Share on Facebook

Main News Page

ਪ੍ਰੋ. ਦਰਸ਼ਨ ਸਿੰਘ ਦਾ ਕੀਰਤਨ ਰੁਕਵਾਉਣ ਲਈ ਅਕਾਲ ਤਖ਼ਤ ਦੇ ਲੈਟਰ ਪੈਡ ’ਤੇ ਪੁਲਿਸ ਅਫ਼ਸਰਾਂ ਨੂੰ ਬੇਨਤੀ ਪੱਤਰ ਲਿਖੇ ਜਾਣ ’ਤੇ ਅਕਾਲ ਤਖ਼ਤ ਦਾ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਫਸੇ ਕਸੂਤੀ ਸਥਿਤੀ ਵਿੱਚ

* ਅਕਾਲ ਤਖ਼ਤ ਦੀ ਜੋ ਮਾਨਹਾਨੀ ਮੌਜੂਦਾ ਜਥੇਦਾਰ ਨੇ ਕੀਤੀ ਹੋਰ ਕੋਈ ਨਹੀਂ ਕਰ ਸਕਦਾ
* ਦੁਨਿਆਵੀ ਤਖ਼ਤਾਂ ਦੇ ਦੁਖਿਆਰੇ ਤਾਂ ਇਨਸਾਫ਼ ਲਈ ਫ਼ਰਿਆਦ ਲੈ ਕੇ ਅਕਾਲ ਤਖਤ ਕੋਲ ਆਏ ਪਰ ਇਹ ਕਦੀ ਨਹੀ ਨਹੀਂ ਹੋਇਆ ਕਿ ਅਕਾਲ ਤਖ਼ਤ ਪੁਲਿਸ ਅਫਸਰਾਂ ਦੀਆਂ ਲੇਲੜੀਆਂ ਕੱਢੇ
* ਅਕਾਲ ਤਖ਼ਤ ਦੇ ਜਥੇਦਾਰ ਸਿਆਸੀ ਲੋਕਾਂ ਦੀ ਗੁਲਾਮ ਮਾਨਸਿਕਤਾ ਵਾਲੇ ਹੋ ਗਏ ਹਨ
* ਮੱਕੜ ਇੱਕ ਇੰਟਰਨੈਸ਼ਨਲ ਮੀਡੀਏ ’ਚ ਏਸ ਤਰ੍ਹਾਂ ਝੂਠ ਬੋਲ ਰਿਹਾ ਹੈ ਜਿਵੇਂ ਕੋਈ ਵਿਅਕਤੀ ਪਿੰਡਾਂ ਦੀ ਖੁੰਡ ਪੰਚਾਇਤ ਵਿੱਚ ਬੋਲ ਰਿਹਾ ਹੁੰਦਾ ਐ
* ਪ੍ਰੋ. ਦਰਸ਼ਨ ਸਿੰਘ ਹੱਕ ਸੱਚ’ਤੇ ਖੜ੍ਹੇ ਹਨ ਉਨ੍ਹਾਂ ਗੁਰੂ ਸਾਹਿਬ ਪ੍ਰਤੀ ਕੋਈ ਅਪਸ਼ਬਦ ਨਹੀਂ ਬੋਲਿਆ

ਬਠਿੰਡਾ, 15 ਫਰਵਰੀ (ਕਿਰਪਾਲ ਸਿੰਘ): ਸ਼ੇਰੇ ਪੰਜਾਬ ਰੇਡੀਓ ਕੈਨੇਡਾ ’ਤੇ ਭਾਰਤੀ ਸਮੇਂ ਅਨੁਸਾਰ ਜਦੋਂ ਬੀਤੀ ਰਾਤ ਇਹ ਗੱਲ ਜਨਤਕ ਹੋਈ ਕਿ ਸਿੰਘ ਸਭਾ ਗੁਰਦੁਆਰਾ ਗਣੇਸ਼ ਪੇਠ ਪੂਨੇ ਮਹਾਂਰਾਸ਼ਟਰ ਵਿਖੇ ਪ੍ਰੋ: ਦਰਸ਼ਨ ਸਿੰਘ ਦੇ 5 ਅਤੇ 6 ਫ਼ਰਵਰੀ ਨੂੰ ਹੋਣ ਵਾਲੇ ਕੀਰਤਨ ਸਮਾਗਮ ਨੂੰ ਰੁਕਵਾਉਣ ਲਈ ਮਹਾਂਰਾਸ਼ਟਰ ਦੇ ਡੀਜੀਪੀ ਨੂੰ ਅਕਾਲ ਤਖ਼ਤ ਦੇ ਲੈਟਰਪੈਡ ’ਤੇ ਲਿਖੇ ਬੇਨਤੀ ਪੱਤਰ ਦੇ ਬਾਵਜੂਦ, ਉਥੇ ਉਤਸ਼ਾਹ ਪੂਰਬਕ ਭਰਵਾਂ ਕੀਰਤਨ ਸਮਾਗਮ ਹੋਇਆ, ਤਾਂ ਦੇਸ਼ ਵਿਦੇਸ਼ ਦੇ ਸਿੱਖਾਂ ਵਿੱਚ ਗੁੱਸਾ ਤੇ ਰੋਹ ਉਤਪੰਨ ਹੋਇਆ ਤੇ ਲਾਈਵ ਟਾਕ ਸ਼ੋਅ ਦੌਰਨ ਕਾਲਰਾਂ ਨੇ ਟੈਲੀਫ਼ੋਨ ਕਾਲਾਂ ਕਰਕੇ ਇਸ ਲਈ ਅਕਾਲ ਤਖ਼ਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਦੋਸ਼ੀ ਠਹਿਰਾਇਆ।

