Share on Facebook

Main News Page

ਸਿੱਖ ਧਰਮ ਵਿੱਚ ਵਧ ਰਹੇ ਬਿਪ੍ਰਵਾਦ ਤੇ ਪੁਜਾਰੀਵਾਦ ਵਿਰੁੱਧ ਸੰਘਰਸ਼ ਕਰਨ ਲਈ, ਜਾਗਰੂਕ ਸਿੱਖਾਂ ਦੀ ਏਕਤਾ ਦਾ ਆਧਾਰ ਕਿਵੇਂ ਤਿਆਰ ਕੀਤਾ ਜਾਵੇ, ਅਤੇ ਇਸ ਦੀ ਅਗਵਾਈ ਲਈ ਸਭ ਤੋਂ ਵੱਧ ਵਿਸ਼ਵਾਸ਼ ਯੋਗ ਸਖ਼ਸ਼ੀਅਤ ਕਿਹੜੀ ਹੋ ਸਕਦੀ ਹੈ?: ਮਨਜੀਤ ਸਿੰਘ ਖ਼ਾਲਸਾ ਮੋਹਾਲੀ

ਮੈਂ ਕਿਰਪਾਲ ਸਿੰਘ ਦੇ ਉੱਦਮ ਤੇ ਸਿੱਖ ਮਾਰਗ ਅਤੇ ਇੰਡੀਆ ਅਵੇਰਨੈੱਸ ਦੇ ਮੁੱਖ ਸੰਪਾਦਕਾਂ ਵਲੋਂ ਉਸ ਨੂੰ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੇ ਪਾਠਕਾਂ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਹੈ ਕਿ ਜਾਗਰੂਕ ਸਿੱਖਾਂ ਦੀ ਏਕਤਾ ਹੋਣ ਵਿੱਚ ਮੁੱਖ ਤੌਰ `ਤੇ ਜਿੰਮੇਵਾਰ ਕਿਹੜੀ ਧਿਰ ਹੈ। ਇਹ ਸਮਝ ਨਹੀਂ ਆ ਰਹੀ ਕਿ ਜੇ ਸਪੋਕਸਮੈਨ ਦੇ ਉਨ੍ਹਾਂ ਸਮਰਥਕਾਂ ਨੂੰ ਜਾਗਰੂਕ ਕਿਹਾ ਜਾਵੇ ਜਿਹੜੇ ੧੦ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਤੌਰ `ਤੇ ਸਮਰੱਥ ਗੁਰੂ ਮੰਨਣ ਸਬੰਧੀ ਹੀ ਆਜ਼ਾਦਾਨਾ ਤੌਰ `ਤੇ ਆਪਣੀ ਨਿਜੀ ਰਾਇ ਨਹੀਂ ਦੇ ਸਕਦੇ ਤਾਂ ਗੁਲਾਮ ਬ੍ਰਿਤੀ ਦੇ ਅੰਨ੍ਹੇ ਸ਼ਰਧਾਲੂ ਕਿਹੋ ਜਿਹੇ ਹੋਣਗੇ। ਗੁਰਿੰਦਰ ਸਿੰਘ ਕੋਟਕਪੂਰਾ ਨੂੰ ਜਦ ਫ਼ੋਨ `ਤੇ ਪੁਛਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ‘ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ।। ` ਦੇ ਮਹਾਂਵਾਕ ਅਨੁਸਰ ਪੂਰਨ ਗੁਰੂ ਕਹਿਣ ਵਿੱਚ ਤੁਹਾਨੂੰ ਕੀ ਔਕੜ ਆਉਂਦੀ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਬਾਣੀ ਨੂੰ ਹੀ ਗੁਰੂ ਮੰਨ ਰਹੇ ਹਨ। ਪਰ ਦੱਸਿਆ ਗਿਆ ਕਿ ਤੁਹਾਡਾ ਸੰਪਾਦਕ ਤਾਂ ਲਿਖ ਹਟਿਆ ਹੈ ਕਿ ਉਹ ਸ਼ਬਦ ਜਿਸ ਨੂੰ ਗੁਰੂ ਨਾਨਕ ਨੇ ਗੁਰੂ ਅਖਿਆ ਸੀ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੀ ਨਹੀਂ ਹੈ। ਬਾਕੀ ਗੁਰੂਆਂ, ਭਗਤਾਂ, ਗੁਰਸਿੱਖਾਂ ਤੇ ਭੱਟਾਂ ਦੀ ਬਾਣੀ ਨੂੰ ਉਹ ਮੰਨਦਾ ਹੀ ਨਹੀਂ। ਮੇਰੀ ਆਪਣੀ ਹੱਡਬੀਤੀ ਹੈ ਕਿ ਇੱਕ ਦਿਨ ਕਿਸੇ ਸੱਜਨ ਦੇ ਨਾਲ ਜੋਗਿੰਦਰ ਸਿੰਘ ਦੇ ਘਰ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਉਸ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਗੁਰੂ ਅੰਗਦ ਦੇਵ ਦੀ ਵੀਚਾਰਧਾਰਾ ਹੀ ਬਾਬੇ ਨਾਨਕ ਦੀ ਵੀਚਾਰਧਾਰਾ ਦੇ ਵਿਰੋਧ ਵਿੱਚ ਹੈ ਜਿਸ ਦਾ ਪ੍ਰਮਾਣ ਉਨ੍ਹਾਂ ਇਹ ਦਿੱਤਾ ਕਿ ਬਾਬਾ ਨਾਨਕ ਤਾਂ ਕਹਿ ਰਹੇ ਹਨ, ਮੇਰਾ ਗੁਰੂ ਸ਼ਬਦ ਹੈ ਪਰ ਗੁਰੂ ਅੰਗਦ ਦੇਵ ਜੀ ਆਪਣੇ ਸਲੋਕ ਵਿੱਚ ਕਹਿ ਰਹੇ ਹਨ "ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।"

ਇਸ ਸਲੋਕ ਦਾ ਅਰਥ ਤਾਂ ਇਹ ਨਿਕਲਦਾ ਹੈ ਕਿ ਜਿਵੇਂ ਸਰੀਰਾਂ ਲਈ ਹਵਾ ਭਾਵ ਪ੍ਰਾਣ ਜਰੂਰੀ ਹਨ, ਇਸੇ ਤਰ੍ਹਾਂ ਜੀਵਾਂ ਦੀ ਆਤਮਾ ਲਈ ਗੁਰੂ ਦੀ ਲੋੜ ਹੈ, ਪਾਣੀ (ਸਭ ਜੀਵਾਂ ਦਾ) ਪਿਉ ਸਮਾਨ ਹੈ ਕਿਉਂਕਿ ਸਾਰੀ ਉਤਪਤੀ ਪਾਣੀ ਤੋਂ ਹੀ ਹੁੰਦੀ ਹੈ (ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲੁ ਹੋਇ।। ਜਲ ਤੇ ਤ੍ਰਿਭਵਣੁ ਸਾਜਿਆ, ਘਟਿ ਘਟਿ ਜੋਤਿ ਸਮੋਇ।। ਪੰਨਾ ੧੯)ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ। ਫਿਰ ਇੱਕ ਪਾਸੇ ਤਾਂ ਤੁਸੀਂ ਆਪਣੇ ੨੪ ਜਨਵਰੀ ਵਾਲੇ ਲੇਖ ਵਿੱਚ ਲਿਖ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੇ ੧੪੩੦ ਪੰਨਿਆਂ `ਤੇ ੬ ਗੁਰੂ ਸਾਹਿਬਾਨ, ੧੫ ਭਗਤਾਂ, ੧੧ ਭੱਟਾਂ ਅਤੇ ੪ ਗੁਰਸਿੱਖਾਂ ਦੀ ਬਾਣੀ ਦਰਜ ਹੈ ਅਤੇ ਇਹ ਕੇਵਲ ਸਿੱਖਾਂ ਦੇ ਹੀ ਗੁਰੂ ਨਹੀਂ ਇਹ ਤਾਂ ਸਾਰੇ ਸੰਸਾਰ ਦੇ ਲੋਕਾਂ ਲਈ (The Holy Book of The Universe) ਭਾਵ ਸਮੁੱਚੀ ਮਾਨਵਤਾ ਦਾ ਗੁਰੂ ਹੈ।

ਪਰ ਦੂਸਰੇ ਪਾਸੇ ਤੁਹਾਡਾ ਸੰਪਾਦਕ ਹੀ ਇਸ ਨੂੰ ਨਾ ਹੀ ਗੁਰੂ ਮੰਨਦਾ ਹੈ ਅਤੇ ਨਾ ਹੀ ਬਾਬੇ ਨਾਨਕ ਦੀ ਬਾਣੀ ਬਿਨਾਂ ਬਾਕੀ ਦੀ ਬਾਣੀ ਨੂੰ ਮੰਨਦਾ ਹੈ, ਅਰਥ ਕਰਨ ਲੱਗਿਆ ਵੀ ਆਪਣੇ ਹੀ ਤੀਰ ਤੁੱਕੇ ਲਾ ਕੇ ਸਾਰੇ ਸਿੱਖ ਜਗਤ ਵਿੱਚ ਦੁਬਿਧਾ ਤੇ ਵੰਡੀਆਂ ਪਾ ਰਿਹਾ ਹੈ ਤੇ ਫਿਰ ਤੁਹਾਡੀ ਕੀ ਮਜ਼ਬੂਰੀ ਹੈ ਕਿ ਤੁਸੀਂ ਸਪਸ਼ਟ ਸ਼ਬਦਾਂ ਵਿੱਚ ਨਾ ਹੀ ਇਸ ਨਾਲ ਸਹਿਮਤੀ ਜਤਾ ਰਹੇ ਹੋ ਤੇ ਨਾ ਹੀ ਤੁਹਾਡੇ ਵਿੱਚ ਇਸ ਦਾ ਖੰਡਨ ਕਰਨ ਦੀ ਹਿੰਮਤ ਹੈ? ਗੁਰਿੰਦਰ ਸਿੰਘ ਨੂੰ ਪੁੱਛਿਆ ਗਿਆ ਕਿ ਤੁਸੀਂ ਨਿੱਜੀ ਤੌਰ `ਤੇ ਦੁਨੀਆਂ ਭਰ ਦੇ ਸਿੱਖੀ ਸੋਚ ਰੱਖਣ ਵਾਲੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਹੈ ਕਿ ‘ਨਿੱਜੀ ਹਉਮੈ ਤਿਆਗ ਕੇ ਇਕ-ਦੂਜੇ ਖਿਲਾਫ ਤੋਹਮਤਾਂ ਲਾਉਣ, ਅਤੇ ਫੋਕੀ ਸ਼ੋਹਰਤ ਤੋਂ ਪ੍ਰਹੇਜ਼ ਕਰਨ ਤੇ ਏਕਤਾ ਦਾ ਸਬੂਤ ਦਿੰਦਿਆਂ ਪੰਥ ਦੀ ਡੁੱਬਦੀ ਬੇੜੀ ਨੂੰ ਬਚਾਉਣ ਦਾ ਉਪਰਾਲਾ ਕਰਨ। … …. ਜੇਕਰ ਪੰਥ ਦਾ ਦਰਦ ਰੱਖਣ ਵਾਲੇ ਵੀਰ ਸੁਚੇਤ ਨਾ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਲਾਹਨਤਾਂ ਪਾਉਣਗੀਆਂ`। ਪਰ ਇਹ ਤਾਂ ਦੱਸੋ ਕਿ ਤੁਸੀਂ ਏਕਤਾ ਕਿਹੜੇ ਜਾਗਰੂਕ ਸਿੱਖਾਂ ਨਾਲ ਕਰਨੀ ਚਾਹੁੰਦੇ ਹੋ? ਕੀ ਤੁਸੀਂ ਪ੍ਰੋ ਦਰਸ਼ਨ ਸਿੰਘ, ਗੁਰਤੇਜ ਸਿੰਘ, ਰਜਿੰਦਰ ਸਿੰਘ ਕਿਰਪਾਲ ਸਿੰਘ ਜਾਂ ਹੋਰ ਜਿਹੜੇ ਸਿੱਖਾਂ ਨਾਲ ਏਕਤਾ ਕਰਨੀ ਚਾਹੁੰਦੇ ਹੋ ਉਨ੍ਹਾਂ ਦੇ ਨਾਮ ਦੱਸ ਸਕਦੇ ਹੋ ਤਾਂ ਉਹ ਇਸ ਦਾ ਕੋਈ ਜਵਾਬ ਨਾ ਦੇ ਸਕੇ ਤੇ ਜਵਾਬ ਦੇਣ ਤੋਂ ਟਲਣ ਲਈ ਫ਼ੋਨ ਵਾਰ ਵਾਰ ਕੱਟਦੇ ਰਹੇ। ਫਿਰ ਪੁੱਛਿਆ ਗਿਆ ਕਿ ਤੁਸੀਂ ਕਿਰਪਾਲ ਸਿੰਘ ਬਠਿੰਡਾ ਦੀਆਂ ਲਿਖਤਾਂ ਦੇ ਜਵਾਬ ਕਿਉਂ ਨਹੀਂ ਦੇ ਰਹੇ ਤਾਂ ਉਨ੍ਹਾਂ ਲੰਗੜਾ ਬਹਾਨਾ ਸੁਣਾਇਆ ਕਿ ਉਹ ਤਾਂ ਵਿਹਲਾ ਹੈ ਲਿਖੀ ਜਾ ਰਿਹਾ ਹੈ ਪਰ ਸਾਡੇ ਕੋਲ ਉਨ੍ਹਾਂ ਦੀਆਂ ਲਿਖਤਾਂ ਦਾ ਜਵਾਬ ਦੇਣ ਲਈ ਕੋਈ ਸਮਾ ਨਹੀਂ ਹੈ।

ਹੁਣ ਜਿਹੜਾ ਗੁਰਿੰਦਰ ਸਿੰਘ ਆਪਣੇ ਸੰਪਾਦਕ ਦੀ ਖੁਸ਼ਾਮਦ ਕਰਦਿਆਂ ਉਨ੍ਹਾਂ ਦੀ ਥਾਂ ਤੱਤ ਗੁਰਮਤ ਪ੍ਰੀਵਾਰ ਨੂੰ ੧੩-੧੩ ਪੰਨਿਆਂ ਦਾ ਜਵਾਬ ਦੇਣ ਲਈ ਉਨ੍ਹਾਂ ਅਨੁਸਾਰ ੧੩-੧੩ ਕੀਮਤੀ ਘੰਟੇ ਲਾ ਸਕਦਾ ਹੈ, ਹੋਰ ਕਈ ਵਿਦਵਾਨਾਂ ਤੇ ਝੂਠੀਆਂ ਤੋਹਮਤਾਂ ਲਾਉਣ ਲਈ ਲੰਬੀਆਂ ਲੰਬੀਆਂ ਖ਼ਬਰਾਂ ਤੇ ਪੱਤਰ ਲਿਖਣ ਲਈ ਸਮਾਂ ਕੱਢ ਸਕਦਾ ਹੈ ਉਹ ਜੋਗਿੰਦਰ ਸਿੰਘ ਦੀਆਂ ਲਿਖਤਾਂ ਨਾਲ ਸਹਿਮਤ ਹੈ ਜਾਂ ਨਹੀਂ, ਲਿਖਣ ਲਈ ੨ ਸਿਰਫ ਦੋ ਮਿੰਟ ਦਾ ਸਮਾ ਕਿਉਂ ਨਹੀਂ ਕੱਢ ਸਕਦਾ।

