Share on Facebook

Main News Page

ਕਰਨਲ ਨਿਸ਼ਾਨ ਅਤੇ ਡਾ: ਅਨੁਰਾਗ ਸਿੰਘ ਨੂੰ ਨਾ ਇਤਿਹਾਸ ਅਤੇ ਨਾ ਹੀ ਕੈਲੰਡਰ ਸਬੰਧੀ ਕੋਈ ਜਾਣਕਾਰੀ ਐ

* ਪਿਛਲੇ 12 ਸਾਲਾਂ ਤੋਂ ਉਹੀ ਗੱਲਾਂ ਵਾਰ ਵਾਰ ਕਰ ਰਹੇ ਹਨ ਪਰ ਹੁਣ ਤੱਕ ਨਾ ਕੋਈ ਕੈਲੰਡਰ ਬਣਾ ਸਕੇ ਹਨ ਤੇ ਨਾ ਹੀ ਬਣਾ ਸਕਣਗੇ: ਪੁਰੇਵਾਲ
* 2003 ਵਿਚ ਲਾਗੂ ਹੋਇਆ ਤੇ 2009 ਵਿੱਚ ਸੋਧਿਆ ਗਿਆ, ਦੋਵੇਂ ਕੈਲੰਡਰ ਗਲਤ
* ਪੁਰੇਵਾਲ ਨੇ 1999 ਨੂੰ ਬੇਸ ਮੰਨ ਕੇ ਤਰੀਕਾਂ ਨਿਸਚਤ ਕੀਤੀਆਂ ਜਦੋਂ ਕਿ ਇਹ 1469 ਨੂੰ ਮੁੱਖ ਰੱਖ ਕੇ ਨਿਸਚਤ ਕਰਨੀਆਂ ਚਾਹੀਦੀਆਂ ਸਨ
* ਸ਼ਾਰੇ ਮੁੱਖ ਧਰਮਾਂ ਦੇ ਧਾਰਮਕ ਕੈਲੰਡਰ ਚੰਦਰਮਾ ਦੇ ਹਿਸਾਬ
* ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਤੋਂ ਪਿੱਛੋਂ ਲਿਖਿਆ ਗਿਆ ਹੈ ਇਸ ਵਿੱਚ ਕੁਝ ਗਲਤ ਵੀ ਹੋ ਸਕਦਾ ਹੈ : ਕਰਨਲ ਨਿਸ਼ਾਨ

ਬਠਿੰਡਾ, 10 ਫਰਵਰੀ 2011 (ਕਿਰਪਾਲ ਸਿੰਘ): ਕਰਨਲ ਨਿਸ਼ਾਨ ਅਤੇ ਡਾ: ਅਨੁਰਾਗ ਸਿੰਘ ਨੂੰ ਨਾ ਇਤਿਹਾਸ ਅਤੇ ਨਾ ਹੀ ਕੈਲੰਡਰ ਸਬੰਧੀ ਕੋਈ ਜਾਣਕਾਰੀ ਐ। ਇਹ ਪਿਛਲੇ 12 ਸਾਲਾਂ ਤੋਂ ਉਹੀ ਗੱਲਾਂ ਵਾਰ ਵਾਰ ਕਰ ਰਹੇ ਹਨ ਪਰ ਹੁਣ ਤੱਕ ਨਾ ਕੋਈ ਕੈਲੰਡਰ ਬਣਾ ਸਕੇ ਹਨ ਤੇ ਨਾ ਹੀ ਬਣਾ ਸਕਣਗੇ। ਇਹ ਸ਼ਬਦ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸ: ਪਾਲ ਸਿੰਘ ਪੁਰੇਵਾਲ ਨੇ ਸ਼ੇਰੇ ਪੰਜਾਬ ਰੇਡੀਓ ’ਤੇ ’ਦਿਲਾਂ ਦੀ ਸਾਂਝ’ ਪ੍ਰੋਗਰਾਮ ਤੇ ਪਿਛਲੇ ਐਤਵਾਰ ਹੋਈ ਲਾਈਵ ਟਾਕ ਸ਼ੋ ਦੌਰਾਨ ਕਹੇ, ਜਿਸ ਦੀ ਆਡੀਓ ਰੀਕਾਰਡਿੰਗ ਜਾਗੋਖ਼ਾਲਸਾਡਾਟਕਾਮ ’ਤੇ ਸੁਣੀ ਜਾ ਸਕਦੀ ਹੈ। ਰੇਡੀਓ ’ਤੇ ਹੋਈ ਇਸ ਸਿੱਧੀ ਗੱਲਬਾਤ ਵਿੱਚ ਰੇਡੀਓ ਐਂਕਰ ਸ: ਕੁਲਦੀਪ ਸਿੰਘ, ਡਾ: ਰਮਿੰਦਰ ਸਿੰਘ ਕੰਗ ਅਤੇ ਕੈਲੰਡਰ ਦੇ ਮਾਹਰ ਸ: ਪਾਲ ਸਿੰਘ ਪੁਰੇਵਾਲ ਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਭਾਗ ਲੈ ਰਹੇ ਸਨ।

ਮੁਢਲੀ ਜਾਣਕਾਰੀ ਦੇਣ ਬਾਅਦ ਜਦੋਂ ਰੇਡੀਓ ਐਂਕਰ ਸ: ਕੁਲਦੀਪ ਸਿੰਘ ਨੇ ਕਰਨਲ ਨਿਸ਼ਾਨ ਨੂੰ ਕਿਹਾ ਕਿ 2003 ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦੀ ਤਿਆਰੀ ਵਿੱਚ ਤੁਹਾਡਾ ਵੀ ਕਾਫੀ ਯੋਗਦਾਨ ਹੈ ਇਸ ਲਈ ਤੁਸੀਂ ਜਾਣਕਾਰੀ ਦਿਓ ਕਿ ਇਹ ਕੈਲੰਡਰ ਕਿਸ ਤਰ੍ਹਾਂ ਤਿਆਰ ਹੋਇਆ ਅਤੇ ਇਸ ਵਿੱਚ ਕੀ ਕੀ ਖ਼ਾਮੀਆਂ ਰਹਿ ਗਈਆਂ ਸਨ ਕਿ ਇਸ ਵਿੱਚ ਸੋਧ ਕਰਨ ਦੀ ਲੋੜ ਪਈ। ਕਰਨਲ ਨਿਸ਼ਾਨ ਨੇ ਕਿਹਾ ਕਿ ਇਹ ਗਲਤ ਪ੍ਰਚਾਰ ਕੀਤਾ ਜਾ ਰਿਹ ਹੈ ਕਿ 2003 ਵਾਲਾ ਨਾਨਕਸ਼ਾਹੀ ਕੈਲੰਡਰ ਸਰਬ ਸੰਮਤੀ ਨਾਲ ਪਾਸ ਹੋਇਆ ਜਿਸ ਨੂੰ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਸਹਿਮਤੀ ਸੀ। ਉਨ੍ਹਾਂ ਦੱਸਿਆ ਦੋ ਤਖ਼ਤਾਂ ਦੇ ਜਥੇਦਾਰ ਅਤੇ ਸੰਤ ਸਮਾਜ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਬਤੌਰ 11 ਮੈਂਬਰੀ ਕਮੇਟੀ ਮੈਂ ਲਿਖਤੀ ਇਤਰਾਜ਼ ਕੀਤਾ ਸੀ ਕਿ ਪੁਰੇਵਾਲ ਵਲੋਂ ਬਣਾਇਆ ਕੈਲੰਡਰ ਪੂਰੀ ਤਰ੍ਹਾਂ ਗਲਤ ਹੈ, ਕਿਉਂਕਿ ਜੇ ਇਹ ਨਾਨਕਸ਼ਾਹੀ ਕੈਲੰਡਰ ਹੈ ਤਾਂ ਇਸ ਵਿੱਚ ਤਰੀਖਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਹੋਣ ਦੇ ਸਾਲ 1469 ਨੂੰ ਬੇਸ ਮੰਨ ਕੇ ਨਿਸਚਤ ਕਰਨੀਆਂ ਚਾਹੀਦੀਆਂ ਸਨ ਪਰ ਪੁਰੇਵਾਲ ਨੇ ਇਸ ਦੀਆਂ ਤਰੀਖਾਂ 1999 ਨੂੰ ਬੇਸ ਮੰਨ ਕੇ ਨਿਸਚਤ ਕੀਤੀਆਂ ਹਨ ਜਿਸ ਨਾਲ ਹਰ ਤਰੀਖ ਵਿਚ 4 ਤੋਂ 7 ਦਿਨਾਂ ਦਾ ਫਰਕ ਆਉਂਦਾ ਹੈ। ਡਾ: ਰਮਿੰਦਰ ਸਿੰਘ ਨੇ ਪੁੱਛਿਆ ਕਿ ਨਾਨਕਸ਼ਾਹੀ ਕੈਲੰਡਰ ’ਤੇ ਤੁਹਾਡਾ ਮੁੱਖ ਇਤਰਾਜ ਕੀ ਹੈ? ਕੀ ਤੁਸੀਂ ਸੂਰਜੀ ਕੈਲੰਡਰ ਦੀ ਥਾਂ ਚੰਦ੍ਰਮਾ ਕਲੈਡੰਰ ਚਾਹੁੰਦੇ ਹੋ ਜਾਂ ਕੈਲਕੂਲੇਸ਼ਨਾਂ ਗਲਤ ਹਨ ਜਾਂ ਇਤਿਹਾਸਕ ਤਰੀਕਾਂ ਗਲਤ ਹਨ।

ਉਨ੍ਹਾਂ ਕਿਹਾ ਕਿਹਾ ਸੂਰਜੀ ਜਾਂ ਚੰਦ੍ਰਮਾ ਵਿਚੋਂ ਕੋਈ ਵੀ ਅਪਣਾਇਆ ਜਾ ਸਕਦਾ ਹੈ, ਚੰਦ੍ਰਮਾ ਕੈਲੰਡਰ ਵੀ ਬਿਲਕੁਲ ਠੀਕ ਹੈ, ਗਲਤ ਨਹੀਂ। ਉਨ੍ਹਾਂ ਕਿਹਾ 1469 ਨੂੰ ਬੇਸ ਮੰਨ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ ਨਹੀਂ, ਬਲਕਿ 1 ਜਨਵਰੀ ਬਣਦਾ ਹੈ ਤੇ ਉਸ ਮੁਤਾਬਿਕ 19 ਪੋਹ ਬਣਦਾ ਹੈ। 23 ਪੋਹ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹ ਬਿਕ੍ਰਮੀ ਸੰਮਤ ਦੀ 23 ਪੋਹ ਹੈ ਨਾਨਕਸ਼ਾਹੀ ਦੀ ਨਹੀਂ ਇਸ ਲਈ ਨਾਨਕਸ਼ਾਹੀ ਕੈਲੰਡਰ ਮੁਤਾਬਕ 1 ਜਨਵਰੀ 19 ਪੋਹ ਚਾਹੀਦੀ ਹੈ। ਇਸੇ ਤਰ੍ਹਾਂ ਸਾਰੀਆਂ ਤਰੀਕਾਂ ਵਿੱਚ 4 ਤੋ 7 ਦਿਨ ਦਾ ਫ਼ਰਕ ਹੈ। ਪੁਰੇਵਾਲ ਕੈਲੰਡਰ ਨੂੰ ਫਿਰ ਸਹੀ ਮੰਨਿਆ ਜਾ ਸਕਦਾ ਹੈ ਜੇ ਇਹ ਮੰਨਿਆ ਜਾਵੇ ਕਿ ਸਾਰੇ ਗੁਰੂਆਂ ਦੇ ਜਨਮ 1999 ਵਿੱਚ ਹੋਏ, ਗੁਰਗੱਦੀ 1999 ਵਿੱਚ ਮਿਲੀ ਤੇ ਜੋਤੀ ਜੋਤ 1999 ਵਿੱਚ ਸਮਾਏ। ਪਰ ਅਜੇਹਾ ਨਹੀਂ ਹੈ ਇਸ ਲਈ ਇਹ ਕੈਲੰਡਰ ਬਿਲਕੁਲ ਗਲਤ ਹੈ। ਜੇ ਤਰੀਖਾਂ ਹੀ ਗਲਤ ਹੋ ਗਈਆਂ ਤਾਂ ਸਾਡਾ ਇਤਿਹਾਸ ਮਿਥਿਹਾਸ ਬਣ ਕੇ ਰਹਿ ਜਾਵੇਗਾ।

ਕਰਨਲ ਨਿਸ਼ਾਨ ਨੇ ਕਿਹਾ ਹੋਰਨਾਂ ਸਾਰੇ ਮੁੱਖ ਧਰਮਾਂ ਦੇ ਕੈਲੰਡਰ ਚੰਦਰ ਸਾਲ ਮੁਤਬਕ ਹਨ ਇਸ ਲਈ ਗੁਰਪੁਰਬ ਚੰਦਰਸਾਲ ਮੁਤਾਬਕ ਮਨਾਉਣ ਵਿੱਚ ਕੁਝ ਵੀ ਗਲਤ ਨਹੀਂ ਹੈ ਅਤੇ ਨਾ ਹੀ ਬਿਕ੍ਰਮੀ ਕੈਲੰਡਰ ਵਿੱਚ ਕੋਈ ਨੁਕਸ ਹੈ। ਇਸ ਵਿਚ ਵੀ ਹਰ ਸਾਲ ਵੈਸਾਖੀ 13 ਅਪ੍ਰੈਲ ਅਤੇ ਮਾਘੀ 13 ਜਨਵਰੀ ਨੂੰ ਹੀ ਆਉਂਦੀ ਹੈ। ਕਦੀ ਕਦੀ ਇਕ ਦਿਨ ਦੇ ਫ਼ਰਕ ਨਾਲ 14 ਅਪ੍ਰੈਲ ਨੂੰ ਆਉਂਦੀ ਹੈ। ਰੇਡੀਓ ਐਂਕਰ ਸ: ਕੁਲਦੀਪ ਸਿੰਘ ਨੇ ਕਿਹਾ ਕਿ ਆਉਣ ਵਾਲੇ 100 ਸਾਲ ਵਿੱਚ 2029, 2048, 2105 ਦੇ 3 ਸਾਲ ਐਸੇ ਆ ਰਹੇ ਹਨ ਕਿ ਉਨ੍ਹਾਂ ਵਿੱਚ ਪੋਹ ਦਾ ਮਹੀਨਾ ਹੀ ਨਹੀਂ ਆਉਂਦਾ ਤਾਂ ਫਿਰ ਗੁਰਪੁਰਬ ਕਿਹੜੇ ਦਿਨ ਮਨਾਵਾਂਗੇ? ਕਰਨਲ ਨਿਸ਼ਾਨ ਨੇ ਕਿਹਾ ਇਹ ਪਹਿਲੀਵਾਰ ਨਹੀਂ ਹੋਣਾ ਐਸਾ ਪਹਿਲਾਂ ਵੀ ਹੋ ਚੁੱਕਿਆ ਹੈ। 1334, 1399, 1540, 1681, 1822, 1963 ਵਿੱਚ ਵੀ ਪੋਹ ਦਾ ਮਹੀਨਾ ਨਹੀਂ ਸੀ ਆਇਆ। ਸ: ਪੁਰੇਵਾਲ ਨੇ ਜੋ 500 ਸਾਲਾ ਯੰਤਰੀ ਬਣਾਈ ਹੈ ਉਸ ਵਿਚ ਇਹ ਸਮੱਸਿਆ ਹੱਲ ਕੀਤੀ ਹੈ ਉਸੇ ਤਰ੍ਹਾਂ ਅੱਗੇ ਵੀ ਹੋ ਜਾਵੇਗੀ।

ਸ: ਕੁਲਦੀਪ ਸਿੰਘ ਨੇ ਪੁੱਛਿਆ ਕਿ ਦਸਮ ਗ੍ਰੰਥ ਦਾ ਜੋ ’ਸੰਬਤ ਸਤਰਹ ਸਹਸ ਭਣੀਜੈ॥ ਅਰਧ ਸਹਸ ਫੁਨਿ ਤੀਨਿ ਕਹੀਜੈ॥ ਭਾਦ੍ਰਵ ਸੁਦੀ ਅਸਟਮੀ ਰਵੀਵਾਰਾ॥’ ਦਾ ਹਵਾਲਾ ਦਿੱਤਾ ਜਾਂਦਾ ਹੈ। ਪਰ ਭਾਦੋਂ ਸੁਦੀ ਅਸਟਮੀ ਸੰਮਤ 1753 ਨੂੰ ਤਾਂ ਦਿਨ ਐਤਵਾਰ ਨਹੀਂ ਬਲਕਿ ਮੰਗਲਵਾਰ ਸੀ। ਫਿਰ ਇਸ ਤੋਂ ਇਹ ਸ਼ੱਕ ਨਹੀਂ ਪੈਂਦਾ ਕਿ ਇਹ ਤਰੀਕ ਅੱਟੇਸੱਟੇ ਨਾਲ ਲਿਖੀ ਗਈ ਹੈ। ਕਰਨਲ ਨਿਸ਼ਾਨ ਨੇ ਮੰਨਿਆ ਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸਾਡੇ ਪਾਸ ਅਸਲੀ ਰੂਪ ਵਿੱਚ ਪਹੁੰਚਿਆ ਹੈ ਉਸ ਤਰ੍ਹਾਂ ਦਸਮ ਗ੍ਰੰਥ ਨਹੀਂ ਪਹੁੰਚਿਆ। ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਪਿਛੋਂ ਸੰਪਾਦਤ ਕੀਤਾ ਗਿਆ ਹੈ ਇਸ ਲਈ ਇਸ ਵਿੱਚ ਗਲਤੀ ਹੋ ਸਕਦੀ ਹੈ। ਸ: ਕੁਲਦੀਪ ਸਿੰਘ ਨੇ ਪੁਛਿਆ ਤੁਸੀਂ ਪੁਰੇਵਾਲ ਵਾਲੇ ਕੈਲੰਡਰ ਨੂੰ ਗਲਤ ਤਾਂ ਦੱਸ ਰਹੇ ਹੋ ਪਰ 2009 ਵਿੱਚ ਸੋਧਾਂ ਕਰਕੇ ਜਿਹੜਾ ਕੈਲੰਡਰ ਬਣਾਇਆ ਹੈ ਉਸ ਵਿੱਚ ਸਿਰਫ ਗੁਰਪੁਰਬਾਂ ਦੀਆਂ ਤਰੀਖਾਂ ਬਦਲੀਆਂ ਹਨ, ਬਾਕੀ ਦੀਆਂ ਤਰੀਖਾਂ ਤਾਂ ਪੁਰੇਵਾਲ ਵਾਲੀਆਂ ਹੀ ਹਨ ਫਿਰ ਉਹ ਠੀਕ ਕਿਵੇਂ ਹੋ ਗਿਆ? ਜਵਾਬ ਵਿੱਚ ਕਰਨਲ ਨਿਸ਼ਾਨ ਨੇ ਕਿਹਾ 2003 ਅਤੇ 2009 ਵਾਲੇ ਦੋਵੇਂ ਕੈਲੰਡਰ ਹੀ ਗਲਤ ਹਨ। ਉਨ੍ਹਾਂ ਕਿਹਾ ਜੇ ਇੱਕ ਵਿਦਵਾਨ ਹੋਣ ਦੇ ਨਾਤੇ ਤੁਸੀਂ ਵੀ ਇਸ ਨੂੰ ਗਲਤ ਮੰਨਦੇ ਹੋ, ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਇਸ ਦਾ ਵਿਰੋਧ ਕਰ ਰਿਹਾ ਹੈ। ਵਿਦੇਸ਼ਾਂ ਦੇ ਸਾਰੇ ਸਿੱਖ ਇਸ ਦਾ ਵਿਰੋਧ ਕਰ ਰਹੇ ਹਨ, ਦਿੱਲੀ ਕਮੇਟੀ ਇਸ ਦਾ ਵਿਰੋਧ ਕਰ ਰਹੀ ਹੈ, ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਅੰਤਰਿੰਗ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੌਲੀ ਤੇ ਬੀਬੀ ਰਵਿੰਦਰ ਕੌਰ ਇਸ ਦਾ ਵਿਰੋਧ ਕਰ ਰਹੇ ਹਨ ਤਾਂ ਇਹ ਕੈਲੰਡਰ ਬਣਾਇਆ ਕਿਨ੍ਹਾਂ ਲਈ ਗਿਆ ਹੈ? ਕਰਨਲ ਨਿਸ਼ਾਨ ਇਸ ਦਾ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਡਾ: ਰਮਿੰਦਰ ਸਿੰਘ ਕੰਗ ਨੇ ਪੁੱਛਿਆ ਕਿ ਤਸੀਂ ਸ: ਪੁਰੇਵਾਲ ਦੇ ਕੈਲੰਡਰ ਨੂੰ ਗਲਤ ਤਾਂ ਦੱਸ ਰਹੇ ਹੋ ਪਰ ਕੀ ਤੁਸੀਂ ਆਪਣੇ ਵਲੋਂ ਕੋਈ ਠੀਕ ਕੈਲੰਡਰ ਵੀ ਬਣਾਇਆ ਹੈ। ਕਰਨਲ ਨਿਸ਼ਾਨ ਨੇ ਕਿਹਾ ਜੇ ਉਨ੍ਹਾਂ ਨੂੰ ਹੁਕਮ ਹੋਇਆ ਤਾਂ ਜਰੂਰ ਬਣਾਉਣਗੇ।

ਸ: ਪਾਲ ਸਿੰਘ ਪੁਰੇਵਾਲ ਨੇ ਕਿਹਾ ਕਰਨਲ ਸੁਰਜੀਤ ਸਿੰਘ ਨਿਸ਼ਾਨ, ਡਾ: ਅਨੁਰਾਗ ਸਿੰਘ ਤੇ ਸੰਤਾਂ ਨੂੰ ਨਾ ਇਤਿਹਾਸ ਅਤੇ ਨਾ ਹੀ ਕੈਲੰਡਰ ਸਬੰਧੀ ਕੋਈ ਜਾਣਕਾਰੀ ਐ। ਪਿਛਲੇ 12 ਸਾਲਾਂ ਤੋਂ ਉਹੀ ਗੱਲਾਂ ਵਾਰ ਵਾਰ ਕਰ ਰਹੇ ਹਨ ਪਰ ਹੁਣ ਤੱਕ ਨਾ ਕੋਈ ਕੈਲੰਡਰ ਬਣਾ ਸਕੇ ਹਨ ਤੇ ਨਾ ਹੀ ਬਣਾ ਸਕਣਗੇ। ਇਨ੍ਹਾਂ ਦੀ ਜਾਣਕਾਰੀ ਸਬੰਧੀ ਚਾਨਣਾ ਪਾਉਂਦਿਆਂ ਸ: ਪੁਰੇਵਾਲ ਨੇ ਦੱਸਿਆ ਕਿ ਇਕ ਮੀਟਿੰਗ ਵਿਚ ਡਾ: ਅਨੁਰਾਗ ਸਿੰਘ ਉਨ੍ਹਾਂ ਨੂੰ ਕਹਿਣ ਲੱਗੇ ਪੁਰੇਵਾਲ ਸਾਹਿਬ ਤੁਸੀਂ ਦੀਵਾਲੀ ਦਾ ਨਾਮ ਹੀ ਬਦਲ ਕੇ ਬੰਦੀ ਛੋੜ ਦਿਵਸ ਕਰ ਦਿੱਤਾ। ਬੰਦੀ ਛੋੜ ਦਿਵਸ ਦਾ ਤਾਂ ਇਤਿਹਾਸ ਵਿੱਚ ਕੋਈ ਜ਼ਿਕਰ ਹੀ ਨਹੀਂ ਹੈ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਦਾ ਜਿਕਰ ਗੁਰੂ ਕੀਆਂ ਸਾਖੀਆਂ ਵਿੱਚ ਹੈ ਤਾਂ ਉਨ੍ਹਾਂ ਆਪਣੇ ਝੋਲ੍ਹੇ ’ਚੋਂ ਗੁਰੂ ਕੀਆਂ ਸਾਖੀਆਂ ਪੁਸਤਕ ਕੱਢ ਕੇ ਫੜਾ ਦਿੱਤੀ ਤੇ ਕਹਿਣ ਲੱਗੇ ਕਿ ਇਸ ਵਿੱਚ ਤਾਂ ਗੁਰੂ ਹਰਿਗੋਬਿੰਦ ਸਾਹਿਬ ਦਾ ਹੀ ਜ਼ਿਕਰ ਨਹੀਂ ਬੰਦੀ ਛੋੜ ਦਿਵਸ ਦਾ ਜ਼ਿਕਰ ਕਿਥੋਂ ਹੋਣਾ ਹੈ? ਸ: ਪੁਰੇਵਾਲ ਨੇ ਕਿਹਾ ਕਿ ਜਦੋਂ ਉਨ੍ਹਾਂ ਤੋਂ ਪੁਸਤਕ ਫੜ ਕੇ ਵਿਖਾ ਦਿਤਾ ਕਿ ਆਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜ਼ਿਕਰ ਹੈ ਤਾਂ ਬਾਬਾ ਹਰੀ ਸਿੰਘ ਰੰਧਾਵਾ ਕਹਿਣ ਲੱਗੇ ਕਿ ਗੱਲ ਤਾਂ ਬੰਦੀ ਛੋੜ ਦਿਵਸ ਦੀ ਹੋ ਰਹੀ ਸੀ ਉਹ ਵਿਖਾਓ ਕਿਥੇ ਹੈ? ਜਦੋਂ ਦੁਬਾਰਾ ਕੁਝ ਵਰਕੇ ਫਰੋਲ ਕੇ ਵਿਖਾਇਆ ਕਿ ਇਸ ਪਹਿਰੇ ਵਿੱਚ ਬੰਦੀ ਛੋੜ ਦਿਵਸ ਦਾ ਜ਼ਿਕਰ ਹੈ ਤਾਂ ਰੰਧਾਵਾ ਜੀ ਕਹਿਣ ਲੱਗੇ ਹਾਂ ਹੈ ਤਾਂ ਸਹੀ। ਉਸ ਸਮੇਂ ਨਿਸ਼ਾਨ ਸਾਹਿਬ ਵੀ ਕੋਲ ਹੀ ਬੈਠੇ ਸਨ। ਇਨ੍ਹਾਂ ਨੇ ਆਪਣੀ ਪਹਿਲੀ ਚਿੱਠੀ ਵਿੱਚ ਲਿਖਿਆ ਕਿ ਸਾਰੀਆਂ ਸੰਗਰਾਂਦਾਂ ਅੰਗਰੇਜੀ ਮਹੀਨੇ ਦੀਆਂ 13 ਨੂੰ ਕਰ ਦਿਓ। ਜਦੋਂ ਇਨ੍ਹਾਂ ਨੂੰ ਦੱਸਿਆ ਗਿਆ ਕਿ ਤੁਹਾਡੇ ਸਵਾਲ ਆਪਾ ਵਿਰੋਧੀ ਹਨ।

ਇੱਕ ਪਾਸੇ ਤਾਂ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪਹਿਲੀ ਜਨਵਰੀ ਨੂੰ ਕਰਨ ਲਈ ਕਹਿ ਰਹੇ ਹੋ ਜਿਹੜਾ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੈ ਤੇ ਦੂਸਰੇ ਪਾਸੇ ਸੰਗ੍ਰਾਂਦਾਂ ਗੈਰੇਗੋਰੀਅਨ ਕੈਲੰਡਰ ਮੁਤਾਬਕ ਨਿਸਚਤ ਕਰਨ ਲਈ ਕਹਿ ਰਹੇ ਹੋ। ਦੂਸਰੀ ਚਿੱਠੀ ਵਿੱਚ ਕਹਿਣ ਲੱਗੇ ਕਿ ਫਿਰ ਵੈਸਾਖੀ 10 ਅਪ੍ਰੈਲ ਦੀ ਕਰ ਦੇਵੋ। ਇਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਵੀ ਗਲਤ ਹੈ ਕਿ 1999 ਨੂੰ ਬੇਸ ਮੰਨ ਕੇ ਵੈਸਾਖੀ 10 ਅਪ੍ਰੈਲ ਦੀ ਨਹੀਂ 9 ਅਪ੍ਰੈਲ ਦੀ ਬਣਦੀ ਹੈ ਜੇ 1469 ਨੂੰ ਬੇਸ ਮੰਨਣਾ ਹੈ ਤਾਂ 27 ਮਾਰਚ ਕਰਨਾ ਪਏਗਾ। ਕੀ ਇਹ ਮੰਨ ਲਵੋਗੇ? ਸ: ਪੁਰੇਵਾਲ ਨੇ ਕਿਹਾ ਕਿ ਇਨ੍ਹਾਂ ਦੀਆਂ ਚਿਠੀਆਂ ਮੁਤਾਬਕ ਇਹ ਉਸ ਵੇਲੇ ਸਗ੍ਰਾਂਦ ਬਦਲਣ ਲਈ ਤਿਆਰ ਸਨ ਪਰ ਅੱਜ ਰੌਲਾ ਪਾ ਰਹੇ ਹਨ ਕਿ ਸੰਗ੍ਰਾਂਦ ਕੁਦਰਤੀ ਨਿਯਮਾਂ ਮੁਤਾਬਕ ਹੈ ਇਹ ਬਦਲੀ ਨਹੀਂ ਜਾ ਸਕਦੀ। ਸਾਰੇ ਪੰਡਤ ਅਤੇ ਵਿਗਿਆਨੀ ਇਹ ਗੱਲ ਮੰਨ ਰਹੇ ਹਨ ਕਿ ਬਿਕ੍ਰਮੀ ਕੈਲੰਡਰ ਰੁੱਤਾਂ ਮੁਤਾਬਕ ਨਹੀਂ ਹਨ ਤੇ ਹੁਣ ਤੱਕ 24 ਦਿਨ ਦਾ ਫਰਕ ਪੈ ਚੁੱਕਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੈਸਾਖੀ 11 ਅਪ੍ਰੈਲ ਨੂੰ ਸੀ, ਮੇਰੇ ਪਾਸ 1878 ਦੀ ਇੱਕ ਉਰਦੂ ਦੀ ਯੰਤਰੀ ਪਈ ਜਿਸ ਵਿੱਚ ਵੈਸਾਖੀ 11 ਅਪ੍ਰੈਲ ਦੀ ਹੈ, ਫਿਰ 13 ਅਪ੍ਰੈਲ, 1999 ਵਿੱਚ 14 ਅਪ੍ਰੈਲ, ਹੁਣ ਕਦੀ 13 ਤੇ ਕਦੀ 14 ਅਪ੍ਰੈਲ, 2100 ਵਿੱਚ 15 ਅਪ੍ਰੈਲ, 2199 ਵਿੱਚ 16 ਅਪ੍ਰੈਲ, 2999 ਵਿੱਚ 27 ਅਪ੍ਰੈਲ ਅਤੇ 1300 ਸਾਲ ਪਿਛੋਂ ਅਕਤੂਬਰ ਵਿੱਚ ਆਵੇਗੀ। ਇਸ ਤਰ੍ਹਾਂ ਰੁਤਾਂ ਨਾਲੋਂ ਬਿਕ੍ਰਮੀ ਸੰਮਤ ਦਾ ਸਬੰਧ ਪੂਰੀ ਤਰ੍ਹਾਂ ਟੁੱਟ ਜਾਵੇਗਾ ਜਦੋਂ ਕਿ ਗੁਰਬਾਣੀ ਵਿੱਚ ਵਰਤੇ ਗਏ ਮਹੀਨਿਆਂ ਦਾ ਸਬੰਧ ਰੁੱਤਾਂ ਨਾਲ ਹੈ। ਨਾਨਕਸ਼ਾਹੀ ਕੈਲੰਡਰ ਵਿਚ ਮਹੀਨਿਆਂ ਦਾ ਸਬੰਧ ਕਦੀ ਵੀ ਰੁਤਾਂ ਨਾਲੋਂ ਨਹੀਂ ਟੁੱਟੇਗਾ। ਇਨ੍ਹਾਂ ਨੂੰ ਇਸ ਗੱਲ ਦੀ ਕੋਈ ਸੋਝੀ ਨਹੀਂ ਤੇ ਐਵੇਂ ਹੀ ਰੱਟ ਲਾ ਰੱਖੀ ਹੈ ਕਿ ਬਿਕ੍ਰਮੀ ਯੰਤਰੀ ਵਿੱਚ ਕੋਈ ਗਲਤੀ ਨਹੀਂ ਹੈ, ਤੇ ਨਾਨਕਸ਼ਾਹੀ ਕੈਲੰਡਰ ਗਲਤ ਹੈ।

ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਵਾਲੇ ਲੇਖ ਵਿਚ ਸਾਫ ਤੌਰ ਤੇ ਲਿਖਿਆ ਹੈ ਕਿ 1999 ਵਿਚ ਗੁਰਪੁਰਬਾਂ ਦੀਆਂ ਤਰੀਖਾਂ ਨਾਨਕਸ਼ਾਹੀ ਕੈਲੰਡਰ ਵਿੱਚ ਬਦਲ ਦਿਤੀਆਂ ਗਈਆਂ ਹਨ ਤੇ ਇਹ ਤਰੀਖਾਂ ਅੰਗਰੇਜੀ ਮਹੀਨਿਆਂ ਦੀਆਂ ਨਹੀਂ ਪ੍ਰੀਵਿਸ਼ਟਿਆਂ ਮੁਤਾਬਕ ਰੱਖੀਆਂ ਗਈਆਂ ਹਨ। ਇਸ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨਹੀਂ 23 ਪੋਹ ਰੱਖਿਆ ਗਿਆ ਹੈ ਜੋ ਹਰ ਸਾਲ 5 ਜਨਵਰੀ ਨੂੰ ਹੀ ਆਵੇਗਾ। ਉਨ੍ਹਾਂ ਕਿਹਾ ਇਹ ਜਿਹੜਾ ਕਹਿ ਰਹੇ ਹਨ ਕਿ ਬਿਕ੍ਰਮੀ ਯੰਤਰੀ ਵਿੱਚ ਕੋਈ ਗਲਤੀ ਨਹੀਂ ਹੈ। ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਗਲੇ ਸਾਲ ਭਾਦੋਂ ਦੇ ਦੋ ਮਹੀਨੇ ਆ ਰਹੇ ਹਨ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਭਾਦੋਂ ਸੁਦੀ 1 ਦੋ ਵਾਰ ਆਵੇਗੀ। ਪਹਿਲੇ ਮਹੀਨੇ ਦੀ ਭਾਦੋਂ ਸੁਦੀ 1 ਨੂੰ ਗੁਰਪੁਰਬ ਨਹੀਂ ਮਨਾਇਆ ਜਾਵੇਗਾ ਕਿਉਂਕਿ ਪੰਡਤਾਂ ਅਨੁਸਾਰ ਇਹ ਮਲਮਾਸ ਦਾ ਮਹੀਨਾ ਹੈ ਜੋ ਕਿ ਮਾੜਾ ਹੈ। ਇਸ ਲਈ ਗੁਰਪੁਰਬ ਮਨਉਣ ਲਈ ਇੱਕ ਮਹੀਨਾ ਉਡੀਕ ਕੇ ਮਨਾਉਣਾ ਪਏਗਾ। ਪੁਰੇਵਾਲ ਨੇ ਪੁਛਿਆ ਕਿ ਕੀ ਇਹ ਗੁਰਮਤ ਹੈ। ਇਤਿਹਾਸਕ ਦਿਹਾੜੇ ਨਿਸਚਤ ਕਰਨ ਲਈ ਉਨ੍ਹਾਂ 34 ਇਤਿਹਾਸਕ ਹਵਾਲੇ ਇਕੱਤਰ ਕੀਤੇ ਹਨ। ਇਨ੍ਹਾਂ ਨੇ ਨਾ ਇਹ ਪੁਸਤਕਾਂ ਪੜ੍ਹੀਆਂ ਹਨ ਅਤੇ ਨਾਂ ਹੀ ਇਨ੍ਹਾਂ ਵਾਰੇ ਕੁਝ ਪਤਾ ਹੈ ਐਵੇਂ ਹੀ ਕਹੀ ਜਾ ਰਹੇ ਹਨ ਕਿ ਪੁਰੇਵਾਲ ਨੇ ਇਤਿਹਾਸਕ ਤਰੀਖਾਂ ਬਦਲ ਦਿਤੀਆਂ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top