ਇਹ ਦੱਸਣਯੋਗ ਹੈ ਕਿ ਰੇਡੀਓ ਹੋਸਟ ਸ: ਕੁਲਦੀਪ ਸਿੰਘ ਨੇ ਮੌਜੂਦਾ ਸਮੱਸਿਆਵਾਂ ਤੇ ਪੰਥਕ ਮੁੱਦਿਆਂ ’ਤੇ ਗਲਬਾਤ ਕਰਨ ਲਈ ਪ੍ਰਧਾਨ ਮੱਕੜ ਨੂੰ ਸਰੋਤਿਆਂ ਦੇ ਰੂਬਰੂ ਕਰਵਾਇਆ। ਇਸ ਦੌਰਨ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਸਮੇਂ ਤੋਂ ਉਨ੍ਹਾਂ ਸ਼ੋਮਣੀ ਕਮੇਟੀ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਸੰਭਾਲੀ ਹੈ, ਉਸੇ ਸਮੇਂ ਤੋਂ ਉਨ੍ਹਾਂ ਦਾ ਯਤਨ ਰਿਹਾ ਹੈ ਕਿ ਪੰਥ ਨੂੰ ਏਕਤਾ ਦੀ ਲੜੀ ਵਿੱਚ ਪ੍ਰੋਇਆ ਜਾਵੇ, ਤੇ ਅਕਾਲ ਤਖ਼ਤ ਦਾ ਮਾਨ ਸਨਮਾਨ ਤੇ ਰੁਤਬੇ ਦਾ ਸਤਿਕਾਰ ਵਧਾਇਆ ਜਾਵੇ, ਤੇ ਉਹ ਇਸ ਵਿੱਚ ਕਾਫੀ ਹੱਦ ਤੱਕ ਸਫਲ ਰਹੇ ਹਨ। ਨਾਨਕਸ਼ਾਹੀ ਕੈਲੰਡਰ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ 2009 ਵਿਚ ਨਾਨਕਸ਼ਾਹੀ ਕਲੈਂਡਰ ਵਿੱਚ ਸੋਧ ਕੀਤੇ ਜਾਣ ਕਾਰਣ, ਪੰਥ ਵਿੱਚ ਜਿਆਦਾ ਏਕਤਾ ਹੋਈ ਤੇ ਉਨ੍ਹਾਂ ਧਿਰਾਂ ਨੇ ਵੀ ਇਸ ਨਾਲ ਸਹਿਮਤੀ ਜਤਾਈ ਹੈ, ਜਿਹੜੇ ਪਹਿਲਾਂ ਇਸ ਦਾ ਵਿਰੋਧ ਕਰਦੇ ਸਨ। ਕੁੱਝ ਪੰਥ ਦੋਖ਼ੀ ਹੀ ਇਸ ਦਾ ਵਿਰੋਧ ਕਰਦੇ ਹਨ, ਤੇ ਇਹ ਵਿਰੋਧ ਵੀ ਸਿਮਟ ਕੇ ਗੁਰਦੁਆਰਾ ਰਕਾਬਗੰਜ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸੋਧੇ ਹੋਏ ਕਲੈਂਡਰ ਮੁਤਾਬਕ ਦਿੱਲੀ ਵਿੱਚ 11 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾਇਆ ਗਿਆ ਤਾਂ, ਦਿਲੀ ਵਾਲਾ ਸਰਦਾਰ (ਪਰਮਜੀਤ ਸਿੰਘ ਸਰਨਾ) ਜਿਸ ਬੀਬੀ ਮੁੱਖ ਮੰਤਰੀ (ਸ਼੍ਰੀਮਤੀ ਸ਼ੀਲਾ ਦੀਕਸ਼ਤ) ਦੇ ਸਿਰ ’ਤੇ ਜਿਆਦਾ ਭੁੜਕਦਾ ਹੈ, ਦਾ ਲੜਕਾ, ਉਸ ਦੀ ਵਜ਼ਾਰਤ ਦਾ ਮੰਤਰੀ, ਪਾਰਲੀਮੈਂਟਰੀ ਸਕੱਤਰ, ਕਾਂਗਰਸ ਦੇ ਹੋਰ ਸੀਨੀਅਰ ਆਗੂ ਅਤੇ ਕੇਂਦਰ ’ਚ ਰਹਿ ਚੁੱਕੇ ਗ੍ਰਹਿ ਮੰਤਰੀ ਸ: ਬੂਟਾ ਸਿੰਘ ਉਥੇ ਪਹੁੰਚੇ। ਉਸ ਮੌਕੇ ਸ: ਬੂਟਾ ਸਿੰਘ ਨੇ ਕਿਹਾ ਜਿਸ ਅਕਾਲ ਤਖ਼ਤ ਅੱਗੇ ਮਹਾਰਾਜਾ ਰਣਜੀਤ ਸਿੰਘ, ਮੁੱਖ ਮੰਤਰੀ, ਦੇਸ਼ ਦਾ ਰਾਸ਼ਟਰਪਤੀ ਅਤੇ ਗ੍ਰਹਿ ਮੰਤਰੀ ਹੁੰਦਿਆਂ ਮੈਂ ਖ਼ੁਦ ਝੁੱਕਿਆ, ਦਿੱਲੀ ਦੇ ਕਿਸੇ ਸਰਦਾਰ ਦੀ ਕੀ ਹਸਤੀ ਹੈ ਕਿ ਉਹ ਉਸ ਅੱਗੇ ਨਾ ਝੁਕੇ। ਸ: ਮੱਕੜ ਨੇ ਕਿਹਾ ਕਿ ਠੀਕ ਇਸੇ ਤਰ੍ਹਾਂ. ਪ੍ਰੋ. ਦਰਸ਼ਨ ਸਿੰਘ ਨੂੰ ਵੀ ਇੱਕ ਨਾ ਇੱਕ ਦਿਨ ਝੁੱਕਣਾ ਪਏਗਾ।

ਰੇਡੀਓ ਹੋਸਟ ਸ: ਕੁਲਦੀਪ ਸਿੰਘ ਨੇ ਕਿਹਾ ਤੁਸੀਂ ਠੀਕ ਕਿਹਾ ਹੈ ਕਿ ਅਕਾਲ ਤਖ਼ਤ ਸਰਬਉੱਚ ਹੈ ਅਤੇ ਇਸ ਅੱਗੇ ਹਰ ਇੱਕ ਨੂੰ ਝੁੱਕਣਾ ਹੀ ਪਏਗਾ, ਪਰ ਮੇਰੇ ਕੋਲ ਬੀਤੀ ਰਾਤ ਇੱਕ ਚਿੱਠੀ ਪਹੁੰਚੀ, ਜੋ ਅਕਾਲ ਤਖ਼ਤ ਦੇ ਲੈਟਰਪੈਡ ’ਤੇ ਮਹਾਂਰਾਸ਼ਟਰ ਦੇ ਡੀਜੀਪੀ ਨੂੰ 2 ਫਰਵਰੀ ਨੂੰ ਅੰਗਰੇਜੀ ਵਿੱਚ ਲਿਖੀ ਗਈ ਸੀ, ਤੇ ਜਿਸ ’ਤੇ ਜਥੇਦਾਰ ਦੇ ਪੀਏ ਇੰਦਰਮੋਹਨ ਸਿੰਘ ਦੇ ਦਸਖ਼ਤ ਹਨ। ਉਨ੍ਹਾਂ ਉਹ ਚਿੱਠੀ ਰੇਡੀਓ ’ਤੇ ਪੜ੍ਹ ਕੇ ਸੁਣਾਈ ਜਿਸ ਵਿੱਚ ਡੀਜੀਪੀ ਨੂੰ ਅਤਿ ਸਤਿਕਾਰਯੋਗ ਸ਼ਬਦ ਰਸਪੈਕਟਡ ਸਰ, ਯੂਅਰ ਆਨਰਜ਼ (Respected Sir, Your Honours) ਨਾਲ ਸਬੋਧਨ ਕੀਤਾ ਗਿਆ ਹੈ। ਉਸ ਚਿੱਠੀ ਵਿੱਚ ਲਿਖਿਆ ਹੈ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਕਿ ਗਣੇਸ਼ ਪੇਠ ਪੂਨੇ ਦੇ ਗੁਰਦੁਆਰੇ ਵਿੱਚ 5 ਤੇ 6 ਫਰਵਰੀ ਨੂੰ ਕੀਰਤਨ ਸਮਾਗਮ ਹੋ ਰਿਹਾ ਹੈ, ਜਿਸ ਵਿੱਚ ਪ੍ਰੋ: ਦਰਸ਼ਨ ਸਿੰਘ ਰਾਗੀ ਕੀਰਤਨ ਕਰਨ ਲਈ ਪਹੁੰਚ ਰਹੇ ਹਨ। ਪੰਥ ਵਿਚੋਂ ਛੇਕੇ ਹੋਏ ਹੋਣ ਕਰਕੇ ਉਹ ਕਿਸੇ ਧਾਰਮਕ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕਦੇ। ਉਸ ਨੂੰ ਰੋਕਣ ਲਈ ਭਾਰੀ ਗਿਣਤੀ ਵਿੱਚ ਸਿੱਖ ਇਕੱਤਰ ਹੋ ਸਕਦੇ ਹਨ ਜਿਸ ਕਾਰਣ ਇਲਾਕੇ ਦੀ ਕਨੂੰਨ ਵਿਵਸਥਾ ਤੇ ਸ਼ਾਤੀ ਭੰਗ ਹੋ ਸਕਦੀ ਹੈ। ਇਸ ਲਈ ਸ਼ਾਂਤੀ ਬਣਾਏ ਰੱਖਣ ਲਈ ਪ੍ਰੋ. ਦਰਸ਼ਨ ਸਿੰਘ ਨੂੰ ਉਥੇ ਕੀਰਤਨ ਕਰਨ ਲਈ ਆਉਣ ਤੋਂ ਰੋਕਿਆ ਜਾਵੇ। ਉਸ ਚਿੱਠੀ ਦੀ ਸਮਾਪਤੀ ’ਤੇ ਅਤਿ ਅਧੀਨਗੀ ਵਿਖਾਉਂਦੇ ਹੋਏ ਲਿਖਿਆ ਹੈ: ਵਿਦ ਰੀਗਾਰਡਜ਼, ਯੂਅਰਜ਼ ਸਨਸੀਅਰਲੀ (With regard Yours sincerely)।

ਸ: ਕੁਲਦੀਪ ਸਿੰਘ ਨੇ ਸ: ਮੱਕੜ ਤੋਂ ਪੁੱਛਿਆ ਕਿ ਕੀ ਤੁਹਾਨੂੰ ਨਹੀਂ ਲਗਦਾ ਕਿ ਇਸ ਚਿੱਠੀ ਨੇ ਅਕਾਲ ਤਖ਼ਤ ਦਾ ਰੁਤਬਾ ਘਟਾਇਆ ਹੈ। ਜਿਸ ਅਕਾਲ ਤਖ਼ਤ ਅੱਗੇ ਰਾਸ਼ਟਰਪਤੀ, ਗ੍ਰਹਿ ਮੰਤਰੀ, ਮੁਖ ਮੰਤਰੀ ਝੁੱਕਦੇ ਹਨ ਉਹ ਅਕਾਲ ਤਖ਼ਤ ਇਕ ਪੁਲਿਸ ਅਫ਼ਸਰ ਅੱਗੇ, ਸਿੱਖਾਂ ਦੇ ਇੱਕ ਸਮਾਗਮ ਨੂੰ ਰੁਕਵਾਉਣ ਲਈ ਲੇਲੜੀਆਂ ਕੱਢ ਰਿਹਾ, ਪਰ ਇਸ ਦੇ ਬਾਵਜੂਦ ਉਹ ਸਮਾਗਮ ਬੜੀ ਸ਼ਾਨੋ ਸ਼ੌਕਤ ਨਾਲ ਨੇਪਰੇ ਚੜ੍ਹਿਆ, ਤੇ ਵੱਡੀ ਗਿਣਤੀ ਵਿੱਚ ਸਿੱਖ ਪ੍ਰੋ: ਦਰਸ਼ਨ ਸਿੰਘ ਨੂੰ ਸੁਣਨ ਲਈ ਪਹੁੰਚੇ। ਅਕਾਲ ਤਖ਼ਤ ਦਾ ਹੁਕਮ ਤਾਂ ਸਿੱਖਾਂ ਨੇ ਆਪ ਹੀ ਬੜੀ ਖੁਸ਼ੀ ਖੁਸ਼ੀ ਮੰਨਣਾ ਸੀ, ਪਰ ਪੁਲਿਸ ਦੀ ਮਦਦ ਲੈਣ ਦੇ ਬਾਵਜੂਦ ਉਸ ਦੇ ਸਮਾਗਮ ਰੋਕੇ ਨਹੀਂ ਜਾ ਸਕੇ, ਤੇ ਜਿਥੇ ਵੀ ਉਹ ਜਾਂਦੇ ਹਨ ਲੋਕ ਉਸ ਦਾ ਗੋਲਡ ਮੈਡਲਾਂ ਨਾਲ ਸਨਮਾਨ ਕਰਦੇ ਹਨ। ਕੀ ਤੁਹਾਨੂੰ ਨਹੀਂ ਲਗਦਾ ਕਿ ਪ੍ਰੋ: ਦਰਸ਼ਨ ਸਿੰਘ ਵਿਰੁਧ ਜਾਰੀ ਹੋਇਆ ਹੁਕਮਨਾਮਾ ਸਿੱਖਾਂ ਨੇ ਗਲਤ ਸਮਝ ਕੇ ਰੱਦ ਕਰ ਦਿੱਤਾ ਹੈ, ਇਸ ਲਈ ਇਸ ’ਤੇ ਨਜ਼ਰਸਾਨੀ ਕਰਨ ਦੀ ਲੋੜ ਹੈ?

ਪ੍ਰੋ. ਦਰਸ਼ਨ ਸਿੰਘ ਸਬੰਧੀ ਗੱਲ ਕਰਦਿਆਂ ਸ. ਮੱਕੜ ਨੇ ਕਿਹਾ ਕਿ ਉਨ੍ਹਾਂ ਗਲਤੀ ਦਰ ਗਲਤੀ ਕੀਤੀ। ਪਹਿਲੀ ਗਲਤੀ ਤਾਂ ਇਹ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਅਪਸ਼ਬਦ ਵਰਤੇ, ਤੇ ਦੂਸਰੀ ਇਹ ਕਿ ਉਨ੍ਹਾਂ ਤੋਂ ਸਪਸ਼ਟੀਕਰਨ ਲੈਣ ਲਈ ਅਕਾਲ ਤਖ਼ਤ’ਤੇ ਬੁਲਾਏ ਜਾਣ ’ਤੇ ਆਪਣੇ ਹੰਕਾਰ ਕਾਰਣ ਉਹ ਅਕਾਲ ਤਖ਼ਤ ’ਤੇ ਆਏ ਹੀ ਨਹੀਂ ਤੇ ਆਪਣਾ ਸਪਸ਼ਟੀਕਰਨ ਗੋਲਕ ’ਤੇ ਰੱਖ ਕੇ ਚਲੇ ਗਏ। ਇਡੇ ਹੰਕਾਰੀ ਵਿਰੁੱਧ ਕਾਰਵਾਈ ਕਰਨੀ ਹੀ ਬਣਦੀ ਸੀ। ਰੇਡੀਓ ਹੋਸਟ ਸ: ਕੁਲਦੀਪ ਸਿੰਘ ਨੇ ਦੱਸਿਆ ਕਿ ਰੋਚੈਸਟਰ ਦੇ ਗੁਰਦੁਆਰੇ ਵਿੱਚ ਹੋਏ ਕੀਰਤਨ ਦੀ ਉਨ੍ਹਾਂ ਸੀਡੀ ਸੁਣੀ ਹੈ, ਉਸ ਵਿੱਚ ਐਸੀ ਕੋਈ ਇਤਰਾਜਯੋਗ ਗੱਲ ਨਜ਼ਰ ਨਹੀਂ ਆਈ, ਜਿਹੜੀ ਪ੍ਰੋ: ਦਰਸ਼ਨ ਸਿੰਘ ਨੇ ਕਹੀ ਹੋਵੇ। ਉਹ ਤਾਂ ਸਗੋਂ ਇਹ ਕਹਿ ਰਹੇ ਸਨ ਕਿ ਇੱਕ ਗੰ੍ਰਥ ਵਿੱਚ ਆਹ ਕੁਝ ਲਿਖਿਆ ਹੈ, ਤੇ ਪ੍ਰੋ: ਹਰਿਭਜਨ ਸਿੰਘ ਨੇ ਉਸ ਦੇ ਇਹ ਅਰਥ ਕੀਤੇ, ਹਨ ਪਰ ਮੇਰਾ ਸਤਿਗੁਰੂ ਐਸਾ ਨਹੀਂ ਹੋ ਸਕਦਾ।

