਤਾਕਤ ਕੰਮ ਕਰ ਰਹੀ ਹੈ? ਕੀ ਕੈਲੰਡਰ ਨੂੰ ਵਿਕ੍ਰਤ ਕਰਨ ‘ਤੇ ਉਸ ਵਿਕ੍ਰਤ ਕੈਲੰਡਰ ਦੇ ਆਦੇਸ਼ ਨੂੰ ਲਾਗੂ ਕਰਨ ਵੇਲੇ ਪੰਜਾਂ ਤਖਤਾਂ ਦੇ ਜਥੇਦਾਰਾਂ (ਅਖੋਤੀ) ਦੀ ਸਹਿਮਤੀ ਲਈ ਦਸਤਖਤ ਕਰਵਾਏ? ਕੀ ਅਕਾਲ ਤਖਤ ਦੀ ਮੋਹਰ ਦੀ ਦੁਰਵਰਤੋਂ ਆਏ ਦਿਨ ਨਹੀਂ ਕੀਤੀ ਜਾ ਰਹੀ? ਕੀ ਇਕ ਧਾਰਮਿਕ ਆਗੂ ਨੂ ਪੰਥ ਦੇ ਕਿਸੇ ਵਿਦਵਾਨ ‘ਤੇ ਬਿਨਾਂ ਕਿਸੇ ਸਬੂਤ ਦੇ ਕੋਈ ਤੋਹਮਤ ਲਾਉਣ ਦਾ ਅਧਿਕਾਰ ਹੈ? ਜਾਂ ਉਹ ਵੀ ਕਿਸੇ ਆਕਾ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਹੈ? ਕੀ ਜੇ ਤੂੰ ਕਿਸੇ ਨੂੰ ਆਰ.ਐਸ.ਐਸ. ਦਾ ਏਜੰਟ ਕਹਿ ਸਕਦਾ ਹੈਂ, ਤੇ ਕੋਈ ਤੈਨੂੰ ਵੀ ਆਰ.ਐਸ. ਐਸ. ਦਾ ਏਜੰਟ ਕਿਉਂ ਨਹੀਂ ਕਹਿ ਸਕਦਾ?

ਇਹ ਸਾਰੇ ਉਹ ਸਵਾਲ ਨੇ ਜੋ ਪੰਥ ਅਤੇ ਆਉਣ ਵਾਲੇ ਸਮੇਂ ਵਿੱਚ ਲਿਖਿਆ ਜਾਣ ਵਾਲਾ ਇਤਿਹਾਸ, ਤੇਰੇ ਕੋਲੋਂ ਪੁਛੇਗਾ। ਇਨਾਂ ਸਵਾਲਾਂ ਦਾ ਜਵਾਬ ਤੈਨੂੰ ਪੰਥ ਦੀ ਕਚਿਹਰੀ ਵਿੱਚ ਦੇਣਾ ਪਵੇਗਾ। ਕੌਮ ਨੂੰ ਕਿਸੇ ਭੰਬਲਭੁਸੇ ਵਿੱਚ ਪਾਉਣ ਤੋਂ ਪਹਿਲਾਂ ਤੂੰ ਜ਼ਰਾ ਇੰਨਾ ਤਾਂ ਸੋਚ ਹੀ ਲੈਣਾ ਸੀ, ਕਿ ਨਾਨਕਸ਼ਾਹੀ ਕੈਲੰਡਰ ਦਾ ਸਭ ਤੋਂ ਵਡਾ ਵਿਰੋਧੀ ਤੇ ਆਰ.ਐਸ.ਐਸ. ਹੈ। ਇਸ ਕੈਲੰਡਰ ਨੂੰ ਵਿਕ੍ਰਤ ਕਰਕੇ ਤੂੰ ਤੇ ਤੇਰੇ ‘ਆਕਾ’ ਨੇ ਇਨ੍ਹਾਂ ਦਾ ਹੀ ਪੱਖ ਪੂਰਿਆ ਹੈ। ਫੇਰ ਇਸ ਕੈਲੰਡਰ ਨੂੰ ਬਨਾਉਣ ਵਾਲਾ ਉਸ ਦਾ ਏਜੰਟ ਹੈ, ਕਿ ਉਸ ਨੂੰ ਵਿਕ੍ਰਤ ਕਰਨ ਵਾਲਾ ਉਨ੍ਹਾਂ ਦਾ ਏਜੰਟ ਹੈ?

ਇਕ ਸਲਾਹ ਤੈਨੂੰ ਹੋਰ ਦੇਣੀ ਹੈ, ਉਹ ਇਹ ਕੇ ਕਿਸੇ ਨੂੰ ਪੰਥ ਤੋਂ ਛੇਕਣ ਜਾਂ ਕਿਸੇ ਤੇ ਆਧਾਰਹੀਨ ਤੋਹਮਤ ਲਾਉਣ ਦਾ ਅਧਿਕਾਰ ਤੈਨੂੰ ਕਿਸੇ ਵੀ ਤਰ੍ਹਾਂ ਪ੍ਰਾਪਤ ਨਹੀਂ ਹੈ। ਉਸ ਗੱਦੀ ‘ਤੇ ਬੈਠ ਕੇ ਆਪਣੇ ਆਪ ਨੂੰ ਇਕ ‘ਤਾਨਾਸ਼ਾਹ’ ਸਮਝਣਾ ਕਿਸੇ ਵੀ ਪੁਜਾਰੀ ਨੂੰ ਸ਼ੋਭਾ ਨਹੀਂ ਦਿੰਦਾ।

