Share on Facebook

Main News Page

ਵਿਅਕਤੀ ਪੂਜ’ ਜਾਂ ‘ਵਿਅਕਤੀ ਸਮਰਥਕ’ ਹੋਣ ਦੇ ਉਲਾਹਮਿਆਂ ਦੀ ਸਾਰਥਕਤਾ

ਜਾਗਰੂਕ ਸਿੱਖਾਂ ਨੂੰ ਆਪਸੀ ਖਿਚੋਤਾਣ ਛੱਡ ਕੇ, ਇੱਕ ਜੁੱਟ ਹੋਕੇ, ਸਿੱਖ ਵਿਰੋਧੀ ਤਾਕਤਾਂ ਨਾਲ ਟਾਕਰਾ ਕਰਨਾ ਹੀ ਪੰਥ ਦੇ ਹਿਤ ਵਿੱਚ ਹੋਵੇਗਾ।

ਦਾਸ ਨੇ ਬਹੁਤੁ ਦਿਨਾਂ ਤੋਂ ਅਪਣੀ ਕਲਮ ਨੂੰ ਵਿਸ਼ਰਾਮ ਦੇਂਣ ਦਾ ਮੰਨ ਬਣਾ ਲਿਆ ਸੀ, ਤੇ ਉਨਾਂ ਧਿਰਾਂ ਦੀ ਆਲੋਚਨਾ ਕਿਸੇ ਵੀ ਖੁਲੇ ਫੋਰਮ ਤੇ ਨਾਂ ਕਰਨ ਦਾ ਫੈਸਲਾ ਕਰ ਲਿਆ ਸੀ, ਜੋ “ਇਕ ਸ਼ਬਦ ਗੁਰੂ” ਦੇ ਸਿਧਾਂਤ ਦੀ ਰਾਖੀ ਤੇ ਉਸ ਦੇ ਸੰਨਮਾਨ ਦੀ ਬਹਾਲੀ ਲਈ ਯਤਨਸ਼ੀਲ ਹਨ। ਇਸ ਦਾ ਸਿਰਫ ਤੇ ਸਿਰਫ ਇਕੋ ਹੀ ਕਾਰਣ ਸੀ ਕੇ ਆਪਸੀ ‘ਵਖਰੇਵੇਂ’ ਨੂੰ ਠਲ ਪਾ ਕੇ ‘ਏਕੇ’ ਦੇ ਯਤਨ ਹੋਰ ਤੇਜ ਕੀਤੇ ਜਾ ਸਕਣ। ਲੇਕਿਨ, ਅਫਸੋਸ ਇਸ ਗੱਲ ਦਾ ਹੈ ਕਿ ‘ਏਕੇ’ ਦੇ ਸਾਰੇ ਯਤਨ, ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿ ਢੇਰੀ ਹੁੰਦੇ ਰਹੇ, ਤੇ ‘ਵਖਰੇਵੇਂ’ ਦੇ ਬੱਦਲ ਹੋਰ ਘਣੇ ਹੁੰਦੇ ਗਏ। ਮਜਬੂਰ ਹੋ ਕੇ ‘ਸਭ ਕੁਛ ਲੁਟਾ ਕੇ, ਹੋਸ਼ ਮੇਂ ਆਏ ਤੋ ਕਿਯਾ ਕਿਆ’ ਲੇਖ ਵਿਚ ਦਾਸ ਨੇ ਅਪਣੇ ਮਨ ਦੀ ਸਾਰੀ ਵਿਅਥਾ ਜਾਹਿਰ ਕੀਤੀ ਸੀ। ਕੁੱਝ ਧਿਰਾਂ ਤੇ ਵਿਅਕਤੀ, ਅਪਣੇ ਦਿਲ ਵਿਚ ਪੰਥ ਪ੍ਰਤੀ ਬਹੁਤ ਡੂੰਗਾ ਦਰਦ ਤੇ ਪਿਆਰ ਸੰਜੋਈ ਰਖਦੇ ਹਨ ਅਤੇ ਕੌਮ ਦੀ ਚੜਦੀਕਲਾ ਦੀ ਆਸ ਵਿੱਚ ਜੀਊਂਦੇ ਹਨ। ਜਦੋਂ ਆਪਣੀ ਹੀ ਵੀਚਾਰ ਧਾਰਾ ਵਾਲਾ ਕੋਈ ਵਿਅਕਤੀ, ਉਸ ਪੰਥ ਦਰਦੀ ਦੀ ਕੋਈ ਕਿਨਕਾ ਮਾਤਰ ਕਮੀ ਜਾਂ ਉਸ ਦੇ ਨਿਜੀ ਜੀਵਨ ਦੀ ਕਿਸੇ ਛੋਟੀ ਜਹੀ ਕਮੀ (ਜੋ ਹਰ ਮਨੁਖ ਵਿਚ ਹੂੰਦੀ ਹੈ) ਨੂੰ ਲੈ ਕੇ ਖੁਲੇ ਫੋਰਮ ਤੇ ਉਸ ਦੀ ਜਨਤਕ ਤੌਰ ਤੇ ਆਲੋਚਨਾ ਕਰਦਾ ਹੈ, ਤੇ ਉਸ ਪੰਥ ਦਰਦੀ ਦਾ ਮੰਨ ਵਲੂੰਧਰਿਆ ਜਾਂਦਾ ਹੈ। ਜੇ ਉਸ ਦੀ ਇੱਕ ਗਲ ਨੂੰ ਲੈਕੇ ਅਲੋਚਨਾ ਵਾਰ ਵਾਰ ਕੀਤੀ ਜਾਵੇ, ਤੇ ਉਹ ਮਨੁੱਖ ਆਪਣੇ ਆਪ ਨੂੰ ‘ਡਿਪਰੇਸ਼ਨ’ ਦੀ ਹੱਦ ਤੇ ਖੜਿਆ ਮਹਿਸੂਸ ਕਰਦਾ ਹੈ।

ਇੱਕ ਦਿਨ ਉਹ ਇਹ ਸੋਚਣ ‘ਤੇ ਮਜਬੂਰ ਹੋ ਜਾਂਦਾ ਹੈ ਕਿ ਮੈਂ ਕੀ ਖਟਿਆ ਤੇ ਕੀ ਖਟਣਾ ਹੈ? ਜੇ ਆਪਣਾ ਪਰਿਵਾਰ, ਆਪਣਾ ਘਰ ਹੀ ਮੈਨੂੰ ਨਹੀਂ ਸਮਝ ਸਕਿਆ, ਤੇ ਮੈਂ ਕੀ ਕਰ ਲੈਣਾ ਹੈ। ਹੌਲੀ ਹੌਲੀ ਉਸ ਦਾ ਕਾਨਫੀਡੇਂਸ ਕਮਜੋਰ ਹੋ ਜਾਂਦਾ ਹੈ, ਤੇ ਉਹ ਨਮੋਸ਼ੀਆਂ ਦੇ ਹਨੇਰੇ ਵਿੱਚ ਸ਼ਾਂਤ ਹੋ ਕੇ ਬਹਿ ਜਾਂਦਾ ਹੈ। ਇਸ ਦਾ ਸਿੱਧਾ ਨੁਕਸਾਨ ਪੰਥ ਨੂੰ ਹੂੰਦਾ ਹੈ, ਅਸੀਂ ਜਾਣੇ ਅਣਜਾਨੇ ਇੱਕ ਹੋਰ ਪੰਥ ਦਰਦੀ ਤੋ ਵਾਂਝੇ ਹੋ ਜਾਂਦੇ ਹਾਂ। ਬਹੁਤ ਸਾਰੇ ਪੰਥ ਦਰਦੀ ਤੇ ਵਿਦਵਾਨ ਅੱਜ ਵੀ ਨਮੋਸ਼ੀ ਦੇ ਇਸ ਅੰਧੇਰੇ ਵਿੱਚ ਗੁਮ ਹੋ ਚੁਕੇ ਵੇਖੇ ਜਾਂਦੇ ਹਨ। ਕੋਈ ਮਜਬੂਤ ਤੋਂ ਮਜਬੂਤ ਬੰਦਾ ਆਪਣੇ ਵਿਰੋਧੀਆਂ ਅਤੇ ਦੁਸ਼ਮਨਾਂ ਪਾਸੋਂ ਕੀਤੀ ਗਈ ਆਲੋਚਨਾ, ਨਿਖੇਦੀ ਜਾਂ ਬੁਰਾਈ ਨੂੰ ਤਾਂ ਸਹਿ ਲੈਂਦਾ ਹੈ, ਲੇਕਿਨ ਜਦੋਂ ਆਪਣੇ ਹੀ ਇਸ ਕੰਮ ਤੇ ਅਮਾਦਾ ਹੋ ਜਾਣ ‘ਤੇ ਉਹ ਅੰਦਰੋ ਤੇ ਬਾਹਰੋਂ ਟੁਟਣਾ ਸ਼ੁਰੂ ਹੋ ਜਾਂਦਾ ਹੈ। ਜਿਸ ਵਿਅਕਤੀ ਜਾਂ ਧਿਰ ਦੀ ਆਲੋਚਨਾ ਅਸੀਂ ਜਨਤਕ ਤੌਰ ਤੇ ਕਰਦੇ ਹਾਂ, ਉਹ ਆਪਣਾ ਪੱਖ ਜਾਂ ਜਵਾਬ ਸਹੀ ਢੰਗ ਨਾਲ ਨਾ ਤਾਂ ਸਾਰਿਆਂ ਸ੍ਹਾਮਣੇ ਰਖ ਪਾਂਦਾ, ਹੈ ਤੇ ਨਾ ਹੀ ੳਸ ਆਲੋਚਨਾ ਦਾ ਜਵਾਬ ਹੀ ਹਰ ਵਾਰ ਦੇ ਪਾਂਦਾ ਹੈ।

ਇਥੇ ਇੱਕ ਸਵਾਲ ਮੈਂ ਕਈ ਵਾਰ ਆਪਣੇ ਆਪ ਕੋਲੋਂ ਵੀ ਕਰਦਾ ਹਾਂ, ਕਿ ਇਸ ਦਾ ਮਤਲਬ ਇਹ ਹੈ, ਕਿ ਅਸੀਂ ‘ਸੱਚ’ ਦੀ ਗਲ ਕਰਨਾ ਹੀ ਛੱਡ ਦੇਈਏ, ਜੋ ਸਾਡੇ ਜੀਵਨ ਦਾ ਇੱਕ ਅਹਿਮ ‘ਗੁਣ’ ਹੋਣਾ ਚਾਹੀਦਾ ਹੈ? ਫੌਰਨ ਜਵਾਬ ਮਿਲਦਾ ਹੈ, ਨਹੀਂ! ‘ਸੱਚ’ ਤੇ ਪਹਿਰਾ ਦੇਣਾ ਤੇ ‘ਝੂਠ’ ਦਾ ਪਰਦਾਫਾਸ਼ ਕਰਨਾ, ਹਰ ਸਿੱਖ ਦਾ ਫਰਜ਼ ਹੈ। ਲੇਕਿਨ ਇਹ ਨਿਯਮ ਉਨ੍ਹਾਂ ਬਾਰੇ ਲਾਗੂ ਹੁੰਦਾ ਹੈ, ਜੋ ਸਿੱਖ ਵਿਰੋਧੀ ਹੋਵੇ ਤੇ ਕੌਮ ਦਾ ਨੁਕਸਾਨ ਕਰ ਰਿਹਾ ਹੋਵੇ। ਉਨਾਂ ਦੀ ਜਨਤਕ ਆਲੋਚਨਾ ਤੇ ਨਿਖੇਧੀ ਜ਼ਰੂਰ ਕਰੀਏ, ਜੋ ਸਿੱਖੀ ਨੂੰ ਖੋੜ ਲਾ ਰਹੇ ਹਨ। ਲੇਕਿਨ ਪੰਥ ਦਰਦੀਆਂ ਦੀ ਆਲੋਚਨਾ ਜਨਤਕ ਰੂਪ ਵਿੱਚ ਕਰਨਾ, ਜਿਨ੍ਹਾਂ ਨੇ ਸਾਰਾ ਜੀਵਨ ਹੀ ਸਿੱਖੀ ਦੇ ਭਲੇ ਲਈ ਲਾ ਦਿਤਾ ਹੋਵੇ, ਤੇ ਆਪਣਾ ਹਰ ਹੀਲਾ ਪੰਥ ਨੂੰ ‘ਇੱਕਠਾ’ ਅਤੇ ‘ਸੁਚੇਤ’ ਕਰਨ ਲਈ ਲਾਅ ਰਿਹਾ ਹੋਵੇ, ਕੀ ਇਹ ਸਹੀ ਹੈ?

