Share on Facebook

Main News Page

ਅਖੌਤੀ ਦਸਮ ਗ੍ਰੰਥ ’ਚੋਂ ਅਧਿਆਤਮਕਤਾ ਪ੍ਰਾਪਤ ਨਹੀਂ ਹੋ ਸਕਦੀ: ਸ. ਉਪਕਾਰ ਸਿੰਘ
  • ਭੰਗ ਤੇ ਅਫ਼ੀਮ ਖਾਣ ਵਾਲੇ ਸੂਰਬੀਰ ਨਹੀਂ ਹੋ ਸਕਦੇ

(ਸਤਨਾਮ ਕੌਰ 14 ਫਰਵਰੀ 2011, ਫਰੀਦਾਬਾਦ)

ਇਹ ਸ਼ਬਦ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫ਼ਰੀਦਾਬਾਦ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਪ੍ਰਤਾਪ ਸਿੰਘ ਦੇ ਸਪੋਕਸਮੈਨ ਵਿਚ ਛੱਪੇ ਬਿਆਨ ਦਸਮ ਗ੍ਰੰਥ ਨੂੰ ਅਧਿਆਤਮਕ ਤਰੀਕੇ ਨਾਲ ਪਰਵਾਰ ਵਿਚ ਬੈਠ ਕੇ ਪੜ੍ਹਿਆ ਜਾ ਸਕਦੈ ਦੇ ਪ੍ਰਤੀਕਰਮ ਵੱਜੋਂ ਕਹੇ। ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਵਿਚ ਅਧਿਆਤਮਕਤਾ ਨਹੀਂ ਅਸ਼ਲੀਲਤਾ ਮੌਜੂਦ ਹੈ ਜਿਸਨੂੰ ਪਰਵਾਰ ਵਿਚ ਤਾਂ ਕੀ ਇਕੱਲੇ ਬੈਠ ਕੇ ਵੀ ਨਹੀਂ ਪੜਿਆ ਜਾ ਸਕਦੈ। ਗਿਆਨੀ ਪ੍ਰਤਾਪ ਸਿੰਘ ਜਿਸ ਤਖ਼ਤ ਦੇ ਮੁੱਖ ਸੇਵਾਦਾਰ ਹਨ ਉਸੇ ਅਸਥਾਨ ’ਤੇ 1708 ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਗਈ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਉਸ ਵੇਲੇ ਹੋਰ ਕੋਈ ਦੂਜਾ ਗ੍ਰੰਥ ਮੌਜੂਦ ਨਹੀਂ ਸੀ। ਇਸ ਲਈ ਤਖ਼ਤ ਹਜੂਰ ਸਾਹਿਬ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਇਤਿਹਾਸਕ ਅਸਥਾਨ ਹੈ ਉਥੇ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਮਾਨਿਯੋ ਗ੍ਰੰਥ ਵਾਲੇ ਹੁਕਮ ਦੀ ਉਲੰਘਣਾ ਹੋ ਰਹੀ ਹੈ।