ਹੁਣ ਗਲ ਕਰੀਏ ਗੁਰਬਚਨ ਸਿੰਘ ਦੇ ‘ਰਿਮੋਟ ਕੰਟਰੋਲ’ ਮਕੱੜ ਦੀ। ਮੱਕੜ ਸਾਹਿਬ, ਤੁਸੀਂ ਇਹ ਕਹਿਆ ਹੈ ਕਿ ਤੁਸੀਂ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਕਰਨ ਦਾ ਹੱਕ ਤੇ ਅਧਿਕਾਰ ਰਖਦੇ ਹੋ। ਮੱਕੜ ਸਾਹਿਬ ਅਕਾਲ ਤਖਤ ਨੇ 2003 ਵਿਚ ਜੋ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਤੇ ਪੰਥ ਨੇ ਉਸ ਨੂੰ ਪ੍ਰਵਾਣ ਕਰ ਲਿਆ ਸੀ। ਕੌਮ ਉਸ ਨੂੰ 7 ਵਰ੍ਹਿਆਂ ਤੋਂ ਮੰਨਦੀ ਆ ਰਹੀ ਸੀ ਤੇ ਉਸ ਅਨੁਸਾਰ ਅਪਣੇ ਦਿਨ ਦਿਹਾੜੇ ਮਨਾਂਉਦੀ ਆ ਰਹੀ ਸੀ, ਉਸ ਵੱਲ ਤਹਾਨੂੰ ਅੱਖ ਚੁੱਕ ਕੇ ਵੇਖਣ ਦਾ ਵੀ ਅਧੀਕਾਰ ਨਹੀਂ ਸੀ। ਤੁਸੀਂ ਤਬਦੀਲੀਆਂ ਦੀ ਗਲ ਕਰਦੇ ਹੋ!!! ਇਹ ਤਬਦੀਲੀਆਂ ਤੇ ਤੁਸੀਂ ਉਸ ਕੁਰਸੀ ਤੇ ਉਸ ਦੀ ਤਾਕਤ ਦਾ ਨਾਜਾਇਜ ਫਾਇਦਾ ਉਠਾ ਕੇ ਕੀਤੀਆਂ ਹਨ। ਪੰਥ ਨੇ ਇਸ ਨੂੰ ਕੋਈ ਮਾਨਤਾ ਅੱਜ ਤੱਕ ਨਹੀਂ ਦਿੱਤੀ ਤੇ 75 ਫੀ ਸਦੀ ਸਿੱਖਾਂ ਨੇ ਤੁਹਾਡੇ ਸੋਧੇ ਗਏ ਕੈਲੰਡਰ ਦੇ ਖਿਲਾਫ, 5 ਜਨਵਰੀ 2011 ਨੂੰ ਦਸਮ ਗੁਰੂ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਤੁਹਾਡੀਆਂ ਸੋਧਾਂ ਨੂੰ ਪਹਿਲਾਂ ਹੀ ਨਕਾਰ ਦਿਤਾ ਹੈ। ਫੇਰ ਵੀ ਤੁਸੀ ਢੀਠਾਂ ਵਾਂਗ ਆਕੜੀ ਜਾ ਰਹੇ ਹੋ। ਮੱਕੜ ਸਾਹਿਬ ਯਾਦ ਰਹੇ ਕੇ ਤੁਸੀਂ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹੋ, ਤੇ ਤੁਹਾਡਾ ਕੰਮ ਕੇਵਲ ਤੇ ਕੇਵਲ ਗੁਰਦਵਾਰਿਆਂ ਦਾ ‘ਪ੍ਰਬੰਧ’ ਕਰਨਾ ਹੈ, ਨਾਂ ਕੇ ਸਿੱਖ ਸਿਧਾਂਤਾਂ ਵਿੱਚ ਤਬਦੀਲੀਆਂ ਤੇ ਸੋਧਾਂ ਕਰਨਾ। ਤੇ ਨਾਂ ਹੀ ਤੁਸੀਂ ਗੁਰਮਤਿ ਦੇ ਇੰਨੇ ਵੱਡੇ ਜਾਣਕਾਰ ਤੇ ਵਿਦਵਾਨ ਹੋ, ਕਿ ਪੰਥ ਤੁਹਾਨੂੰ ਸੋਧਾਂ ਕਰਨ ਦਾ ਅਧਿਕਾਰ ਦੇ ਦੇਵੇਗਾ। ਤੁਸੀਂ ਗੁਰਦਵਾਰਿਆਂ ਦਾ ਪ੍ਰਬੰਧ ਵੇਖੋ, ਤੇ ਸੋਧਾਂ ਕਰਨ ਦਾ ਕੰਮ ਪੰਥ ਦੇ ਵਿਦਵਾਨਾਂ ਅਤੇ ਗੁਰਮਤਿ ਦੇ ਜਾਣਕਾਰਾਂ ਲਈ ਰਹਿਣ ਦਿਉ।  ਪੰਥ ਗੁਰਮਤਿ ਦੇ ਸਿਧਾਂਤਾਂ ਨਾਲ ਚਲਦਾ ਤੇ ਫਲਦਾ ਫੁਲਦਾ ਹੈ, ਦੋ ਚਾਰ ਬੰਦਿਆਂ ਦੀ ਬੁਰਛਾਗਰਦੀ ਨਾਲ ਨਹੀਂ!

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top