Share on Facebook

Main News Page

ਜੇ ਪ੍ਰਚਾਰਕ, ਮਨਜੀਤ ਸਿੰਘ ਵਾਂਗ ਗੁਰਬਾਣੀ ਦਾ ਸੱਚ ਪ੍ਰਬੰਧਕਾਂ ਦੇ ਮੂੰਹ ’ਤੇ ਕਹਿਣ ਦੀ ਹਿੰਮਤ ਪੈਦਾ ਕਰ ਲੈਣ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਸਹਿਜੇ ਹੀ ਲੋਕਾਂ ਤੱਕ ਪਹੁੰਚਾਏ ਜਾ ਸਕਦੇ ਹਨ: ਭਾਈ ਰਤਨ ਸਿੰਘ

* ਭਗਤ ਰਵਿਦਾਸ ਜੀ ਨੂੰ ਫ਼ੋਟੋ ’ਚੋਂ ਨਹੀਂ ਉਸ ਦੀ ਬਾਣੀ ਵਿੱਚੋਂ ਵੇਖੋ
* ਗੁਰੂ ਗ੍ਰੰਥ ਸਾਹਿਬ ਵਾਲਾ ਸਤਿਕਾਰ ਹੋਰ ਕਿਸੇ ਪੁਸਤਕ, ਗ੍ਰੰਥ, ਵਿਅਕਤੀ ਜਾਂ ਮੂਰਤੀ ਨੂੰ ਨਹੀਂ ਦਿੱਤਾ ਜਾ ਸਕਦਾ
* ਸੁਖਮਨੀ ਸਾਹਿਬ ਸੁਸਾਇਟੀਆਂ ਵਾਲੇ ਜੇ ਸੁਖਮਨੀ ਸਾਹਿਬ ਦਾ ਹੀ ਅਰਥ ਭਾਵ ਸਮਝ ਜਾਣ, ਤਾਂ ਉਨ੍ਹਾਂ ਨੂੰ ਪਤਾ ਲਗ ਜਾਵੇਗਾ, ਕਿ ਸਿੱਖ ਲਈ ਹਰ ਰੋਜ ਹੀ ਨਵਾਂ ਸਾਲ ਹੈ: ਮਨਜੀਤ ਸਿੰਘ

ਬਠਿੰਡਾ, 31 ਜਨਵਰੀ (ਕਿਰਪਾਲ ਸਿੰਘ): ਜੇ ਪ੍ਰਚਾਰਕ, ਮਨਜੀਤ ਸਿੰਘ ਵਾਂਗ ਗੁਰਬਾਣੀ ਦਾ ਸੱਚ ਪ੍ਰਬੰਧਕਾਂ ਦੇ ਮੂੰਹ ’ਤੇ ਕਹਿਣ ਦੀ ਹਿੰਮਤ ਪੈਦਾ ਕਰ ਲੈਣ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਸਹਿਜੇ ਹੀ ਲੋਕਾਂ ਤੱਕ ਪਹੁੰਚਾਏ ਜਾ ਸਕਦੇ ਹਨ। ਇਹ ਸ਼ਬਦ ਗੁਰਦੁਆਰਾ ਪ੍ਰਬੰਧ ਸੁਧਾਰ ਜਥੇ ਦੇ ਪ੍ਰਧਾਨ ਭਾਈ ਰਤਨ ਸਿੰਘ ਨੇ ਗਰੇਟਸਿੱਖੀਡਾਟਕਾਮ ਵੈੱਬਸਾਈਟ ਤੋਂ ਭਾਈ ਮਨਜੀਤ ਸਿੰਘ ਦਾ ਕੀਰਤਨ ਸੁਣਨ ਉਪ੍ਰੰਤ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਜਗਿਆਸੂ ਸਿੱਖਾਂ ਨੇ ਗੁਰਦੁਆਰਿਆਂ ਵਿੱਚੋਂ ਉਹ ਕੁਝ ਹੀ ਸਿੱਖਣਾ ਹੈ ਜੋ ਉਹ ਉਥੇ ਨਿਤਾਪ੍ਰਤੀ ਵੇਖਦੇ ਹਨ ਜਾਂ ਪ੍ਰਚਾਰਕਾਂ ਪਾਸੋਂ ਸੁਣਦੇ ਹਨ। ਬਹੁਗਿਣਤੀ ਗੁਰਦੁਆਰਾ ਪ੍ਰਬੰਧਕ ਸਿੱਖੀ ਸਿਧਾਂਤ ਤੋਂ ਕੋਰੇ ਹੁੰਦੇ ਹਨ ਇਸ ਲਈ ਮਨਮਤੀ ਸ਼ਰਧਾਲੂਆਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਉਹ ਗੁਰਦੁਆਰਿਆਂ ਵਿੱਚ ਬਹੁਤ ਸਾਰੀਆਂ ਮਨਮਤਾਂ ਵੀ ਕਰੀ ਜਾਂਦੇ ਹਨ। ਕਥਾ ਕੀਰਤਨ ਕਰਨ ਆਏ ਪ੍ਰਚਾਰਕ ਉਥੇ ਹੋ ਰਹੀ ਮਨਮਤ ਨੂੰ ਵੇਖ ਕੇ ਚੁੱਪ ਰਹਿੰਦੇ ਹਨ ਅਤੇ ਕਈ ਵਾਰੀ ਤਾ ਗੁਰਬਾਣੀ ਦੇ ਗਲਤ ਅਰਥ ਕਰਕੇ ਗੁਰਬਾਣੀ ਦੇ ਪ੍ਰਮਾਣਾਂ ਸਹਿਤ ਹੀ ਉਥੇ ਹੋ ਰਹੀ ਮਨਮਤ ਨੂੰ ਸਹੀ ਠਹਿਰਾਉਣ ਦਾ ਕੋਝਾ ਯਤਨ ਵੀ ਕਰ ਬੈਠਦੇ ਹਨ, ਜਿਸ ਦਾ ਕੋਰੇ ਮਨ ਵਾਲੇ ਜਗਿਆਸੂਆਂ ’ਤੇ ਇਤਨਾ ਗਲਤ ਅਸਰ ਪੈਂਦਾ ਹੈ ਕਿ ਇੱਕ ਪ੍ਰਚਾਰਕ ਦੇ ਮੂੰਹੋਂ ਗੁਰਬਾਣੀ ਦੇ ਪ੍ਰਮਾਣਾਂ ਸਹਿਤ ਸੁਣੇ ਪ੍ਰਚਾਰ ਨੂੰ ( ਭਾਵੇਂ ਉਸ ਨੇ ਅਰਥ ਗਲਤ ਹੀ ਕੀਤੇ ਹੋਣ), ਨੂੰ ਉਹ ਇਤਨਾ ਸੱਚ ਮੰਨ ਲੈਂਦੇ ਹਨ ਕਿ ਬਾਅਦ ਵਿੱਚ ਸਮਝਾਇਆਂ ਵੀ ਨਹੀਂ ਸਮਝਦੇ। ਭਾਈ ਰਤਨ ਸਿੰਘ ਨੇ ਕਿਹਾ ਕਿ ਭਾਈ ਮਨਜੀਤ ਸਿੰਘ ਜੀ ਮੋਹਾਲੀ ਵਾਲੇ ਜੋ ਦਸਾਂ ਨਹੁੰਆਂ ਦੀ ਕਿਰਤਕਾਰ ਕਰਦੇ ਹੋਏ ਨਿਸ਼ਕਾਮ ਤੌਰ ’ਤੇ ਕੀਰਤਨ ਦੀ ਸੇਵਾ ਕਰਦੇ ਹਨ, ਨੇ ਜਿਸ ਤਰ੍ਹਾਂ ਭਗਤ ਰਵਿਦਾਸ ਜੀ ਦੇ ਗੁਰਦੁਆਰੇ ਵਿੱਚ ਹੋ ਰਹੀ ਮਨਮਤ ਨੂੰ ਗੁਰਬਾਣੀ ਅਤੇ ਸਿੱਖ ਰਹਿਤ ਮਰਯਾਦਾ ਦੇ ਪ੍ਰਮਾਣ ਦੇ ਕੇ ਕੱਟਿਆ ਹੈ, ਜੇ ਸਾਰੇ ਹੀ ਪ੍ਰਚਾਰਕ ਇਸ ਤਰ੍ਹਾਂ ਹੌਸਲਾ ਕਰ ਲੈਣ ਤਾਂ ਜਿਥੇ ਪ੍ਰਬੰਧਕਾਂ ਵਲੋਂ ਕਰਵਾਏ ਗਏ ਕੀਰਤਨ ਸਮਾਗਮ ਸਫਲ ਹੋ ਸਕਦੇ ਹਨ ਉੱਥੇ ਗੁਰਬਾਣੀ ਦੇ ਸਿਧਾਂਤ ਸਹਿਜੇ ਹੀ ਆਮ ਲੋਕਾਂ ਤੱਕ ਪਹੁੰਚਾਏ ਜਾ ਸਕਦੇ ਹਨ।

ਇਹ ਵਰਨਣਯੋਗ ਹੈ ਕਿ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਸੁਸਾਇਟੀ ਮੋਹਾਲੀ ਵਲੋਂ ਉਥੇ ਸਥਿਤ ਭਗਤ ਰਵਿਦਾਸ ਜੀ ਦੇ ਗੁਰਦੁਆਰੇ ਵਿੱਚ 31 ਦਸੰਬਰ-1 ਜਨਵਰੀ ਦੀ ਰਾਤ ਨੂੰ ਕੀਰਤਨ ਸਮਾਗਮ ਕਰਵਇਆ ਗਿਆ ਜਿਸ ਵਿੱਚ ਕੀਰਤਨ ਸੇਵਾ ਦੀ ਹਾਜ਼ਰੀ ਭਾਈ ਮਨਜੀਤ ਸਿੰਘ ਨੇ ਭਰੀ। ਉਸ ਗੁਰਦੁਆਰੇ ਵਿੱਚ ਭਗਤ ਰਵਿਦਾਸ ਜੀ ਦੀ ਵੱਡ ਅਕਾਰੀ ਫ਼ੋਟੋ ਪੀੜ੍ਹਾ ਸਾਹਿਬ ’ਤੇ ਬਿਰਾਜਮਾਨ ਕਰਕੇ ਉੱਪਰ ਗੁਰੂ ਗ੍ਰੰਥ ਸਾਹਿਬ ਵਾਂਗ ਚੰਦੋਆ ਤਾਣਿਆ ਹੋਇਆ ਸੀ। ਕੀਰਤਨ ਦੌਰਾਨ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ ਨੰ: 219 ’ਤੇ ਗਉੜੀ ਰਾਗ ਵਿੱਚ ਦਰਜ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ’ਕੋਊ ਮਾਈ ਭੂਲਿਓ ਮਨੁ ਸਮਝਾਵੈ ॥ ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ ॥1॥ ਰਹਾਉ ॥’ ਦਾ ਵਿਆਖਿਆ ਸਹਿਤ ਕੀਰਤਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਨੂੰ ਫ਼ੋਟੋ ’ਚੋਂ ਨਹੀਂ ਉਨ੍ਹਾਂ ਦੀ ਬਾਣੀ ਵਿੱਚੋਂ ਸਮਝਿਆ ਜਾ ਸਕਦਾ ਹੈ। ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਹੈ ਜਿਸ ਵਿਚ ਮੂਰਤੀ ਪੂਜਾ ਦਾ ਖੰਡਨ ਕਰਕੇ ਸ਼ਬਦ ਗੁਰੂ ਤੋਂ ਸੇਧ ਲੈਣ ਦਾ ਉਪਦੇਸ਼ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਤਾਂ ਉਸ ਵਕਤ ਗੁਰੂ ਗ੍ਰੰਥ ਸਾਹਿਬ ਵਿਚ ਬੈਠੇ ਭਗਤ ਰਵਿਦਾਸ ਜੀ ਨੂੰ ਵੀ ਮੱਥਾ ਟੇਕ ਰਹੇ ਹੁੰਦੇ ਹਾਂ।

ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵਲੋਂ ਪ੍ਰਚਾਰ ਹਿੱਤ ਛਾਪ ਕੇ ਵੰਡੀ ਜਾ ਰਹੀ ਸਿੱਖ ਰਹਿਤ ਮਰਯਾਦਾ ਵਿੱਚ ਗੁਰਦੁਆਰਾ ਸਿਰਲੇਖ ਹੇਠ ਦਰਜ਼ ਹੈ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਵਾਕਰ (ਤੁਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ ਪੂਜਾ ਜਾਂ ਹੋਰ ਗੁਰਮਤ ਦੇ ਵਿਰੁਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਮਨਮਤ ਦਾ ਤਿਉਹਾਰ ਮਨਾਇਆ ਜਾਵੇ। ਭਾਈ ਮਨਜੀਤ ਸਿੰਘ ਨੇ ਕਿਹਾ ਅਸੀਂ ਵੇਖ ਰਹੇ ਹਾਂ ਕਿ ਇਸ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਾਕਰ ਭਗਤ ਰਵਿਦਾਸ ਜੀ ਦੀ ਫ਼ੋਟੋ ਬਿਰਾਜਮਾਨ ਕੀਤੀ ਹੈ ਅਤੇ ਉਪਰ ਉਸੇ ਤਰ੍ਹਾਂ ਚੰਦੋਆ ਵੀ ਤਾਣਿਆ ਹੋਇਆ ਹੈ। ਇਹ ਭਗਤ ਜੀ ਦੀ ਆਪਣੀ ਬਾਣੀ ਦੇ ਆਸ਼ੇ ਅਤੇ ਸਿੱਖ ਰਹਿਤ ਮਰਯਾਦਾ ਦੇ ਉਲਟ ਹੈ। ਗੁਰੂ ਗ੍ਰੰਥ ਸਾਹਿਬ ਵਾਲਾ ਸਤਿਕਾਰ ਹੋਰ ਕਿਸੇ ਪੁਸਤਕ, ਗ੍ਰੰਥ, ਵਿਅਕਤੀ ਜਾਂ ਮੂਰਤੀ ਨੂੰ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਕਿਹਾ ਗੁਰਬਾਣੀ ਦਾ ਕਥਾ/ਕੀਰਤਨ ਕਰਨਾ, ਮੱਥਾ ਟੇਕਣਾ ਸਾਡਾ ਤਾਂ ਹੀ ਸਫਲ ਹੈ ਜੇ ਅਸੀਂ ਇਸ ਤੋਂ ਕੁਝ ਸੇਧ ਵੀ ਲਈਏ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿਦੇਸ਼ਾਂ ਵਿੱਚ ਹਰ ਸ਼ਹਿਰ ਮੁਹੱਲੇ ਵਿੱਚ ਸੁਖਮਨੀ ਸਾਹਿਬ ਸੁਸਾਇਟੀਆਂ ਬਣੀਆਂ ਹਨ ਜਿਹੜੀਆਂ ਘਰ ਘਰ ਵਿਚ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰ ਰਹੀਆਂ ਹਨ। ਅੱਜ ਦੇ ਇਸ ਸਮਾਗਮ ਦਾ ਪ੍ਰਬੰਧ ਵੀ ਸੁਖਮਨੀ ਸਾਹਿਬ ਸੁਸਾਇਟੀ ਨੇ ਹੀ ਕੀਤਾ ਹੈ। ਜੇ ਸੁਖਮਨੀ ਸਾਹਿਬ ਦੀ ਬਾਣੀ ਦੇ ਹੀ ਅਰਥ ਭਾਵ ਸਮਝ ਲਏ ਜਾਣ ਤਾਂ ਉਨ੍ਹਾਂ ਨੂੰ ਪਤਾ ਲਗ ਜਾਵੇਗਾ ਕਿ ਸਿੱਖ ਲਈ ਹਰ ਰੋਜ ਹੀ ਨਵਾਂ ਸਾਲ ਹੈ ਹਰ ਰੋਜ਼ ਹੀ ਅਸੀਂ ਗੁਰਬਾਣੀ ਪੜ੍ਹਨੀ ਸਮਝਣੀ ਤੇ ਆਪਣੇ ਜੀਵਨ ਵਿੱਚ ਅਪਨਾਉਣੀ ਹੈ, ਨਵੇਂ ਸਾਲ ਵਾਲੇ ਕਿਸੇ ਵਿਸ਼ੇਸ਼ ਦਿਨ ਦੀ ਗੁਰਮਤਿ ਵਿੱਚ ਕੋਈ ਖਾਸ ਮਹੱਤਤਾ ਨਹੀਂ ਹੈ।

