Share on Facebook

Main News Page

ਸਿੱਖੀ ਵਿੱਚ ਅਕਾਲ ਤਖਤ ਦਾ ਰੋਲ!

ਛੇਵੇਂ ਨਾਨਕ ਜੀ ਨੇ, ਸਿੱਖਾਂ ਵਿਚੋਂ ਹੀ ਨਹੀਂ, ਆਮ ਲੋਕਾਂ ਵਿਚੋਂ ਵੀ ਦੁਨਿਆਵੀ ਤਖਤਾਂ ਦੇ ਰਾਜਿਆਂ ਦੇ ਜ਼ੁਲਮ ਭਰਪੂਰ ਰਾਜ ਦਾ ਡਰ ਦੂਰ ਕਰਨ ਲਈ (ਜਿਸ ਅਧੀਨ ਇਹ ਗਰੀਬ ਲੋਕ, ਨਰਕ ਵਰਗੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਸਨ) ਗੁਰਮਤਿ ਸਿਧਾਂਤ ਅਨੁਸਾਰ, ਇਕੋ-ਇਕ ਸਦੀਵੀ ਤਖਤ, ਪਰਮਾਤਮਾ ਦੇ ਤਖਤ, ਪਰਮਾਤਮਾ ਦੇ ਸਦੀਵੀ ਰਾਜ ਦੇ ਸੱਚ ਨੂੰ ਦ੍ਰਿੜ੍ਹ ਕਰਵਾਉਂਦਾ ਅਕਾਲ ਦੇ ਤਖਤ ਦਾ ਸਿਧਾਂਤ ਦਿੱਤਾ ਸੀ। ਜੋ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੀ ਹੈ ਅਤੇ ਸ੍ਰਿਸ਼ਟੀ ਦੇ ਅੰਤ ਤੱਕ ਰਹੇਗਾ। ਜਿਸ ਦੇ ਅਧੀਨ, ਕਿਸੇ ਨਾਲ ਕੋਈ ਜ਼ਿਆਦਤੀ, ਕੋਈ ਜ਼ੁਲਮ, ਕੋਈ ਵਿਤਕਰਾ, ਨਾ ਅੱਜ ਤਕ ਹੋਇਆ ਹੈ, ਨਾ ਕਦੀ ਹੋਵੇਗਾ ਹੀ।

ਇਹ ਇਕ ਸਿਧਾਂਤ ਹੈ, ਕੋਈ ਖਾਸ ਥਾਂ, ਕੋਈ ਖਾਸ ਬਿਲਡਿੰਗ ਨਹੀਂ ਹੋ ਸਕਦੀ, ਕਿਉਂਕਿ ਪਰਮਾਤਮਾ ਦਾ ਤਖਤ, ਉਸ ਦੀ ਸ੍ਰਿਸ਼ਟੀ ਦਾ ਹਰ ਕਣ ਹੈ, ਜਿਸ ਵਿਚ ਉਹ ਹਰ ਥਾਂ ਇਕ ਸਮਾਨ, ਪੂਰਨ ਰੂਪ ਵਿਚ ਨਿਵਾਸ ਕਰਦਾ ਹੈ। ਇਸ ਲਿਹਾਜ਼ ਕਿਸੇ ਖਾਸ ਥਾਂ ਨੂੰ, ਸਿਧਾਂਤਿਕ ਰੂਪ ਵਿੱਚ, ਕੋਈ ਖਾਸ ਮਹੱਤਤਾ ਨਹੀਂ ਦਿੱਤੀ ਜਾ ਸਕਦੀ, ਇਤਿਹਾਸਿਕ ਮਹੱਤਤਾ ਦੀ ਗੱਲ ਵੱਖਰੀ ਹੈ।

ਇਸ ਅਸਥਾਨ ਦੀ, ਜਿਥੇ ਇੱਕ ਉੱਚਾ ਟੀਲਾ ਹੁੰਦਾ ਸੀ, ਜਿਸ ਤੇ ਬੈਠ ਕੇ ਗੁਰੂ ਹਰਿਗੋਬਿੰਦ ਸਾਹਿਬ, ਦਰਬਾਰ ਲਗਾਇਆ ਕਰਦੇ ਸਨ, ਢਾਡੀਆਂ ਕੋਲੋਂ ਸਿੱਖਾਂ ਨੂੰ ਸੂਰਮਿਆਂ ਦੀਆਂ ਵਾਰਾਂ ਸੁਣਵਾਇਆ ਕਰਦੇ ਸਨ, ਸਿੱਖਾਂ ਦੇ ਫੌਜੀ ਕਰਤਬ ਵੇਖਿਆ ਕਰਦੇ ਸਨ, ਲੋਕਾਂ ਦੀਆਂ ਫਰਿਆਦਾਂ ਸੁਣਿਆ ਕਰਦੇ ਸਨ, ਉਨ੍ਹਾਂ ਦੇ ਨਿਪਟਾਰੇ ਕਰਿਆ ਕਰਦੇ ਸਨ। ਯਕੀਨਨ ਇਸ ਅਸਥਾਨ ਦੀ ਬਹੁਤ ਵੱਡੀ ਇਤਿਹਾਸਿਕ ਮਹੱਤਤਾ ਹੈ। ਪਰ ਇਸ ਅਸਥਾਨ ਤੋਂ ਇਹ ਕੰਮ ਬਹੁਤ ਥੋੜਾ ਸਮਾਂ ਚੱਲਿਆ। (1609 ਤੋਂ 1613 ਤੱਕ ਅਤੇ 1620 ਤੋਂ 1634 ਤੱਕ)

ਇਸੇ ਪ੍ਰੰਪਰਾ ਨੂੰ ਜਾਰੀ ਰਖਦਿਆਂ, ਮਿਸਲਾਂ ਵੇਲੇ ਸਿੱਖਾਂ ਵਲੋਂ ਸਰਬੱਤ ਖਾਲਸਾ ਦੇ ਰੂਪ ਵਿਚ ਜੁੜ ਕੇ, ਏਸੇ ਅਸਥਾਨ 'ਤੇ ਹੀ ਗੁਰਮਤੇ ਅਤੇ ਮਤੇ ਕੀਤੇ ਜਾਇਆ ਕਰਦੇ ਸਨ। ਲੋਕਾਂ ਦੀਆਂ (ਭਾਂਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੁੰਦੇ ਸਨ) ਫਰਿਆਦਾਂ ਵੀ ਏਸੇ ਅਸਥਾਨ ਤੇ ਸੁਣੀਆਂ ਜਾਂਦੀਆਂ ਸਨ, ਅਤੇ ਸਿੱਖ ਉਨ੍ਹਾਂ ਦੀਆਂ ਫਰਿਆਦਾਂ ਪੂਰੀਆਂ ਕਰਨ ਲਈ, (ਆਪਣੇ ਨੁਕਸਾਨ ਦੀ ਪਰਵਾਹ ਕੀਤੇ ਬਗੈਰ) ਉਨ੍ਹਾਂ ਦੀਆਂ ਤਕਲੀਫਾਂ ਦੀ ਨਵਿਰਤੀ ਕਰਦੇ ਸਨ। ਉਨ੍ਹਾਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਹੀ ਨਹੀਂ ਬਚਾਉਂਦੇ ਰਹੇ, ਉਨ੍ਹਾਂ ਦੇ ਹੱਕਾਂ ਅਤੇ ਜਾਨ-ਮਾਲ ਦੀ ਰਾਖੀ ਵੀ ਕਰਦੇ ਰਹੇ ਹਨ।

ਮਿਸਲਾਂ ਵੇਲੇ, ਇਸ ਅਸਥਾਨ ਦੀ ਇਤਿਹਾਸਿਕ ਮਹੱਤਤਾ ਨੂੰ ਧਿਆਨ ਵਿਚ ਰੱਖਦੇ ਹੋਏ, ਇਸ ਦਾ ਵਿਕਾਸ ਦੋ ਪੜਾਵਾਂ ਵਿਚ ਹੋਇਆ। ਇੱਕ, ਇਸ ਦੀ ਨਿਸ਼ਾਨਦੇਹੀ ਸਰੂਪ, ਇਸ ਥਾਂ 'ਤੇ ਇੱਕ ਪੱਕਾ ਥੜ੍ਹਾ ਬਣਾਇਆ ਗਿਆ, ਜਿਸ ਨੂੰ ਕਾਫੀ ਸਮੇਂ ਤੱਕ ਥੜ੍ਹਾ ਸਾਹਿਬ ਹੀ ਕਿਹਾ ਗਿਆ। (ਜਿਸ ਨੂੰ ਮਗਰੋਂ ਪੁਜਾਰੀ ਲਾਣੇ ਨੇ ਆਪਣੀ ਸਕੀਮ ਅਧੀਨ, ਧਾਰਮਿਕ ਮਹੱਤਤਾ ਅਤੇ ਪਵਿਤਰਤਾ ਦਾ ਦਰਜਾ ਦੇਣ ਲਈ, ਸਦੀਆਂ ਤਕ ਇਹ ਪਰਚਾਰਿਆ ਕਿ ਇਸ ਥੜ੍ਹੇ ਨੂੰ, ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਕਰ ਕਮਲਾਂ ਦੁਆਰਾ, ਆਪ ਹੀ ਬਣਾਇਆ ਸੀ, ਇਸ ਦੀਆਂ ਇੱਟਾਂ ਅਤੇ ਗਾਰੇ ਨੂੰ ਵੀ, ਸਿਰਫ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੇ ਹੀ ਹੱਥ ਲੱਗਣ ਦਿੱਤੇ ਸਨ, ਹੋਰ ਕਿਸੇ ਦਾ ਹੱਥ ਨਹੀਂ ਲੱਗਣ ਦਿੱਤਾ ਸੀ, ਤਾਂ ਜੋ ਇਸ ਨੂੰ ਇਨਾਂ ਪਵਿਤ੍ਰ ਸਥਾਪਤ ਕੀਤਾ ਜਾ ਸਕੇ, ਕਿ ਇਸ ਥਾਂ ਤੋਂ ਭਾਵੇਂ ਸਿੱਖੀ ਸਿਧਾਂਤਾਂ ਦਾ ਘਾਣ ਹੀ ਹੁੰਦਾ ਰਹੇ, ਫਿਰ ਵੀ ਸਿੱਖ ਇਸ ਦੀ ਧਾਰਮਿਕ ਪਵਿਤਰਤਾ ਨੂੰ ਧਿਆਨ ਵਿਚ ਰਖਦਿਆਂ, ਇਸ ਬਾਰੇ ਕੋਈ ਕਿੰਤੂ-ਪ੍ਰੰਤੂ ਨਾ ਕਰਨ।)

