Share on Facebook

Main News Page

ਜੇ ਸਿੱਖ ਇਤਨੇ ਹੀ ਅਵੇਸਲੇ ਰਹੇ, ਤਾਂ ਗੁਰੂ ਗ੍ਰੰਥ ਸਾਹਿਬ ਨੂੰ ਬਦਲ ਕੇ ਕਿਸੇ ਹੋਰ ਗ੍ਰੰਥ ਨੂੰ ਹੀ ਮੱਥੇ ਟਿਕਾਉਣੇ ਸ਼ੁਰੂ ਕਰ ਦਿੱਤੇ ਜਾਣਗੇ: ਭਾਈ ਮਨਜੀਤ ਸਿੰਘ ਖ਼ਾਲਸਾ

  • ਦੋਵਾਂ ਗ੍ਰੰਥਾਂ ਨੂੰ ਪੜ੍ਹੋ ਤੇ ਵੀਚਾਰ ਕੇ ਪਛਾਣ ਕਰੋ ਕਿ ਅਸਲੀ ਕਿਹੜਾ ਹੈ ਤੇ ਨਕਲੀ ਕਿਹੜਾ ਹੈ

ਬਠਿੰਡਾ, 16 ਫਰਵਰੀ (ਕਿਰਪਾਲ ਸਿੰਘ): ਜੇ ਸਿੱਖ ਇਤਨੇ ਹੀ ਅਵੇਸਲੇ ਰਹੇ ਤਾਂ ਇਕ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਬਦਲ ਕੇ ਕਿਸੇ ਹੋਰ ਗ੍ਰੰਥ ਨੂੰ ਹੀ ਮੱਥੇ ਟਿਕਾਉਣੇ ਸ਼ੁਰੂ ਕਰ ਦਿੱਤੇ ਜਾਣਗੇ। ਇਹ ਸ਼ਬਦ ਭਾਈ ਮਨਜੀਤ ਸਿੰਘ ਖ਼ਾਲਸਾ ਨੇ ਬੀਤੇ ਐਤਵਾਰ ਪਿੰਡ ਖੁੰਡੇਵਾਲ, ਜ਼ਿਲਾ ਯਮੁਨਾ ਨਗਰ ਵਿਖੇ ਪਿੰਡ ਦੀ ਸੰਗਤ ਵਲੋਂ ਕਰਵਾਏ ਗਏ ਸਾਲਾਨਾ ਗੁਰਮਤਿ ਸਮਾਗਮ ਦੌਰਾਨ ਕੀਰਤਨ ਕਰਦਿਆਂ ਕਹੇ।

