Share on Facebook

Main News Page

ਸਿੱਖਾਂ ਦੀ ਨਸਲਕੁਸ਼ੀ ਦੇ ਦੋਸ਼ੀ ਪੁਲਿਸ ਅਫਸਰਾਂ ਨੂੰ ਜਿੰਮੇਵਾਰ ਅਹੁਦੇ ਬਖਸ਼ਣ ਦੇ ਐਲਾਨ ਨੇ, ਬਾਦਲਕਿਆਂ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਕਰ ਦਿੱਤਾ ਹੈ: ਕਲਕੱਤਾ

ਬਠਿੰਡਾ, 3 ਫਰਵਰੀ (ਕਿਰਪਾਲ ਸਿੰਘ) : ਮਨੁਖੀ ਅਧਿਕਾਰਾਂ ਦੀ ਰਾਖੀ ਦੇ ਮੁਦਈ ਰਹੇ ਅਕਾਲੀ ਦਲ ਦੀ ਸਰਕਾਰ ਵਲੋਂ ਸਿੱਖਾਂ ਦੀ ਨਸਲ ਕੁਸ਼ੀ ਦੇ ਦੋਸ਼ੀ ਪੁਲਿਸ ਅਫਸਰਾਂ ਨੂੰ ਜਿੰਮੇਵਾਰ ਅਹੁਦੇ ਬਖਸ਼ਣ ਦੇ ਐਲਾਨ ਨੇ ਬਾਦਲਕਿਆਂ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਕਰ ਦਿੱਤਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਮੰਗ ਕੀਤੀ ਹੈ ਕਿ ਖੁਦ ਨੂੰ ਪੰਥਕ ਕਹਾਣ ਵਾਲੀ ਸਰਕਾਰ ਇਹ ਫੈਸਲਾ ਤੁਰੰਤ ਵਾਪਸ ਲੈਕੇ ਸਿੱਖ ਪੰਥ ਤੋਂ ਮੁਆਫੀ ਮੰਗੇ ।

ਸ੍ਰ. ਕਲਕੱਤਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੀ 1982 ਵਿਚ ਸਿੱਖਾਂ ਦੀਆਂ ਹੱਕੀ ਮੰਗਾਂ ਤੇ ਸੂਬੇ ਲਈ ਵੱਧ ਅਧਿਕਾਰਾਂ ਦੀ ਪ੍ਰਾਪਤੀ ਲਈ ਧਰਮ ਯੁਧ ਮੋਰਚਾ ਸ਼ੁਰੂ ਕੀਤਾ ਸੀ ਅਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਇਸ ਮੋਰਚੇ ਦੇ ਮੁਖ ਸੰਚਾਲਕਾਂ ਵਿਚ ਸ਼ਾਮਿਲ ਸਨ। ਉਨਾਂ ਦੱਸਿਆਂ ਕਿ ਧਰਮ ਯੁਧ ਮੋਰਚੇ ਕਾਰਣ ਹੀ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਤੇ ਨਵੰਬਰ 84 ਦਾ ਸਿੱਖ ਕਤਲੇਆਮ ਵਾਪਰਿਆ। ਉਨਾਂ ਦੱਸਿਆ, ਕਿ ਇਨਾਂ ਵਧੀਕੀਆਂ ਤੇ ਬੇਇਨਸਾਫੀਆਂ ਦੇ ਵਿਰੋਧ ਵਿਚ ਹੀ ਸਿੱਖ ਨੌਜਵਾਨਾਂ ਨੇ ਆਪਣੇ ਰੋਹ ਤੇ ਰੋਸ ਦਾ ਪ੍ਰਦਰਸ਼ਨ ਕਰਦਿਆਂ, ਹਥਿਆਰ ਵੀ ਚੁਕੇ ਤੇ ਕੁਝ ਵਿਦੇਸ਼ਾਂ ਵਿਚ ਵੀ ਚਲੇ ਗਏ। ਸ੍ਰ. ਕਲਕੱਤਾ ਨੇ ਦੱਸਿਆ ਕਿ ਅਕਾਲੀ ਦਲ ਜਿਸਦੇ ਸ੍ਰ. ਬਾਦਲ ਅੱਜ ਸਰਪ੍ਰਸਤ ਹਨ ਨੇ ਇਕ ਲੰਮਾ ਸਮਾਂ ਸੂਬੇ ਵਿਚ ਸਿਖ ਨੌਜੁਆਨਾਂ ਤੇ ਹੋਈਆਂ ਪੁਲਿਸ ਵਧੀਕੀਆਂ ਤੇ ਅਤਿਆਚਾਰ ਖਿਲਾਫ ਅਵਾਜ ਬੁਲੰਦ ਕਰਦਾ ਰਿਹਾ, ਅਤੇ ਦੋਸ਼ੀ ਪੁਲਿਸ ਅਫਸਰਾਂ ਨੂੰ ਸਜਾਵਾਂ ਦਿਵਾਏ ਜਾਣ ਦੀ ਵਕਾਲਤ ਤੇ ਵਾਅਦੇ ਕਰਦਾ ਰਿਹਾ। ਸ੍ਰ. ਕਲਕੱਤਾ ਨੇ ਦੱਸਿਆ ਕਿ ਸ੍ਰ. ਬਾਦਲ ਨੇ ਸੱਤਾ ਮਿਲਦਿਆਂ ਹੀ, ਦੋਸ਼ੀ ਪੁਲਿਸ ਅਫਸਰਾਂ ਨੂੰ ਸਜਾਵਾ ਦਿਵਾਣ ਦੀ ਬਜਾਏ ਤਰੱਕੀਆਂ ਵੀ ਦਿੱਤੀਆਂ ਤੇ ਮਾਣ ਸਨਮਾਨ ਲਈ ਸਿਫਾਰਸਾ ਵੀ ਕੀਤੀਆਂ। ਉਨਾਂ ਦੱਸਿਆ ਕਿ ਇਕ ਪਾਸੇ ਤਾ ਬਾਦਲ ਦੀ ਪਾਰਟੀ ਦਿੱਲੀ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਐਲਾਨ ਕਰਵਾ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਲਈ ਨਿੱਤ ਬਿਆਨ ਦਾਗਦੀ ਹੈ ਜਦਕਿ 15 ਸਾਲ ਦੇ ਸਮੇਂ ਵਿਚ ਪੰਜਾਬ ਅੰਦਰ 25 ਹਜਾਰ ਸਿਖ ਝੂਠੇ ਪੁਲਿਸ ਮੁਕਾਬਲਿਆਂ ਵਿਚ ਖਤਮ ਕਰਨ ਵਾਲੇ ਪੁਲਸੀਆਂ ਨੂੰ ਅਜੇ ਵੀ ਮਾਣ ਤਾਣ ਦੇਣ ਵਿਚ ਰੁਝੀ ਹੋਈ ਹੈ। ਉਨਾਂ ਕਿਹਾ ਕਿ ਅਕਾਲੀ ਕਹਾਣ ਵਾਲੀ ਸਰਕਾਰ ਦੀ ਇਹ ਕਾਰਵਾਈ ਸਿੱਖ ਹਿਰਦਿਆਂ ਨੂੰ ਵਲੂੰਧਰਣ ਵਾਲੀ ਹੈ ਜਿਸ ਬਾਰੇ ਸਰਕਾਰ ਆਪਣਾ ਫੈਸਲਾ ਬਦਲਕੇ ਪੰਥ ਤੋਂ ਮੁਆਫੀ ਮੰਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top