ਕੁਲਦੀਪ ਸਿੰਘ ਨੇ ਪੁੱਛਿਆ ਕਿ ਤਖ਼ਤ ਸ਼੍ਰੀ ਕੇਸਗੜ੍ਹ ਦੇ ਸਾਬਕਾ ਜਥੇਦਾਰ ਸ਼ਵਿੰਦਰ ਸਿੰਘ ਇਕ ਸੀ.ਡੀ. ਵਿੱਚ ਇਹ ਕਹਿੰਦਾ ਸੁਣਿਆ ਜਾ ਸਕਦਾ ਹੈ, ਕਿ ਇਹ ਗੁਰੂ ਸਾਹਿਬ ਦੀ ਹੱਡ ਬੀਤੀ ਹੈ, ਪ੍ਰੋ. ਹਰਿਭਜਨ ਸਿੰਘ ਤੇ ਹੋਰ ਵਿਦਵਾਨਾਂ ਨੇ ਅਰਥ ਕਰਦਿਆਂ ਵੀ ਇਹੀ ਕੁਝ ਲਿਖਿਆ ਹੈ, ਕਿ ਗੁਰੂ ਸਾਹਿਬ ਦੀ ਆਪਣੀ ਹੱਡਬੀਤੀ ਹੈ, ਫਿਰ ਉਨ੍ਹਾਂ ਨੂੰ ਅਕਾਲ ਤਖ਼ਤ ’ਤੇ ਤਲਬ ਕਿਉਂ ਨਹੀਂ ਕੀਤਾ ਗਿਆ?

ਤਾਂ ਢੀਠਤਾਈ ਦੀ ਸਿਖਰ ’ਤੇ ਪਹੁੰਚਦਿਆਂ ਸ: ਮੱਕੜ ਨੇ ਕਿਹਾ ਇਹ ਤਾਂ ਅਕਾਲ ਤਖ਼ਤ ਦੀ ਮਰਜ਼ੀ ਹੈ ਉਹ ਕਿਸ ਨੂੰ ਬੁਲਾਉਂਦੇ ਹਨ ਤੇ ਕਿਸ ਨੂੰ ਨਹੀਂ। ਬੇਸ਼ੱਕ ਦਸਮ ਗ੍ਰੰਥ ਵਿੱਚ ਕੁਝ ਅਸਲੀਲਤਾ ਹੈ ਵੀ, ਹੋਰ ਕਿਸੇ ਨੇ ਕੁੱਝ ਕਿਹਾ ਵੀ ਹੈ, ਤਾਂ ਵੀ ਇਕ ਜਿੰਮੇਵਾਰ ਅਹੁਦੇ ਤੇ ਰਹਿਣ ਕਾਰਣ ਪ੍ਰੋ: ਦਰਸ਼ਨ ਸਿੰਘ ਨੂੰ ਉਹ ਗੱਲਾਂ ਦੁਹਰਾੳਣੀਆਂ ਨਹੀਂ ਸਨ ਚਾਹੀਦੀਆਂ, ਕਿਉਂਕਿ ਹੋਰਨਾਂ ਦੀ ਕਹੀ ਹੋਈ ਕਿਸੇ ਗੱਲ ਦਾ ਇਤਨਾ ਅਸਰ ਨਹੀਂ ਹੁੰਦਾ, ਪਰ ਅਕਾਲ ਤਖ਼ਤ ਦੇ ਦੋ ਵਾਰ ਰਹਿ ਚੁੱਕੇ ਜਥੇਦਾਰ ਹੋਣ ਦੇ ਨਾਤੇ, ਉਨ੍ਹਾਂ ਦੀ ਗੱਲ ਦਾ ਵੱਧ ਪ੍ਰਭਾਵ ਹੁੰਦਾ ਹੈ ਜਿਸ ਨੂੰ ਰੋਕਣਾ ਜਰੂਰੀ ਸੀ। ਉਹ ਰੋਕਣ ਦੇ ਬਾਵਜੂਦ ਨਹੀਂ ਰੁਕੇ, ਇਸ ਲਈ ਏਡੇ ਹੰਕਾਰੀ ਬੰਦੇ ਵਿਰੁਧ ਜਾਰੀ ਹੁਕਮਨਾਮੇ ਨੂੰ ਵਾਪਸ ਲੈਣ ਜਾਂ ਨਜ਼ਰਸਾਨੀ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।

ਸ: ਮੱਕੜ ਨੇ ਕਿਹਾ ਜਿਥੋਂ ਤੱਕ ਇਸ ਚਿਠੀ ਦਾ ਸਬੰਧ ਹੈ, ਇਹ ਉਸ ਦੇ ਧਿਆਨ ਵਿੱਚ ਨਹੀਂ ਸੀ। ਇਸ ਦੀ ਪੜਤਾਲ ਕਰਕੇ. ਪੀ.ਏ. ਇੰਦਰਮੋਹਨ ਸਿੰਘ ਵਿਰੁਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰਨਾਮ ਸਿੰਘ ਧੁੰਮਾ ਨੇ ਮੇਰੇ ਧਿਆਨ ਵਿੱਚ ਲਿਆਂਦਾ ਸੀ, ਕਿ ਪ੍ਰੋ: ਦਰਸ਼ਨ ਸਿੰਘ ਦਾ ਪੂਨੇ ਵਿਖੇ ਕੀਰਤਨ ਸਮਾਗਮ ਹੋ ਰਿਹਾ ਹੈ, ਉਸ ਨੂੰ ਰੋਕਣ ਦਾ ਯਤਨ ਕੀਤਾ ਜਾਵੇ। ਮੈਂ ਉਸੇ ਵਕਤ ਸ੍ਰੀ ਗੁਰਵਿੰਦਰ ਸਿੰਘ ਬਾਵਾ ਜੋ ਮੁੰਬਈ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਹਨ, ਨੂੰ ਫ਼ੋਨ ਕੀਤਾ ਕਿ ਤੁਹਾਡੀ ਜਿੰਮੇਵਾਰੀ ਹੈ ਕਿ ਇਸ ਸਮਾਗਮ ਨੂੰ ਰੋਕਿਆ ਜਾਵੇ। ਉਸ ਨੇ ਆਪਣੇ ਯਤਨਾ ਰਾਹੀਂ ਉਸ ਸਮਾਗਮ ਨੂੰ ਰੁਕਵਾਇਆ ਤੇ ਮੈਨੂੰ ਉਨ੍ਹਾਂ ਦੱਸਿਆ ਕਿ ਇਹ ਸਮਾਗਮ ਨਹੀਂ ਹੋਣ ਦਿੱਤਾ ਗਿਆ।

