Share on Facebook

Main News Page

ਔਰਤਾਂ ਲਈ ਹੈਲਮੇਟ ਲਾਜ਼ਮੀ ਕਰਨ ਦੇ ਸਿੱਖ ਜਥੇਬੰਦੀਆਂ ਦਾ ਵਿਰੋਧ ਸਸਤੀ ਸ਼ਹੁਰਤ ਹਾਸਲ ਕਰਨ ਦਾ ਢਕਵੰਜ: ਆਰ.ਐਸ.ਸੋਢੀ

ਨਵੀਂ ਦਿੱਲੀ, 6 ਫਰਵਰੀ (ਜਸਵੰਤ ਸਿੰਘ ‘ਅਜੀਤ) – ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਇਥੇ ਜਾਰੀ ਇਕ ਬਿਆਨ ਵਿੱਚ ਦਿੱਲੀ ਪੁਲਿਸ ਵਲੋਂ ਦੋ-ਪਹੀਆ ਚਾਲਕ ਔਰਤਾਂ ਲਈ ਲੋਹ-ਟੋਪ ਪਹਿਨਣਾ ਲਾਜ਼ਮੀ ਕੀਤੇ ਜਾਣ ਦੇ ਸਬੰਧ ਵਿੱਚ ਕੀਤੇ ਜਾ ਰਹੇ ਵਿਚਾਰ ਦਾ ਕੁਝ ਸਿੱਖ ਜਥੇਬੰਦੀਆਂ ਵਲੋਂ ਵਿਰੋਧ ਕੀਤੇ ਜਾਣ ਨੂੰ ਸਸਤੀ ਸ਼ਹੁਰਤ ਹਾਸਲ ਕਰਨ ਦਾ ਇਕ ਢਕਵੰਜ ਕਰਾਰ ਦਿਤਾ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਕਿ ਕੇਵਲ ਦੋ-ਪਹੀਆ ਚਾਲਕ ਸਿੱਖ ਬੀਬੀਆਂ ਲਈ ਲੋਹ-ਟੋਪ ਪਹਿਨਣ ਦੀ ਛੋਟ ਨਿਸ਼ਚਿਤ ਕਰਨਾ ਆਸਾਨ ਨਹੀਂ। ਉਨ੍ਹਾਂ ਇਸਦਾ ਕਾਰਣ ਇਹ ਦਸਿਆ ਕਿ ਸਿੱਖ ਬੀਬੀਆਂ ਦੀ ਕੋਈ ਅੱਡਰੀ ਪਛਾਣ ਨਹੀਂ ਹੈ, ਜਿਸਤੋਂ ਇਹ ਅਨੁਮਾਨ ਲਾਇਆ ਜਾ ਸਕੇ ਕਿ ਇਹ ਬੀਬੀ ਸਿੱਖ ਹੈ ਜਾਂ ਗ਼ੈਰ-ਸਿੱਖ। ਉਨ੍ਹਾਂ ਕਿਹਾ ਕਿ ਅਜਿਹੀ ਛੋਟ ਦੀ ਮੰਗ ਕਰਨ ਤੋਂ ਪਹਿਲਾਂ ਸਿੱਖ ਬੀਬੀ ਦੀ ਅੱਡਰੀ ਪਛਾਣ ਕਾਇਮ ਕਰਨੀ ਹੋਵੇਗੀ। ਕੇਵਲ ਕੜਾ ਹੀ ਸਿੱਖ ਬੀਬੀ ਦੀ ਪਛਾਣ ਨਹੀਂ ਹੋ ਸਕਦੀ, ਕਿਉਂਕਿ ਅਜਕਲ ਗ਼ੈਰ-ਸਿੱਖਾਂ ਵਿੱਚ ਵੀ ਕੜਾ ਪਹਿਨਣ ਦਾ ਸਿਲਸਿਲਾ ਚਲ ਪਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਪੁਲਿਸ ਲਈ ਸਿੱਖ ਵਜੋਂ ਪਛਾਣ ਕਰਨ ਲਈ, ਹਰ ਬੀਬੀ ਨੂੰ ਰੋਕਣਾ ਵੀ ਸੰਭਵ ਨਹੀਂ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਹ-ਟੋਪ ਸੁਰਖਿਆ ਨੂੰ ਮੁਖ ਰਖ ਕੇ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਇਸ ਕਰਕੇ ਇਸ ਨੂੰ ਪਹਿਨਣ ਤੋਂ ਛੋਟ ਹਾਸਲ ਕਰਨ ਲਈ ਦੋ-ਪਹੀਆ ਚਾਲਕ ਸਿੱਖ ਬੀਬੀਆਂ ਲਈ ਸੁਰਖਿਆ ਦਾ ਕੋਈ ਆਧਾਰ ਨਿਸ਼ਚਿਤ ਕਰਨਾ ਹੋਵੇਗਾ, ਜੋ ਸਿਰ ਤੇ ਦਸਤਾਰ ਦੇ ਰੂਪ ਵਿੱਚ ਕੇਸਕੀ ਸਜਾਣ ਨਾਲ ਹੀ ਸੰਭਵ ਹੋ ਸਕੇਗਾ।

ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਦੋ-ਪਹੀਆ ਚਾਲਕ ਸਿੱਖਾਂ ਨੂੰ ਲੋਹ-ਟੋਪ ਪਹਿਨਣ ਤੋਂ ਜੋ ਛੋਟ ਮਿਲੀ ਹੋਈ ਹੈ, ਉਸਦੀ ਵੀ ਗ਼ਲਤ ਵਰਤੋਂ ਹੋ ਰਹੀ ਹੈ, ਜੋ ਕਿ ਸਿੱਖੀ ਲਈ ਘਾਤਕ ਹੋ ਸਕਦੀ ਹੈ। ਇਸ ਪਾਸੇ ਕਿਸੇ ਵੀ ਸਿੱਖ ਸੰਸਥਾ ਦਾ ਧਿਆਨ ਨਹੀਂ ਜਾ ਰਿਹਾ। ਉਨ੍ਹਾਂ ਦਸਿਆ ਕਿ ਦੋ-ਪਹੀਆ ਚਾਲਕ ਸਿੱਖਾਂ ਨੂੰ ਲੋਹ-ਟੋਪ ਪਹਿਨਣ ਦੀ ਛੋਟ ਇਸ ਆਧਾਰ ਦਿੱਤੀ ਗਈ ਹੋਈ ਹੈ ਕਿ ਉਨ੍ਹਾਂ ਦੀ ਪਗੜੀ ਲੋਹ-ਟੋਪ ਦੀ ਲੋੜ ਨੂੰ ਪੂਰਿਆਂ ਕਰਦੀ ਹੈ, ਪਰ ਕੁਝ ਸਿੱਖ ਨੌਜਵਾਨ ਸਿਰ ਤੇ ਪਟਕਾ ਬੰਨ੍ਹ ਜਾਂ ਟੋਪੀ ਪਾ ਇਸ ਛੋਟ ਦਾ ਨਾਜਾਇਜ਼ ਲਾਭ ਉਠਾ ਰਹੇ ਹਨ, ਜੋ ਕਿ ਕਾਨੂੰਨ ਦਾ ਹੀ ਉਲੰਘਣ ਨਹੀਂ, ਸਗੋਂ ਸਿੱਖੀ ਲਈ ਵੀ ਨੁਕਸਾਨਦੇਹ ਹੈ। ਉਨ੍ਹਾਂ ਹੋਰ ਦਸਿਆ ਕਿ ਸਿੱਖ ਨੌਜਵਾਨਾਂ ਵਲੋਂ ਅਪਨਾਏ ਗਏ ਇਸ ਰਾਹ ਦਾ ਲਾਭ ਕੁਝ ਗ਼ੈਰ-ਸਿੱਖ ਅਤੇ ਪਤਿਤ ਸਿੱਖ ਨੌਜਵਾਨ ਵੀ ਉਠਾ ਰਹੇ ਹਨ। ਉਹ ਥੋੜੀ ਦਾੜ੍ਹੀ ਵਧਾ ਲੈਂਦੇ ਹਨ ਤੇ ਸਿਰ ਸਫਾ-ਚਟ ਪੁਰ ਟੋਪੀ ਪਾ ਜਾਂ ਪਟਕਾ ਬੰਨ੍ਹ ਸਿੱਖ ਹੋਣ ਦਾ ਭੁਲੇਖਾ ਪਾ, ਇਸ ਛੋਟ ਦਾ ਲਾਭ ਉਠਾਂਦੇ ਆਮ ਵੇਖੇ ਜਾ ਸਕਦੇ ਹਨ। ਜਸਟਿਸ ਸੋਢੀ ਨੇ ਕਿਹਾ ਕਿ ਜੇ ਸਿੱਖੀ ਮਾਨਤਾਵਾਂ ਦੀ ਰਖਿਆ ਦੇ ਉਦੇਸ਼ ਨਾਲ ਲੋਹ-ਟੋਪ ਪਹਿਨਣ ਦੀ ਛੋਟ ਹਾਸਲ ਕਰਨੀ ਹੈ ਤਾਂ ਪਹਿਲਾਂ ਸਿੱਖ ਬੀਬੀਆਂ ਦੀ ਅੱਡਰੀ ਪਛਾਣ ਕਾਇਮ ਕਰਨੀ ਹੋਵੇਗੀ ਅਤੇ ਸਿੱਖ ਨੌਜਵਾਨਾਂ ਨੂੰ ਸਪਸ਼ਟ ਕਰਨਾ ਹੋਵੇਗਾ ਕਿ ਉਹ ਪੱਗੜੀ ਪਹਿਨ ਕੇ ਹੀ ਲੋਹ-ਟੋਪ ਪਹਿਨਣ ਦੀ ਛੋਟ ਦਾ ਲਾਭ ਲੈ ਸਕਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top