Share on Facebook

Main News Page

ਪੁਰੇਵਾਲ ਵਿਰੁਧ ਬਿਆਨਬਾਜ਼ੀ ਕਰ ਕੇ ‘ਜਥੇਦਾਰ’ ਨੇ ਬਾਦਲ ਦਲ ਦੀ ਤਰਜਮਾਨੀ ਕੀਤੀ: ਕਲਕੱਤਾ

ਅੰਮ੍ਰਿਤਸਰ, 18 ਫ਼ਰਵਰੀ (ਚਰਨਜੀਤ ਸਿੰਘ) : ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਵਲੋਂ 2003 ਵਿਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਤਿਆਰ ਕਰਨ ਅਤੇ ਮਾਨਤਾ ਦੇਣ ਵਾਲੀਆਂ ਸਿੱਖ ਸੰਸਥਾਵਾਂ ਪ੍ਰਤੀ ਵਰਤੀ ਸ਼ਬਦਾਵਲੀ ਨੂੰ ਅਤਿ ਦੁਖਦਾਈ ਅਤੇ ਹੈਰਾਨੀ-ਜਨਕ ਕਰਾਰ ਦਿੰਦਿਆਂ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ. ਮਨਜੀਤ ਸਿੰਘ ਕਲਕੱਤਾ ਨੇ ਮੰਗ ਕੀਤੀ ਕਿ ਗਿਆਨੀ ਗੁਰਬਚਨ ਸਿੰਘ ਹੀ ਸਪੱਸ਼ਟ ਕਰ ਦੇਣ ਕੇ ਕਿ ਇਸ ਕੈਲੰਡਰ ਨੂੰ 2003 ਤੋਂ 2010 ਤਕ ਲਾਗੂ ਕਰਨ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਪਿੱਛੇ ਕਾਂਗਰਸ ਦਾ ਹੱਥ ਸੀ ਜਾਂ ਆਰ.ਐਸ.ਐਸ. ਦਾ ਹੱਥ ਹੈ? ਸ. ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਉਨ੍ਹਾਂ ਵਲੋਂ ਦਿਤੇ ਬਿਆਨ ਨੇ ਸਾਬਤ ਕਰ ਦਿਤਾ ਹੈ ਕਿ ਉਹ ਕੇਵਲ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਇਕ ਰਾਜਸੀ ਧੜੇ ਦੇ ‘ਜਥੇਦਾਰ’ ਹਨ।

ਸ. ਕਲਕੱਤਾ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਨੂੰ ਤਿਆਰ ਕਰਨ ਵਾਲੇ ਸ. ਪਾਲ ਸਿੰਘ ਪੁਰੇਵਾਲ ਨੇ ਮੂਲ ਕੈਲੰਡਰ ਵਿਚ ਕੀਤੀਆਂ ਸੋਧਾਂ ਉਪਰੰਤ ਤਕਨੀਕੀ ਤਰੁਟੀਆਂ ਬਾਰੇ ਪੱਤਰ ਲਿਖਿਆ ਹੈ ਕਿਉਂਕਿ ਮੁੱਖ ਸੇਦਾਵਾਰ ਖ਼ੁਦ ਐਲਾਨ ਕਰ ਚੁਕੇ ਹਨ ਕਿ ਸੋਧਾਂ ਬਾਅਦ ਵੀ ਕੈਲੰਡਰ ਬਾਰੇ ਰਾਏ ਭੇਜੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਸ. ਪੁਰੇਵਾਲ ਦੀ ਰਾਏ ਉਤੇ ਵਿਚਾਰ ਕਰਨ ਤੋਂ ਪਹਿਲਾਂ ਹੀ ਕਹਿ ਰਹੇ ਹਨ ਕਿ ਇਸ ਸੱਭ ਪਿੱਛੇ ਆਰ.ਐਸ.ਐਸ .ਦਾ ਹੱਥ ਹੈ ਜੋ ਮੰਦਭਾਗਾ ਤੇ ਦੁਖਦਾਈ ਹੈ। ਸ. ਕਲਕੱਤਾ ਨੇ ਕਿਹਾ ਕਿ ਮਨੁੱਖਤਾ ਨੂੰ ਨਿਮਰਤਾ ਤੇ ਹਲੀਮੀ ਦਾ ਸੰਦੇਸ਼ ਦੇਣ ਵਾਲੀਆਂ ਉ¤ਚ ਅਹੁਦਿਆਂ ’ਤੇ ਬੈਠੀਆਂ ਸ਼ਖ਼ਸੀਅਤਾਂ ਨੂੰ ਸੱਭ ਤੋਂ ਪਹਿਲਾਂ ਆਪ ਨਿਮਰ, ਨਿਡਰ ਅਤੇ ਨਿਰਪੱਖ ਹੋਣਾ ਚਾਹੀਦਾ ਹੈ।

ਸ. ਕਲਕੱਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਤਾਂ ਅਪਣੇ ਆਕਾਵਾਂ ਦੇ ਸਿਆਸੀ ਵਿਰੋਧੀਆਂ ਵਿਰੁਧ ਅਹੁਦੇ ਦੀ ਅਹਿਮੀਅਤ ਦੀ ਬਰਕਰਾਰ ਰੱਖਣ ਵਾਲੀ ਸ਼ਬਦਾਵਲੀ ਵਰਤਣ ਲਈ ਜਾਣੇ ਜਾਂਦੇ ਹਨ ਪਰ ‘ਜਥੇਦਾਰ’ ਦੇ ਬਿਆਨ ਵਿਚੋਂ ਵੀ ਮੱਕੜ ਦੇ ਸ਼ਬਦਾਂ ਦੀ ਝਲਕ ਨਜ਼ਰ ਆਈ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਹਿਬ ਵਲੋਂ ਪੰਥਕ ਹਿਤਾਂ ਵਿਚ ਲਏ ਫ਼ੈਸਲੇ ਹੀ ਸੰਗਤ ਨੇ ਪ੍ਰਵਾਨ ਕੀਤੇ ਹਨ। ਕਿਸੇ ਰਾਜਸੀ ਦਬਾਅ ਹੇਠ ਲਏ ਫ਼ੈਸਲੇ ਸੰਗਤ ਨੇ ਦੇਰ ਸਵੇਰ ਬਦਲੇ ਵੀ ਹਨ,ਇਹ ਸਾਨੂੰ ਭੁਲਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਲਈ ਕਮੇਟੀ ਪ੍ਰਧਾਨ ਸ. ਕਿਰਪਾਲ ਸਿੰਘ ਬਡੂੰਗਰ, ਬੀਬੀ ਜਗੀਰ ਕੌਰ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸੁਖਦੇਵ ਸਿੰਘ ਭੌਰ ਵੀ ਯਤਨਸ਼ੀਲ ਰਹੇ ਹਨ। ਉਹ ਸਾਰੇ ਕਿਹੜੀ ਏਜੰਸੀ ਦੇ ਏਜੰਟ ਹਨ, ਇਹ ਵੀ ਗਿਆਨੀ ਗੁਰਬਚਨ ਸਿੰਘ ਸਪੱਸ਼ਟ ਕਰ ਦੇਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top