Share on Facebook

Main News Page

ਪੁਰੇਵਾਲ ਦੇ ਸਖ਼ਤ ਵਿਰੋਧ ਦੇ ਬਾਵਜੂਦ, ਸਾਧਸ਼ਾਹੀ ਕੈਲੰਡਰ 2011 ਜਾਰੀ

* ਸੋਧਾਂ ਦੇ ਨਾਂ ’ਤੇ ਨਾਨਕਸ਼ਾਹੀ ਕੈਲੰਡਰ ਦਾ ਬਿਕਰਮੀਕਰਨ ਹੋਇਆ: ਪੁਰੇਵਾਲ

ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਫਰਵਰੀ

ਨਾਨਕਸ਼ਾਹੀ ਕੈਲੰਡਰ ਦੇ ਰਚਣਹਾਰੇ ਪਾਲ ਸਿੰਘ ਪੁਰੇਵਾਲ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਕ ਮੰਗ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਡੁੱਲੇ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ, ਇਸ ਲਈ ਨਾਨਕਸ਼ਾਹੀ ਕੈਲੰਡਰ ਵਿਚ ਕੀਤੀਆਂ ਗਈਆਂ ਸੋਧਾਂ ਨੂੰ ਵਾਪਸ ਲੈ ਲਿਆ ਜਾਵੇ ਅਤੇ 2003 ਵਾਲੇ ਅਸਲੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਨਵੇਂ ਵਰ੍ਹੇ ਦਾ ਕੈਲੰਡਰ ਜਾਰੀ ਕੀਤਾ ਜਾਵੇ।

ਦਲ ਖਾਲਸਾ ਦੇ ਦਫ਼ਤਰ ਵਿਖੇ ਸੱਦੇ ਗਏ ਇਕ ਪੱਤਰਕਾਰ ਸੰਮੇਲਨ ਦੌਰਾਨ ਸ੍ਰੀ ਪੁਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਮੰਗ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਦੋਸ਼ ਲਾਇਆ ਕਿ ਨਾਨਕਸ਼ਾਹੀ ਕੈਲੰਡਰ ਦਾ ਅਸਲ ਸਰੂਪ ਵਿਗਾੜ ਦਿੱਤਾ ਗਿਆ ਅਤੇ ਇਸ ਦਾ ਬਿਕਰਮੀਕਰਨ ਕਰ ਦਿੱਤਾ ਗਿਆ। ਹੁਣ ਇਹ ਨਾਨਕਸ਼ਾਹੀ ਕੈਲੰਡਰ ਨਹੀਂ ਰਿਹਾ ਸਗੋਂ ਨਾਨਕਸ਼ਾਹੀ ਅਤੇ ਬਿਕਰਮੀ ਕੈਲੰਡਰ ਦਾ ਮਿਲਗੋਭਾ ਬਣ ਗਿਆ।

ਸੋਧੇ (ਵਿਗਾੜੇ) ਹੋਏ ਕੈਲੰਡਰ ਵਿਚ 12 ਸੰਗਰਾਂਦਾਂ ਬਿਕਰਮੀ ਕੈਲੰਡਰ (ਦ੍ਰਿਕ ਗਣਿਤ ਪ੍ਰਣਾਲੀ) ਅਨੁਸਾਰ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਤੇ ਜੋਤੀ ਜੋਤਿ ਦਿਵਸ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਤੇ ਗੁਰਗੱਦੀ ਦਿਵਸ ਦੇ ਗੁਰਪੁਰਬ ਬਿਕਰਮੀ ਕੈਲੰਡਰ ਅਨੁਸਾਰ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੈਲੰਡਰ ਦਾ ਬਿਕਰਮੀਕਰਨ ਕੀਤੇ ਜਾਣ ਕਾਰਨ ਕਈ ਗੁਰਪੁਰਬ ਸਾਲ ਵਿਚ ਦੋ ਵਾਰ ਆਉਣਗੇ ਅਤੇ ਕਦੇ ਸਾਲ ਵਿਚ ਆਉਣਗੇ ਹੀ ਨਹੀਂ। ਉਨ੍ਹਾਂ ਦੱਸਿਆ ਕਿ ਬਿਕਰਮੀ ਕੈਲੰਡਰ ਅਨੁਸਾਰ 2011, 14, 17, 22 ਅਤੇ 2025 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਾਲ ਵਿਚ ਦੋ ਵਾਰ ਆਵੇਗਾ। ਜਦੋਂਕਿ 2012, 15, 18 ਅਤੇ 2023 ’ਚ ਇਕ ਵਾਰ ਵੀ ਇਹ ਗੁਰਪੁਰਬ ਨਹੀਂ ਆਵੇਗਾ। ਨਾਨਕਸ਼ਾਹੀ ਕੈਲੰਡਰ ਅਨੁਸਾਰ 23 ਪੋਹ ਲਈ ਪੰਜ ਜਨਵਰੀ ਦੀ ਤਰੀਕ ਸਦਾ ਲਈ ਨਿਸ਼ਚਿਤ ਕੀਤੀ ਗਈ ਸੀ।