ਕਿਸੇ ਵੀ ਵਿਅਕਤੀ ਦੀ ਸੋਚ ਤੇ ਉਸ ਦੇ ਦਾਯਰੇ ਨੂੰ ਵਧਾਉਣ ਲਈ ਇਹ ਕੋਈ ਤਰੀਕਾ ਨਹੀਂ, ਕਿ ਆਏ ਦਿਨ ਉਸ ਦੀ ਜਨਤਕ ਤੌਰ ਤੇ ਆਲੋਚਨਾ ਦੇ ਨਾਮ ਤੇ ਫਜੀਹਤ ਕੀਤੀ ਜਾਵੇ। ਹੋਰ ਵੀ ਕਈ ਤਰੀਕੇ ਤੇ ਉਪਰਾਲੇ ਕਾਰਗਰ ਸਾਬਿਤ ਹੋ ਸਕਦੇ ਨੇ, ਉਨਾਂ ਤਰੀਕਿਆਂ ਨੂੰ ਵਰਤਿਆ ਜਾ ਸਕਦਾ ਹੈ। ਜਾਤੀ ਮੁਲਾਕਾਤ ਕਰਕੇ ਵਿਚਾਰ ਸਾਂਝੇ ਕਰਨਾ। ਗੁਰੂ ਸਿਧਾਂਤਾ ਦਾ ਹਵਾਲਾ ਦੇ ਕੇ ਵਿਚਾਰਾਂ ਸਾਂਝੀਆਂ ਕਰਨੀਆਂ, ਇਹ ਅਚੂਕ ਹਲ ਹਨ। ਲੇਕਿਨ ਅਸੀ ਇਨਾਂ ਕਾਰਗਰ ਉਪਰਾਲਿਆਂ ਨੂੰ “ਇਗਨੋਰ” ਕਰਕੇ ਜਨਤਕ ਤੌਰ ਤੇ ਕਿਸੇ ਪੰਥਕ ਵਿਅਕਤੀ ਦੀ ਆਲੋਚਨਾ ਨੂੰ ਪ੍ਰਮੁੱਖਤਾ ਦਿੰਦੇ ਹਾਂ, ਜੋ ਪੰਥ ਲਈ ਕਿਸੇ ਵੀ ਤਰੀਕੇ ਫਾਇਦੇਮੰਦ ਨਹੀਂ ਹੁੰਦਾ। ਇਹ ਤਰੀਕਾ ਕੇਵਲ ਆਪਸੀ ਖਿਚੋਤਾਣ ਦਾ ਕਾਰਣ ਬਣਦਾ ਹੈ। ਅਸੀਂ ਆਲੋਚਨਾ ਕਰਦਿਆਂ ਦੋਸ਼ ਤੇ ਉਸ ਵਿਅਕਤੀ ਨੂੰ ਦੇ ਰਹੇ ਹੁੰਦੇ ਹਾਂ, ਜਿਸਦੇ ਵਿਚਾਰ ਸਾਡੀ ਨਜਰ ਵਿੱਚ ਦਰੁਸਤ ਨਹੀਂ ਹਨ ਲੇਕਿਨ ਕਈ ਵਾਰ ਕਮੀ ਸਾਡੇ ਵਿੱਚ ਹੀ ਹੁੰਦੀ ਹੈ। ਅਸੀਂ ਇਹ ਕਹਿੰਦਿਆਂ ਵੀ ਸੁਣੇ ਜਾਂਦੇ ਹਾਂ, ਕਿ ਅਸੀਂ ਉਸ ਵਿਅਕਤੀ ਕੋਲ ਗਏ ਤੇ ਉਹ ਮਿਲਿਆ ਹੀ ਨਹੀ ਜਾਂ ਉਸ ਨੇ ਟਾਈਮ ਦੇ ਕੇ ਵੀ ਸਾਡੇ ਨਾਲ ਮੁਲਾਕਾਤ ਨਹੀਂ ਕੀਤੀ। ਜੇ ਉਹ ਗਲ ਕਰਨਾਂ ਹੀ ਨਹੀਂ ਚਾਂਹੁੰਦਾ ਤੇ ਅਸੀਂ ਉਸ ਨਾਲ ਗਲ ਕਿਉਂ ਕਰੀਏ ਆਦਿਕ। ਕੀ ਇਹ ਹੀ ਤਰੀਕਾ ਹੈ, ਕਿਸੇ ਗਲ ਦਾ ਹਲ ਕਰਨ ਲਈ? ਕਿਸੇ ਕੋਰਟ ਜਾਂ ਅਦਾਲਤ ਵਿੱਚ ਛੋਟੇ ਛੋਟੇ ਮੁਕਦਮਿਆਂ ਲਈ ਅਸੀਂ ਸਾਲਾਂ ਬੱਧੀ, ਵਾਰ ਵਾਰ ਜਾਂਦੇ ਹਾਂ। ਤੇ ਪੰਥ ਦੇ ਭਲੇ ਲਈ ਅਸੀਂ ਆਪਣੀ ਹਉਮੇ ਨੂੰ ਤਿਆਗ ਕੇ ਵਾਰ ਵਾਰ ਕਿਉਂ ਨਹੀਂ ਮਿਲ ਸਕਦੇ। ਇੱਕ ਵਾਰ, ਦੋ ਵਾਰ ਨਾ ਸਹੀ, ਅਸੀਂ ਵਾਰ ਵਾਰ ਮਿਲਣ ਦੀ ਆਦਤ ਤੇ ਵਾਰ ਵਾਰ ‘ਕਮਯੂਨੀਕੇਟ’ ਕਰਨ ਦੀ ਆਦਤ ਕਿਉਂ ਨਹੀਂ ਪਾ ਸਕਦੇ? ਗੁਰੂ ਸਿਧਾਂਤਾਂ ਤੇ ਤੁਰਨ ਵਾਲਾ ਜਾਂ ਸਮਝਣ ਵਾਲਾ ਸਿੱਖ ਉਸ ਤੋਂ ਮੁਨਕਰ ਨਹੀਂ ਹੋ ਸਕਦਾ। ਜੇ ਕੋਈ ਗਲ ਗੁਰਮਤਿ ਅਨੁਸਾਰ ਹੈ, ਤੇ ਉਹ ਉਸ ਨੂੰ ਜਰੂਰ ਸਵੀਕਾਰ ਕਰੇਗਾ। ਉਸ ਦੀ ਆਲੋਚਨਾ ਸ਼ਰੇਆਮ ਕਰਕੇ ਤੇ ਅਸੀਂ ਚਰਚਾ ਤੇ ਵਿਚਾਰ ਦੇ ਸਾਰੇ ਰਾਸਤੇ ਬੰਦ ਕਰ ਲੈਂਦੇ ਹਾਂ।

