Share on Facebook

Main News Page

ਬਾਦਲਕੇ ਜਥੇਦਾਰਾਂ ਨੂੰ ਮੁਲਾਜ਼ਮ ਸਮਝਦੇ ਹਨ: ਪਰਮਜੀਤ ਸਿੰਘ ਸਰਨਾ

ਨਵੀਂ ਦਿੱਲੀ, ,(4 ਫ਼ਰਵਰੀ,ਪੀ.ਐਸ.ਐਨ): ਦਿੱਲੀ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਸਰਨਾ ਧੜੇ ਵਲੋਂ ਇਥੇ ਸੱਦੀ ਪਲੇਠੀ ‘ਯੂਥ ਕਨਵੈਨਸ਼ਨ' ਰਾਹੀਂ ਅਪਣੀ ਸਿਆਸੀ ਤਾਕਤ ਦਾ ਮੁਜ਼ਾਹਰਾ ਕਰਦਿਆਂ ਵਿਰੋਧੀ ਧੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਚੋਣਾਂ 'ਚ ਦੋ-ਦੋ ਹੱਥ ਕਰਨ ਦੀ ਖੁੱਲ੍ਹੀ ਚੁਨੌਤੀ ਦਿਤੀ ਗਈ। ਗੁਰਦਵਾਰਾ ਰ ਗੰਜ ਸਾਹਿਬ ਸਥਿਤ ਭਾਈ ਲੱਖੀਸ਼ਾਹ ਵਣਜਾਰਾ ਹਾਲ 'ਚ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਵਲੋਂ ਕਰਵਾਈ ਕਨਵੈਨਸ਼ਨ 'ਚ ਦਿੱਲੀ ਗੁਰਦਵਾਰਾ ਚੋਣਾਂ ਦਾ ਮੁੱਦਾ ਘੱਟ ਤੇ ਨਾਨਕਸ਼ਾਹੀ ਕੈਲੰਡਰ, ਸ਼੍ਰੋਮਣੀ ਕਮੇਟੀ ਵਲੋਂ ਅਕਾਲ ਤਖਤ ਦੀ ਕਥਿਤ ਦੁਰਵਰਤੋਂ ਤੇ ਪੰਜਾਬ 'ਚ ਪਤਿਤਪੁਣਾ ਵਧ ਭਾਰੂ ਰਿਹਾ। ਕਨਵੈਨਸ਼ਨ 'ਚ ਹਾਜ਼ਰ ਸਿੱਖ ਨੌਜਵਾਨਾਂ ਵਲ ਇਸ਼ਾਰਾ ਕਰਦਿਆਂ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਿੱਖੀ ਨੂੰ ਬਚਾਉਣ ਲਈ ਸਾਰੀ ਦੁਨੀਆਂ ਦੇ ਸਿੱਖਾਂ ਦੀਆਂ ਨਜ਼ਰਾਂ ਤੁਹਾਡੇ 'ਤੇ ਹਨ। ਚੰਗੇ ਉਮੀਦਵਾਰਾਂ ਨੂੰ ਜਿਤਾਉਣ ਲਈ ਹੁਣੇ ਤੋਂ ਕਮਰਕਸੇ ਕਰ ਲਉ। ਨਾਨਕਸ਼ਾਹੀ ਕੈਲੰਡਰ ਦੇ ਮੁੱਦੇ 'ਤੇ ਮੱਕੜ ਤੇ ਸੁਖਬੀਰ ਸਿੰਘ ਬਾਦਲ ਦੀ ਆਲੋਚਨਾ ਕਰਦਿਆਂ ਸ. ਸਰਨਾ ਨੇ ਕਿਹਾ ਕਿ ਬਠਿੰਡਾ ਤੋਂ ਬੀਬੀ ਹਰਿਸਿਮਰਤ ਕੌਰ ਬਾਦਲ ਨੂੰ ਚੋਣ ਜਿਤਾਉਣ ਲਈ ਇਕ ਸਾਧ ਨਾਲ ਹੋਏ ਸਮਝੌਤੇ ਪਿਛੋਂ ਹੀ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕੀਤਾ ਗਿਆ। ਉਨ੍ਹਾਂ ਸੰਤ ਯੂਨੀਅਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਵਿਚ ਕਿਸੇ ਵੀ ਸੋਧ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਦੇ ‘ਜਥੇਦਾਰ' ਨੂੰ ਅਪਣਾ ਮੁਲਾਜ਼ਮ ਸਮਝਦੇ ਹਨ। ਪੰਜਾਬ ਵਿਚ ਪਤਿਤਪੁਣੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ 'ਚ ਕੇਸ ਕਤਲ ਕਰਾ ਚੁੱਕੇ ਸਿੱਖਾਂ ਨੂੰ ਬਾਦਲਾਂ ਵਲੋਂ ‘ਲਿਬਰਲ ਸਿੱਖ' ਦੇ ਖ਼ਿਤਾਬ ਦੇ ਕੇ ਅਹੁਦੇ ਬਖ਼ਸ਼ੇ ਜਾ ਰਹੇ ਹਨ ਜਦਕਿ ਅਸੀਂ ਸਹਿਜਧਾਰੀ ਸਿੱਖ ਉਸ ਨੂੰ ਮੰਨਦੇ ਹਾਂ ਜਿਹੜਾ ਆਪ ਸਿੱਖ ਹੈ ਅਤੇ ਜਿਸ ਦੀ ਔਲਾਦ ਵੀ ਸਿੱਖ ਹੈ। ਬਾਦਲਾਂ ਵਲ ਇਸ਼ਾਰਾ ਕਰਦਿਆਂ ਸ. ਸਰਨਾ ਨੇ ਕਿਹਾ ਕਿ ਤੁਸੀ ਜਿੰਨੇ ਮਰਜ਼ੀ ਪੈਸੇ ਖਾ ਲਉ ਪਰ ਆਰ.ਐਸ.ਐਸ. ਦੀਆਂ ਨਿੱਕਰਾਂ ਪਿਛੇ ਸਿੱਖੀ ਨਾ ਗੁਆਉ । ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਤਰਸੇਮ ਸਿੰਘ ਨੇ ਕਿਹਾ ਕਿ ਕੌਮ ਨੂੰ ਜਿਹੜੇ ਪ੍ਰ੍ਰੋਗਰਾਮ ਕਦੇ ਮੰਜੀ ਸਾਹਿਬ ਦੇ ਦੀਵਾਨ ਹਾਲ ਤੋਂ ਦਿਤੇ ਜਾਂਦੇ ਸਨ, ਉਹ ਹੁਣ ਲੱਖੀਸ਼ਾਹ ਵਣਜਾਰਾ ਹਾਲ ਤੋਂ ਐਲਾਨੇ ਜਾਂਦੇ ਹਨ। ਉਨ੍ਹਾਂ ਨਿਹੋਰਾ ਮਾਰਿਆ ਕਿ ਪੰਜਾਬ 'ਚ ਅੱਜ ਦੀਵਾ ਲੈ ਕੇ ਵੀ ਸਿੱਖੀ ਨਹੀਂ ਲੱਭੀ ਜਾ ਸਕਦੀ। ਦਿੱਲੀ ਕਮੇਟੀ ਮੈਂਬਰ ਜਥੇਦਾਰ ਗੁਰਚਰਨ ਸਿੰਘ ਗਤਕਾ ਮਾਸਟਰ ਨੇ ਕਿਹਾ ਕਿ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਦਿੱਲੀ ਕਮੇਟੀ ਵਲੋਂ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ। ਕਨਵੈਨਸ਼ਨ 'ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਪੰਜਾਬ ਇਕਾਈ ਦੇ ਅਹੁਦੇਦਾਰਾਂ ਨੇ ਵੀ ਸ਼ਿਰਕਤ ਕੀਤੀ।

