Share on Facebook

Main News Page

ਮੱਕੜ ਦੀ ਝੀਂਡਾ ਨੂੰ ਸਲਾਹ- ਛੋਟਾ ਵੀਰ ਬਣ ਕੇ ਰਹੇਂਗਾ ਤਾਂ ਮਜ਼ੇ ਕਰੇਂਗਾ

ਆਨੰਦਪੁਰ ਸਾਹਿਬ, ( 6 ਫਰਵਰੀ,ਪੀ.ਐਸ.ਐਨ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਆਪਣੇ ਆਪ ਨੂੰ ਹਰਿਆਣਾ ਦੇ ਸਿੱਖਾਂ ਦਾ ਆਗੂ ਅਖਵਾਉਣ ਵਾਲਾ ਜਗਦੀਸ਼ ਸਿੰਘ ਝੀਂਡਾ ਜੇਕਰ ਮੇਰਾ ਛੋਟਾ ਭਰਾ ਬਣ ਕੇ ਰਹੇ ਤਾਂ ਹੀ ਠੀਕ ਹੈ। ਜੇਕਰ ਉਹ ਵੱਖਰੀ ਗੁਰਦੁਅਰਾ ਕਮੇਟੀ ਦੀ ਸੁਰ ਅਲਾਪੇਗਾ ਤਾਂ ਮੈਂ ਕੀ ਸਮੁੱਚਾ ਸਿੱਖ ਪੰਥ ਵੀ ਉਸਨੂੰ ਕਦੇ ਮੁਆਫ਼ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਸ੍ਰੀ ਝੀਂਡਾ ਨੂੰ ਚਾਹੀਦਾ ਹੈ ਕਿ ਉਹ ਛੋਟੇ ਭਰਾ ਦੇ ਦਰਜੇ ਨਾਲ ਆਪਣਾ ਬਣਦਾ ਮਾਣ ਸਨਮਾਨ ਹਾਸਲ ਕਰਦਾ ਰਹੇ। ਜਥੇਦਾਰ ਮੱਕੜ ਮਾਤਾ ਨਾਨਕੀ ਨਿਵਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਜਥੇਦਾਰ ਮੱਕੜ ਨੇ ਕਿਹਾ ਕਿ ਸ੍ਰੀ ਝੀਂਡਾ ਨੇ ਤਾਂ ਹੁਣ ਮੈਨੂੰ ਆਪਣਾ ਵੱਡਾ ਭਰਾ ਮੰਨਿਆ ਹੈ ਪਰ ਮੈਂ ਤਾਂ ਉਸਨੂੰ ਕਦੇ ਵੀ ਆਪਣਾ ਵਿਰੋਧੀ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਉਸ ਦੀ ਲੜਾਈ ਤਾਂ ਸਿਰਫ ਸਿੱਖ ਪੰਥ ਦੇ ਵਡੇਰੇ ਹਿੱਤਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਵਉੱਚਤਾ ਨੂੰ ਬਹਾਲ ਰੱਖਣ ਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੋ ਵੀ ਸ਼੍ਰੋਮਣੀ ਕਮੇਟੀ ਦੀਆਂ ਵੰਡੀਆਂ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹ ਉਸਦਾ ਵਿਰੋਧ ਕਰਨਗੇ ਅਤੇ ਕਿਸੇ ਵੀ ਸੂਰਤ ਵਿੱਚ ਵੱਖਰੀ ਕਮੇਟੀ ਨਹੀਂ ਬਣਨ ਦਿਆਂਗੇ।

ਮਨਪ੍ਰੀਤ ਬਾਦਲ ਦੀਆਂ ਬੈਠਕਾਂ ਸ਼੍ਰੋਮਣੀ ਕਮੇਟੀ ਅਧੀਨ ਆਉਂਦੀਆਂ ਜ਼ਮੀਨਾਂ ਵਿੱਚ ਨਾ ਹੋਣ ਤੇ ਗੁਰਦੁਆਰਾ ਸਹਿਬਾਨ ਵਿੱਚ ਮਨਪ੍ਰੀਤ ਸਮੱਰਥਕਾਂ ਦੇ ਦਾਖਲੇ 'ਤੇ ਰੋਕ ਲਗਾਉਣ ਸਬੰਧੀ ਪੁੱਛਣ 'ਤੇ ਸ੍ਰੀ ਮੱਕੜ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਕਿਸੇ ਨੂੰ ਨਹੀਂ ਰੋਕਿਆ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮ ਹਨ,ਜਿਨ੍ਹਾਂ ਤਹਿਤ ਹਰ ਕਿਸੇ ਨੂੰ ਪ੍ਰੋਗਰਾਮ ਕਰਨ ਤੋਂ ਪਹਿਲਾਂ ਮੈਨੇਜਰ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਜੇਕਰ ਮਨਪ੍ਰੀਤ ਦੀ ਵੀ ਕੋਈ ਅਰਜ਼ੀ ਆਈ ਤਾਂ ਉਹ ਉਸ 'ਤੇ ਵੀ ਵਿਚਾਰ ਜ਼ਰੂਰ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਾਰੇ ਦਫ਼ਤਰਾਂ ਨੂੰ ਆਦੇਸ਼ ਜਾਰੀ ਕਰ ਕੇ ਸਿਰੋਪੇ ਨਾਲ ਲੋਈਆਂ ਨਾ ਦੇਣ ਬਾਰੇ ਕਿਹਾ ਗਿਆ ਹੈ।

ਉਨ੍ਹਾਂ ਕਿਹਾ ਕਿ ਗੁਰਦੁਆਰੇ ਵਿੱਚ ਸਿਰਫ ਸਿਰੋਪੇ ਨਾਲ ਹੀ ਸਨਮਾਨ ਕੀਤਾ ਜਾਵੇ। ਇਸ ਮੌਕੇ 'ਤੇ ਉਨ੍ਹਾਂ ਨਾਲ ਭਾਈ ਪਰਮਜੀਤ ਸਿੰਘ,ਮੈਨੇਜਰ ਜਵਾਹਰ ਸਿੰਘ,ਮੀਤ ਮੈਨੇਜਰ ਰਣਬੀਰ ਸਿੰਘ ਅਤੇ ਸੂਚਨਾ ਅਧਿਕਾਰੀ ਭੁਪਿੰਦਰ ਸਿੰਘ ਵੀ ਹਾਜ਼ਰ ਸਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top