Share on Facebook

Main News Page

ਪੰਥਕ ਖਬਰ ਤਰਾਸ਼ੀ

1. ਖਬਰ:- ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੇਸਰੀ ਨਿਸ਼ਾਨ ਸਾਹਿਬ ਨਾਲ ਝੁਲਾਇਆ ਤਿਰੰਗਾ
ਟਿੱਪਣੀ:- ਜਦੋਂ ਤੱਕ ਕੇਂਦਰੀ ਪੰਥਕ ਸੰਸਥਾਵਾਂ ’ਤੇ ਅਕਾਲੀ ਦਲ ਬਾਦਲ ਦਾ ਕਬਜ਼ਾ ਰਹੇਗਾ, ਉਦੋਂ ਤੱਕ ਪੰਥ ਲਈ ਕਿਸੇ ਚੰਗੇ ਦੀ ਆਸ ਨਹੀਂ ਕੀਤੀ ਜਾ ਸਕਦੀ। ਹਰ ਜਾਗਰੂਕ ਸਿੱਖ ਸਮਝਦਾ ਹੈ ਕਿ ਅਕਾਲੀ ਦਲ ਬਾਦਲ ਦੇ ਕਬਜ਼ੇ ਹੇਠਲੀ ਸ਼੍ਰੋਮਣੀ ਕਮੇਟੀ ਕਿਸ ਦੇ ਪ੍ਰਭਾਵ ਹੇਠ ਕੰਮ ਕਰ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਤਿਰੰਗਾ ਲਹਿਰਾਉਣ ਵਾਲਿਆਂ ਨੂੰ ਸ਼ਾਇਦ ਇਹ ਚੇਤੇ ਨਹੀਂ ਰਿਹਾ ਕਿ ਨਿਸ਼ਾਨ ਸਾਹਿਬ ਵੀ ਦੀਵਾਨ ਹਾਲ ਤੋਂ ਬਾਹਰ ਲਗਾਉਣ ਵਾਸਤੇ ਹੈ ਨਾ ਕਿ ਦੀਵਾਨ ਹਾਲ ਅੰਦਰ। ਵੈਸੇ ਵੀ ਗੁਰਮਤਿ ਦਾ ਬ੍ਰਹਮੰਡੀ ਫਲਸਫਾ ਰਾਸ਼ਟਰਵਾਦ ਆਦਿਕ ਹੱਦਾਂ-ਸਰਹੱਦਾਂ ਦੀ ਸੌੜੀ ਸੋਚ ਤੋਂ ਉੱਪਰ ਉੱਠ ਕੇ ਸਮੁੱਚੀ ਮਨੁੱਖਤਾ ਨੂੰ ਕਲਾਵੇ ਵਿਚ ਲੈਣ ਦੀ ਗੱਲ ਕਰਦਾ ਹੈ।

2. ਖਬਰ:- ਮਕੜ ਨੇ ਗੁਰਧਾਮਾਂ ’ਤੇ ਮਹੰਤਾਂ ਦੇ ਕਬਜ਼ੇ ਦੀ ਯਾਦ ਤਾਜ਼ਾ ਕਰਵਾਈ: ਸਰਨਾ
ਟਿੱਪਣੀ:- ਸਰਨਾ ਜੀ ਤੁਹਾਡੀ ਗੱਲ ਤਾਂ ਠੀਕ ਹੈ ਪਰ ਅਫਸੋਸਜਨਕ ਸੱਚਾਈ ਇਹ ਹੈ ਕਿ ਜ਼ਿਆਦਾਤਰ ਪ੍ਰਬੰਧਕ ਮਹੰਤਾਂ ਵਾਂਗੂ ਹੀ ਵਿਚਰਦੇ ਹਨ। ਜਿੱਥੇ ਵੀ ਜਿਸ ਨੁੰ ਮਹੰਤਗਿਰੀ ਵਿਖਾਉਣ ਦਾ ਮੌਕਾ ਮਿਲਦਾ ਹੈ, ਉਹ ਗਵਾਉਂਦੇ ਨਹੀਂ। ਅਮਰੀਕਾ ਦੇ ਇਕ ਗੁਰਦੁਆਰਾ ਪ੍ਰਬੰਧਕਾਂ ਨੇ ਮਹੰਤਗਿਰੀ ਦਾ ਵਿਖਾਵਾ ਕਰਦੇ ਹੋਏ ‘ਅਮ੍ਰਿਤਧਾਰੀ ਸਿੱਖਾਂ’ ਦੇ ਗੁਰਦੁਆਰੇ ਵਿਚ ਦਾਖਲੇ ’ਤੇ ਹੀ ਪਾਬੰਦੀ ਲਗਾ ਦਿੱਤੀ। ਚੰਗਾ ਹੋਵੇ ਜੇ ਦੂਜੇ ਪ੍ਰਬੰਧਕਾਂ ਨੂੰ ਆਇਨਾ ਵਿਖਾਉਣ ਦੇ ਨਾਲ-ਨਾਲ ਹਰ ਪ੍ਰਬੰਧਕ ਆਪਣੇ ਗਿਰੇਬਾਨ ਵਿਚ ਵੀ ਝਾਂਕ ਲਵੇ।