ਸ੍ਰੋਤਿਆਂ ਵਿਚੋਂ ਕਾਲਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਟਲਣ ਲਈ ਉਹ ਸੌਣ ਦਾ ਬਹਾਨਾ ਬਣਾ ਕੇ ਲਾਈਨ ਛੱਡ ਕੇ ਚਲੇ ਗਏ। ਇੱਕ ਕਾਲਰ ਨੇ ਪੁੱਛਿਆ ਕਿ ਇੱਕ ਪੀ.ਏ. ਵਿਰੁਧ ਕਾਰਵਾਈ ਕਰਨ ਲਈ ਤਾਂ ਪ੍ਰਧਾਨ ਸਹਿਬ ਕਹਿ ਗਏ ਹਨ ਪਰ ਇਨ੍ਹਾਂ ਤੋਂ ਪੁੱਛੋ, ਕਿ ਜਿਹੜਾ ਜਥੇਦਾਰ ਟੈਲੀਵਿਜ਼ਨ ’ਤੇ ਵਾਰ ਵਾਰ ਅਪੀਲਾਂ ਕਰਦਾ ਰਿਹਾ ਹੈ ਕਿ 11 ਜਨਵਰੀ ਨੂੰ ਗੁਰਪੁਰਬ ਮਨਾਓ, ਉਸ ਜਥੇਦਾਰ ਵਿਰੁੱਧ ਕੀ ਕਾਰਵਾਈ ਕੀਤੀ ਜਾਵੇਗੀ? ਸ: ਕੁਲਦੀਪ ਸਿੰਘ ਨੇ ਦੱਸਿਆ ਕਿ ਪ੍ਰਧਾਨ ਸਾਹਿਬ ਤਾਂ ਚਲੇ ਗਏ ਹਨ, ਇਸ ਲਈ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਪੀ.ਏ. ਸ: ਪ੍ਰਿਤਪਾਲ ਸਿੰਘ ਸੰਧੂ ਨੂੰ ਪੁਛਦੇ ਹਾਂ, ਕਿ ਕੀ ਅਕਾਲ ਤਖ਼ਤ ਸਾਹਿਬ ਦੇ ਲੈਟਰਪੈਡ ’ਤੇ ਪਹਿਲਾਂ ਵੀ ਕਦੀ ਪ੍ਰਸ਼ਾਸ਼ਨਕ ਅਧਿਕਾਰੀਆਂ ਨੂੰ ਇਸ ਤਰ੍ਹਾਂ ਬੇਨਤੀ ਕੀਤੀ ਗਈ ਸੀ, ਅਤੇ ਕੀ ਜਥੇਦਾਰ ਦੀ ਆਗਿਆ ਤੋਂ ਬਿਨਾਂ ਪੀ.ਏ. ਚਿੱਠੀ ਲਿਖ ਸਕਦਾ ਹੈ। ਸ: ਸੰਧੂ ਨੇ ਦਸਿਆ ਕਿ ਅੱਜ ਤੱਕ ਕਦੀ ਵੀ ਪਹਿਲਾਂ ਐਸਾ ਨਹੀਂ ਹੋਇਆ। ਅਤੇ ਨਾ ਹੀ ਪੀ.ਏ. ਨੂੰ ਇਹ ਅਧਿਕਾਰ ਹੈ ਕਿ ਉਹ ਇਸ ਤਰ੍ਹਾਂ ਲਿਖ ਸਕੇ।

ਅੰਮ੍ਰਿਤਸਰ ਤੋਂ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਨੂੰ ਲਾਈਨ ’ਤੇ ਲੈ ਕੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਇਕੋ ਸਮੇਂ ਦੋ ਗੱਲਾਂ ਕਹਿ ਗਏ ਹਨ। ਇੱਕ ਪਾਸੇ ਤਾਂ ਉਹ ਕਹਿ ਗਏ ਹਨ ਕਿ ਪ੍ਰੋ: ਦਰਸ਼ਨ ਸਿੰਘ ਅਕਾਲ ਤਖ਼ਤ ’ਤੇ ਆਏ ਹੀ ਨਹੀਂ, ਤੇ ਦੂਜੇ ਪਾਸੇ ਕਿਹਾ ਹੈ ਕਿ ਉਹ ਆਪਣਾ ਜਵਾਬ ਗੋਲਕ ’ਤੇ ਰੱਖ ਕੇ ਚਲੇ ਗਏ ਸਨ। ਚਰਨਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਦੋ ਗੱਲਾਂ ਨੇ ਹੀ ਪ੍ਰਧਾਨ ਦੇ ਝੂਠ ਨੂੰ ਨੰਗਾ ਕਰ ਦਿੱਤਾ ਹੈ, ਕਿ ਜੇ ਪ੍ਰੋ: ਸਾਹਿਬ ਆਏ ਹੀ ਨਹੀਂ ਤਾਂ ਕੀ ਗੋਲਕ ਤੁਰ ਕੇ ਉਨ੍ਹਾਂ ਪਾਸ ਪਹੁੰਚ ਗਈ, ਤੇ ਉਨ੍ਹਾਂ ਗੋਲਕ ਉੱਤੇ ਆਪਣੀ ਫ਼ਾਈਲ ਰੱਖ ਦਿੱਤੀ। ਚਰਨਜੀਤ ਸਿੰਘ ਨੇ ਕਿਹਾ ਕਿ ਉਹ ਖੁਦ ਉਸ ਸਮੇਂ ਉੱਥੇ ਹਾਜ਼ਰ ਸਨ, ਤੇ ਪ੍ਰੋ: ਦਰਸ਼ਨ ਸਿੰਘ ਅਕਾਲ ਤਖ਼ਤ ਦੇ ਸਾਹਮਣੇ ਬੈਠੇ ਉਡੀਕਦੇ ਰਹੇ, ਪਰ ਪ੍ਰਧਾਨ ਹੁਣ ਸ਼ਰੇਆਮ ਝੂਠ ਬੋਲ ਰਿਹਾ ਹੈ ਕਿ ਉਹ ਆਏ ਹੀ ਨਹੀਂ। ਉਨ੍ਹਾਂ ਇਹ ਦੱਸ ਕੇ ਹੈਰਾਨ ਕਰ ਦਿੱਤਾ ਕਿ ਤੁਸੀਂ ਤਾਂ ਸਿਰਫ ਇੱਕ ਚਿੱਠੀ ਦੀ ਗੱਲ ਕਰਦੇ ਹੋ, ਪਰ ਇਨ੍ਹਾਂ ਨੇ ਇਸ ਤਰ੍ਹਾਂ ਦੀਆਂ ਚਾਰ ਚਿੱਠੀਆਂ ਲਿਖੀਆਂ ਹਨ। ਇੱਕ ਮੇਅਰ ਪੂਨਾ ਨੂੰ, ਦੂਸਰੀ ਜਿਲ੍ਹਾ ਪੁਲਿਸ ਕਮਿਸ਼ਨਰ ਪੂਨਾ, ਤੀਸਰੀ ਡੀਜੀਪੀ ਮਹਾਂਰਾਸ਼ਟਰ ਨੂੰ ਅਤੇ ਚੌਥੀ ਮੁੱਖ ਸਕੱਤਰ ਮਹਾਰਾਸ਼ਟਰ ਸਰਕਾਰ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਸ਼ਾਂਤੀ ਬਣਾਏ ਰੱਖਣ ਲਈ, ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਰੁਕਵਾਇਆ ਜਾਵੇ।