ਅਸੀਂ ਉਸ ਵਿਅਕਤੀ ਨੂੰ ਕੀ ਦਿਤਾ ਹੈ, ਜਿਸ ਕੋਲੋਂ ਬਹੁਤ ਕੁੱਝ ਪਾਉਣ ਦੀ ਉੱਮੀਦ ਕਰ ਰਹੇ ਹਾਂ? ਇੱਕ ਸੱਚਾ ਸਿੱਖ ਕਿਸੇ ਵਿਅਕਤੀ ਜਾਂ ਧਿਰ ਦਾ ਸਮਰਥਕ ਨਹੀਂ ਹੁੰਦਾ ਉਹ ਉਸ ਵਿਅਕਤੀ ਦੇ ਕੌਮ ਪ੍ਰਤੀ ਕੀਤੇ ਗਏ ਕੰਮਾਂ ਤੇ ਕੌਮ ਪ੍ਰਤੀ ਉਸ ਦੇ ਦਰਦ ਦੀ ਭਾਵਨਾਂ ਦਾ ‘ਸਮਰਥਕ” ਹੁੰਦਾ ਹੈ।

ਕਈ ਵਾਰ ਕੁੱਝ ਵੀਰ ‘ਵਿਅਕਤੀ ਪੂਜ’ ਜਾਂ ‘ਵਿਅਕਤੀ ਸਮਰਥਕ” ਹੋਣ ਦੇ ਉਲਾਹਮਿਆਂ ਦੀ ਵਰਤੋਂ ਵੀ ਕਰਦੇ ਹਨ। ਵਾਰ ਵਾਰ ਇਹ ਤੋਹਮਤ ਲਾ ਕੇ ਉਹ ਕੁੱਝ ਹੋਰ ਨਹੀਂ, ਬਲਕਿ ਉਸ ‘ਵਿਅਕਤੀ ਵਿਸ਼ੇਸ਼’ ਦੇ ‘ਵਿਰੋਧੀ’ ਹੋਣ ਦਾ ‘ਪ੍ਰਗਟਾਵਾ’ ਹੀ ਕਰ ਰਹੇ ਹੁੰਦੇ ਹਨ। ਫਿਰ ਇਹ ‘ਤੋਹਮਤ ਲਾਉਣ ਵਾਲੇ’ ਤੇ ਉਨਾਂ ‘ਵਿਅਕਤੀ ਸਮਰਥਕਾਂ’ ਵਿੱਚ ਸਿਧਾਂਤਕ ਰੂਪ ਵਿਚ ਕੀ ਫਰਕ ਰਹਿ ਗਇਆ? ਇੱਕ ਉਹ ਹੈ ਜੋ ਉਸ ਵਿਅਕਤੀ ਦਾ ‘ਸਮਰਥਕ’ ਹੈ ਤੇ ਦੂਜਾ ਉਹ ਜੋ ਉਸ ਵਿਅਕਤੀ ਦਾ ‘ਵਿਰੋਧੀ’ ਹੈ। ਇੱਕ ‘ਸਮਰਥਕ’ ਹੋਣ ਦਾ ਪ੍ਰਗਟਾਵਾ ਕਰ ਰਿਹਾ ਹੈ, ਤੇ ਇਕ ‘ਵਿਰੋਧੀ’ ਹੋਣ ਦਾ। ‘ਸੁਹਿਰਦ’ ਕੌਣ ਹੈ? ਕਿਸੇ ਪੰਥ ਦਰਦੀ ਦਾ ‘ਵਿਰੋਧ ਕਰਨ ਵਾਲਾ’ ਕਿ ਉਸ ਦੇ ਚੰਗੇ ਕੰਮਾ ਤੇ ਚੰਗੀ ਭਾਵਨਾਂ ਦਾ ‘ਸਮਰਥਨ ਕਰਨ ਵਾਲਾ’?

ਖਾਲਸਾ ਜੀ ‘ਸਮਰਥਨ’ ਕਰਨਾ ਜਾ ‘ਵਿਰੋਧ’ ਕਰਨਾ ਦੋਵੇਂ ‘ਟਰਮ’ ਸਾਰਥਕ ਹਨ ਕੋਈ ਵੀ ਗਲਤ ਨਹੀਂ। ਲੇਕਿਨ ਇਸ ਨਾਲ ਇਕ ‘ਕੰਡੀਸ਼ਨ’ ਜੁੜੀ ਹੋਈ ਹੈ, ਉਹ ਇਹ ਕੇ ‘ਸਮਰਥਨ’ ਕਿਸ ਦਾ ਹੋ ਰਿਹਾ ਹੈ ਤੇ ‘ਵਿਰੋਧ’ ਕਿਸ ਦਾ ਕੀਤਾ ਜਾ ਰਿਹਾ ਹੈ। ਜੇ ਅਸੀ ਸੱਚੇ ਦਾ ਸਮਰਥਨ ਕਰ ਰਹੇ ਹਾਂ ਤੇ ‘ਝੁਠੇ’ ਦਾ ਵਿਰੋਧ ਕਰ ਰਹੇ ਹਾਂ ਤੇ ਉਹ ਸਿਧਾਂਤਕ ਰੂਪ ਵਿੱਚ ਵੀ ਠੀਕ ਕਹਿਆ ਜਾਵੇਗਾ। ਜੇ ਅਸੀਂ ‘ਸੱਚੇ ਦਾ ਵਿਰੋਧ’ ਤੇ ‘ਝੂਠੇ ਦਾ ਸਮਰਥਨ’ ਕਰ ਰਹੇ ਹਾਂ ਤੇ ਇਹ ਕਿਸੇ ਵੀ ਦ੍ਰਸ਼ਟੀ ਨਾਲ ਸਹੀ ਨਹੀਂ ਹੋ ਸਕਦਾ। ਜਾਣੇ ਅਨਜਾਣੇ ਅਸੀਂ ‘ਆਲੋਚਨਾ’ ਦੇ ਨਾਮ ਤੇ ਇਹ ਹੀ ਕੰਮ ਕਰ ਰਹੇ ਹਾਂ, ਜੋ ਆਪਸੀ ਵਖਰੇਵਿਆਂ ਤੇ ਨਮੋਸ਼ੀ ਦਾ ਕਾਰਣ ਬਣ ਚੁਕਾ ਹੈ।

ਇਸ ਬਾਰੇ ਇੱਕ ਵਾਰ ਨਹੀਂ ਕਈ ਵਾਰ ਕਈ ਵਿਦਵਾਨ ਤੇ ਪੰਥ ਦਰਦੀ ਲਿੱਖ ਚੁਕੇ ਹਨ, ਕਿ ਅਸੀਂ ਆਪਸੀ ਸੁਹਿਰਦ ਧਿਰਾਂ ਦੀ ਆਲੋਚਨਾ ਕਰਕੇ ਵਿਰੋਧੀਆਂ ਦੀ ਨਜਰ ਵਿੱਚ ਅਸੀਂ ਨਿਤ ਹਾਸੇ ਦਾ ਕਾਰਣ ਬਣ ਰਹੇ ਹਾਂ। ਉਹ ਖੁਲਕੇ ਜਾਣਦੇ ਤੇ ਕਹਿੰਦੇ ਹਨ ਕਿ ਇਹ ਦਸਮ ਗ੍ਰੰਥ ਦੇ ਵਿਰੋਧੀ ਆਪਸ ਵਿੱਚ ਹੀ ਇੱਕ ਨਹੀ ਇਨ੍ਹਾਂ ਨੇ ‘ਦਸਮ ਬਾਣੀ’ ਦਾ ਵਿਰੋਧ ਕੀ ਕਰਨਾ ਹੈ? ਇਹ ਗਲ ਕੋਈ ਬਣਾਈ ਹੋਈ ਨਹੀਂ, ਨਿਤ ੲੈਸੇ ਕਮੇਂਟ ਤੁਸੀਂ ਸਿੱਖ ਵਿਰੋਧੀਆਂ ਦੀਆਂ ਵੈਬ ਸਾਈਟਾਂ ਤੇ ਫੇਸਬੁਕ ਆਦਿ ਤੇ ਪੜ੍ਹ ਸਕਦੇ ਹੋ। ਅਸੀਂ ਕਿਸੇ ਮਿਸ਼ਨ ਦੀ ਪ੍ਰਾਪਤੀ ਤਾਂ ਹੀ ਕਰਨੀ ਹੈ, ਜੇ ਸਾਡਾ ਕੋਈ ਮਿਸ਼ਨ ਹੋਵੇ। ਅਸੀਂ ‘ਏਕਤਾ’ ਤਾਂ ਕਰਨੀ ਹੈ, ਜੇ ਸਾਡਾ ਕੋਈ ਇੱਕ ਲੀਡਰ ਹੋਵੇ। ਨਾ ਸਾਡੇ ਕੋਲ ਕੋਈ ਮਿਸ਼ਨ ਹੈ ਤੇ ਨਾ ਹੀ ਏਕਾ! ਅਸੀਂ ਨਾ ਕਿਸੇ ਨੂੰ ਅਗੇ ਲਗਣ ਦਿੰਦੇ ਹਾਂ, ਨਾ ਹੀ ਕਿਸੇ ਦੇ ਪਿਛੇ ਲਗਕੇ ਰਾਜ਼ੀ ਹਾਂ। ਪੰਜ ਸਾਲਾਂ ਵਿੱਚ ‘ਦਸਮ ਗ੍ਰੰਥ’ ਅਤੇ ‘ਸਰਕਾਰੀ ਮਸੰਦਾਂ’ ਦੇ ਕਾਰਨਾਮਿਆਂ ਪ੍ਰਤੀ ਇੱਕ ਬਹੁਤ ਵੱਡੀ ਜਾਗਰੂਕਤਾ ਨੇ ਜਨਮ ਲਿਆ, ਇਸ ਦੇ ਬਾਵਜੂਦ ਅਸੀਂ ਕਿਥੇ ਖੜੇ ਹਾਂ, ਇਸ ਗਲ ਨੂੰ ਅਸੀਂ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹਾਂ। ਅਸੀ ‘ਖਹਿਬਾਜੀ’ ਤੇ ਟੰਗ ‘ਖਿਚਾਈ’ ਦੇ ਇਲਾਵਾ ਕੀ ਉਪਰਾਲਾ ਕੀਤਾ ਹੈ, ਜਦ ਕੇ ਸਿੱਖ ਵਿਰੋਧੀ ਤਾਕਤਾਂ ਦਿਨ-ਬ-ਦਿਨ ਇੱਕਜੁਟ ਹੋਕੇ, ਸਿੱਖੀ ਦਾ ਘਾਣ ਕਰਨ ਵਲ ਤੁਰੀਆਂ ਹੋਈਆਂ ਨੇ।

ਖਾਲਸਾ ਜੀ! ਜੇ ਵਿਰੋਧ ਕਰਨਾ ਹੀ ਹੈ ਤੇ, ਸਿੱਖੀ ਨੂੰ ਘਾਣ ਲਾਉਣ ਵਾਲੀਆਂ ਧਿਰਾਂ ਦਾ ਇੱਕਜੁਟ ਹੋ ਕੇ ਕਰੋ। ਆਪਸੀ ਵਿਚਾਰਕ ਮਤਭੇਦ ਤੇ ਆਪਸੀ ਗਲਬਾਤ ਨਾਲ ਵੀ ਦੂਰ ਹੋ ਸਕਦੇ ਹਨੇ। ਉਸ ਨੂੰ ਵਖਰੇਵੇ ਦਾ ਕਾਰਣ ਨਾ ਬਨਣ ਦਿਉ। ਆਪਸੀ ਮਤਭੇਦਾਂ ਨੂੰ ਵਾਰ ਵਾਰ ਸ਼ਰੇਆਮ ਜਨਤਕ ਕਰਕੇ, ਅਸੀਂ ਪੰਥ ਦਾ ਕੋਈ ਭਲਾ ਨਾ ਕਰ ਪਾਏ ਹਾਂ, ਤੇ ਨਾ ਹੀ ਭਵਿੱਖ ਵਿੱਚ ਕਰ ਸਕਾਂਗੇ। ਸਾਡੀ ਵਿਦਵਤਾ ਦੇ ਸਾਰੇ ਹਥਿਆਰ ਜੰਗ ਖਾਂਦੇ ਰਹਿ ਜਾਣਗੇ ਤੇ ਹਾਸਿਲ ਕੁੱਝ ਵੀ ਨਹੀ ਹੋਣਾ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top