ਉਨ੍ਹਾਂ ਕਿਹਾ ਬੀਤੇ ਇਤਿਹਾਸ ਤੋਂ ਸਿਖਦਿਆਂ ਦੁਸ਼ਮਨ ਨੂੰ ਇਸ ਗੱਲ ਦੀ ਸਮਝ ਆ ਗਈ ਹੈ, ਕਿ ਜਿਤਨੀ ਦੇਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੈ, ਉਤਨੀ ਦੇਰ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਹੁਣ ਉਸ ਨੂੰ ਇਹ ਵੀ ਪਤਾ ਲੱਗ ਚੁੱਕਾ ਹੈ, ਕਿ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਵੀਚਾਰਣਾ ਛੱਡ ਦਿੱਤਾ ਹੈ, ਤੇ ਕੇਵਲ ਮੱਥੇ ਟੇਕਣ ਤੱਕ ਸੀਮਤ ਹੋ ਕੇ ਰਹਿ ਗਿਆ ਹੈ, ਇਸ ਲਈ ਇਸ ਨੂੰ ਸਹਿਜੇ ਹੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਿਆ ਜਾ ਸਕਦਾ ਹੈ। ਦੁਸ਼ਮਣ ਨੇ ਬੜੇ ਸ਼ਾਤਰ ਦਿਮਾਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਰੂਪ ਦਾ ਉਤਨੇ ਹੀ ਪੰਨਿਆਂ ਦਾ ਇੱਕ ਹੋਰ ਗ੍ਰੰਥ, ਰੁਮਾਲਿਆਂ ਵਿੱਚ ਲਪੇਟ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਬਰ ਰੱਖ ਕੇ ਉਪਰ ਚੌਰ ਕਰਨੇ ਸ਼ੁਰੂ ਕਰ ਦਿੱਤੇ। ਸਿੱਖ ਇੰਨੇ ਭੋਲੇ ਬਣ ਚੁੱਕੇ ਹਨ, ਕਿ ਬਿਨਾਂ ਸੋਚੇ ਵੀਚਾਰਿਆਂ ਉਸ ਨੂੰ ਵੀ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ ਹਨ। ਸਿਖਾਂ ਦੇ ਤਖ਼ਤਾਂ-ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਐਸਾ ਵਾਪਰ ਰਿਹਾ ਹੈ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਜੇ ਇਹੀ ਹਾਲ ਰਿਹਾ, ਤਾਂ ਕੁਝ ਹੀ ਸਮੇਂ ਵਿੱਚ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਛਾਣ ਬਿਲਕੁਲ ਭੁੱਲ ਜਾਣੀ ਹੈ, ਤੇ ਦੁਸ਼ਮਣ ਨੇ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਉਸ ਨਕਲੀ ਗ੍ਰੰਥ ਨੂੰ ਹੀ ਬਿਰਾਜਮਾਨ ਕਰ ਦੇਣਾ ਹੈ।

ਉਨ੍ਹਾਂ ਅਪੀਲ ਕੀਤੀ ਕਿ ਦੁਸ਼ਮਣ ਦੀ ਚਾਲ ਨੂੰ ਅਸਫਲ ਕਰਨ ਲਈ ਦੋਵਾਂ ਗ੍ਰੰਥਾਂ ਨੂੰ ਪੜ੍ਹੋ ਤੇ ਵੀਚਾਰ ਕੇ ਪਛਾਣ ਕਰੋ ਕਿ ਅਸਲੀ ਕਿਹੜਾ ਹੈ ਤੇ ਨਕਲੀ ਕਿਹੜਾ ਹੈ, ਤਾਂ ਕਿ ਐਸਾ ਨਾ ਹੋਵੇ ਕਿ ਸਾਨੂੰ ਅਸਲੀ ਤੇ ਨਕਲੀ ਦੀ ਪਛਾਣ ਹੀ ਭੁੱਲ ਜਾਵੇ, ਤੇ ਦੁਸ਼ਮਨ ਆਪਣੇ ਮਨਸੂਬੇ ਵਿੱਚ ਸਫ਼ਲ ਹੋ ਜਾਵੇ। ਭਾਈ ਮਨਜੀਤ ਸਿੰਘ ਨੇ ਕਿਹਾ ਗੁਰਬਾਣੀ ਦੀ ਵਿਆਖਿਆ ਕਰਦੇ ਸਮੇਂ, ਅਸੀਂ ਕਈ ਵਾਰ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ ਵੀ ਪੜ੍ਹਦੇ ਹਾਂ, ਪਰ ਐਸਾ ਕਦੀ ਨਹੀਂ ਹੋਇਆ, ਕਿ ਇਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਵਾਂਗ ਹੀ ਪ੍ਰਕਾਸ਼ ਕਰਕੇ, ਉਪਰ ਚੌਰ ਕਰਨੇ ਸ਼ੁਰੂ ਕੀਤੇ ਜਾਣ।

