Share on Facebook

Main News Page

ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ। ਸਚੀ ਦਰਗਹ ਜਾਇ ਸਚਾ ਪਿੜੁ ਮਲਿਆ

ਜਦੋਂ ਤੋਂ ਹੋਸ਼ ਸੰਭਾਲੀ ਹੈ, ਤਦ ਤੋਂ ਹੀ ਵੇਖਦਾ ਆ ਰਿਹਾ ਹਾਂ ਕਿ ਕਿਸੇ ਵਿਛੁੜੇ ਪ੍ਰਾਣੀ ਲਈ ਅਖਬਾਰਾਂ, ਰਸਾਲਿਆਂ, ਵਿੱਚ ਦਿੱਤੇ ਇਸ਼ਤਿਹਾਰ, ਜਾਂ ਛਪਵਾਏ ਕਾਰਡਾਂ ਵਿਚੋਂ ੯੦ % ਦੇ ਸ਼ੁਰੂ ਵਿਚ, ਇਹ ਤੁਕ ਲਿਖੀ ਹੁੰਦੀ ਹੈ, ਜੋ ਗੁਰਬਾਣੀ ਵਿਚੋਂ ਨਹੀਂ ਹੈ, ਬਲਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ, ੧੯ਵੀਂ ਵਾਰ ਦੀ ੧੪ਵੀਂ ਪਉੜੀ ਵਿਚੋਂ ਹੈ। ਉਹ ਵੀ ਉਪਰੋਂ ਜਾਂ ਥੱਲਿਉਂ ਨਹੀਂ, ਬਲਕਿ ਵਿਚਾਲਿਉਂ ਛਾਂਟ ਕੇ ਲਈ ਹੋਈ ਹੈ। ਸ਼ਾਇਦ ਕਿਸੇ ਡੇਰੇਦਾਰ ਵਲੋਂ, ਆਪਣੇ ਕਿਸੇ ਪੂਰਵਜ ਦੀ ਵਡਿਆਈ ਦਰਸਾਉਣ ਲਈ ਇਹ ਤੁਕ, ਛਾਂਟੀ ਗਈ ਹੋਵੇਗੀ (ਜਿਸ ਨੂੰ ਮਗਰੋਂ ਆਮ ਬੰਦਿਆਂ ਨੇ ਵੀ ਅਪਨਾਅ ਲਿਆ) ਕਿ ਸਾਡਾ ਵਡ-ਵਡੇਰਾ ਬਹੁਤ ਵੱਡਾ ਗੁਰਮੁਖ ਸੀ, ਉਹ ਇਸ ਸੰਸਾਰ ਵਿਚੋਂ ਆਪਣਾ ਜਨਮ ਸਵਾਰ ਕੇ ਗਿਆ ਹੈ, ਜਿਸ ਦੇ ਫਲ ਸਰੂਪ ਉਸ ਨੇ ਸੱਚੀ ਦਰਗਾਹ, ਪਰਮਾਤਮਾ ਦੇ ਦਰਬਾਰ ਵਿੱਚ ਸੱਚਾ (ਸਦੀਵੀ) ਪਿੜ (ਥਾਂ) ਮੱਲ ਲਿਆ ਹੈ। ਇਹ ਸਾਰਾ ਕੁੱਝ ਗੁਰਬਾਣੀ ਨਾਲ ਨਾ ਜੁੜੇ ਹੋਣ ਕਾਰਨ ਹੈ, ਕਿਉਂਕਿ ਗੁਰਬਾਣੀ ਤਾਂ ਕਹਿੰਦੀ ਹੈ, ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ॥ ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ॥ (੧੪੨੭) ਹੇ ਨਾਨਕ ਆਖ, ਹੇ ਭਾਈ ਮਾਇਆ ਦੀ ਚਾਹ ਵਿੱਚ ਮਨੁੱਖ ਰਾਤ ਦਿਨ, ਸਦਾ ਹੀ ਭਟਕਦਾ ਰਹਿੰਦਾ ਹੈ, ਆਪਣੀ ਨੀਅਤ ਖਰਾਬ ਕਰਦਾ ਰਹਿੰਦਾ ਹੈ। ਕਰੋੜਾਂ ਬੰਦਿਆਂ ਵਿਚੋਂ ਕੋਈ ਵਿਰਲਾ ਹੀ ਅਜਿਹਾ ਹੁੰਦਾ ਹੈ, ਜਿਸ ਦੇ ਮਨ ਵਿੱਚ ਪਰਮਾਤਮਾ ਦੀ ਯਾਦ ਟਿਕੀ ਹੁੰਦੀ ਹੈ।

ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ ਕਰੋੜਾਂ ਬੰਦਿਆਂ ਵਿਚੋਂ (ਇਕ ਕਰੋੜ ਵਿਚੋਂ ਇੱਕ ਨਹੀਂ) ਕੋਈ ਇੱਕ ਬੰਦਾ ਅਜਿਹਾ ਹੁੰਦਾ ਹੈ, ਜੋ ਮਨੋਂ ਪਰਮਾਤਮਾ ਨੂੰ ਯਾਦ ਰਖਦਾ ਹੈ। ਬਾਕੀ ਸਾਰੇ ਵਿਖਾਵਾ ਕਰਦੇ ਹਨ। ਜੇ ਮੇਰੇ ਵਰਗਾ ਬੰਦਾ ਵੀ ਇਹ ਭਰਮ ਪਾਲ ਲਵੇ ਕਿ ਮੈਂ ਪ੍ਰਭੂ ਨੂੰ ਮਨੋਂ ਯਾਦ ਕਰਦਾ ਹਾਂ, ਤਾਂ ਫਿਰ ਦੁਨੀਆਂ ਵਿੱਚ ਕੌਣ ਅਜਿਹਾ ਹੋਵੇਗਾ ਜੋ ਕਰਤਾਰ ਨੂੰ ਮਨੋਂ ਯਾਦ ਨਾ ਕਰਦਾ ਹੋਵੇ? ਜੇ ਮੇਰੇ ਘਰ ਵਾਲੇ ਵੀ ਇਹੀ ਤੁਕ ਲਿੱਖ ਕੇ ਦੁਨੀਆਂ ਨੂੰ ਦਰਸਾਉਣ ਕਿ ਸਾਡਾ ਵਡੇਰਾ, ਪਰਮਾਤਮਾ ਦੀ ਦਰਗਾਹ ਵਿੱਚ ਸੱਚਾ ਪਿੜ ਮੱਲ ਕੇ, ਆਵਾ-ਗਵਨ ਤੋਂ ਮੁਕਤ ਹੋ ਗਿਆ ਹੈ, ਤਾਂ ਉਨ੍ਹਾਂ ਲੋਕਾਂ ਦੀ ਗੱਲ ਤਾਂ ਬਿਲਕੁਲ ਸੱਚ ਮੰਨ ਲੈਣੀ ਚਾਹੀਦੀ ਹੈ, ਜੋ ਕਹਿੰਦੇ ਹਨ ਕਿ ਸੰਸਾਰ ਵਿੱਚ ਆਵਾ-ਗਵਣ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ।

ਇਸ ਤਰ੍ਹਾਂ ਤਾਂ ਗੁਰਬਾਣੀ ਦੀ ਗੱਲ ਗਲਤ ਸਾਬਤ ਹੋ ਜਾਂਦੀ ਹੈ (ਜੋ ਕਿ ਸੰਭਵ ਹੀ ਨਹੀਂ ਹੈ) ਕਿਉਂਕਿ ਗੁਰਬਾਣੀ ਤਾਂ ਕਹਿੰਦੀ ਹੈ ਕਿ ਕਰੋੜਾਂ ਵਿਚੋਂ ਕੋਈ ਇੱਕ ਬੰਦਾ ਅਜਿਹਾ ਹੁੰਦਾ ਹੈ ਜਿਸ ਦੇ ਮਨ ਚਿ ਪ੍ਰਭੂ ਦੀ ਯਾਦ ਹੁੰਦੀ ਹੈ। ਜਾਂ ਫਿਰ ਇਹ ਮੰਨਣਾ ਪਵੇਗਾ ਕਿ ਪ੍ਰਭੂ ਨੁੰ ਯਾਦ ਕਰਨਾ ਕੋਈ ਜ਼ਰੂਰੀ ਨਹੀਂ ਹੈ, ਕਰਮ ਕਾਂਡ ਕਰਨ ਨਾਲ ਵੀ ਆਵਾ ਗਵਣ ਤੋਂ ਮੁਕਤ ਹੋਇਆ ਜਾ ਸਕਦਾ ਹੈ। ਪਰ ਇਹ ਵੀ ਸੰਭਵ ਨਹੀਂ ਹੈ, ਆਵਾ-ਗਵਣ ਤੋਂ ਮੁਕਤ ਹੋਣ ਲਈ, ਵਾਹਿਗੁਰੂ ਨੂੰ ਹਰ ਵੇਲੇ, ਮਨੋਂ ਯਾਦ ਰੱਖਣ ਦੀ ਲੋੜ ਹੈ, ਅਤੇ ਕਰੋੜਾਂ ਵਿਚੋਂ ਕਿਸੇ ਵਿਰਲੇ ਨੂੰ ਹੀ, ਕਰਤਾਰ ਮਨੋਂ ਯਾਦ ਹੁੰਦਾ ਹੈ। ਇਸ ਹਿਸਾਬ, ਢਾਈ ਕਰੋੜ ਸਿੱਖਾਂ ਵਿਚੋਂ ਤਾਂ ਕੋਈ ਇੱਕ ਹੀ ਅਜਿਹਾ ਹੋ ਸਕਦਾ ਹੈ, ਅੱਵਲ ਤਾਂ ਅੱਜ ਦੇ ਹਾਲਾਤ ਮੁਤਾਬਕ, ਇੱਕ ਬਾਰੇ ਸੋਚਣਾ ਵੀ ਅਟ-ਪਟਾ ਜਿਹਾ ਲਗਦਾ ਹੈ। ਇਹ ਗੱਲ ਮੈਂ ਨਹੀਂ ਕਹਿੰਦਾ, ਵਿਛੁੜੇ ਪ੍ਰਾਣੀ ਦੇ ਵੰਸ਼ਜ ਹੀ ਕਹਿੰਦੇ ਹਨ, ਜਦ ਉਨ੍ਹਾਂ ਵਿਚੋਂ ੯੯ % ਉਸ ਇਸ਼ਤਿਹਾਰ ਜਾਂ ਕਾਰਡ ਦੀ ਦੂਸਰੀ ਸਤਰ ਵਿੱਚ ਹੀ ਲਿਖਦੇ ਹਨ “ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ” ਜੇ ਉਨ੍ਹਾਂ ਨੂੰ ਦਿਲੋਂ ਵਿਸ਼ਵਾਸ ਹੁੰਦਾ ਕਿ ਸਾਡਾ ਬਜ਼ੁਰਗ “ਗੁਰਮੁਖ” ਸੀ, ਉਹ ਹਮੇਸ਼ਾ ਚੰਗੇ ਕੰਮ ਕਰਦਾ ਸੀ, ਇਸ ਲਈ ਉਹ ਆਪਣਾ ਜਨਮ ਸਵਾਰ ਕੇ ਇਸ ਦੁਨੀਆਂ ਤੋਂ ਗਿਆ ਹੈ। ਇਸ ਆਧਾਰ ਤੇ ਯਕੀਨਨ ਉਹ, ਇਸ ਸੰਸਾਰ ਤੋਂ ਆਪਣਾ ਜੀਵਨ ਸਫਲਾ ਕਰ ਕੇ, ਆਵਾ-ਗਵਣ ਤੋਂ ਮੁਕਤ ਹੋ ਕੇ ਗਿਆ ਹੈ, ਅਤੇ ਉਹ ਪੱਕੇ ਤੌਰ ਤੇ ਪਰਮਾਤਮਾ ਦੀ ਦਰਗਾਹ ਵਿੱਚ ਟਿਕ ਗਿਆ ਹੈ, ਤਾਂ ਉਨ੍ਹਾਂ ਨੂੰ ਦੁੱਖ ਕਾਹਦਾ? ਪਰ ਬੱਚਿਆਂ ਕੋਲੋਂ ਮਾਂ-ਬਾਪ ਦਾ ਕੋਈ ਵੀ ਕਰਮ ਲੁਕਿਆ ਨਹੀਂ ਹੁੰਦਾ, ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਸਾਡਾ ਬਜ਼ੁਰਗ, ਗੁਰਮੁਖ ਨਹੀਂ ਮਨਮੁਖ ਸੀ। ਜੇ ਉਹ ਪੂਜਾ ਪਾਠ ਵੀ ਕਰਦਾ ਸੀ, ਤਾਂ ਵਿਖਾਵੇ ਲਈ ਹੀ ਕਰਦਾ ਸੀ। ਜੇ ਉਹ ਗੁਰਦਵਾਰੇ ਵੀ ਜਾਂਦਾ ਸੀ ਤਾਂ, ਗੁਰਦਵਾਰੇ ਵਿਚਲੀ ਕੋਈ ਪਦਵੀ ਹਾਸਲ ਕਰਨ ਲਈ, ਕੋਈ ਤਿਕੜਮ ਲੜਾਉਣ, ਕੋਈ ਗੋਟੀ ਫਿੱਟ ਕਰਨ। ਜਾਂ ਫਿਰ ਲੰਗਰ ਛਕ ਕੇ ਹੀ ਜਨਮ ਸਫਲਾ ਕਰਨ ਜਾਂਦਾ ਸੀ।

ਅੱਵਲ ਤਾਂ ਉਹ ਕੋਈ ਚੰਗਾ ਕੰਮ ਹੀ ਨਹੀਂ ਕਰਦਾ ਸੀ, ਜੇ ਕੋਈ ਚੰਗਾ ਕੰਮ ਕਰਦਾ ਦਿਸਦਾ ਵੀ ਸੀ ਤਾਂ ਉਸ ਪਿੱਛੇ ਵੀ ਉਸ ਦਾ ਕੋਈ ਸਵਾਰਥ ਹੁੰਦਾ ਸੀ, ਜਿਸ ਆਸਰੇ ਉਸ ਨੂੰ ਕੋਈ ਲਾਭ ਮਿਲ ਸਕੇ। ਭਾਵੇਂ ਉਹ ਲਾਭ ਆਰਥਿਕ ਹੋਵੇ, ਭਾਵੇਂ ਰਾਜਨੀਤਕ? ਇਵੇਂ ਉਨ੍ਹਾਂ ਨੂੰ ਪੱਕਾ ਯਕੀਨ ਹੁੰਦਾ ਹੈ ਕਿ ਉਹ ਇਸ ਦੁਨੀਆ ਤੋਂ ਆਪਣਾ ਜਨਮ ਸਵਾਰ ਕੇ ਨਹੀਂ, ਵਿਗਾੜ ਕੇ ਗਿਆ ਹੈ, ਉਸ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਕੋਈ ਥਾਂ ਨਹੀਂ ਮਿਲੀ ਹੋਣੀ। ਨਾ ਹੀ ਉਸ ਦਾ ਆਵਾ-ਗਵਣ, ਜਨਮ-ਮਰਨ ਦਾ ਗੇੜ ਮੁਕਿਆ ਹੋਣਾ ਹੈ, ਬਲਕਿ ਉਸ ਦੀ ਆਤਮਾ, ਹੇਰਾ-ਫੇਰੀਆਂ ਆਸਰੇ ਇਕੱਠੀ ਕੀਤੀ ਮਾਇਆ, ਦੁਨਿਆਵੀ ਪਦਾਰਥਾਂ ਤੋਂ ਵਿਛੜ ਕੇ ਅਸ਼ਾਂਤ, ਦੁਖੀ ਹੋਣੀ ਹੈ, ਇਸ ਲਈ ਹੀ ਤਾਂ ਉਹ ਥੱਲੇ ਇਹ ਲਿਖਣਾ ਵੀ ਨਹੀਂ ਭੁਲਦੇ ਕਿ “ਵਿਛੁੜੀ ਆਤਮਾ ਦੀ ਸ਼ਾਂਤੀ ਲਈ, ਫਲਾਨੇ ਦਿਨ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਅਤੇ ਅੰਤਿਮ ਅਰਦਾਸ ਹੋਵੇਗੀ, ਆਪ ਵੀ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ” ਅਤੇ ਥੱਲੇ ਵੀ ਲਿਖਿਆ ਹੁੰਦਾ ਹੈ “ਦੁਖੀ ਪਰਵਾਰ” ੧੦ % ਕਾਰਡਾਂ ਜਾਂ ਇਸ਼ਤਹਾਰਾਂ ਵਿਚ, ਕੁੱਝ ਹੋਰ ਤੁਕਾਂ ਹੁੰਦੀਆਂ ਹਨ, ਪਰ ਉਨ੍ਹਾਂ ਦਾ ਭਾਵ ਵੀ ਕੁੱਝ ਅਜਿਹਾ ਹੀ ਹੂੰਦਾ ਹੈ। ਹਜ਼ਾਰਾਂ ਵਿਚੋਂ ਕੋਈ ਵਿਰਲਾ ਹੀ ਹੁੰਦਾ ਹੈ ਜੋ ਸਰਲ ਬੋਲੀ ਵਿੱਚ ਵਿਛੁੜੇ ਪ੍ਰਾਣੀ ਬਾਰੇ ਸੂਚਨਾ ਦਿੰਦਿਆਂ, ਅਖੰਡ ਪਾਠ ਦੇ ਭੋਗ ਬਾਰੇ ਸੂਚਨਾ ਦਿੰਦਾ ਹੈ। ਲੱਖਾਂ ਵਿਚੋਂ ਕੋਈ ਵਿਰਲਾ ਹੀ ਹੁੰਦਾ ਹੈ ਜੋ ਸੁਭਾਵਕ ਤਰੀਕੇ ਨਾਲ, ਵਿਛੜੇ ਪ੍ਰਾਣੀ ਦੀ ਸੂਚਨਾ ਦਿੰਦਿਆਂ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਬਾਰੇ ਬੇਨਤੀ ਕਰਦਾ ਹੈ। ਸੋਚਦਾ ਹਾਂ ਕਿ ਇਸ ਅਖੰਡ-ਪਾਠ, ਜਾਂ ਅੰਤਿਮ ਅਰਦਾਸ ਨਾਲ਼ ਉਸ ਵਿਛੁੜੇ ਪ੍ਰਾਣੀ ਦਾ ਕੀ ਭਲਾ ਹੋ ਸਕਦਾ ਹੈ? ਜਦ ਕਿ ਗੁਰਬਾਣੀ ਤਾਂ ਕਹਿੰਦੀ ਹੈ, ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥ (੪੭੨) ਹੇ ਨਾਨਕ, ਅੱਗੇ, ਕਰਤਾਰ ਦੀ ਦਰਗਾਹ ਵਿੱਚ ਤਾਂ ਉਹੀ ਮਿਲਦਾ ਹੈ, ਜੋ ਉਹ ਸ਼ਬਦ ਦੀ ਵਿਚਾਰ ਆਸਰੇ, ਗਿਆਨ ਪਰਾਪਤ ਕਰਨ ਦੀ ਖੱਟੀ ਖਟਦਾ ਹੈ, ਫਿਰ ਉਸ ਦੇ ਆਧਾਰ ਤੇ, ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਘਾਲ-ਕਮਾਈ ਕਰਦਾ ਹੈ, ਅਤੇ ਉਸ ਆਧਾਰ ਤੇ ਹੀ, ਇਹ ਗਿਆਨ ਸਤ-ਸੰਗੀਆਂ ਨਾਲ ਸਾਂਝਾ ਕਰਦਾ ਹੈ।

ਇਹ ਸਾਰਾ ਕੁੱਝ ਤਾਂ ਮਨੁੱਖ ਜਿਊਂਦੇ-ਜੀ ਹੀ ਕਰ ਸਕਦਾ ਹੈ, ਇਸ ਨੂੰ ਹੀ ਤਾਂ ਜੀਵਨ-ਮੁਕਤੀ ਕਹਿੰਦੇ ਹਨ। ਮਰਨ ਮਗਰੋਂ ਨਾ ਉਹ ਆਪ ਕੁੱਝ ਕਰ ਸਕਦਾ ਹੈ। ਨਾ ਹੀ ਕਿਸੇ ਅਖੰਡ-ਪਾਠ ਦਾ ਫਲ ਉਸ ਨੂੰ ਮਿਲ ਸਕਦਾ ਹੈ। ਅਖੰਡ-ਪਾਠ ਦਾ ਕੋਈ ਫਲ ਹੁੰਦਾ ਹੀ ਨਹੀਂ ਹੈ, ਜੇ ਕਿਤੇ ਪੂਰੇ ਅਖੰਡ-ਪਾਠ ਵਿਚੋਂ ਕੋਈ ਤੁਕ ਸੁਣ ਕੇ, ਕਿਸੇ ਦੀ ਜੀਵਨ-ਜਾਂਚ ਵਿੱਚ ਕੋਈ ਸੁਧਾਰ ਹੋਇਆ ਹੋਵੇ ਤਾਂ, ਅਖੰਡ ਪਾਠ ਦਾ ਫਲ ਤਾਂ ਉਸ ਨੂੰ ਮਿਲ ਗਿਆ, ਜਿਸ ਦੇ ਜੀਵਨ ਵਿੱਚ ਤਬਦੀਲੀ ਆਈ ਹੈ। ਇਹ ਫਲ ਕਿਸੇ ਦੂਸਰੇ ਨੂੰ ਟ੍ਰਾਂਸਫਰ ਤਾਂ ਕੀਤਾ ਨਹੀਂ ਜਾ ਸਕਦਾ। ਨਾ ਹੀ ਉਸ ਵੇਲੇ ਦੀ ਅਰਦਾਸ ਨਾਲ ਹੀ ਉਸ ਦਾ ਕੁੱਝ ਸੌਰ ਸਕਦਾ ਹੈ। (ਫਿਰ ਇਹ ਸਾਰਾ ਪਖੰਡ ਕਿਉਂ?) ਕੁੱਝ ਥੋੜਾ ਅਰਦਾਸ ਬਾਰੇ ਵਿਚਾਰ ਕਰ ਲੈਣਾ ਵੀ ਠੀਕ ਹੋਵੇਗਾ, ਨਹੀਂ ਤਾਂ ਕਈ ਵੀਰ ਫੱਟ ਫਤਵਾ ਲਗਾ ਦੇਣਗੇ ਕਿ ਇਹ ਤਾਂ ਹੁਣ, ਗੁਰੂ ਗਰੰਥ ਸਾਹਿਬ ਜੀ ਦੀ ਸਿਖਿਆ ਤੇ ਵੀ ਕਿੰਤੂ ਕਰਨ ਲੱਗ ਗਿਆ ਹੈ। ਮੋਟੇ ਲਫਜ਼ਾਂ ਵਿੱਚ ਅਰਦਾਸ ਦਾ ਮਤਲਬ ਹੈ ਬੇਨਤੀ। ਅਸੀਂ ਪਰਮਾਤਮਾ ਅੱਗੇ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ, ਬੇਨਤੀ ਕਰਦੇ ਹਾਂ। ੯੫ % ਤੋਂ ਉਪਰ ਲੋਕ ਮਾਇਕ ਪਦਾਰਥਾਂ ਲਈ ਬੇਨਤੀ ਕਰਦੇ ਹਨ, ੪% ਤੋਂ ਵੱਧ ਆਪਣੇ ਸਰੀਰਕ ਰੋਗਾਂ ਦੀ ਨਵਿਰਤੀ ਲਈ ਅਰਦਾਸ ਕਰਦੇ ਹਨ। ਨਾ ਪਰਮਾਤਮਾ ਦਾ ਇਨ੍ਹਾਂ ਪਦਾਰਥਾਂ ਨਾਲ ਕੋਈ ਸਬੰਧ ਹੁੰਦਾ ਹੈ, ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ। ਅਸਲੀਅਤ ਇਹ ਹੈ ਕਿ ਸਰੀਰਕ ਲੋੜਾਂ ਦੀ ਪੂਰਤੀ ਲਈ, ਸਾਰਾ ਇੰਤਜ਼ਾਮ ਪਰਮਾਤਮਾ ਨੇ ਜੀਵ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਕਰ ਦਿੱਤਾ ਹੁੰਦਾ ਹੈ।

ਗੁਰਬਾਣੀ ਫੁਰਮਾਨ ਹੈ, ਪਹਿਲੋ ਦੇ ਤੈਂ ਰਿਜਕੁ ਸਮਾਹਾ॥ ਪਿਛੋ ਦੇ ਤੈਂ ਜੰਤੁ ਉਪਾਹਾ॥ (੧੩੦) ਉਸ ਤੋਂ ਕੁੱਝ ਵੀ ਮੰਗਣ ਦੀ ਲੋੜ ਨਹੀਂ ਪੈਂਦੀ। ਮਾਇਕ ਪਦਾਰਥਾਂ ਦੀ ਪਰਾਪਤੀ ਲਈ ਉਦਮ ਕਰਨ ਦੀ ਲੋੜ ਹੁੰਦੀ ਹੈ, ਬੰਦਾ ਜੈਸਾ ਉਦਮ ਕਰੇਗਾ, ਵੈਸਾ ਹੀ ਉਸ ਨੂੰ ਫਲ ਮਿਲੇਗਾ। ਅਰਥਾਤ ਜੇ ਉਹ ਸੁਚੱਜਾ ਉਪਰਾਲਾ ਕਰੇਗਾ, ਤਾਂ ਉਸ ਦੀਆਂ ਲੋੜਾਂ ਦੀ ਪੂਰਤੀ ਹੁੰਦੀ ਰਹੇਗੀ। (ਤ੍ਰਿਸ਼ਨਾਵਾਂ ਦੀ ਨਹੀਂ) ਜੇ ਉਹ ਮਾਇਆਂ ਇਕੱਠੀ ਕਰਨ ਲਈ ਉਪਰਾਲਾ ਕਰੇਗਾ ਤਾਂ, ਚੰਗੇ ਉਪਰਾਲੇ ਸਦਕਾ, ਉਸ ਨੂੰ ਜਿੰਨੀ ਵੀ ਮਾਇਆ ਮਿਲ ਜਾਵੇ, ਉਸ ਨੂੰ ਉਸ ਤੇ ਹੀ ਸੰਤੋਖ ਕਰਨਾ ਬਣਦਾ ਹੈ। ਨਹੀਂ ਤਾਂ ਫਿਰ ਗੁਰਬਾਣੀ ਫੁਰਮਾਨ ਹੈ, ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥ (੪੧੭) ਮਾਇਆ ਇਕੱਠੀ ਕਰਨ ਲਈ ਇਹ ਦੋਵੇਂ ਰਾਹ ਹਨ, ਕਿਹੜਾ ਰਾਹ ਵਰਤਣਾ ਹੈ? ਇਸ ਦੀ ਚੋਣ ਬੰਦੇ ਨੇ ਆਪ ਕਰਨੀ ਹੈ। ਇਹ ਵੀ ਅਟੱਲ ਸਚਾਈ ਹੈ ਕਿ ਮਾਇਆ ਦੀ ਭੁੱਖ ਕਦੀ ਮਿਟਦੀ ਨਹੀਂ। ਇਸ ਦੀ ਭੁੱਖ ਤੋਂ ਛੁਟਕਾਰਾ ਸਿਰਫ ਸੰਤੋਖ ਨਾਲ ਹੀ ਹੋ ਸਕਦਾ ਹੈ। ਸਰੀਰਕ ਦੁੱਖ, ਕੁਦਰਤ ਦੇ ਨਿਯਮਾਂ ਦੀ ਉਲੰਘਣਾ, ਕਰਨ ਕਰ ਕੇ ਹੀ ਵਾਪਰਦੇ ਹਨ, ਜਿਸ ਦਾ ਹੱਲ ਪਰਮਾਤਮਾ ਨੇ ਸੰਸਾਰ ਵਿੱਚ ਬਹੁਤ ਸਾਰੀਆਂ ਜੜੀ-ਬੂਟੀਆਂ ਪੈਦਾ ਕਰ ਕੇ ਕੀਤਾ ਹੋਇਆ ਹੈ। ਇਨ੍ਹਾਂ ਦਵਾਈਆਂ ਨਾਲ ਉਸ ਹੋਈ ਭੁੱਲ ਨੂੰ ਸੁਧਾਰ ਕੇ ਅੱਗੋਂ ਤੋਂ ਉਹ ਭੁੱਲ ਦੁਬਾਰਾ ਨਾ ਕਰਨ ਬਾਰੇ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਇਹ ਦੋਵੇਂ ਚੀਜ਼ਾਂ ਅਰਦਾਸ ਨਾਲ ਪੂਰੀਆਂ ਨਹੀਂ ਹੋ ਸਕਦੀਆਂ। ਪਰਮਾਤਮਾ ਕੋਲ ਇਹੋ ਅਰਦਾਸ ਕੀਤੀ ਜਾ ਸਕਦੀ ਹੈ, ਦੁਇ ਕਰ ਜੋੜਿ ਕਰਉ ਅਰਦਾਸਿ॥ ਤੁਧੁ ਭਾਵੈ ਤਾ ਆਣਹਿ ਰਾਸਿ॥ (੭੩੬-੩੭) ਅਤੇ ਸ਼ਬਦ ਗੁਰੂ ਅੱਗੇ ਪਰਮਾਤਮਾ ਨੂੰ ਮਿਲਣ ਬਾਰੇ ਸੋਝੀ ਬਖਸ਼ਣ ਸਬੰਧੀ ਅਰਦਾਸ ਕੀਤੀ ਜਾ ਸਕਦੀ ਹੈ। ਇਹੀ ਉਹ ਅਰਦਾਸ ਹੈ, ਜਿਸ ਬਾਰੇ ਗੁਰੂ ਸਾਹਿਬ ਜੀ ਕਹਿੰਦੇ ਹਨ, ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ॥ (੮੧੯) ਬਾਕੀ ਸਭ ਅਰਦਾਸਾਂ ਝੱਖ ਮਾਰਨ ਬਰਾਬਰ ਹਨ।