ਪਰ ਇਹ ਸਹੀ ਪਰਤੀਤ ਨਹੀਂ ਹੁੰਦਾ, ਕਿਉਂਕਿ ਗੁਰੂ ਸਾਹਿਬ, ਸਮਾਜ ਵਿੱਚੋਂ ਛੂਆ-ਛੂਤ ਦੂਰ ਕਰਨ ਦਾ ਉਪਰਾਲਾ ਕਰ ਰਹੇ ਸਨ, ਫਿਰ ਇਹ ਕਿਵੇਂ ਮੰਂਨਿਆ ਜਾ ਸਕਦਾ ਹੈ ਕਿ ਉਹ ਸਿੱਖਾਂ ਵਿੱਚ ਹੀ ਛੂਆ-ਛੂਤ ਦੀ ਗੱਲ ਕਰਦੇ? ਉਹ ਵੀ ਇਕ ਥੜਾ ਬਨਾਉਣ ਲਈ। ਗੁਰਬਾਣੀ ਕਿਸੇ ਵੀ ਖਾਸ ਅਸਥਾਨ ਨੂੰ ਪਵਿਤ੍ਰ ਜਾਂ ਅਪਵਿਤ੍ਰ ਨਹੀਂ ਮੰਨਦੀ, ਬਲਕਿ ਗੁਰਬਾਣੀ ਨੇ ਤਾਂ ਬ੍ਰਾਹਮਣ ਦੇ ਕਾਸ਼ੀ ਅਤੇ ਮਧਹਰ ਦੇ ਸਥਾਪਤ ਕੀਤੇ ਫਰਕ ਨੂੰ ਵੀ ਡੰਕੇ ਦੀ ਚੋਟ ਤੇ ਰੱਦ ਕੀਤਾ ਹੈ।

ਅਕਾਲ ਤਖਤ ਸਾਹਿਬ ਦੀ ਸਿਧਾਂਤਿਕ ਮਹੱਤਤਾ ਕਾਰਨ, ਸਮੇਂ ਦੇ ਹਰ ਰਾਜ ਨੇ, (ਭਾਵੇਂ ਉਹ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਅਖੌਤੀ ਖਾਲਸਾ ਰਾਜ ਹੀ ਸੀ, ਭਾਵੇਂ ਅੰਗਰੇਜ਼ਾਂ ਦਾ ਵਿਦੇਸ਼ੀ ਰਾਜ ਸੀ, ਤੇ ਭਾਂਵੇਂ ਅੱਜ ਦੇ ਹਿੰਦੂਆਂ ਦਾ ਦੇਸੀ ਰਾਜ ਹੈ) ਅਕਾਲ ਤਖਤ ਦੀ ਸਿਧਾਂਤਿਕ ਮਹੱਤਤਾ ਨੂੰ ਖਤਮ ਕਰ ਕੇ, ਇਸ ਦਾ ਇਕ ਨਵਾਂ ਰੂਪ, ਧਾਰਮਿਕ ਮਹੱਤਤਾ ਤੇ ਅਧਾਰਿਤ ਪਵਿਤਰਤਾ ਦੇ ਪਹਿਲੂ ਨੂੰ ਸਥਾਪਤ ਕਰਨ ਦਾ ਉਪਰਾਲਾ ਹੀ ਕੀਤਾ ਹੈ।

ਜਦੋਂ ਮਿਸਲਾਂ ਦੀ ਤਾਕਤ ਕਾਫੀ ਵਧ ਗਈ ਅਤੇ ਹਰ ਮਿਸਲ ਨੇ, ਅੰਮ੍ਰਿਤਸਰ ਵਿੱਚ ਆਪਣਾ-ਆਪਣਾ ਬੁੰਗਾ ਬਣਾ ਲਿਆ। (ਇਸ ਨੂੰ ਅੱਜ ਦਿੱਲੀ ਵਿੱਚ, ਅਲੱਗ-ਅਲੱਗ ਸੂਬਿਆਂ ਦੇ ਬਣੇ ਭਵਨ (ਹਾਊਸ) ਦੇ ਰੂਪ ਵਿੱਚ ਸੌਖਿਆਂ ਸਮਝਿਆ ਜਾ ਸਕਦਾ ਹੈ) ਫਿਰ ਸਾਰਿਆਂ ਨੇ ਰਲ ਕੇ ਥੜਾ ਸਾਹਿਬ ਵਾਲੀ ਥਾਂ ਤੇ ਇਕ ਭਵਨ ਬਣਾਇਆ, ਜਿਸ ਨੂੰ ਅਕਾਲ ਬੁੰਗਾ ਕਿਹਾ ਜਾਣ ਲੱਗਾ। ਜਿਸ ਨੂੰ ਮਗਰੋਂ ਅਕਾਲ ਤਖਤ ਦਾ ਨਾਮ ਦਿੱਤਾ ਗਿਆ। ਇਹ ਸਿੱਖਾਂ ਦੇ ਜੁੜ ਬੈਠ ਕੇ ਆਪਸੀ ਵਿਚਾਰਾਂ ਕਰਨ ਦਾ ਥਾਂ ਸੀ। ਇਥੇ ਹੁੰਦੇ ਇਕੱਠ ਨੂੰ ਹੀ ਸਰਬੱਤ ਖਾਲਸਾ ਕਿਹਾ ਜਾਂਦਾ ਸੀ, ਜਿਸ ਵਿੱਚ ਸਾਰੇ ਫੈਸਲੇ, ਸਰਬ-ਸੰਮਤੀ ਨਾਲ ਕੀਤੇ ਜਾਂਦੇ ਸਨ।

ਮਜ਼ੇ ਦੀ ਗੱਲ ਇਹ ਹੈ ਕਿ ਅਕਾਲ-ਤਖਤ ਦਾ ਇਹ ਰੂਪ ਹੀ, ਅਖੌਤੀ ਖਾਲਸਾ ਰਾਜ ਦੇ ਮੁਖੀ ਨੂੰ ਪਸੰਦ ਨਹੀਂ ਸੀ, ਕਿਉਂਕਿ ਹਉਮੈ ਦੇ ਮਾਰੇ, ਦੁਨੀਆ ਦੇ ਰਾਜਿਆਂ ਨੂੰ ਆਪਣੀਆਂ ਆਪ-ਹੁਦਰੀਆਂ ਵਿੱਚ ਕਿਸੇ ਦਾ ਦਖਲ ਬਰਦਾਸ਼ਤ ਨਹੀਂ ਹੁੰਦਾ। ਫਿਰ ਸਰਬੱਤ ਖਾਲਸਾ ਵਿੱਚ ਤਾਂ ਸਭ ਦਾ ਰੁਤਬਾ ਇਕ ਸਮਾਨ ਹੁੰਦਾ ਸੀ, ਅਜਿਹੀ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਕਿਵੇਂ ਬਰਦਾਸ਼ਤ ਹੋ ਸਕਦੀ ਸੀ? ਸੋ ਉਸ ਨੇ ਸਭ ਤੋਂ ਪਹਿਲਾਂ ਸਰਬੱਤ-ਖਾਲਸਾ ਬੰਦ ਕੀਤਾ।