3. ਖਬਰ:- ਝੀਂਡਾ ਨੇ ਸਾਥੀਆਂ ਸਮੇਤ ਦਰਬਾਰ ਸਾਹਿਬ ਵਿਚ ਸੁਖਮਨੀ ਸਾਹਿਬ ਦਾ ਪਾਠ ਕੀਤਾ
ਟਿੱਪਣੀ:- ਝੀਂਡਾ ਜੀ, ਚੰਗੇ ਗੁਰਦੁਆਰਾ ਪ੍ਰਬੰਦਕ ਬਣਨ ਲਈ ਜ਼ਰੂਰੀ ਹੈ ਕਿ ਪਹਿਲਾਂ ਗੁਰਮਤਿ ਦੀ ਸਮਝ ਲੈ ਲਈ ਜਾਵੇ। ‘ਦਰਬਾਰ ਸਾਹਿਬ’ ਵਿਚ ਹਮੇਸ਼ਾਂ ਗੁਰਬਾਣੀ ਕੀਰਤਨ ਹੁੰਦਾ ਰਹਿੰਦਾ ਹੈ। ਚਲਦੇ ਕੀਰਤਨ ਦੇ ਨਾਲ-ਨਾਲ ਕਿਸੇ ਹੋਰ ਬਾਣੀ ਦਾ ਪਾਠ ਕਰਨਾ ਮਨਮਤ ਹੈ, ਕਿਉਂਕਿ ਇਸ ਨਾਲ ਧਿਆਨ ਨਾ ਤਾਂ ਪਾਠ ਵਿਚ ਜੁੜਦਾ ਹੈ ਤੇ ਨਾ ਹੀ ਕੀਰਤਨ ਵਿਚ। ਇਸ ਨਾਲੋਂ ਤਾਂ ਚੰਗਾ ਸੀ, ਜੇਕਰ ਤੁਸੀਂ ਧਿਆਨ ਲਾ ਕੇ ਕੀਰਤਨ ਹੀ ਸੁਣ ਲੈਂਦੇ। ਪਰ ਜਿਨ੍ਹਾਂ ਦੀ ਨਜ਼ਰ ਪ੍ਰਬੰਧ ’ਤੇ ਕਬਜ਼ਾ ਕਰਨ ਵੱਲ ਹੋਵੇ, ਗੁਰਮਤਿ ਵੱਲ ਉਨ੍ਹਾਂ ਦਾ ਧਿਆਨ ਘੱਟ ਹੀ ਹੁੰਦਾ ਹੈ। ਇਹ ਵੀ ਸਿੱਖ ਕੌਮ ਦੀ ਇਕ ਵੱਡੀ ਤਰਾਸਦੀ ਹੈ।

4. ਖਬਰ: ਪ੍ਰੋ. ਦਰਸ਼ਨ ਸਿੰਘ ਤੋਂ ਕੀਰਤਨ ਕਰਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਗੁਰਬਚਨ ਸਿੰਘ
ਟਿੱਪਣੀ:- ਪੁਜਾਰੀਓ! ਤੁਹਾਡੀਆਂ ਧੌਂਸਾਂ ਦੇ ਦਿਨ ਹੁਣ ਪੁੱਗ ਗਏ ਹਨ। ਤੁਹਾਨੂੰ ਵੀ ਸਮਝ ਤਾਂ ਆ ਚੁੱਕੀ ਹੈ ਕਿ ਤੁਹਾਡੇ ਆਦੇਸ਼ਾਂ ਦੀ ਹੁਣ ਕੋਈ ਬੁਕੱਤ ਨਹੀਂ ਹੈ। ਪਰ ਐਵੇਂ ਹੀ ਕਾਗਜ਼ੀ ਸ਼ੇਰਾਂ ਵਾਂਗੂ ਅਖਬਾਰਾਂ ਵਿਚ ਫੁੰਕਾਰੇ ਮਾਰਨ ਦੀ ਆਦਤ ਸ਼ਾਇਦ ਜਾ ਨਹੀਂ ਰਹੀ। ਪ੍ਰੋ. ਦਰਸ਼ਨ ਸਿੰਘ ਜੀ ਤੋਂ ਤਾਂ ਕੀਰਤਨ ਸੰਗਤ ਉਵੇਂ ਹੀ ਕਰਵਾ ਰਹੀ ਹੈ ਅਤੇ ਤੁਹਾਡੀ (ਪੁਜਾਰੀਵਾਦ) ਹੋਂਦ ਨੂੰ ਮਾਨਤਾ ਦੇਣ ਤੋਂ ਮੁਨਕਰ ਹੈ। ਫੇਰ ਉਨ੍ਹਾਂ ਨੂੰ ਰਟੀ-ਰਟਾਈਆਂ ਧਮਕੀਆਂ ਦੇਣ ਦਾ ਕੀ ਫਾਇਦਾ? ਤੁਹਾਡੀ ‘ਗਿੱਦੜ ਭਬਕੀਆਂ’ ਦਾ ‘ਗੁਰਮਤਿ ਦੇ ਸ਼ੇਰਾਂ’ ਤੇ ਕੋਈ ਅਸਰ ਨਹੀਂ ਹੋਣਾ।

