Share on Facebook

Main News Page

ਪੰਥਕ ਵਿਦਵਾਨ ਵੀਰ ਭੁਪਿੰਦਰ ਸਿੰਘ ਨੇ ਕਪੂਰਥਲਾ ਵਿਖੇ ਦੋ ਦਿਨਾਂ ਗੁਰਮਤਿ ਸਮਾਗਮਾਂ ਦੌਰਾਨ, ਸੰਗਤਾਂ ਨੂੰ ਗੁਰਬਾਣੀ ਨਾਲ ਜੁੜਣ ਲਈ ਪ੍ਰੇਰਿਆ

ਉਘੇ ਗੁਰਬਾਣੀ ਵਿਆਖਿਆਕਾਰ ਅਤੇ ਪੂਰੀ ਤਰ੍ਹਾਂ ਗੁਰਮਤਿ ਪ੍ਰਚਾਰ ਨੂੰ ਸਮਰਪਿਤ ਨਿਊਯਾਰਕ ਵਾਸੀ ਵੀਰ ਭੁਪਿੰਦਰ ਸਿੰਘ ਜੀ ਵਲੋਂ ਬੀਤੇ ਦਿਨੀ ਕਪੂਰਥਲਾ ਸ਼ਹਿਰ ਅਤੇ ਰੇਲ ਕੋਚ ਫੇਕਟਰੀ ਵਿਖੇ ਗੁਰਮਤਿ ਸਮਾਗਮ ਕਰਕੇ ਜਿੱਥੇ ਸਿੱਖ ਸੰਗਤਾਂ ਨੂੰ ਤੱਤ ਗੁਰਮਤਿ ਨਾਲ ਜੁੜੇ ਰਹਿਣ ਲਈ ਪ੍ਰੇਰਣਾ ਕੀਤੀ ਗਈ, ਉੱਥੇ ਉਹਨਾਂ ਬਿਨਾਂ ਕਿਸੇ ਮਜ਼ਹਬੀ ਵਿਤਕਰੇ ਤੋਂ ਬੱਚਿਆਂ ਅਤੇ ਨੌਜਵਾਨਾਂ ਦੇ ਸੈਮੀਨਾਰ ਕਰਕੇ ਉਹਨਾਂ ਨੂੰ ਚੰਗੇਰਾ ਜੀਵਨ ਜੀਊਣ ਅਤੇ ਇਨਸਾਨੀਅਤ ਲਈ ਕੰਮ ਕਰਨ ਲਈ ਉਤਸ਼ਾਹਤ ਕੀਤਾ।ਇਹਨਾਂ ਪ੍ਰੋਗਰਾਮਾਂ ਦੇ ਸੰਯੋਜਕ ਇੰਜੀਨੀਅਰ ਗੁਰਮੀਤ ਸਿੰਘ ਕਪੂਰਥਲਾ ਤੋਂ ਇਲਾਵਾ ਭਾਈ ਸਤਨਾਮ ਸਿੰਘ, ਭਾਈ ਬਲਵਿੰਦਰ ਸਿੰਘ ਖਾਲਸਾ, ਭਾਈ ਜਸਵੰਤ ਸਿੰਘ ਅਤੇ ਭਾਈ ਭਗਵੰਤ ਸਿੰਘ ਨੇ ਦੱਸਿਆ ਕਿ ਦੋ ਦਿਨਾਂ ਦੇ ਇਸ ਰੁਝੇਵੇਂ ਭਰੇ ਵੱਖ ਵੱਖ ਸਮਾਗਮਾਂ ਵਿੱਚ ਸੰਗਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਇਹਨਾਂ ਪ੍ਰੋਗਰਾਮਾਂ ਦਾ ਆਨੰਦ ਮਾਣਿਆ।

ਪ੍ਰੋਗਰਾਮ ਦੇ ਪਹਿਲੇ ਪੜਾਅ ਦੌਰਾਨ ਦੋ ਸੈਮੀਨਾਰ ਆਯੋਜਿਤ ਕੀਤੇ ਗਏ। ਸ਼੍ਰੀ ਗੁਰੁ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਕੀਤੇ ਗਏ ਸਕੂਲੀ ਬੱਚਿਆਂ ਦੇ ਸੈਮੀਨਾਰ ਤੋਂ ਬਾਦ ਬੱਚਿਆਂ ਨੇ ਖੁੱਲੇ ਮਨ ਨਾਲ ਬੇਝਿਜਕ ਹੋ ਕੇ ਵੀਰ ਭੁਪਿੰਦਰ ਸਿੰਘ ਜੀ ਤੋਂ ਵੱਖ ਵੱਖ ਤਰ੍ਹਾਂ ਦੇ ਸ਼ੰਕੇ ਨਵਿਰਤ ਕਰਦਿਆਂ ਚੰਗੇਰਾ ਜੀਵਨ ਜੀਊਣ ਦੇ ਗੁਰ ਸਿੱਖੇ। ਸਕੂਲ ਦੀ ਚੇਆਰਪਰਸਨ ਸ਼੍ਰੀਮਤੀ ਗੁਰਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਜਸਬੀਰ ਕੌਰ ਵਧਵਾ ਨੇ ਵੀਰ ਭੁਪਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਉਸੇ ਦਿਨ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਨੌਜਵਾਨ ਪੀੜੀ ਆਉਣ ਵਾਲੇ ਸਮਾਜ ਦਾ ਧੁਰਾ ਹੁੰਦੀ ਹੈ। ਇਸ ਲਈ ਚੰਗੇਰਾ ਸਮਾਜ ਸਿਰਜਣ ਲਈ ਨੌਜਵਾਨਾਂ ਦਾ ਯੋਗਦਾਨ ਸਭ ਤੋਂ ਜਰੂਰੀ ਹੈ। ਇੱਕ ਸੇਹਤਮੰਦ ਅਤੇ ਅਮਨ ਸ਼ਾਂਤੀ ਦਾ ਮਾਹੌਲ ਪੈਦਾ ਕਰਨ ਲਈ ਨੌਜਵਾਨਾਂ ਨੂੰ ਖੁੱਦ ਮਿਸਾਲ ਬਣ ਕੇ ਅਗਵਾਈ ਕਰਨੀ ਹੋਵੇਗੀ। ਉਹਨਾਂ ਗੁਰਬਾਣੀ ਦੇ ਪ੍ਰਮਾਣਾਂ ਦਾ ਹਵਾਲਾ ਦਿੰਦਿਆਂ ਸਦਾਚਾਰਕ ਜੀਊਣ ਲਈ ਫੋਕੇ ਕਰਮ ਕਾਂਡਾਂ ਅਤੇ ਲੋਕ ਵਿਖਾਵਿਆਂ ਨਾਲ ਗੜੂੰਦ ਰਸਮਾਂ ਰਿਵਾਜਾਂ ਨੂੰ ਦੁਰਕਾਰ ਕੇ ਭਰੁਣ ਹੱਤਿਆ ਅਤੇ ਦਾਜ ਆਦਿ ਕਲ਼ੰਕਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਦਾ ਹੋਕਾ ਦਿੱਤਾ। ਖਚਾ-ਖੱਚ ਭਰੇ ਹਾਲ ਵਿੱਚ ਨੌਜਵਾਨਾਂ ਦੇ ਨਾਲ ਨਾਲ ਉਹਨਾਂ ਦੇ ਮਾਤਾ ਪਿਤਾ ਨੇ ਵੀ ਇਹਨਾਂ ਗੁਰਮਤਿ ਵੀਚਾਰਾਂ ਦਾ ਆਨੰਦ ਮਾਣਿਆ।

ਰਾਤ ਨੂੰ ਰੇਲ ਕੋਚ ਫੈਕਟਰੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਵੀਰ ਸੁਖਬੀਰ ਸਿੰਘ ਨੇ ਗੁਰਮਤਿ ਵੀਚਾਰਾਂ ਦੀ ਸਾਂਝ ਕੀਤੀ। ਵੀਰ ਭੁਪਿੰਦਰ ਸਿੰਘ ਜੀ ਨੇ “ਜੋ ਮਾਗਹਿ ਠਾਕੁਰ ਅਪਨੇ ਤੇ, ਸੋਈ ਸੋਈ ਦੇਵੈ“ ਸ਼ਬਦ ਦਾ ਗਾਇਨ ਕਰਦਿਆਂ ਇਸ ਸ਼ਬਦ ਨਾਲ ਜੁੜੇ ਮਨੱਮਤੀ ਖਿਆਲਾਂ ਤੋਂ ਸੁਚੇਤ ਕਰਦਿਆਂ ਇਸ ਪਾਵਨ ਸ਼ਬਦ ਦੇ ਅਸਲ ਸੰਦੇਸ਼ ਨੂੰ ਸੰਗਤਾਂ ਸਨਮੁੱਖ ਰੱਖਿਆ। ਉਹਨਾਂ ਕਿਹਾ ਕਿ ਸਾਡੇ ਭਟਕਣ ਦਾ ਮੁੱਖ ਕਾਰਣ ਸ਼ਬਦਾਂ ਦੇ ਰਹਾਉ ਵਾਲੇ ਬੰਦ ਨੂੰ ਅਣਗੌਲਿਆਂ ਕਰਕੇ ਸ਼ਬਦ ਨੂੰ ਮਨੱਮਤੀ ਤਰੀਕੇ ਨਾਲ ਅਰਥ ਕਰਨਾ ਹੈ। ਗੁਰੁ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ਼ਬਦਾਂ ਨੂੰ ਸਹੀ ਪਰਿਪੇਖ ਵਿੱਚ ਸਮਝਣ ਲਈ ਇਹ ਜਰੂਰੀ ਹੈ ਕਿ ਸ਼ਬਦ ਦੀ ਰਹਾਉ ਵਾਲੀ ਤੁੱਕ ਨੂੰ ਪਹਿਲਾਂ ਗਹਿਰਾਈ ਵਿੱਚ ਸਮਝ ਲਿਆ ਜਾਵੇ। ਗੁਰਦੁਆਰਾ ਕਮੇਟੀ ਵਲੋਂ ਭਾਈ ਜਾਗੀਰ ਸਿੰਘ, ਭਾਈ ਗੁਰਦੇਵ ਸਿੰਘ ਅਤੇ ਭਾਈ ਉੱਜਲ ਸਿੰਘ ਨੇ ਵੀਰ ਭੁਪਿੰਦਰ ਸਿੰਘ ਅਤੇ ਉਹਨਾਂ ਦੇ ਜਥੇ ਦੇ ਮੈਂਬਰਾਂ ਨੂੰ ਸਿਰੋਪੇ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ। ਉਹਨਾਂ ਵੀਰ ਭੁਪਿੰਦਰ ਸਿੰਘ ਦੇ ਜਥੇ ਵਲੋਂ ਆਰੰਭੇ ਜੀਵਨ ਜਾਚ ਦਾ ਖਜਾਨਾ ਪ੍ਰੋਗਰਾਮ ਦੀ ਸਫਲਤਾ ਲਈ ਆਰਥਿਕ ਸਹਾਇਤਾ ਵੀ ਭੇਟ ਕੀਤੀ।

ਪ੍ਰੋਗਰਾਮ ਦੇ ਦੂਜੇ ਦਿਨ ਗੁਰਦੁਆਰਾ ਸਾਹਿਬ ਦੇਵੀ ਤਲਾਬ ਕਪੂਰਥਲਾ ਵਿਖੇ ਗੁਰਬਾਣੀ ਦੀ ਵਿਆਖਿਆ ਕਰਦਿਆਂ ਵੀਰ ਭੁਪਿੰਦਰ ਸਿੰਘ ਨੇ ਅਰਦਾਸ ਨੂੰ ਗੁਰੂ ਨਾਲ ਸਾਂਝ ਪਾਉਣ ਦਾ ਸਾਧਨ ਦੱਸਦਿਆਂ ਆਪਾ ਸਮਰਪਨ ਕਰਨ ਲਈ ਪ੍ਰੇਰਿਆ। ਉਹਨਾਂ ਦੱਸਿਆ ਕਿ ਗੁਰਬਾਣੀ ਦਾ ਬਿਨਾਂ ਕਿਸੇ ਮਜ਼ਹਬੀ ਅਤੇ ਊਚ ਨੀਚ ਦੇ ਵਿਤਕਰੇ ਤੋਂ ਸਰਬ ਸਾਂਝਾ ਉਪਦੇਸ਼ ਹਰ ਪ੍ਰਾਣੀ ਮਾਤਰ ਨੂੰ ਅਸਲ ਜੀਵਨ ਜਾਚ ਵੱਲ ਪ੍ਰੇਰਤ ਕਰਦਾ ਹੈ। ਗੁਰਦੁਆਰਾ ਕਮੇਟੀ ਦੇ ਸਰਪ੍ਰਸਤ ਸ.ਨਿਰਮਲ ਸਿੰਘ ਪੱਤੜ ਅਤੇ ਜਨਰਲ ਸਕੱਤਰ ਹਰਬੰਸ ਸਿੰਘ ਖੁਰਾਣਾ ਨੇ ਵੀਰ ਭੁਪਿੰਦਰ ਸਿੰਘ ਨੂੰ ਜੀ ਆਇਆਂ ਕਹਿੰਦਿਆਂ ਸ਼੍ਰੀ ਕਲਗੀਧਰ ਸੇਵਕ ਸਭਾ (ਰਜਿ:) ਵਲੋਂ ਸਨਮਾਨ ਭੇਟ ਕੀਤਾ। ਇਸੇ ਦਿਨ ਸ਼ਾਮ ਨੂੰ ਰੇਲ ਕੋਚ ਫੈਕਟਰੀ ਦੇ ਵਾਰਿਸ ਸ਼ਾਹ ਆਡੀਟੋਰੀਅਮ ਵਿਖੇ ਹੋਇਆ ਆਲੌਕਿਕ ਸੈਮੀਨਾਰ ਇਹਨਾਂ ਸਾਰੇ ਪ੍ਰੋਗਰਾਮਾਂ ਦਾ ਨਿਚੋੜ ਸਾਬਤ ਹੋਇਆ। ਲਗਾਤਾਰ ਚਾਰ ਘੰਟੇ ਚਲੇ ਇਸ ਸੈਮੀਨਾਰ ਨੂੰ ਵੱਡੀ ਗਿਣਤੀ ਵਿੱਚ ਵੱਖ ਵੱਖ ਧਰਮਾਂ ਨਾਲ ਸਬੰਧਤ ਲੋਕਾਂ ਤੋਂ ਇਲਾਵਾ ਆਰ.ਸੀ.ਐਫ. ਦੇ ਅਧਿਕਾਰੀਆਂ ਨੇ ਵੀ ਮਾਣਿਆ। ਆਪਣੇ ਭਾਵਪੂਰਤ ਵਖਿਆਨ ਦੌਰਾਨ ਵੀਰ ਭੁਪਿੰਦਰ ਸਿੰਘ ਨੇ ਪੂਰਬਲੇ ਜਨਮਾਂ ਦੇ ਕਥਿਤ ਬਿਆਨ ਕੀਤੇ ਜਾਂਦੇ ਡਰਾਵਿਆਂ ਤੋਂ ਸੁਚੇਤ ਕਰਦਿਆਂ ਮੌਜੂਦਾ ਜੀਵਨ ਨੂੰ ਸੰਵਾਰਣ ਦਾ ਸੱਦਾ ਦਿੱਤਾ।

ਉਹਨਾਂ ਕਿਹਾ ਕਿ ਅਗਲੇ ਪਿਛਲੇ ਸਵੱਰਗ ਨਰਕ ਕਿਸੇ ਨੇ ਨਹੀਂ ਦੇਖੇ, ਪਰ ਇਸ ਮੌਜੂਦਾ ਜੀਵਨ ਨੂੰ ਨਰਕ ਵੱਲ ਧੱਕਣ ਲਈ ਸਾਡੇ ਮੰਦੇ ਵੀਚਾਰ ਅਤੇ ਪਾਖੰਡੀ ਲੋਕਾਂ ਵਲੋਂ ਬੁਣਿਆ ਮੱਕੜ ਜਾਲ ਹੀ ਜਿੰਮੇਵਾਰ ਹਨ। ਇਹਨਾਂ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਖੁੱਦ ਨੂੰ ਆਪਾ ਸੰਵਾਰਨਾ ਹੋਵੇਗਾ। ਕਿਸੇ ਦੂਜੇ ਦੀ ਨਿੰਦਾ ਕਰਨ ਦੀ ਬਜਾਏ ਖੁੱਦ ਮਿਸਾਲ ਬਣ ਕੇ ਨਵਾਂ ਸਮਾਜ ਸਿਰਜਿਆ ਜਾ ਸਕਦਾ ਹੈ। ਉਹਨਾਂ ਅਨੁਸਾਰ ਰਿਸ਼ਵਤ ਦੀ ਲਾਹਨਤ ਕਾਰਣ ਹੀ ਸੋਨੇ ਦੀ ਚਿੜੀਆ ਭਾਰਤ ਦੇਸ਼ ਪਲਾਸਟਿਕ ਦੀ ਚਿੜੀਆ ਬਣ ਕੇ ਰਹਿ ਗਿਆ ਹੈ। ਹਰ ਕੋਈ ਸਵਾਰਥੀ ਅਤੇ ਗੈਰ ਸਮਾਜੀ ਤਰੀਕੇ ਨਾਲ ਇਸਨੂੰ ਹਜਮ ਕਰਨ ਵਿੱਚ ਹੀ ਲੱਗਾ ਹੋਇਆ ਹੈ। ਸੈਮੀਨਾਰ ਦੇ ਆਖਰੀ ਪੜਾਅ ਵਿੱਚ ਉਹਨਾਂ ਹਾਜਰ ਸਰੋਤਿਆਂ ਦੇ ਸ਼ੰਕਿਆਂ ਨੂੰ ਬੜੇ ਹੀ ਸੁਚੱਜੇ ਤਰੀਕੇ ਨਾਲ ਨਵਿਰਤ ਕੀਤਾ। ਸਮਾਗਮ ਦੇ ਅਖੀਰ ਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਹਨਾਂ ਸਮਾਗਮਾਂ ਨੂੰ ਸਫਲਤਾ ਪੂਰਨ ਨੇਪਰੇ ਚਾੜਣ ਲਈ ਭਾਈ ਸੁਖਬੀਰ ਸਿੰਘ, ਭਾਈ ਬਲਕਾਰ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਬਲਜਿੰਦਰ ਸਿੰਘ, ਭਾਈ ਵਰਿੰਦਰ ਸਿੰਘ ਸੈਣੀ, ਭਾਈ ਪਰਮਿੰਦਰ ਸਿੰਘ ਤੋਂ ਇਲਾਵਾ ਅਕਾਲੀ ਦਲ ਦੇ ਜਿਲਾ ਜਨਰਲ ਸਕੱਤਰ ਠੇਕੇਦਾਰ ਸੁਰਿੰਦਰ ਸਿੰਘ, ਅਰਬਨ ਅਸਟੇਟ ਕਪੂਰਥਲਾ ਤੋਂ ਭਾਈ ਅਵਤਾਰ ਸਿੰਘ ਖਾਲਸਾ, ਭਾਈ ਪਰਮਜੀਤ ਸਿੰਘ, ਭਾਈ ਹਰਵਿੰਦਰ ਸਿੰਘ, ਜਥੇਦਾਰ ਵਰਿਆਮ ਸਿੰਘ ਕਪੂਰ, ਭਾਈ ਗੁਰਚੇਤਨ ਸਿੰਘ, ਭਾਈ ਅਮਰਜੀਤ ਸਿੰਘ ਬਿੰਦਰਾ, ਭਾਈ ਹਰਨੇਕ ਸਿੰਘ, ਭਾਈ ਇਕਬਾਲ ਸਿੰਘ, ਡਾਕਟਰ ਅਜੀਤਪਾਲ ਸਿੰਘ ਕਾਲੜਾ, ਭਾਈ ਜਸਪਾਲ ਸਿੰਘ ਕਾਲੜਾ ਅਤੇ ਭਾਈ ਹਰਭਜਨ ਸਿੰਘ ਮਿਸ਼ਨਰੀ ਨੇ ਵਿਸ਼ੇਸ਼ ਯੋਗਦਾਨ ਪਾਇਆ।

ਵੀਰ ਭੁਪਿੰਦਰ ਸਿੰਘ ਵਲੋਂ ਕਪੂਰਥਲਾ ਦੀਆਂ ਸੰਗਤਾਂ ਦਾ ਧੰਨਵਾਦ