ਭਾਈ ਰਤਨ ਸਿੰਘ ਨੇ ਕਿਹਾ ਕਿ ਆਮ ਵੇਖਣ ਵਿੱਚ ਆਇਆ ਹੈ ਕਿ ਭਗਤ ਸਾਹਿਬਾਨ ਨਾਲ ਸਬੰਧਤ ਭਾਈਚਾਰੇ ਵਲੋਂ ਆਪਣੇ ਭਗਤ ਦੇ ਨਾਮ ’ਤੇ ਵੱਖਰੇ ਗੁਰਦੁਆਰੇ ਬਣਾਏ ਹੋਏ ਹਨ ਜਿਨ੍ਹਾਂ ਵਿਚੋਂ ਕਈਆਂ ਵਿੱਚ ਭਗਤ ਸਾਹਿਬਾਨ ਦੀਆਂ ਤਸ਼ਵੀਰਾਂ ਵਿਸ਼ੇਸ਼ ਸਤਿਕਾਰ ਨਾਲ ਰੱਖੀਆਂ ਹੋਈਆਂ ਹਨ। ਉਨ੍ਹਾਂ ਹੋਰ ਕਿਹਾ ਕਿ ਇਨ੍ਹਾਂ ਭਗਤ ਸਾਹਿਬਾਨ ਦੇ ਪ੍ਰਕਾਸ਼ ਦਿਹਾੜਿਆਂ ਮੌਕੇ ਨਗਰ ਕੀਰਤਨ ਕੱਢੇ ਜਾਂਦੇ ਹਨ ਜਿਸ ਦੌਰਾਨ ਭਗਤਾਂ ਦੀ ਫ਼ੋਟੋ ਨੂੰ ਵਿਸ਼ੇਸ਼ ਤੌਰ ’ਤੇ ਸਜਾਇਆ ਜਾਂਦਾ ਹੈ ਅਤੇ ਸ਼ਰਧਾਲੂ ਉਨ੍ਹਾਂ ਨੂੰ ਮੱਥਾ ਟੇਕਦੇ ਹਨ ਜਿਹੜਾ ਕਿ ਇੱਕ ਤਰ੍ਹਾਂ ਮੂਰਤੀ ਪੂਜਾ ਨੂੰ ਹੀ ਵਡਾਵਾ ਦੇਣ ਦੇ ਤੁਲ ਹੈ। ਭਾਈ ਰਤਨ ਸਿੰਘ ਨੇ ਕਿਹਾ ਸਿਖੀ ਵਿੱਚ ਕੋਈ ਜਾਤ ਪਾਤ ਨਹੀਂ ਹੈ ਤੇ ਗੁਰੂ ਗੰ੍ਰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਬਰਾਦਰੀ ਨਾਲ ਸਬੰਧਤ ਭਗਤਾਂ ਦੇ ਨਾਮ ’ਤੇ ਵਖਰੇ ਗੁਰਦੁਆਰੇ ਬਣਾ ਕੇ ਜਾਤ ਪਾਤ ਨੂੰ ਮੁੜ ਵਡਾਵਾ ਨਾ ਦੇਣ। ਸਾਰੇ ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਸਾਡੇ ਸਭ ਦੇ ਸਾਂਝੇ ਹਨ ਤੇ ਸਭ ਲਈ ਬਰਾਬਰ ਦਾ ਸਤਿਕਾਰ ਦੇਣਾ ਬਣਦਾ ਹੈ, ਤੇ ਮੂਰਤੀ ਪੂਜਾ ਨੂੰ ਵਡਾਵਾ ਦੇਕੇ ਭਗਤਾਂ ਤੇ ਗੁਰੂ ਸਾਹਿਬਾਨ ਦੀ ਸੋਚ ਦੇ ਉਲਟ ਕੋਈ ਕੰਮ ਨਹੀਂ ਕਰਨਾ ਚਾਹੀਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top