5. ਖਬਰ: ਝੀਂਡਾ ਮੇਰਾ ਛੋਟਾ ਭਰਾ ਬਣ ਕੇ ਰਹੇਗਾ ਤਾਂ ਮਜ਼ੇ ਕਰੇਗਾ: ਮੱਕੜ
ਟਿੱਪਣੀ:- ਪ੍ਰਧਾਨ ਜੀ! ਚੰਗਾ ‘ਆਫਰ’ ਦਿੱਤਾ ਜੇ। ਛੋਟਾ ਭਰਾ ਬਣ ਕੇ ‘ਗੱਫਿਆਂ’ ਵਿਚੋਂ ਥੋੜਾ ਹਿੱਸਾ ਝੀਂਡਾ ਜੀ ਨੂੰ ਵੀ ਮਿਲ ਜਾਵੇਗਾ। ਇਸ ਲਈ ਸ਼ਾਇਦ ਸ਼ਰਤ ਇਹ ਵੀ ਹੈ ਕਿ ਆਪਣੀ ਜ਼ਮੀਰ ਨੂੰ ‘ਬਾਦਲਾਂ’ ਰਾਹੀਂ ਕਿਸੇ ਹੋਰ ਕੋਲ ਗਿਰਵੀ ਰੱਖਣਾ ਪਵੇਗਾ। ਅਫਸੋਸ! ਤੁਹਾਡਾ ਇਹ ‘ਆਫਰ’ ਝੀਂਡਾ ਜੀ ਨੇ ਠੁਕਰਾ ਦਿੱਤਾ। ਕਾਸ਼! ਤੁਸੀ ਵੀ ਜਾਗਦੀ ਜ਼ਮੀਰ ਵਾਲੇ ਦੇ ‘ਵਿਚਾਰਧਾਰਕ ਵੀਰ’ ਬਣ ਸਕਦੇ।

6. ਖਬਰ:- ਮਕੜ ਦੇ ਦਫਤਰ ਦੇ ਫਰਨੀਚਰ ’ਤੇ ਖਰਚ ਹੋਏ 95 ਲੱਖ ਰੁਪਏ
ਟਿੱਪਣੀ:- ਸ਼੍ਰੌਮਣੀ ਕਮੇਟੀ ਕੋਲ 84 ਦੀਆਂ ਵਿਧਵਾਵਾਂ, ਧਰਮੀ ਫੋਜੀਆਂ ਆਦਿ ਲੋੜਵੰਦਾ ਦੀ ਸਹਾਇਤਾ ਲਈ ਫੰਡਾਂ ਦੀ ਹਮੇਸ਼ਾਂ ਘਾਟ ਰਹਿੰਦੀ ਹੈ ਪਰ ਸ਼ਾਇਦ ਪ੍ਰਧਾਨ ਦੇ ਦਫਤਰ ਦੇ ਫਰਨੀਚਰ ਰਿਨ੍ਹਾਂ ਲੋੜਵੰਦਾ ਦੀ ਸਹਾਇਤਾ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਬਿਲ ਵੀ ਤਾਂ ਪ੍ਰਧਾਨ ਨੇ ਹੀ ਪਾਸ ਕਰਨੇ ਹੁੰਦੇ ਹਨ। ਜਿਵੇਂ ਭਾਰਤ ਵਿਚ ਸਰਕਾਰੀ ਘਪਲੇ ਸਾਹਮਣੇ ਆ ਰਹੇ ਹਨ, ਕੁਝ ਵੈਸਾ ਹੀ ਹਾਲ ਸ਼੍ਰੋਮਣੀ ਕਮੇਟੀ ਦਾ ਵੀ ਜਾਪਦਾ ਹੈ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top