ਉਨ੍ਹਾਂ ਕਿਹਾ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਵਿੱਚ ਵੀ ਸਾਫ਼ ਤੌਰ ’ਤੇ ਲਿਖਿਆ ਹੈ, ਕਿ ਗੁਰੂ ਗ੍ਰੰਥ ਸਾਹਿਬ ਜੀ ਤੁਲ (ਵਾਕਰ) ਕਿਸੇ ਹੋਰ ਪੁਸਤਕ ਦਾ ਪ੍ਰਕਾਸ਼ ਕਰਕੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਵਾਲਾ ਸਤਿਕਾਰ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਕਿਹਾ ਇਸ ਲਈ ਜਿਥੇ ਜਿਥੇ ਵੀ ਹੋਰ ਕਿਸੇ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ, ਉਸ ਦਾ ਵਿਰੋਧ ਕਰਕੇ ਜਾਗਰੂਕਤਾ ਦਾ ਸਬੂਤ ਦਿੱਤਾ ਜਾਵੇ। ਅਖ਼ੀਰ ’ਤੇ ਭਾਈ ਮਨਜੀਤ ਸਿੰਘ ਨੇ ਸੱਦਾ ਦਿੱਤਾ, ਕਿ ਉਹ ਕੁਝ ਫਾਰਮ ਆਪਣੇ ਨਾਲ ਲੈ ਕੇ ਆਏ ਹਨ, ਜਿਹੜੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਮੰਨਦੇ ਹਨ, ਤੇ ਹੋਰ ਕਿਸੇ ਗ੍ਰੰਥ ਨੂੰ ਗੁਰੂ ਦਾ ਰੁਤਬਾ ਨਹੀਂ ਦੇਣਾ ਚਾਹੁੰਦੇ ਉਹ ਇਹ ਫਾਰਮ ਭਰ ਕੇ ਦੇਣ। ਇਹ ਫਾਰਮ ਭਰਨ ਲਈ ਸੰਗਤ ਵਿੱਚ ਭਾਰੀ ਉਤਸ਼ਾਹ ਸੀ ਤੇ ਮੌਕੇ ’ਤੇ 150 ਦੇ ਕਰੀਬ ਫਾਰਮ ਭਰ ਕੇ ਦੇ ਦਿੱਤੇ ਤੇ 200 ਫਾਰਮ ਹੋਰਨਾਂ ਤੋਂ ਭਰਵਾ ਕੇ ਦੇਣ ਲਈ ਪ੍ਰਾਪਤ ਕੀਤੇ।

ਇਸ ਤੋਂ ਪਹਿਲਾਂ ਢਾਡੀ ਜੱਥਾ ਭਾਈ ਅਜੈਬ ਸਿੰਘ ਅਨਖੀ, ਨੇ ਬੀਰ ਰਸੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਜਸਬਿੰਦਰ ਸਿੰਘ ਖਾਲਸਾ, ਦੁਬਈ ਨੇ ਵਿਸਥਾਰ ਨਾਲ ਸੰਗਤਾਂ ਨੂੰ ਦਸਮ ਗ੍ਰੰਥ ਦੀ ਅਸਲੀਅਤ ਤੋਂ ਜਾਣੂੰ ਕਰਵਾਇਆ। ਇਹ ਪ੍ਰੋਗਰਾਮ ਪਿੰਡ ਦੀ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਸ੍ਰ. ਜਰਨੈਲ ਸਿੰਘ ਯਮੁਨਾ ਨਗਰ ਜੋ ਕਿ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੇ ਗਵਰਨਿੰਗ ਕੌਂਸਿਲ ਦੇ ਮੈਂਬਰ ਵੀ ਹਨ, ਦੇ ਉੱਦਮ ਸਦਕਾ ਕੀਤਾ ਗਿਆ ਸੀ। ਇਹ ਜਾਣਕਾਰੀ ਭਾਈ ਮਨਜੀਤ ਸਿੰਘ ਨੇ ਉਸ ਸਮਾਗਮ ਦੀ ਵੀਡੀਓ ਰੀਕਾਰਡਿੰਗ ਭੇਜ ਕੇ ਦਿੱਤੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top