ਉਨ੍ਹਾਂ ਨੇ ਕਿਹਾ ਅਕਾਲ ਤਖ਼ਤ ਦੇ ਜਥੇਦਾਰ ਸਿਆਸੀ ਲੋਕਾਂ ਦੀ ਗੁਲਾਮ ਮਾਨਸਿਕਤਾ ਵਾਲੇ ਹੋ ਗਏ ਹਨ, ਇਸ ਲਈ ਉਨ੍ਹਾਂ ਨੂੰ ਮਹਾਂਰਾਸ਼ਟਰ ਦੀ ਸ਼ਾਤੀ ਭੰਗ ਹੋਣ ਦੀ ਚਿੰਤਾ ਹੈ, ਪਰ ਪੰਜਾਬ ਵਿੱਚ ਡੇਰਾਵਾਦ ਸਿੱਖੀ ਦਾ ਘਾਣ ਕਰ ਰਿਹਾ ਹੈ, ਲੁਧਿਆਣੇ ਵਿੱਚ ਆਸ਼ੂਤੋਸ਼ ਦਾ ਸਮਾਗਮ ਹੋਇਆ, ਜਿਥੇ ਇੱਕ ਸਿੱਖ ਦਰਸ਼ਨ ਸਿੰਘ ਲੁਹਾਰਾ ਸ਼ਹੀਦ ਹੋਇਆ, 17 ਮਈ 2007 ਨੂੰ ਪੰਜਾਬ ਵਿੱਚ ਸੌਦਾ ਸਾਧ ਦੇ ਸਮਾਗਮ ਬੰਦ ਕਰਵਾਉਣ ਲਈ ਹੁਕਮਨਾਮਾ ਜਾਰੀ ਹੋਇਆ, ਪਰ ਇਹ ਗੁਲਾਮ ਮਾਨਸਿਕਤਾ ਵਾਲੇ ਕਿਸੇ ਜਥੇਦਾਰ ਨੇ ਕਦੀ ਕਿਸੇ ਪੁਲਿਸ ਅਫਸਰ ਨੂੰ ਚਿੱਠੀ ਨਹੀਂ ਲਿਖੀ, ਕਦੀ ਉਨ੍ਹਾਂ ਨੂੰ ਕੰਟਰੋਲ ਕਰਨ ਵਾਲੇ ਸਿਆਸੀ ਆਗੂਆਂ ਨੂੰ ਚਿਠੀ ਨਹੀਂ ਲਿਖੀ। ਜੇ ਬਾਬਾ ਬਲਜੀਤ ਸਿੰਘ ਸੌਦਾ ਸਾਧ ਦੇ ਸਮਾਗਮ ਬੰਦ ਕਰਵਾਉਣ ਲਈ ਕੋਈ ਕਾਰਵਾਈ ਕਰਦਾ ਹੈ ਤਾਂ ਪ੍ਰਧਾਨ ਕਹਿੰਦਾ ਹੈ ਇਹ ਕੂੜ ਪ੍ਰਚਾਰ ਕਰਦਾ ਹੈ। ਈ.ਟੀ.ਟੀ ਅਧਿਆਪਕਾਂ ਦੀ ਪੰਜਾਬ ਪੁਲਸ ਵਾਲੇ ਰੋਜ਼ ਪੱਗਾਂ ਉਤਾਰਦੇ ਹਨ। ਉਹ ਵੀਚਾਰੇ ਕਿੰਨੀ ਵਾਰੀ ਜਥੇਦਾਰ ਦੀਆਂ ਮਿੰਨਤਾਂ ਕਰਨ ਆਏ ਕਿ ਸਿੱਖਾਂ ਦੀ ਪੱਗ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ, ਕੋਈ ਕਾਰਵਾਈ ਕੀਤੀ ਜਾਵੇ ਪਰ ਜਥੇਦਾਰ ਨੇ ਕੁਝ ਨਹੀਂ ਕੀਤਾ, ਪਰ ਇਕ ਕੀਰਤਨ ਸਮਾਗਮ ਰੁਕਵਾਉਣ ਲਈ ਪੁਲਿਸ ਅਫਸਰਾਂ ਦੀਆਂ ਲੇਲੜੀਆਂ ਕੱਢ ਕੇ ਅਕਾਲ ਤਖ਼ਤ ਦੀ ਪ੍ਰਭੂਸਤਾ ਨੂੰ ਜੋ ਠੇਸ ਪਹੁੰਚਾਈ ਹੈ, ਇਸ ਖੱਪੇ ਨੂੰ ਪੂਰਾ ਕਰਨ ਲਈ ਸਦੀਆਂ ਲੱਗ ਜਾਣਗੀਆਂ।

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਸੇਵਾਦਾਰ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿਚੋਂ ਛੇਕੇ ਜਾਣ ਦੇ ਹੁਕਮਨਾਮੇ ਨੂੰ ਲਾਗੂ ਕਰਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਲੋਂ ਮਹਾˆਰਾਸ਼ਟਰ ਪੁਲਿਸ ਨੂੰ ਲਿਖੇ ਪੱਤਰ ਨੂੰ ਅਤਿ ਦੁਖਦਾਈ ਕਰਾਰ ਦਿੰਦਿਆ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਨੇ ਕਿਹਾ, ਇਹ ਵਰਤਾਰਾ ਸਿੱਖਾˆ ਦੇ ਮਹਾਨ ਤਖਤ ਦੀਆˆ ਰਵਾਇਤਾˆ ਅਤੇ ਸਿਧਾਤਾˆ ਦਾ ਕਤਲ ਕਰਨ ਦੇ ਤੁਲ ਹੈ। ਉਨ੍ਹਾਂ ਕਿਹਾ ਕਿ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿਚੋਂ ਛੇਕੇ ਜਾਣ ਤੋਂ ਪਹਿਲਾˆ ਹੀ, ਉਨ੍ਹਾˆ ਵਲੋਂ ਕੀਰਤਨ ਕੀਤੇ ਜਾਣ ’ਤੇ ਪਾਬੰਦੀ ਲਗਾ ਦਿੱਤੇ ਜਾਣਾ ਹੀ ਕਾਨੂੰਨ ਅਤੇ ਇਨਸਾਫ ਦਾ ਮੁਢਲੇ ਅਸੂਲਾˆ ਦੀ ਉਲੰਘਣਾ ਸੀ।

ਸ੍ਰ. ਕਲਕੱਤਾ ਨ ਦੱਸਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਮੇਸ਼ਾ ਹੀ ਸਿੱਖ ਪੰਥ ਦੀ ਚੜ੍ਹਦੀ ਕਲਾ ਤੇ ਪੰਥਕ ਸ਼ਕਤੀ ਨਾਲ ਲਾਗੂ ਕਰਵਾਏ ਜਾˆਦੇ ਰਹੇ ਹਨ ਲੇਕਿਨ ਬੀਤੇ ਕੁਝ ਸਮੇਂ ਤੋਂ ਹੁਕਮਨਾਮੇ ਲਾਗੂ ਕਰਾਉਣ ਲਈ ਰਾਜਸੀ ਤੇ ਪ੍ਰਸ਼ਾਸ਼ਨਿਕ ਡੰਡਾ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਹੁਣ ਤੱਕ ਦਾ ਇਤਿਹਾਸ ਦੱਸਦਾ ਹੈ, ਕਿ ਦੁਨਿਆਵੀ ਤਖ਼ਤਾਂ ਦੇ ਸਤਾਏ ਲੋਕ ਇਨਸਾਫ਼ ਲਈ ਫ਼ਰਿਆਦੀ ਹੋ ਕੇ ਅਕਾਲ ਤਖ਼ਤ ’ਤੇ ਤਾਂ ਆਏ, ਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਵੀ ਪਰ ਅਕਾਲ ਤਖ਼ਤ ਫ਼ਰਿਆਦੀ ਹੋ ਕੇ ਪੁਲਿਸ ਜਾਂ ਦੁਨੀਆਵੀ ਤਖ਼ਤ ਕੋਲ ਜਾਵੇ ਐਸਾ ਕਦੀ ਨਹੀਂ ਹੋਇਆ। ਇਹ ਕਾਰਵਾਈ ਕਰਕੇ ਮੌਜੂਦਾ ਜਥੇਦਾਰ ਨੇ ਅਕਾਲ ਤਖ਼ਤ ਦੇ ਸਿਧਾਂਤ ਦੀ ਜੋ ਮਾਨਹਾਨੀ ਕੀਤੀ ਹੈ, ਉਹ ਹੋਰ ਕੋਈ ਨਹੀਂ ਕਰ ਸਕਿਆ।

ਉਨ੍ਹਾˆ ਕਿਹਾ ਕਿ ਇਕ ਪਾਸੇ ਤਾˆ ਗੁਰੂ ਨਿੰਦਕ, ਧਰਮ ਦੁਸ਼ਮਣ ਅਤੇ ਪੰਥ ਦੋਖੀ, ਸਿਰਸਾ ਸਾਧ, ਆਸ਼ੂਤੋਸ਼, ਭਨਿਆਰਾ ਖਿਲਾਫ ਜਾਰੀ ਆਦੇਸ਼ਾˆ ਤੇ ਹੁਕਮਨਾਮਿਆˆ ਨੂੰ ਲਾਗੂ ਕਰਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਇਹ ਹੁਕਮਨਾਮ ਲਾਗੂ ਕਰਾਉਣ ਵਿਚ ਮੁੱਖ ਧਿਰ ਹੋਣ ਵਾਲੇ ਬਾਦਲਕੇ ਸ਼ਰੇਆਮ ਹੁਕਮਨਾਮੇ ਦਾ ਉਲੰਘਣ ਕਰ ਰਹੇ ਹਨ, ਤੇ ਹੁਕਮਨਾਮੇ ਤੇ ਪਹਿਰਾ ਦੇਣ ਵਾਲੇ ਸਿੱਖਾˆ ਨੂੰ ਝੂਠੇ ਪੁਲਿਸ ਕੇਸਾˆ ਵਿਚ ਜੇਲ੍ਹਾˆ ਵਿਚ ਬੰਦ ਕੀਤਾ ਜਾ ਰਿਹਾ ਹੈ। ਉਪਰੋਕਤ ਮਾਮਲਿਆˆ ਤੋ ਇਲਾਵਾ ਜੇਲ੍ਹਾˆ ਵਿਚ ਬੰਦ ਨਿਰਦੋਸ਼ ਸਿੱਖਾਂ ਦੀ ਰਿਹਾਈ, ਦਸਤਾਰ ਅਤੇ ਸਿੱਖੀ ਕਕਾਰਾˆ ਦੀ ਹੋ ਰਹੀ ਬੇਅਦਬੀ ਬਾਰੇ ਸੂਬੇ ਦੀ ਅਕਾਲੀ ਕਹਾਉਣ ਵਾਲੀ ਸਰਕਾਰ ਨੂੰ ਤਾˆ ਕਦੇ ਕੋਈ ਆਦੇਸ਼ ਨਹੀਂ ਦਿੱਤਾ ਲੇਕਿਨ ਪ੍ਰੋ. ਦਰਸ਼ਨ ਸਿੰਘ ਮਾਮਲੇ ਵਿਚ ਬੜੀ ਜਲਦ ਮਹਾਰਾਸ਼ਟਰ ਪੁਲਿਸ ਨੂੰ ਚਿੱਠੀ ਲਿਖ ਭੇਜੀ ਹੈ, ਜਿਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋ ਲਏ ਜਾ ਰਹੇ ਫੈਸਲਿਆਂ ਵਿਚ ਰਾਜਸੀ ਦਖਲ ਅੰਦਾਜੀ ਪ੍ਰਤੱਖ ਰੂਪ ਵਿੱਚ ਦਿੱਸ ਰਹੀ ਹੈ।

ਇਕ ਕਾਲਰ ਨੇ ਕਿਹਾ ਮੱਕੜ ਇੱਕ ਇੰਟਰਨੈਸ਼ਨਲ ਮੀਡੀਏ ’ਚ ਏਸ ਤਰ੍ਹਾਂ ਝੂਠ ਬੋਲ ਰਿਹਾ ਹੈ ਜਿਵੇਂ ਕੋਈ ਵਿਅਕਤੀ ਪਿੰਡਾਂ ਦੀ ਸਟੇਜ਼ ’ਤੇ ਝੂਠ ਬੋਲ ਕੇ, ਜੈਕਾਰੇ ਛਡਾ ਕੇ ਚਲਾ ਜਾਣਾ ਹੋਵੇ। ਪਰ ਉਸ ਨੂੰ ਇਹ ਨਹੀਂ ਪਤਾ ਕਿ ਇਥੇ ਦੁਨੀਆਂ ਭਰ ਵਿੱਚ ਲੋਕ ਇੰਟਰਨੈੱਟ ’ਤੇ ਬੈਠੇ ਸੁਣ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦਾ ਗ੍ਰੰਥੀ ਕਹਿੰਦਾ ਹੁੰਦਾ ਸੀ, ਕਿ ਜੇ ਝੂਠ ਬੋਲਣਾ ਵੀ ਪੈ ਜਾਵੇ ਤਾਂ ਉਹ ਇਹੋ ਜਿਹਾ ਹੋਵੇ ਜਿਸ ਦਾ 6 ਮਹੀਨੇ ਤੱਕ ਕਿਸੇ ਨੂੰ ਪਤਾ ਨਾ ਲੱਗੇ, ਕਿ ਇਹ ਝੂਠ ਹੈ ਪਰ ਸ: ਮੱਕੜ ਅਜੇਹਾ ਝੂਠ ਬੋਲ ਰਿਹਾ ਸੀ, ਕਿ ਉਸ ਦਾ ਨਾਲੋ ਨਾਲ ਪਤਾ ਲੱਗ ਰਿਹਾ ਸੀ ਇਸ ਲਈ ਇਸ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੱਕੜ ਹੁਣੇ ਕਹਿ ਕੇ ਗਏ ਹਨ ਕਿ ਸੋਧਾਂ ਬਿਲਕੁਲ ਠੀਕ ਹੋਈਆਂ ਪਰ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਤਾਂ ਸੀ ਮਾਘ ਸੁਦੀ 13, 19 ਮਾਘ ਪਰ ਸੋਧ ਕਰਨ ਸਮੇਂ ਮਾਘ ਦੀ ਸੰਗਰਾਂਦ ’ਚ ਇੱਕ ਦਿਨ ਦਾ ਫਰਕ ਪਾ ਦਿੱਤਾ, ਤੇ ਗੁਰਪੁਰਬ ਦੀ ਤਰੀਕ ਪੁਰੇਵਾਲ ਕੈਲੰਡਰ ਵਿਚੋਂ ਹੀ 31 ਜਨਵਰੀ ਲੈ ਲਈ ਜਿਸ ਮੁਤਾਬਕ ਇਹ 18 ਮਾਘ ਸੀ। ਚੰਦਰਮਾ ਮੁਤਾਬਕ ਮਾਘ ਸੁਦੀ 13 ਦੀ ਥਾਂ ਮਾਘ ਵਦੀ 13 ਹੋਣ ਕਰਕੇ 16 ਦਿਨ ਪਹਿਲਾਂ ਕਰ ਦਿੱਤਾ ਜਿਸ ਨਾਲ ਸਿੱਖ ਇਤਿਹਾਸ ਹੀ ਵਿਗਾੜ ਕੇ ਰੱਖ ਦਿੱਤਾ ਹੈ। ਜਿਸ ਨੂੰ ਇਹ ਨਹੀਂ ਪਤਾ ਲੱਗਾ ਕਿ ਇਕ ਦਿਨ ਸੰਗ੍ਰਾਂਦ ਬਦਲਣ ਨਾਲ ਸਾਰੀਆਂ ਤਰੀਖਾਂ ’ਚ ਇੱਕ ਇੱਕ ਦਿਨ ਦਾ ਫਰਕ ਪੈ ਜਾਵੇਗਾ ਉਹ ਕਿਸ ਤਰ੍ਹਾਂ ਦਾਅਵਾ ਕਰ ਸਕਦਾ ਹੈ ਕਿ ਸੋਧਾਂ ਬਿਲਕੁਲ ਠੀਕ ਹੋਈਆਂ ਹਨ।