ਅਖ਼ੀਰ 'ਚ ਜੈਕਾਰਿਆਂ ਦੀ ਗੂੰਜ 'ਚ ਪਾਸ ਕੀਤੇ ਮਤਿਆਂ ਵਿਚ ਅਕਾਲ ਤਖ਼ਤ ਨੂੰ ਨਾਨਕਸ਼ਾਹੀ ਕੈਲੰਡਰ ਬਹਾਲ ਕਰਨ ਦੀ ਅਪੀਲ ਕੀਤੀ ਗਈ। ਪੰਜਾਬ ਵਿਚ ਸਿੱਖ ਸਿਧਾਂਤਾਂ ਨੁੰ ਖ਼ਤਮ ਕਰਨ ਵਿਰੁਧ ਸੰਗਤਾਂ ਨੂੰ ਅੱਗੇ ਆਉਣ ਦਾ ਸੱਦਾ ਦਿਤਾ ਗਿਆ। ਪੰਥ 'ਚੋਂ ਛੇਕੇ ਗਏ ਅਹਿਮ ਸਿੱਖਾਂ ਦੇ ਮਸਲਿਆਂ 'ਤੇ ਅਕਾਲ ਤਖ਼ਤ ਨੂੰ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ। ਭਾਰਤ ਸਰਕਾਰ ਨੂੰ ਵਿਦੇਸ਼ੀ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ, ਅਫ਼ਗ਼ਾਨਿਸਤਾਨ ਤੋਂ ਹਿਜਰਤ ਕਰ ਕੇ ਭਾਰਤ ਆਏ ਹਿੰਦੂਆਂ ਅਤੇ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦੇਣ ਤੋਂ ਇਲਾਵਾ ਅਨੰਦ ਮੈਰਿਜ ਐਕਟ ਲਾਗੂ ਕਰਨ ਦੀ ਕੇਂਦਰ ਨੂੰ ਅਪੀਲ ਕੀਤੀ ਗਈ। ਸੌਦਾ ਸਾਧ ਦੇ ਸਮਾਗਮਾਂ ਨੂੰ ਮਨਜ਼ੂਰੀ ਦੇਣ ਵਿਰੁਧ ਕਾਰਵਾਈ ਕਰਨ ਲਈ ਵੀ ਅਕਾਲ ਤਖ਼ਤ ਨੂੰ ਅਪੀਲ ਕੀਤੀ ਗਈ। ਇਸ ਮੌਕੇ ਦਿੱਲੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ , ਜਨਰਲ ਸਕੱਤਰ ਸ.ਗੁਰਮੀਤ ਸਿੰਘ ਸ਼ੰਟੀ , ਦਿੱਲੀ ਕਮੇਟੀ ਮੈਂਬਰ ਸ. ਮਹਿੰਦਰ ਸਿੰਘ ਭੁੱਲਰ, ਜਥੇਦਾਰ ਗੁਰਚਰਨ ਸਿੰਘ ਗਤਕਾ ਮਾਸਟਰ, ਸ. ਮਹਿੰਦਰ ਸਿੰਘ ਕੈਰੋਂ, ਸ.ਸ਼ਮਸ਼ੇਰ ਸਿੰਘ ਸੰਧੂ, ਸ.ਇੰਦਰਜੀਤ ਸਿੰਘ ਮੌਂਟੀ, ਬਲਦੇਵ ਸਿੰਘ ਰਾਣੀਬਾਗ, ਸ.ਗੁਰਸ਼ਰਨ ਸਿੰਘ ਸੰਧੂ, ਭਾਈ ਦਲਜੀਤ ਸਿੰਘ, ਸ. ਸੁਰਿੰਦਰ ਸਿੰਘ ਹੰਸਪਾਲ, ਸ. ਸੁਖਵਿੰਦਰ ਸਿੰਘ ਸੋਨੀ, ਸ. ਹਰਦੀਪ ਸਿੰਘ, ਸ. ਇੰਦਰਜੀਤ ਸਿੰਘ, ਮੀਤ ਪ੍ਰਧਾਨ ਸ. ਮਨੋਹਰ ਸਿੰਘ, ਪ੍ਰੈਸ ਸਕੱਤਰ ਸ. ਵਿਕਰਮ ਸਿੰਘ, ਜਨਰਲ ਸਕੱਤਰ ਸ. ਗੁਰਚਰਨ ਸਿੰਘ ਗਿੱਲ, ਸਕੱਤਰ ਸ. ਉਪਿੰਦਰ ਸਿੰਘ ਲੱਕੀ, ਸਲਾਹਕਾਰ ਸ. ਗੁਰਚਰਨ ਸਿੰਘ, ਸੀਨੀਅਰ ਮੀਤ ਪ੍ਰਧਾਨ , ਸ. ਕੁਲਵੰਤ ਸਿੰਘ, ਸ. ਸਮਰਦੀਪ ਸਿੰਘ ਆਦਿ ਹਾਜ਼ਰ ਸਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top