ਇਹਨਾਂ ਸਮਾਗਮਾਂ ਦੀ ਸਮਾਪਤੀ ਉਪਰੰਤ ਗੁਰਬਾਣੀ ਵੱਕਤਾ ਵੀਰ ਭੁਪਿੰਦਰ ਸਿੰਘ ਨੇ ਬੜੇ ਹੀ ਭਿੱਜੇ ਮਨ ਨਾਲ ਇਹ ਸੰਦੇਸ਼ ਭੇਜਿਆ ਹੈ ਕਿ ਜੀਵਨ ਜਾਚ ਦਾ ਖਜਾਨਾ ਪੋਗਰਾਮ ਕਰਾਉਣ ਦੀ ਜੋ ਸੇਵਾ ਕਪੂਰਥਲਾ ਅਤੇ ਰੇਲ ਕੋਚ ਫੈਕਟਰੀ ਦੀ ਸੰਗਤ ਨੇ ਨਿਭਾਈ ਹੈ, ਉਸਦਾ ਉਹ ਤਹਿ ਦਿਲੋਂ ਧੰਨਵਾਦੀ ਹਨ। ਲਿਵਿੰਗ ਟਰੱਈਅਰ ਦੇ ਲੱਗਭਗ 21 ਮੈਂਬਰਾਂ ਨੂੰ ਇਹਨਾਂ ਆਰ.ਸੀ.ਐਫ. ਦੇ ਪਰਿਵਾਰਾਂ ਰਲ ਕੇ ਅਤੇ ਬੇਅੰਤ ਗੁਣਾਂ ਦੀ ਵਰਤੋਂ ਕਰਦਿਆਂ ਸਾਡੀ ਖਾਤਰਦਾਰੀ ਕੀਤੀ ਹੈ ਅਤੇ ਨਿਰਪੱਖ ਹੋ ਕੇ ਆਰ.ਸੀ.ਐਫ ਦੇ ਗੁਰਮੁੱਖਾਂ ਅਤੇ ਹੋਰ ਮਜਬਾਂ ਦੇ ਸੱਜਣਾਂ ਡੁੱਲ ਡੁੱਲ ਜਾਂਦੇ ਹਿਰਦਿਆਂ ਨਾਲ ਸੇਵਾ ਕਰਕੇ ਸਾਡਾ ਉਤਸ਼ਾਹ ਵਧਾਇਆ ਹੈ। ਇਹਨਾਂ ਦਾ ਸਮੁੰਦਰੀ ਹਿੱਕ ਵਾਲਾ ਦਿੱਤਾ ਪਿਆਰ ਦਾ ਹੁਲਾਰਾ ਬਿਆਨ ਨਹੀਂ ਕੀਤਾ ਜਾ ਸਕਦਾ। ਰੱਬੀ ਬੇਅੰਤਤਾ ਨੂੰ ਸਤਿਗੁਰਾਂ ਰਾਹੀਂ ਇਹਨਾਂ ਨਿੱਘੀ ਗਲਵੱਕੜੀ ਰਾਹੀਂ ਵੰਡ ਛਕਿਆ ਹੈ। ਇਸੇ ਤਰ•ਾਂ ਕਪੂਰਥਲਾ ਵਿਖੇ ਗੁਰਦੁਆਰਾ ਦੇਵੀ ਤਲਾਬ ਵਿਖੇ ਵੀ ਪ੍ਰਬੰਧਕਾਂ ਅਤੇ ਸੰਗਤ ਦਾ ਭਰਪੂਰ ਪਿਆਰ ਮਿਲਿਆ ਅਤੇ ਸੱਚ ਦੇ ਪ੍ਰਚਾਰ ਨੂੰ ਇਹਨਾਂ ਸੱਚਾ ਸੁੱਚਾ ਹੁੰਗਾਰਾ ਦੇ ਕੇ ਉਤਸ਼ਾਹਤ ਕੀਤਾ। ਰੇਲ ਕੋਚ ਫੈਕਟਰੀ ਦੇ ਸੱਜਣਾਂ ਦਾ ਗੁਰਦੁਆਰਾ ਸਾਹਿਬ ਵਿਖੇ ਬਿਨਾਂ ਕਿਸੇ ਪ੍ਰਧਾਨੀ ਚੌਧਰ ਤੋਂ ਆਪਸੀ ਤਾਲਮੇਲ ਅਤੇ ਸੇਵਾ ਕਰਨ ਦਾ ਪ੍ਰਗਟਾਵਾ, ਇੱਕ ਅਨੋਖੀ ਅਤੇ ਨਿਵੇਕਲੀ ਮਿਸਾਲ ਹੈ। ਜਿਸ ਤੋਂ ਸਾਰੀ ਦੁਨੀਆ ਸਬਕ ਸਿਖ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top