www.wakeupkhalsa.com ਵੈਬਸਾਈਟ ਚਲਾ ਰਹੇ ਕੁਲਦੀਪ ਸਿੰਘ ਨਿਊਯਾਰਕ ਨੇ ਕਿਹਾ ਕਿ ਸ: ਮੱਕੜ ਇੱਕ ਗੱਲ ਤਾਂ ਮੰਨ ਕੇ ਗਏ ਹਨ ਕਿ ਦਸਮ ਗੰ੍ਰਥ ਵਿਚ ਕੁਝ ਅਸ਼ਲੀਲ ਹੈ। ਫਿਰ ਉਸ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ ਬੰਦ ਕਿਉਂ ਨਹੀਂ ਕਰਵਾਇਆ ਜਾਂਦਾ? ਸਿੱਖ ਧਰਮ ਕੋਈ ਐਸਾ ਧਰਮ ਤਾਂ ਹੈ ਨਹੀਂ ਕਿ ਕੋਈ ਬੁਤਾਂ ਨੂੰ ਭੋਗ ਲਵਾਇਆ ਤੇ ਚਲੇ ਗਏ ਇਥੇ ਤਾਂ ਜਿਸ ਗ੍ਰੰਥ ਨੂੰ ਮੱਥਾ ਟੇਕਣਾ ਹੈ ਉਸ ਦੀ ਸਿਖਿਆ ਵੀ ਗ੍ਰਹਿਣ ਕਰਨੀ ਹੈ। ਇਸ ਪੱਖੋਂ ਪ੍ਰੋ: ਦਰਸ਼ਨ ਸਿੰਘ ਠੀਕ ਕਹਿ ਰਹੇ ਹਨ ਕਿ ਜਿਸ ਗ੍ਰੰਥ ਨੂੰ ਮੱਥੇ ਟੇਕੇ ਜਾ ਰਹੇ ਹਨ ਉਸ ਨੂੰ ਪੜ੍ਹ ਕੇ ਵੇਖੋ ਉਸ ਵਿਚ ਕੀ ਲਿਖਿਆ ਹੈ। ਜੇ ਉਸ ਦਾ ਪ੍ਰਕਾਸ਼ ਕਰਨਾ ਹਟਾ ਦਿੱਤਾ ਜਾਂਦਾ ਹੈ ਅਤੇ ਫਿਰ ਵੀ ਪ੍ਰੋ: ਦਰਸ਼ਨ ਸਿੰਘ ਉਸ ਬਾਰੇ ਕੁੱਝ ਬੋਲਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਕੁਝ ਕਹਿਣ ਦਾ ਹੱਕ ਰੱਖਦੇ ਹਾਂ।

ਇੱਕ ਹੋਰ ਕਾਲਰ ਨੇ ਕਿਹਾ ਪ੍ਰੋ: ਦਰਸ਼ਨ ਸਿੰਘ ਹੱਕ ਸੱਚ ’ਤੇ ਖੜ੍ਹੇ ਹਨ, ਉਨ੍ਹਾਂ ਗੁਰੂ ਸਾਹਿਬ ਪ੍ਰਤੀ ਕੋਈ ਅਪਸ਼ਬਦ ਨਹੀਂ ਬੋਲਿਆ। ਇੱਕ ਨੇ ਕਿਹਾ ਸਿਰਫ ਅਕਾਲ ਤਖ਼ਤ ਹੀ ਨਹੀਂ, ਤਖ਼ਤ ਸ਼੍ਰੀ ਹਜੂਰ ਸਾਹਿਬ ਦੇ ਜਥੇਦਾਰ ਕੁਲਵੰਤ ਸਿੰਘ, ਮੀਤ ਜਥੇਦਾਰ ਜੋਤਇੰਦਰ ਸਿੰਘ, ਹੈੱਡ ਗ੍ਰੰਥੀ ਕਸ਼ਮੀਰ ਸਿੰਘ, ਮੀਤ ਗ੍ਰੰਥੀ ਅਵਤਾਰ ਸਿੰਘ ਸੀਤਲ ਅਤੇ ਰਾਮ ਸਿੰਘ ਧੂਪੀਆ ਇੱਕ ਹੋਰ ਹੁਕਮਨਾਮਾ ਜਾਰੀ ਕਰਕੇ ਗੁਰਦੁਆਰਾ ਪ੍ਰਬੰਧਕਾਂ ਨੂੰ ਹੁਕਮ ਕਰ ਰਹੇ ਹਨ, ਕਿ ਪੰਥ ’ਚੋਂ ਛੇਕੇ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਨਾ ਕਰਵਾਇਆ ਜਾਵੇ, ਨਹੀਂ ਤਾਂ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਇਹ ਧੂਪੀਏ ਹਰ ਰੋਜ਼ ਅਕਾਲ ਤਖ਼ਤ ਦੀ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਂਦੇ ਹਨ, ਬਕਰਿਆਂ ਦੀ ਬਲੀ ਦੇ ਕੇ ਸ਼ਸ਼ਤਰਾਂ ਨੂੰ ਟਿੱਕੇ ਲਾਉਂਦੇ ਹਨ ਇਨ੍ਹਾਂ ਵਿਰੁਧ ਕਾਰਵਾਈ ਕੌਣ ਕਰੇਗਾ? ਹੋਰ ਵੀ ਕਈ ਕਾਲਰਾਂ ਨੇ ਜਥੇਦਾਰ ਅਤੇ ਪ੍ਰਧਾਨ ਮੱਕੜ ਵਿਰੁਧ ਰੋਸ ਪ੍ਰਗਟ ਕਰਦਿਆਂ ਉਕਤ ਵੀਚਾਰਾਂ ਨਾਲ ਮਿਲਦੇ ਜੁਲਦੇ ਵੀਚਾਰ ਪ੍ਰਗਟ ਕੀਤੇ। ਟਾਕ ਸ਼ੋਅ ਦੀ ਵੀਡੀਓ ਰੀਕਾਰਡਿੰਗ ਹੁਣ ਵੀ www.wakeupkhalsa.com ’ਤੇ ਸੁਣੀ ਜਾ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top