ਉਨ੍ਹਾਂ ਦੋਸ਼ ਲਾਇਆ ਕਿ ਨਾਨਕਸ਼ਾਹੀ ਕੈਲੰਡਰ ਦਾ ਮੰਤਵ ਇਸ ਦੇ ਗੁਰਬਾਣੀ ਅਨੁਸਾਰ ਹੋਵੇ, ਸਿੱਖ ਕੌਮ ਦੀ ਵਿਲੱਖਣ ਹੋਂਦ ਦਾ ਪ੍ਰਤੀਕ ਹੋਵੇ ਅਤੇ ਗੁਰਪੁਰਬਾਂ ਦੀਆਂ ਤਰੀਕਾਂ ਨਿਰਧਾਰਤ ਹੋਣ ਬਾਰੇ ਸੀ। ਪਰ ਕੀਤੀਆਂ ਗਈਆਂ ਸੋਧਾਂ ਤੋਂ ਬਾਅਦ ਇਹ ਮੰਤਵ ਰੱਦ ਹੋ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਬਿਕਰਮੀ ਕੈਲੰਡਰ ਅਨੁਸਾਰ 2999 ਵਿਚ ਸਾਰੇ ਤਿਓਹਾਰਾਂ ਅਤੇ ਮਹੀਨਿਆਂ ਵਿਚ ਦੋ ਹਫ਼ਤੇ ਦਾ ਫ਼ਰਕ ਪੈ ਜਾਵੇਗਾ। ਮਾਘੀ 13 ਜਨਵਰੀ ਦੀ ਥਾਂ 27 ਜਨਵਰੀ ਨੂੰ ਆਵੇਗੀ, ਵਿਸਾਖੀ 13 ਅਪਰੈਲ ਦੀ ਥਾਂ 27 ਅਪਰੈਲ ਨੂੰ ਆਵੇਗੀ। ਜਦੋਂਕਿ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਾਘੀ ਹਮੇਸ਼ਾ 14 ਜਨਵਰੀ ਅਤੇ ਵਿਸਾਖੀ 14 ਅਪਰੈਲ ਨੂੰ ਹੀ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਬਿਕਰਮੀ ਕੈਲੰਡਰ ਅਨੁਸਾਰ 2011 ਵਿਚ 31 ਦਸੰਬਰ ਨੂੰ ਜਦੋਂ ਦਸਵੇਂ ਗੁਰੂ ਦਾ ਪ੍ਰਕਾਸ਼ ਪੁਰਬ ਦੂਜੀ ਵਾਰ ਆਵੇਗਾ ਤਾਂ ਉਸ ਤੋਂ ਤਿੰਨ ਦਿਨ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੋਵੇਗਾ। 2014 ਵਿਚ ਵੀ 28 ਦਸੰਬਰ ਨੂੰ ਦਸਵੇਂ ਗੁਰੂ ਦਾ ਪ੍ਰਕਾਸ਼ ਪੁਰਬ ਅਤੇ ਉਸੇ ਦਿਨ ਹੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੋਵੇਗਾ। 2025 ਵਿਚ ਵੀ ਦਸਵੇਂ ਗੁਰੂ ਦਾ ਪ੍ਰਕਾਸ਼ ਦਿਹਾੜਾ ਦੂਜੀ ਵਾਰ 27 ਦਸੰਬਰ ਨੂੰ ਆਵੇਗਾ ਅਤੇ ਉਸੇ ਦਿਨ ਹੀ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੋਵੇਗਾ। ਸ੍ਰੀ ਪੁਰੇਵਾਲ ਨੇ ਦਾਅਵਾ ਕੀਤਾ ਕਿ ਦੇਸ਼-ਵਿਦੇਸ਼ ਦੀਆਂ 70 ਤੋਂ 80 ਫੀਸਦੀ ਸਿੱਖ ਸੰਗਤਾਂ ਵੱਲੋਂ ਗੁਰਪੁਰਬ 2003 ਵਾਲੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਏ ਜਾ ਰਹੇ ਹਨ।

ਇਸ ਮੌਕੇ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਮਨਜੀਤ ਸਿੰਘ ਕਲਕੱਤਾ ਨੇ ਦੋਸ਼ ਲਾਇਆ ਕਿ ਨਾਨਕਸ਼ਾਹੀ ਕੈਲੰਡਰ ਵਿਚ ਕੀਤੀਆਂ ਗਈਆਂ ਸੋਧਾਂ ਆਰ.ਐਸ.ਐਸ. ਦੇ ਦਬਾਅ ਹੇਠ ਕੀਤੀਆਂ ਗਈਆਂ ਹਨ। ਅਜਿਹਾ ਹੀ ਦਬਾਅ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ’ਤੇ ਵੀ ਪਾਇਆ ਗਿਆ ਸੀ ਪਰ ਉਨ੍ਹਾਂ ਇਹ ਦਬਾਅ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਹੋਰ ਸਿੱਖ ਆਗੂ ਵੀ ਹਾਜ਼ਰ ਸਨ।

ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਇਥੇ ਨਵੇਂ ਵਰ੍ਹੇ ਦਾ ਨਾਨਕਸ਼ਾਹੀ ਕੈਲੰਡਰ ਜਾਰੀ ਕਰ ਦਿੱਤਾ ਗਿਆ। ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵਾਂ ਸਾਲ ਭਾਵੇਂ 14 ਮਾਰਚ ਨੂੰ ਆਰੰਭ ਹੋਣਾ ਹੈ ਪਰ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਲਗਪਗ ਇਕ ਮਹੀਨਾ ਪਹਿਲਾਂ ਹੀ ਅੱਜ ‘ਨਾਨਕਸ਼ਾਹੀ ਕੈਲੰਡਰ’ ਸੰਮਤ 543 (2011-12) ਜਾਰੀ ਕਰ ਦਿੱਤਾ। ਇਸ ਮੌਕੇ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬਾਨ ਦੇ ਗੁਰਪੁਰਬ, ਇਤਿਹਾਸਕ ਦਿਹਾੜੇ ਆਪਣੇ ਸਮਾਜਿਕ ਕਾਰ-ਵਿਹਾਰ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਕਰਨ।

ਨਵੇਂ ਵਰ੍ਹੇ ਦੇ ਕੈਲੰਡਰ ਨੂੰ ਮਹੀਨਾ ਪਹਿਲਾਂ ਜਾਰੀ ਕਰਨ ਦਾ ਕਾਰਨ ਬਿਆਨ ਕਰਦਿਆਂ ਦੋਵਾਂ ਧਾਰਮਿਕ ਆਗੂਆਂ ਨੇ ਕਿਹਾ ਕਿ ਇਹ ਕੈਲੰਡਰ ਦੇਸ਼-ਵਿਦੇਸ਼ ਵਿਚ ਦੂਰ-ਦੂਰ ਸੰਗਤਾਂ ਨੂੰ ਭੇਜਿਆ ਜਾਣਾ ਹੈ। ਇਸੇ ਲਈ ਇਸ ਨੂੰ ਜਲਦੀ ਜਾਰੀ ਕਰ ਦਿੱਤਾ ਗਿਆ ਹੈ ਤਾਂ ਜੋ ਸੰਗਤਾਂ ਨੂੰ ਭੇਜਿਆ ਜਾ ਸਕੇ ਅਤੇ ਉਹ ਆਪਣੇ ਦਿਨ ਤਿਓਹਾਰ ਇਸ ਮੁਤਾਬਕ ਮਨਾ ਸਕਣ। ਅੱਜ ਸਕੱਤਰੇਤ ਵਿਖੇ ਨਵੇਂ ਵਰ੍ਹੇ ਦਾ ਇਹ ਕੈਲੰਡਰ ਜੈਕਾਰਿਆਂ ਦੀ ਗੂੰਜ ਵਿਚ ਜਾਰੀ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਹੋਰ ਪਤਵੰਤੇ ਹਾਜ਼ਰ ਸਨ।

ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪਸ਼ਟ ਕੀਤਾ ਕਿ 2003 ਵਿਚ ਜਾਰੀ ਹੋਏ ਨਾਨਕਸ਼ਾਹੀ ਕੈਲੰਡਰ ਦਾ ਉਸ ਵੇਲੇ ਹੀ ਵਿਰੋਧ ਹੋਣ ਲਗ ਪਿਆ ਸੀ ਅਤੇ ਸੰਗਤਾਂ ਵੱਲੋਂ ਇਸ ਵਿਚ ਸੋਧਾਂ ਕਰਨ ਲਈ ਸੁਝਾਅ ਭੇਜੇ ਸਨ ਜਿਨ੍ਹਾਂ ਦੇ ਆਧਾਰ ’ਤੇ 2010 ਵਿਚ ਸੋਧਾਂ ਕੀਤੀਆਂ ਗਈਆਂ ਹਨ। ਉਨ੍ਹਾਂ ਇਹ ਦੋਸ਼ ਰੱਦ ਕੀਤਾ ਕਿ ਇਹ ਸੋਧਾਂ ਆਰ.ਐਸ.ਐਸ. ਦੇ ਪ੍ਰਭਾਵ ਹੇਠ ਕੀਤੀਆਂ ਗਈਆਂ ਹਨ।

Source: Punjabi Tribune


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top