(ਇਹ ਗੱਲ ਵਖਰੀ ਹੈ ਕਿ ਸਰਬੱਤ-ਖਾਲਸਾ ਬੰਦ ਕਰਨ ਦੇ ਫਲ ਸਰੂਪ, ਕੁੱਝ ਸਾਲਾਂ ਵਿੱਚ ਹੀ ਨਾ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਖਾਨਦਾਨ ਹੀ ਰਿਹਾ, ਅਤੇ ਨਾ ਹੀ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਸਿਰਜਿਆ, ਏਸ਼ੀਆ ਦਾ ਸਭ ਤੋਂ ਵੱਡਾ ਰਾਜ ਹੀ ਰਿਹਾ।) ਇਸ ਅਸਥਾਨ ਦੀ ਪਵਿਤਰਤਾ ਦਰਸਾਉਂਦੀ ਇੱਕ ਕਹਾਣੀ ਹੋਰ ਘੜ ਲਈ ਗਈ ਕਿ ਇਸ ਥਾਂ ਤੋਂ ਹੀ ਅਕਾਲੀ ਫੂਲਾ ਸਿੰਘ ਜੀ ਨੇ, ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜ਼ਾ ਦਿੱਤੀ ਸੀ, ਜਿਸ ਨੂੰ ਮਹਾਰਾਜਾ ਨੇ ਖੁਸ਼ੀ ਨਾਲ ਪਰਵਾਨ ਕਰ ਲਿਆ। ਅਰਥਾਤ ਇਸ ਥਾਂ ਤੇ ਬੈਠੇ ਬੰਦੇ ਦਾ ਰੁਤਬਾ ਇੰਨਾ ਮਹਾਨ ਹੁੰਦਾ ਹੈ, ਕਿ ਉਸ ਅੱਗੇ ਤਾਂ ਮਹਾਰਾਜਾ ਰਣਜੀਤ ਸਿੰਘ ਵਰਗਾ, ਏਸ਼ੀਆ ਦਾ ਸਭ ਤੋਂ ਵੱਡਾ ਰਾਜਾ ਵੀ ਝੁੱਕ ਗਿਆ ਸੀ, ਆਮ ਬੰਦੇ ਦੀ ਤਾਂ ਔਕਾਤ ਹੀ ਕੀ ਹੈ? ਜਦ ਕਿ ਅਸਲੀਅਤ ਇਹ ਹੈ ਕਿ, ਅਕਾਲੀ ਫੂਲਾ ਸਿੰਘ ਜੀ ਇਕ ਨਿਡੱਰ ਯੋਧੇ ਅਤੇ ਧਾਰਮਿਕ ਵਿਅਕਤੀ ਸਨ, (ਪਰ ਉਹ, ਉਹ ਕੁਝ ਕਰਨ ਦੇ ਸਮਰੱਥ ਨਹੀਂ ਸਨ, ਜੋ ਕਿ ਅਕਾਲ ਤਖਤ ਤੇ ਕਾਬਜ਼ ਬੰਦੇ ਨੂੰ ਸਥਾਪਤ ਕਰਨ ਲਈ ਪਰਚਾਰਿਆ ਗਿਆ ਅਤੇ ਅੱਜ ਵੀ ਪਰਚਾਰਿਆ ਜਾ ਰਿਹਾ ਹੈ) ਮਹਾਰਾਜਾ ਰਣਜੀਤ ਸਿੰਘ ਦੇ ਅੰਮ੍ਰਿਤਸਰ ਤੇ ਹਮਲੇ ਵੇਲੇ, ਅਕਾਲੀ ਫੂਲਾ ਸਿੰਘ ਨੇ, ਮਹਾਰਾਜਾ ਦੇ ਹੱਕਾਂ ਦੀ ਰਖਵਾਲੀ ਕਰਦਿਆਂ, ਅੰਮ੍ਰਿਤਸਰ ਦੇ ਹਾਕਮ ਗੁਰਦਿੱਤ ਸਿੰਘ ਭੰਗੀ ਨੂੰ ਜਗੀਰ ਦਵਾ ਕੇ ਅੰਮ੍ਰਿਤਸਰ ਤੇ ਮਹਾਰਾਜਾ ਦਾ ਕਬਜ਼ਾ ਕਰਵਾ ਦਿੱਤਾ। ਭਾਵੇਂ ਇਸ ਨਾਲ ਸਿੱਖਾਂ ਦੇ ਆਪਸੀ ਕਤਲਾਂ ਨੂੰ ਟਾਲਿਆ ਜਾ ਸਕਿਆ, ਪਰ ਇਹ ਕਤਲ ਤਾਂ ਮਗਰੋਂ ਦੀ ਆਮ ਜਿਹੀ ਗੱਲ ਹੋ ਗਏ ਸਨ।

