Share on Facebook

Main News Page

ਮਾਪੇ ਅਪਣੀਆਂ ਧੀਆਂ ਨੂੰ ਅਖੌਤੀ ਦਸਮ ਗ੍ਰੰਥ ਦੀ ਸਿੱਖਿਆਵਾਂ ਤੋਂ ਬਚਾ ਕੇ ਰਖਣ: ਖਾਲਸਾ ਨਾਰੀ ਮੰਚ

(ਸਤਨਾਮ ਕੌਰ 13 ਫਰਵਰੀ 2011, ਫਰੀਦਾਬਾਦ)

ਅੱਜ ਕਾਲਾ ਦਿਵਸ ਮੌਕੇ ਇਹ ਸ਼ਬਦ ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ ਫ਼ਰੀਦਾਬਾਦ ਨੇ ਆਖੇ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਵਿਚ ਜੀਵ ਰੂਪੀ ਇਸਤਰੀ ਨੂੰ ਚੰਗੇ ਗੁਣਾਂ ਦਾ ਧਾਰਣੀ ਬਣਨਾ ਸਿਖਾਇਆ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਤੋਂ ਦੂਰ ਕਰਨ ਲਈ ਸਾਧ ਲਾਣਾ ਅਤੇ ਪੁਜਾਰੀ ਸ਼੍ਰੇਣੀ ਜਿਸ ਅਖੌਤੀ ਦਸਮ ਗ੍ਰੰਥ ਅੱਗੇ ਮੱਥੇ ਟਿਕਵਾ ਰਹੇ ਹਨ ਉਸ ਵਿਚ ਧੀਆਂ ਭੈਣਾਂ ਨੂੰ ਕੋਕਸ਼ਾਸ਼ਤਰ ਦੀ ਵਿਦਿਆ ਪੜ੍ਹਨ ਦੀ ਟ੍ਰੇਨਿੰਗ ਦਿੱਤੀ ਗਈ ਹੈ ਇਸ ਲਈ ਮਾਪਿਆਂ ਨੂੰ ਅਪਣੀਆਂ ਬੱਚੀਆਂ ਨੂੰ ਅਜਿਹੇ ਖਤਰਨਾਕ ਗ੍ਰੰਥ ਤੋਂ ਕੋਹਾਂ ਦੂਰ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਜਿਸ ਦਾ ਪ੍ਰਕਾਸ਼ ਦੋ ਤਖ਼ਤਾਂ ਉਪਰ ਹੁੰਦਾ ਹੈ ਅਤੇ ਜਿਸ ਅੱਗੇ ਸੰਗਤਾਂ ਨੂੰ ਮੱਥੇ ਟਿਕਵਾਏ ਜਾ ਰਹੇ ਹਨ ਉਸ ਵਿਚ ਧੀਆਂ ਭੈਣਾਂ ਵੱਲੋਂ ਮਾਂ-ਪਿਉ ਅਤੇ ਆਪਣੇ ਪਤੀ ਨੂੰ ਧੋਖਾ ਦੇ ਕੇ ਮਿਤ੍ਰ ਨਾਲ ਘਰੋਂ ਭੱਜ ਕੇ ਰੰਗ ਰਲੀਆ ਮਨਾਉਣ ਦੇ ਆਸਾਨ ਤੌਰ ਤਰੀਕੇ ਵੀ ਦੱਸੇ ਗਏ ਹਨ ਜੋ ਕਿ ਬੇਹਦ ਸ਼ਰਮਨਾਕ ਗੱਲਾਂ ਹੈ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਫਰੀਦਾਬਾਦ ਨੇ ਕਿਹਾ ਕਿ ਮਨੁੱਖਤਾ ਦੇ ਰਹਿਬਰ ਗੁਰੂ ਗੋਬਿੰਦ ਸਿੰਘ ਜੀ ਨੂੰ ਅਜਿਹੀ ਗੰਦੀ ਰਚਨਾਵਾਂ ਦਾ ਕਰਤਾ ਦਸਣ ਵਾਲੇ ਸਿੱਖ ਕੌਮ ਦਾ ਕਿੰਨਾ ਵੱਡਾ ਘਾਣ ਕਰ ਰਹੇ ਹਨ ਇਸ ਦਾ ਸ਼ਇਦ ਸਾਨੂੰ ਅੰਦਾਜ਼ਾ ਵੀ ਨਹੀਂ ।

ਉਨ੍ਹਾਂ ਕਿਹਾ ਕਿ ਹਰ ਮਾਂ ਪਿਉਂ ਦੀ ਇਹ ਦਿੱਲੋਂ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੀ ਔਲਾਦ ਚੰਗੇ ਕਿਰਦਾਰ ਵਾਲੀ ਹੋਵੇ ਪਰ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਤਖ਼ਤਾਂ ਦੇ ਜੱਥੇਦਾਰ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਸਾਬਤ ਕਰਣ ’ਤੇ ਜ਼ੋਰ ਲਾ ਰਹੇ ਹਨ ਹੋ ਸਕਦਾ ਹੈ ਉਸ ਨਾਲ ਦੁਨੀਆਂ ਦੇ ਹਰ ਕੋਨੇ ਵਿਚ ਬੈਠੇ ਮਾਂ ਪਿਉ ਦੀ ਇਸ ਚੰਗੀ ਇੱਛਾ’ਤੇ ਪਾਣੀ ਪੈ ਜਾਵੇ ਇਸ ਲਈ ਉਸ ਤੋਂ ਪਹਿਲਾਂ ਹੀ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਅਸੀਂ ਆਪਣੇ ਬੱਚਿਆਂ ਦੇ ਉੱਚੇ ਕਿਰਦਾਰ ਵੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕੀਤੇ ਜਾ ਰਹੇ ਇਸ ਅਸ਼ਲੀਲ ਪੋਥੇ ਨੂੰ ਹਟਾਉਣ ਲਈ ਡੱਟ ਕੇ ਆਵਾਜ਼ ਚੁੱਕਣੀ ਪਵੇਗੀ ਅਤੇ ਆਪਣੀਆਂ ਧੀਆਂ ਭੈਣਾਂ ਨੂੰ ਬੇ-ਪੱਤ ਹੋਣ ਤੋਂ ਬਚਾਉਣਾ ਪਵੇਗਾ। ਇਸ ਮੌਕੇ ਯੰਗ ਸਿੱਖ ਐਸੋਸਿਏਸ਼ਨ ਵੱਲੋਂ ਸਿੱਖ ਸੰਗਤਾਂ ਵਿਚ ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਤੋਂ ਜਾਣੂ ਕਰਾਉਣ ਲਈ ਇਸ਼ਤਿਹਾਰ ਵੀ ਵੰਡੇ ਗਏ ਜਿਸ ਵਿਚ ਧੀਆਂ ਭੈਣਾਂ ਦੀ ਬੇਪੱਤੀ ਅਖੌਤੀ ਦਸਮ ਗ੍ਰੰਥ ਰਾਹੀਂ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਦਾ ਵੇਰਵਾ ਦਿੱਤਾ ਗਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top