ਅਖੌਤੀ ਦਸਮ ਗ੍ਰੰਥ ਬ੍ਰਾਹਮਣੀ ਗ੍ਰੰਥਾਂ ਦਾ ਉਤਾਰਾ ਹੈ ਜਿਸ ਤੋਂ ਸੇਧ ਲੈ ਕੇ ਇਹ ਲੋਕ ਬ੍ਰਾਹਮਣੀ ਰੀਤਾਂ ਤਿਲਕ, ਸ਼ੰਖ ਵਜਾਉਣੇ, ਟੱਲ ਖੜਕਾਉਣੇ, ਬਕਰੇ ਦਾ ਮਾਸ ਰਿੰਨ੍ਹ ਕੇ ਸ਼ਸ਼ਤਰਾਂ ਨੂੰ ਲਾਉਣਾ ਆਦਿ ਬ੍ਰਾਹਮਣੀ ਰੀਤਾਂ ਨੂੰ ਤਖ਼ਤ ਸਾਹਿਬ ਦੀ ਹਦੂਦ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਵਿਚ ਨਿਤ ਕਰ ਕੇ ਬੇਅਦਬੀ ਕਰਦੇ ਹਨ ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੂਰਬੀਰਤਾ ਵਾਲੇ ਸਾਰੇ ਗੁਣ ਮੌਜੂਦ ਹਨ। ਇਸ ਲਈ ਗਿਆਨੀ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੀਵਾਂ ਵਿਖਾਉਣ ਲਈ ਜੋ ਅਖੌਤੀ ਦਸਮ ਗ੍ਰੰਥ ਦੀ ਉਸਤਤਿ ਕੀਤੀ ਗਈ ਹੈ ਉਹ ਕੋਈ ਨਵੀਂ ਗੱਲ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਧ ਅਪਮਾਨ ਤਾਂ ਇਹ ਲੋਕ ਰੋਜ ਹੀ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਗਿਆਨੀ ਪ੍ਰਤਾਪ ਸਿੰਘ ਸ਼ਾਇਦ ਆਪਣੇ ਬਿਆਨ ਵਿਚ ਇਹ ਦਸਣਾ ਭੁੱਲ ਗਏ ਸਨ ਕਿ ਇਸ ਅਖੌਤੀ ਦਸਮ ਗ੍ਰੰਥ ਵਿਚ ਦੇਵੀ ਦੇਵਤਿਆਂ ਦੀ ਉਸਤਤਿ, ਭੰਗ, ਸ਼ਰਾਬ, ਅਫੀਮ ਦੇ ਨਸ਼ੇ, ਅਤੇ ਰੱਜ ਕੇ ਅਸ਼ਲੀਲਤਾ ਵੀ ਮੌਜੂਦ ਹੈ। ਕੀ ਨਸ਼ਿਆਂ ਤੇ ਅਸ਼ਲੀਲਤਾ ਦਾ ਪਾਠ ਸਿਖਾਉਣ ਵਾਲੇ ਗ੍ਰੰਥ ਨੂੰ ਅਧਿਆਤਮਕ ਤਰੀਕੇ ਨਾਲ ਪਰਵਾਰ ਵਿਚ ਬੈਠ ਕੇ ਪੜਿਆ ਜਾ ਸਕਦਾ ਹੈ ? ਸ. ਉਪਕਾਰ ਸਿੰਘ ਨੇ ਕਿਹਾ ਕਿ ਜਿਸ ਗ੍ਰੰਥ ਵਿਚ ਪਰ ਸੰਗ ਅਤੇ ਨਸ਼ੇ ਕਰਨ ਦੀ ਸਿੱਖਿਆ ਦਿੱਤੀ ਗਈ ਹੋਵੇ ਉਸ ਵਿਚ ਸੂਰਬੀਰਤਾ ਵਾਲੀ ਗੱਲ ਸਿਰਫ ਭੋਲੀਆਂ ਸੰਗਤਾਂ ਨੂੰ ਭਰਮਾਉਣ ਲਈ ਹੈ ਕਿਉਂਕਿ ਇਸ ਸੂਰਬੀਰਤਾ ਦੇ ਪਾਤਰ ਦੇਵੀ ਦੇਵਤੇ ਹਨ ਜਿਨ੍ਹਾਂ ਦੀ ਹੋਂਦ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਕਾਰ ਦਿੱਤਾ ਹੈ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਗੁਰਬਾਣੀ ਦੀ ਤੁਕ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਰਿ ਰੰਗ ਵਿਚ ਜੁੜਨ ਵਾਲੇ ਹੀ ਅਸਲ ਸੂਰਬੀਰ ਹਨ ਨਾ ਕਿ ਭੰਗ ਤੇ ਅਫੀਮ ਖਾਣ ਵਾਲੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top