ਜੇ ਅਕਾਲੀ ਜੀ ਏਨੇ ਹੀ ਸਮਰੱਥ ਹੁੰਦੇ ਤਾਂ ਅੰਮ੍ਰਿਤਸਰ ਨੂੰ ਸਾਰੀਆਂ ਮਿਸਲਾਂ ਤੋਂ ਆਜ਼ਾਦ, ਇਕ ਸਾਂਝਾ ਇਲਾਕਾ ਮਿੱਥ ਲੈਣਾ ਚਾਹੀਦਾ ਸੀ। ਜਾਂ ਮਹਾਰਾਜਾ ਨੂੰ ਅੰਮ੍ਰਿਤਸਰ ਤੇ ਹਮਲਾ ਕਰਨੋਂ ਰੋਕ ਦੇਣਾ ਚਾਹੀਦਾ ਸੀ, ਪਰ ਅਜਿਹਾ ਕੁਝ ਨਹੀਂ ਹੋਇਆ। ਲਾਹੌਰ ਦਰਬਾਰ ਵਿੱਚ ਜੰਮੂ ਦੇ ਡੋਗਰਿਆਂ ਦੇ ਵਧਦੇ ਪ੍ਰਭਾਵ ਨੂੰ ਵੀ ਅਕਾਲੀ ਜੀ ਨਹੀਂ ਰੋਕ ਸਕੇ, ਅਤੇ 1814 ਵਿਚ ਮਹਾਰਾਜਾ ਨਾਲ ਅਣ-ਬਣ ਹੋਣ ਤੇ, ਸਰਬੱਤ-ਖਾਲਸਾ ਦਾ ਇਕੱਠ ਕਰਨ ਦੀ ਥਾਂ, ਅੰਮ੍ਰਿਤਸਰ ਛੱਡ ਕੇ ਆਨੰਦਪੁਰ ਚਲੇ ਗਏ। ਲਾਹੌਰ, ਨਾਭਾ ਅਤੇ ਮਲੇਰਕੋਟਲੇ ਦੀਆਂ ਫੌਜਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ, ਆਨੰਦਪੁਰ ਭੇਜੀਆਂ ਗਈਆਂ, ਜਦ ਫੌਜਾਂ ਨੂੰ ਪਤਾ ਲੱਗਾ ਕਿ ਉਹ ਅਕਾਲੀ ਜੀ ਨੂੰ ਗ੍ਰਿਫਤਾਰ ਕਰਨ ਆਏ ਹਨ ਤਾਂ ਉਨ੍ਹਾਂ ਨੇ ਅਗਾਂਹ ਵਧਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਹ ਗ੍ਰਿਫਤਾਰੀ ਤੋਂ ਬਚ ਗਏ।

ਇਸ ਤਰ੍ਹਾਂ ਇਹ ਸਾਫ ਦਿਸ ਆਉਂਦਾ ਹੈ ਕਿ ਪੁਜਾਰੀਆਂ ਨੇ ਸਰਕਾਰੀ ਸ਼ਹਿ ਨਾਲ ਇਸ ਅਸਥਾਨ ਤੇ ਕਾਬਜ਼ ਬੰਦਿਆਂ ਨੂੰ ਧਾਰਮਿਕ ਮਹੱਤਤਾ ਦੇ ਕੇਂਦਰ ਵਜੋਂ ਉਭਾਰਿਆ ਹੈ, ਤਾਂ ਜੋ ਕੋਈ ਵੀ ਸਿੱਖ, ਉਸ ਥਾਂ ਤੋਂ ਜਾਰੀ ਕੀਤੇ ਹੁਕਮ-ਨਾਮੇ ਬਾਰੇ ਕਿੰਤੂ ਨਾ ਕਰੇ। ਇਹ ਇਸ ਚਾਲ ਦਾ ਹੀ ਇਕ ਹਿੱਸਾ ਸੀ, ਜਿਸ ਅਧੀਨ ਮੌਕੇ ਦੇ ਹਾਕਮਾਂ (ਜਿਨ੍ਹਾਂ ਨੂੰ ਗੁਰਮਤਿ ਅਨੁਸਾਰ ਪਰਮਾਤਮਾ ਦੇ ਤਖਤ ਦੇ ਸਾਹਵੇਂ ਹੇਚ ਸਾਬਤ ਕਰਨ ਦਾ ਪਰਤੀਕ ਹੀ ਇਹ ਅਸਥਾਨ ਹੈ) ਦੀ ਗੁਲਾਮੀ ਦਾ ਜੂਲਾ, ਅਕਾਲ ਤਖਤ ਤੇ ਸਥਾਪਤ ਕੀਤੇ ਪੁਜਾਰੀਆਂ ਦੀ ਮਾਰਫਤ ਹੀ, ਸਿੱਖਾਂ ਦੇ ਗੱਲ ਪਾਇਆ ਜਾ ਸਕੇ। ਇਹ ਉਸ ਸਿਧਾਂਤ ਨੂੰ ਹੀ ਪੁੱਠਾ ਗੇੜਾ ਸੀ, ਜੋ ਗੁਰੂ ਹਰਿਗੋਬਿੰਦ ਸਾਹਿਬ ਨੇ, ਦੁਨੀਆ ਦੇ ਹਰ ਬੰਦੇ ਦੇ ਦਿਲ ਵਿਚੋਂ, ਦੁਨਿਆਵੀ ਰਾਜਿਆਂ ਦੀ ਦਹਿਸ਼ਤ ਦੂਰ ਕਰਨ ਲਈ, ਸਥਾਪਤ ਕੀਤਾ ਸੀ।

ਇਸ ਦੇ ਨਾਲ ਹੀ, ਇਸ ਪਕੜ ਨੂੰ ਹੋਰ ਮਜ਼ਬੂਤ ਕਰਨ ਲਈ, ਇਸ ਤੇ ਕਾਬਜ਼ ਸਰਕਾਰੀ ਗੁਲਾਮਾਂ ਦੇ ਰੁਤਬੇ ਵਧਦੇ-ਵਧਦੇ ਅੱਜ ਸਿੰਘ ਸਾਹਿਬ (ਸਿੰਘਾਂ ਦੇ ਸਾਹਿਬ, ਮਾਲਿਕ) ਬਣ ਗਏ ਹਨ, ਜੋ ਅੱਜ ਸਿੱਖਾਂ ਨੂੰ ਹੀ, ਪੂਰੀ ਤਰ੍ਹਾਂ ਗੁਲਾਮ ਬਨਾਉਣ ਦੇ ਆਹਰ ਵਿਚ ਰੁੱਝੇ ਹੋਏ ਹਨ। ਜਦ ਤੱਕ ਸਿੱਖ ਆਪਣੇ ਵਿਰਸੇ ਦੀ ਅਹਮੀਅਤ ਨੂੰ ਨਾ ਪਛਾਣਦਿਆਂ, ਉਸ ਵਿਰਸੇ ਦੀ ਸੰਭਾਲ ਨਾ ਕਰਦਿਆਂ ਇਸ ਇਮਾਰਤ ਅਤੇ ਦਲਾਲੀ ਵਾਲੇ ਕਮਰੇ ਨੂੰ ਹੀ ਅਕਾਲ ਦਾ ਤਖਤ, ਅਤੇ ਉਸ ਕਮਰੇ ਵਿਚ ਬੈਠੇ ਦਲਾਲਾਂ ਨੂੰ ਹੀ ਇਸ ਦਾ ਮਾਲਿਕ ਸਮਝਦੇ ਰਹਿਣਗੇ। ਦਰਬਾਰ ਸਾਹਿਬ ਦੀ ਇਮਾਰਤ ਨੂੰ ਹੀ, “ਡਿਠੇ ਸਭੇ ਥਾਵ ਨਹੀ ਤੁਧਿ ਜੇਹਿਆ॥” ਕਰ ਕੇ ਪੂਜਦੇ ਰਹਿਣਗੇ। ਬੇਰੀਆਂ, ਗੰਗਾ-ਸਾਗਰਾਂ, ਗੁਰੂ ਸਾਹਿਬਾਂ ਦੇ ਘੋੜਿਆਂ ਦੀਆਂ ਨਸਲਾਂ, ਕਲਗੀਆਂ, ਗੁਰੂ ਗਰੰਥ ਸਾਹਿਬ ਜੀ ਦੇ ਪੀੜ੍ਹੇ ਦੇ ਪਾਵਿਆਂ, ਜੋਤਾਂ-ਨਾਰੀਅਲਾਂ, ਸ਼ਸਤ੍ਰਾਂ ਦੀ ਪੂਜਾ ਕਰਦੇ ਰਹਿਣਗੇ, ਜਦ ਤਕ ਬੀਬੀਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਕੱਢੇ ਜਾਂਦੇ ਜਲੂਸਾਂ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਵਾਲੇ ਟਰੱਕਾਂ, ਟਰੈਕਟਰ-ਟਰਾਲੀਆਂ ਦੇ ਟਾਇਰਾਂ ਨੂੰ ਹੀ ਆਪਣੇ ਸਿਰ ਦੇ ਦੁਪੱਟਿਆਂ ਨਾਲ ਘਸਾਉਂਦੀਆਂ ਰਹਣਗੀਆਂ, ਤਦ ਤਕ ਸਿੱਖਾਂ ਨੂੰ ਗਰਕ ਵਿੱਚ ਜਾਣੋ, ਕੋਈ ਨਹੀਂ ਰੋਕ ਸਕਦਾ।

ਸਿੱਖ ਅਕਾਲ ਤਖਤ ਸਾਹਿਬ ਨੂੰ ਮਾਨਤਾ ਹੀ ਨਹੀਂ ਦਿੰਦੇ, ਬਲਕਿ ਦਿਲੋਂ ਉਸ ਦਾ ਸਤਿਕਾਰ ਵੀ ਕਰਦੇ ਹਨ, ਪਰ ਉਹ ਇਸ ਦੇ ਉਸ ਰੂਪ ਦਾ ਸਤਿਕਾਰ ਕਰਦੇ ਹਨ, ਜਿਸ ਰੂਪ ਵਿੱਚ ਇਹ ਸਾਰੀ ਦੁਨੀਆਂ ਦੇ ਲੋਕਾਂ ਦੀ ਆਜ਼ਾਦੀ ਦਾ ਪਰਤੀਕ ਹੈ। ਇਸ ਦੇ ਕਿਸੇ ਅਜਿਹੇ ਰੂਪ ਨੂੰ ਮਾਨਤਾ ਨਹੀਂ ਦਿੰਦੇ, ਜੋ ਖਲਕਤ ਨੂੰ ਦੁਨਿਆਵੀ ਰਾਜਿਆਂ ਜਾ ਪੁਜਾਰੀ ਲਾਣੇ ਅੱਗੇ ਝੁੱਕਣ, ਉਨ੍ਹਾਂ ਦੀ ਗੁਲਾਮੀ ਸਵੀਕਾਰ ਕਰਨ ਦੀ ਗੱਲ ਕਰਦਾ ਹੋਵੇ। ਇਸ ਤੇ ਵਿਚਾਰ ਕੀਤਿਆਂ ਸਾਫ ਦਿਸ ਆਉਂਦਾ ਹੈ, ਕਿ ਸਰਕਾਰੀ ਬੰਦਿਆਂ ਦੇ ਲਫਾਫਿਆਂ ‘ਚੋਂ ਨਿਕਲੇ ਉਹ ਬਟੇਰੇ, ਜੋ ਸਾਥੀਆਂ ਨੂੰ ਸ਼ਿਕਾਰੀ ਦੇ ਜਾਲ ਵਿੱਚ ਫਸਾਉਣ ਲਈ, ਉਨ੍ਹਾਂ ਦੀ ਹੀ ਬੋਲੀ ਬੋਲਦੇ ਹਨ, ਸਿੱਖੀ ਦੇ ਕਿਸੇ ਸਿਧਾਂਤ ਵਿੱਚ ਵੀ ਫਿਟ ਨਹੀਂ ਹੁੰਦੇ, ਨਾ ਹੀ ਇਨ੍ਹਾਂ ਦੀ ਕੀਤੀ ਬਕਵਾਸ ਦਾ ਸਿੱਖੀ ਵਿੱਚ ਕੋਈ ਮਹੱਤਵ ਹੈ।