ਬੇਸ਼ੱਕ ਮੈਂ (ਮਨਜੀਤ ਸਿੰਘ) ਇਸ ਗੱਲ ਨਾਲ ਸਹਿਮਤ ਹਾਂ ਕਿ ਗਿਆਨੀ ਹਰਿੰਦਰ ਸਿੰਘ ਅਲਵਰ ਨੂੰ ਕਥਾ ਦੌਰਾਨ ਦਸਮ ਗ੍ਰੰਥ ਵਿਚੋਂ ਹਵਾਲੇ ਨਹੀਂ ਦੇਣੇ ਚਾਹੀਦੇ ਪਰ ਜਿਸ ਤਰ੍ਹਾਂ ਗੁਰਿੰਦਰ ਸਿੰਘ ਪ੍ਰੋ: ਇੰਦਰ ਸਿੰਘ ਘੱਗਾ ਦੇ ਨਾਮ `ਤੇ ਉਸ ਦੀਆਂ ਭੰਡੀ ਪ੍ਰਚਾਰ ਦੀਆਂ ਖ਼ਬਰਾਂ ਲਾ ਰਿਹਾ ਹੈ ਉਸ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਵਿੱਚ ਸਚਾਈ ਨਹੀਂ ਹੈ। ੨੮ ਨਵੰਬਰ ੨੦੧੦ ਦੇ ਅਖ਼ਬਾਰ ਵਿੱਚ ਤਾਂ ਇਹੀ ਘੱਗਾ ਜੀ ਤੇ ਗੁਰਿੰਦਰ ਸਿੰਘ ਜੀ ਲਿਖ ਰਹੇ ਸਨ ਕਿ ਗਿਆਨੀ ਹਰਿੰਦਰ ਸਿੰਘ ਅਲਵਰ ਤੇ ਉਸ ਦਾ ਚਹੇਤਾ ਪੱਤਰਕਾਰ ਦਸਮ ਗ੍ਰੰਥ ਵਿਰੁਧ ਧੂੰਆਂਧਾਰ ਪ੍ਰਚਾਰ ਕਰਦੇ ਰਹਿੰਦੇ ਹਨ ਪਰ ੨੯ ਜਨਵਰੀ ੨੦੧੧ ਨੂੰ ਲਿਖ ਰਹੇ ਹਨ ਕਿ ਗਿਆਨੀ ਅਲਵਰ ਉਹ ਵਿਅਕਤੀ ਹੈ ਜੋ ਦਸਮ ਗ੍ਰੰਥ ਦਾ ਹਮਾਇਤੀ ਹੈ ਤੇ ਅੱਜ ਤੱਕ ਅਖੌਤੀ ਦਸਮ ਗ੍ਰੰਥ ਸਬੰਧੀ ਆਪਣੀ ਨੀਤੀ ਸਪਸ਼ਟ ਨਹੀਂ ਕਰ ਸਕਿਆ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਪ੍ਰੋ: ਘੱਗਾ ਜੀ ਅਤੇ ਗੁਰਿੰਦਰ ਸਿੰਘ ਜੀ ਆਪਣੇ ਸੰਪਾਦਕ ਦੀਆਂ ਲਿਖਤਾਂ ਸਬੰਧੀ ਆਪਣੀ ਨੀਤੀ ਸਪਸ਼ਟ ਨਹੀਂ ਕਰ ਸਕੇ ਉਨ੍ਹਾਂ ਨੂੰ ਕੀ ਹੱਕ ਹੈ ਕਿ ਉਹ ਗਿਆਨੀ ਅਲਵਰ ਤੇ ਇਹ ਦੋਸ਼ ਲਾਉਣ ਕਿ ਉਹ ਅਖੌਤੀ ਦਸਮ ਗ੍ਰੰਥ ਸਬੰਧੀ ਆਪਣੀ ਨੀਤੀ ਸਪਸ਼ਟ ਨਹੀਂ ਕਰ ਸਕਿਆ? ਉਨ੍ਹਾਂ ਨੂੰ ਕੀ ਹੱਕ ਹੈ ਕਿ ਉਹ ਪ੍ਰੋ: ਦਰਸਨ ਸਿੰਘ ਜੀ ਨੂੰ ਇਹ ਸਪਸ਼ਟੀਕਰਨ ਦੇਣ ਲਈ ਕਹਿਣ ਕਿ `ਪ੍ਰਿਥਮੀ ਭਗੌਤੀ` ਅਤੇ ਦਸਮ ਗ੍ਰੰਥ ਵਿਚੋਂ ਨਿਤਨੇਮ ਦੀਆਂ ਲਈਆਂ ਗਈਆਂ ਬਾਣੀਆਂ ਸਬੰਧੀ ਉਹ ਸੰਗਤਾਂ ਨੂੰ ਗੁਮਰਾਹ ਕਿਉਂ ਕਰ ਰਹੇ ਹਨ? ਪ੍ਰੋ: ਦਰਸ਼ਨ ਸਿੰਘ ਤਾਂ ਕਈ ਵਾਰ ਸਪਸ਼ਟ ਕਰ ਚੁੱਕੇ ਹਨ ਕਿ ਇਹ ਪੰਥ ਪ੍ਰਵਾਨਤ ਹੋਣ ਕਰਕੇ ਉਨ੍ਹਾਂ `ਤੇ ਕੋਈ ਵਿਵਾਦ ਨਹੀਂ ਕਰਨਾ ਚਾਹੁੰਦਾ ਪਰ ਪ੍ਰੋ: ਘੱਗਾ ਜੀ ਅਤੇ ਗੁਰਿੰਦਰ ਸਿੰਘ ਆਪਣੇ ਸੰਪਾਦਕ ਦੀਆਂ ਲਿਖਤਾਂ ਸਬੰਧੀ ਆਪਣੀ ਨੀਤੀ ਸਪਸ਼ਟ ਨਾ ਕਰਨ ਦਾ ਕੀ ਬਹਾਨਾ ਲਾਉਣਗੇ? ਕੀ ਉਨ੍ਹਾਂ ਲਈ ਜੋਗਿੰਦਰ ਸਿੰਘ ਹੀ ਪੰਥ ਹੈ ਅਤੇ ਇਹ ਹੀ ਉਨ੍ਹਾਂ ਦਾ ਗੁਰੂ ਹੈ, ਕਿ ਜੋ ਉਹ ਲਿਖਦਾ ਹੈ ਉਸ ਸਬੰਧੀ ਉਹ ਆਪਣੀ ਨਿਜੀ ਰਾਇ ਦੇਣ ਦੀ ਵੀ ਜੁਰ੍ਹਤ ਨਹੀਂ ਰੱਖਦੇ।

ਮੈਨੂੰ ਤਾਂ ਇਥੋਂ ਤੱਕ ਵੀ ਸ਼ੱਕ ਹੈ ਕਿ ਇਨ੍ਹਾਂ ਦੇ ਨਾਮ `ਤੇ ਜੋਗਿੰਦਰ ਸਿੰਘ ਆਪੇ ਹੀ ਲਿਖ ਲਿਖ ਛਾਪੀ ਜਾਂਦਾ ਹੈ ਤੇ ਇਨ੍ਹਾਂ ਨਿਮ੍ਰਤਾ ਦੇ ਪੁੰਜਾਂ (ਲਾਚਾਰਾਂ) ਦੀ ਜੁਰ੍ਹਤ ਹੀ ਨਹੀਂ ਪੈਂਦੀ ਕਿ ਇਹ ਉਸ ਨੂੰ ਰੋਕ ਸਕਣ ਜਾਂ ਆਪਣਾ ਕੋਈ ਸਪਸ਼ਟੀਕਰਣ ਦੇ ਸਕਣ। ਇਸ ਦਾ ਸਬੂਤ ਇਹ ਹੈ ਕਿ ਗੁਰਬਖ਼ਸ਼ ਸਿੰਘ ਲੁਧਿਆਣਾ ੨੩ ਸਤੰਬਰ ੨੦੦੯ ਦੇ ਰੋਜ਼ਾਨਾ ਸਪੋਕਸਮੈਨ ਦੇ ਅੰਕ `ਚ ‘ਸ਼ਬਦ ਗੁਰੂ ਜੁਗ ਚਾਰੇ ਅਉਧੂ` ਸਿਰਲੇਖ ਹੇਠ ਛਪੇ ਲੇਖ `ਚ ਲਿਖ ਹਟੇ ਹਨ, ‘ਬਾਬੇ ਨਾਨਕ ਨੇ ਕਿਤੇ ਵੀ ਬਾਣੀ ਅੰਦਰ ਆਪ ਨੂੰ ਗੁਰੂ ਨਹੀਂ ਕਹਾਇਆ। ਨਾ ਕੋਈ ਗੱਦੀ ਹੀ ਚਲਾਈ ਸੀ`। ਪਰ ੩੦ ਜਨਵਰੀ ਨੂੰ ਸਿੱਖ ਮਾਰਗ `ਤੇ ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦ ਨ ਕੋਈ ਜੀਉ।। ਸਿਰਲੇਖ ਹੇਠ ਪਾਏ ਗਏ ਲੇਖ ਵਿੱਚ ਉਹੀ ਗੁਰਬਖ਼ਸ਼ ਸਿੰਘ ਲਿਖ ਰਿਹਾ ਹੈ ‘ਗੁਰੂ ਸਾਹਿਬਾਂ ਦੀ ੨੩੯ ਸਾਲ ਦੀ ਮੁਸ਼ਕਤ ਨੁੰ ਕੇਵਲ ਬਾਣੀ ਦੇ ਵਪਾਰ ਵਿੱਚ ਨਾ ਗਾਲੀਏ, ਮਨਮਤ ਦੀ ਧੁੰਦ ਨੁੰ ਮਿਟਾ ਕੇ ਚਾਨਣ ਵਲ ਵਧੀਏ`। ਜਿਸ ਦਾ ਭਾਵ ਹੈ ਕਿ ਉਹ ੧੦ ਹੀ ਗੁਰੂ ਸਾਹਿਬਾਨ ਨੂੰ ਮੰਨਦੇ ਹਨ ਤੇ ਰੋਜ਼ਾਨਾ ਸਪੋਕਸਮੈਨ ਵਿੱਚ ਛਪੇ ਲੇਖ ਵਿੱਚ ਇਸ ਦੇ ਨਹੀਂ ਬਲਕਿ ਜੋਗਿੰਦਰ ਸਿੰਘ ਦੇ ਖ਼ਿਆਲ ਹਨ ਪਰ ਮਜ਼ਬੂਰੀ ਵੱਸ ਗੁਰਬਖ਼ਸ਼ ਸਿੰਘ ਉਸ ਦਾ ਖੰਡਨ ਨਹੀਂ ਕਰ ਸਕਿਆ। ਗੁਰਬਖ਼ਸ਼ ਸਿੰਘ ਨੂੰ ਸਚਾਈ ਸਭ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ। ਕਿਉਂਕਿ ਝੂਠ ਸਿਰਫ ਉਸ ਸਮੇ ਤੱਕ ਹੀ ਚਲਦਾ ਹੈ ਜਿਸ ਸਮੇ ਤੱਕ ਇਸ ਦਾ ਕਿਸੇ ਨੂੰ ਪਤਾ ਨਾ ਲੱਗੇ। ਪਰ ਜੱਗ ਜ਼ਾਹਰ ਹੋਣ ਪਿਛੋਂ ਕਿਸੇ ਦੀ ਜੁਰ੍ਹਤ ਨਹੀਂ ਪੈਂਦੀ ਕਿ ਉਹ ਝੂਠ ਲਿਖ ਜਾਂ ਬੋਲ ਸਕੇ। ਮੈਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਸਪੋਕਸ਼ਮੈਨ ਦੇ ਸਮਰਥਕਾਂ ਵਿੱਚ ਤਾਂ ਜੁਰ੍ਹਤ ਪੈਦਾ ਨਹੀਂ ਹੋਣੀ, ਸਿਖ ਮਾਰਗ ਤੇ ਇੰਡੀਆ ਅਵੇਰਨੈੱਸ ਹੀ ਇਹ ਕੌਮੀ ਸੇਵਾ ਕਰ ਸਕਦੇ ਹਨ।

ਧੰਨਵਾਦ
ਮਨਜੀਤ ਸਿੰਘ ਖ਼ਾਲਸਾ ਮੋਹਾਲੀ
+੯੧-੯੪੧੭੪-੪੦੭੭੯


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top