ਪੰਥ ਵਿੱਚ ਵਿਰਲਾ ਕੋਈ ਅਜਿਹਾ ਬੰਦਾ ਵੀ ਹੈ, ਜੋ ਵਿਛੁੜੀ ਆਤਮਾ ਬਾਰੇ ਸੂਚਨਾ ਦੇਣ ਮਗਰੋਂ, ਸੱਦਾ ਦਿੰਦਾ ਹੈ ਕਿ ਆਉ ਰਲ-ਮਿਲ ਕੇ ਦੋ-ਤਿੰਨ ਦਿਨ, ਗੁਰਮਤਿ ਵਿਚਾਰਾਂ ਕਰੀਏ, ਜਿਸ ਨਾਲ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਮਿਲੇ। ਮਨ, ਵਿਛੁੜੀ ਆਤਮਾ ਦੀ ਮਿੱਠੀ ਯਾਦ ਅੰਦਰ, ਗਮ ਨਾਲ ਜੁੜਨ ਦੀ ਥਾਂ, ਗੁਰਬਾਣੀ ਗਿਆਨ ਨਾਲ ਜੁੜੇ। ਆਉ ਭਰਮ-ਜਾਲ ਵਿਚੋਂ ਨਿਕਲ ਕੇ, ਸੱਚ ਦੇ ਰੂ-ਬ-ਰੂ ਹੋਈਏ। ਗੁਰਮਤਿ ਗਿਆਨ ਦੀ ਸਿਖਿਆ ਅਨੁਸਾਰ, ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ॥ (੯੦੭ ਪਰਮਾਤਮਾ ਦੀ ਕੁਦਰਤ ਨਾਲ ਇੱਕ ਸੁਰ ਹੁੰਦੇ, ਹਰ ਪ੍ਰਾਣੀ (ਭਾਵੇਂ ਉਹ ਬੇਟੀ ਹੋਵੇ ਜਾਂ ਬੇਟਾ) ਦੇ ਆਉਣ ਤੇ, ਖੁਲ੍ਹੇ ਦਿਲ ਨਾਲ ਉਸ ਦਾ ਸਵਾਗਤ ਕਰਦੇ ਗੁਰਮਤ ਵਿਚਾਰਾਂ ਕਰੀਏ। ਇਵੇਂ ਹੀ ਹਰ ਪ੍ਰਾਣੀ ਦੇ ਵਛੋੜੇ ਤੇ ਵੀ ਉਸ ਨੂੰ ਖੁਸ਼ੀ ਨਾਲ ਵਿਦਾ ਕਰਦੇ, ਗੁਰਮਤ ਵਿਚਾਰਾਂ ਨਾਲ ਜੁੜੀਏ। ਇਨ੍ਹਾਂ ਵਿਚਾਰਾਂ ਦਾ ਅਸਰ ਵੀ ਵਿਚਾਰਾਂ ਕਰਨ ਵਾਲੇ ਤੇ ਹੀ ਹੋਣਾ ਹੈ, ਵਿਛੁੜੇ ਪ੍ਰਾਣੀ ਨੂੰ ਇਸ ਦਾ ਕੋਈ ਲਾਭ ਨਹੀਂ ਹੋਣਾ, ਉਸ ਨੂੰ ਆਪਣੇ ਕੀਤੇ ਦਾ ਫਲ ਹੀ ਮਿਲਣਾ ਹੈ। ਐਵੇਂ ਅਡੰਬਰਾਂ ਅਧੀਨ, ਆਪਣੀ ਆਤਮਾ ਤੇ ਬੋਝ ਪਾਉਣ ਤੋਂ ਬਚੀਏ। ਇਹੀ ਸਿੱਖੀ ਹੈ।

ਅਮਰਜੀਤ ਸਿੰਘ ਚੰਦੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top