ਜੇ ਇਸ ਅਸਥਾਨ ਤੇ ਕਾਬਜ਼ ਪੁਜਾਰੀਆਂ ਨੂੰ ਹੀ ਇਹ ਮਾਨਤਾ ਦੇਣੀ ਹੈ, ਤਾਂ ਕਈ ਹੋਰ ਮਾਨਤਾਵਾਂ ਵੀ ਦੇਣੀਆਂ ਪੈਣਗੀਆਂ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੁਝ ਵੀ ਫੈਸਲਾ ਕਰਨ ਦਾ ਹੱਕ, ਸਿਰਫ ਹਜੂਰ ਸਾਹਿਬ ਤੇ ਕਾਬਜ਼ ਪੁਜਾਰੀਆਂ ਨੂੰ ਹੀ ਹੋਣਾ ਚਾਹੀਦਾ ਹੈ। ਕਿਉਂਕਿ (ਸੰਪੂਰਨ) ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਅਸਥਾਨ 'ਤੇ ਹੀ ਗੁਰੂ ਦਾ ਰੁਤਬਾ ਮਿਲਿਆ ਸੀ। ਸਿੱਖਾਂ ਦੇ ਪਹਿਰਾਵੇ ਬਾਰੇ, ਸਿੱਖਾਂ ਦੇ ਕਕਾਰਾਂ ਬਾਰੇ ਕੋਈ ਵੀ ਫੈਸਲਾ ਕਰਨ ਦਾ ਹੱਕ, ਸਿਰਫ ਕੇਸਗੜ੍ਹ ਸਾਹਿਬ ਤੇ ਕਾਬਜ਼ ਪੁਜਾਰੀਆਂ ਨੂੰ ਹੀ ਹੋਣਾ ਚਾਹੀਦਾ ਹੈ, ਉਸ ਅਸਥਾਨ ਤੋਂ ਦਿੱਤੀ ਖੰਡੇ-ਬਾਟੇ ਦੀ ਪਾਹੁਲ ਹੀ ਅਸਲੀ ਪਾਹੁਲ ਮਿੱਥਣੀ ਪਵੇਗੀ। ਕਿਉਂਕਿ ਇਨ੍ਹਾਂ ਨੂੰ ਉਸ ਅਸਥਾਨ 'ਤੇ ਹੀ ਮਾਨਤਾ ਮਿਲੀ ਸੀ। ਇਵੇਂ ਹੀ ਲੰਗਰ ਬਾਰੇ ਫੈਸਲੇ ਲੈਣ ਦਾ ਹੱਕ ਸਿਰਫ, ਕਰਤਾਰਪੁਰ 'ਤੇ ਕਾਬਜ਼ ਪੁਜਾਰੀਆਂ ਦਾ ਹੀ ਹੋਵੇਗਾ। ਕਿਉਂਕਿ ਸਾਂਝੇ ਲੰਗਰ ਦੀ ਪ੍ਰਥਾ ਕਰਤਾਰਪੁਰ ਤੋਂ ਹੀ ਸ਼ੁਰੂ ਹੋਈ ਸੀ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਅਧਿਕਾਰ, ਹੋਰ ਕਈ ਥਾਂਵਾਂ ਲਈ ਰਾਖਵੇਂ ਕਰਨੇ ਪੈਣਗੇ।

(ਕੀ ਸਿੱਖ ਹੁਣ ਇਸ ਪਾਸੇ ਵਲ ਵਧਣਗੇ?)

ਜਦ ਤਕ ਅਕਾਲ ਤਖਤ ਸਾਹਿਬ ਇਨ੍ਹਾਂ ਅਣ-ਅਧਿਕਾਰਤ ਪੁਜਾਰੀਆਂ ਦੇ ਕਬਜ਼ੇ ਵਿਚ ਹੈ, ਤਦ ਤੱਕ ਉਸ ਦੀ ਉਹੀ ਹਾਲਤ ਮਿਥਣੀ ਚਾਹੀਦੀ ਹੈ, ਜੋ ਉਸ ਦੇ ਸਥਾਪਤ ਹੋਣ ਤੋਂ ਪਹਿਲਾਂ ਸੀ, ਯਾਨੀ ਕਿ ਉਸ ਦਾ ਅਸਥਾਨ ਓਥੇ ਹੀ ਹੁੰਦਾ ਸੀ, ਜਿੱਥੇ-ਜਿੱਥੇ ਪਹਿਲੇ ਪੰਜ ਨਾਨਕ ਹੁੰਦੇ ਸਨ। ਛੇਵੇਂ ਨਾਨਕ ਜੀ ਵੇਲੇ ਵੀ ਇਸ ਨੂੰ ਸਥਾਪਤ ਕਰਨ ਦੇ ਸਮੇਂ ਸਮੇਤ, ਲਗ-ਭਗ 17-18 ਸਾਲ ਨੂੰ ਛੱਡ ਕੇ, ਗੁਰ ਵਿਅਕਤੀਆਂ ਦੇ ਕੁਲ ਸਮੇਂ ਵਿੱਚ ਇਸ ਦਾ ਕੇਂਦਰ ਅਲੱਗ-ਅਲੱਗ ਥਾਵਾਂ 'ਤੇ ਰਿਹਾ ਹੈ। ਮਿਸਲਾਂ ਵੇਲੇ ਅਤੇ ਮਹਾਰਾਜਾ ਰਣਜੀਤ ਸਿੰਘ ਸਮੇਂ ਵੀ, ਬਹੁਤ ਥੋੜ੍ਹਾ ਸਮਾਂ ਹੀ ਅਜਿਹਾ ਰਿਹਾ ਹੈ ਜਦ ਇਸ ਥਾਂ ਤੋਂ, ਇਸ ਦਾ ਸਿਧਾਂਤ, ਸਹੀ ਰੂਪ ਵਿੱਚ ਲਾਗੂ ਹੋਇਆ ਹੈ, ਬਾਕੀ ਸਾਰਾ ਸਮਾਂ ਇਸ ਦੇ ਸਿਧਾਂਤ ਨੂੰ, ਇਸ ਥਾਂ ਤੋਂ ਢਾਅ ਹੀ ਲਗਦੀ ਰਹੀ ਹੈ। ਇਹੀ ਕਾਰਨ ਹੈ, ਕਹੇ ਜਾਂਦੇ ਸਿੱਖ ਰਾਜਿਆਂ ਅਤੇ ਆਮ ਸਿੱਖਾਂ ਵਿੱਚ ਉੱਚੇ-ਨੀਵੇਂ ਦੇ ਸਿਧਾਂਤ ਦੀ ਮੁੜ ਸਥਾਪਤੀ ਦਾ।

ਯਾਨੀ ਜਿੱਥੇ ਵੀ ਗੁਰੂ ਸਾਹਿਬ ਹੁੰਦੇ ਸਨ, ਜਿੱਥੇ ਵੀ ਸਿੱਖੀ ਨੂੰ ਪਰਨਾਏ ਸਿੱਖ ਮਿਲ ਬੈਠ ਕੇ ਗੁਰਮਤਾ ਜਾਂ ਮਤਾ ਕਰਦੇ ਸਨ, ਉਹੀ ਅਸਥਾਨ, ਅਕਾਲ ਦੇ ਤਖਤ ਦਾ ਅਸਥਾਨ ਹੁੰਦਾ ਸੀ। (ਭਾਂਵੇਂ ਉਹ ਅਸਥਾਨ ਬੀਹੜਾਂ, ਜੰਗਲਾਂ ਵਿੱਚ ਹੀ ਹੁੰਦਾ ਸੀ)। ਜਦ ਤੱਕ ਇਸ ਨੂੰ ਆਜ਼ਾਦ ਨਹੀਂ ਕਰਵਾ ਲਿਆ ਜਾਂਦਾ, ਇਸ ਥਾਂ 'ਤੇ ਸਿੱਖੀ ਦਾ ਬੋਲ-ਬਾਲਾ ਨਹੀਂ ਹੋ ਜਾਂਦਾ (ਜੋ ਕਿ ਹਿੰਦੂ ਰਾਜ ਦੇ ਹੁੰਂਦਿਆਂ, ਆਉਣ ਵਾਲੇ ਹਜ਼ਾਰਾਂ ਸਾਲਾਂ ਵਿੱਚ ਵੀ ਸੰਭਵ ਨਜ਼ਰ ਨਹੀਂ ਆਉਂਦਾ) ਤਦ ਤਕ ਅਕਾਲ-ਤਖਤ ਸਾਹਿਬ ਦੇ ਸਿਧਾਂਤ ਨੂੰ ਪਰਨਾਏ ਸਿੱਖ, ਜਿੱਥੇ ਵੀ ਇਕੱਠੇ ਹੋ ਕੇ, ਆਪਸੀ ਬਰਾਬਰੀ ਦੇ ਆਧਾਰ ਤੇ ਮਿਲ-ਬੈਠ ਕੇ ਕੋਈ ਫੈਸਲਾ ਕਰਨਗੇ, ਉਸ ਥਾਂ ਨੂੰ ਹੀ ਅਕਾਲ-ਤਖਤ ਸਾਹਿਬ ਦਾ ਦਰਜਾ ਦਿੱਤਾ ਜਾਵੇਗਾ, ਇਹੀ ਗੁਰਮਤਿ ਦਾ ਸਿਧਾਂਤ ਹੈ।

ਨਾ ਅੱਜ ਦੀ ਗੁਲਾਮ, ਅਕਾਲ ਦੇ ਤਖਤ ਦੀ ਕਹੀ ਜਾਂਦੀ ਇਮਾਰਤ, ਅਸਲੀ ਅਕਾਲ ਦੇ ਤਖਤ ਦੇ ਸਿਧਾਂਤ ਦਾ ਕੇਂਦਰ ਹੈ, ਨਾ ਇਸ ਥਾਂ ਤੇ ਕਾਬਜ਼ ਲੋਕ (ਜੋ ਸਿੱਖਾਂ ਨੂੰ ਹੀ ਦੁਨਿਆਵੀ ਰਾਜਿਆਂ ਦੇ ਗੁਲਾਮ ਬਨਾਉਣ ਦੇ ਬਾਬ੍ਹਣੂ ਬੰਨ੍ਹ ਰਹੇ ਹਨ) ਸਿੱਖਾਂ ਵਿਚੋਂ ਹਨ। ਇਸ ਨੂੰ ਚੰਗੀ ਤਰ੍ਹਾਂ ਸਮਝਣ ਨਾਲ ਹੀ ਸਿੱਖ, ਗੁਲਾਮ ਹੋਣੋਂ ਬਚ ਸਕਦੇ ਹਨ।

ਅਮਰਜੀਤ ਸਿੰਘ ਚੰਦੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top