Share on Facebook

Main News Page

ਤਖਤ ਸ਼੍ਰੀ ਕੇਸਗੜ ਸਾਹਿਬ ਤੇ ਤਿਰੰਗਾ ਲਹਿਰਾਉਣਾ ਸਿੱਖ ਕੌਮ ਲਈ ਨਵੀਂ ਵੰਗਾਰ: ਏ. ਐਸ. ਓ.

ਨਿਊਯਾਰਕ, 31 ਜਨਵਰੀ : ਨੌਵੀਂ ਸਦੀ ਅੰਦਰ ਸ਼ੰਕਰਾਚਾਰੀਆਂ ਨੇ ਬੁੱਧ ਧਰਮ ਤੇ ਵੀ ਇਸ ਢੰਗ ਨਾਲ ਹੀ ਹਮਲੇ ਕੀਤੇ ਸਨ ਜਿਸ ਢੰਗ ਨਾਲ ਅੱਜ ਸਿੱਖ ਧਰਮ ਉਤੇ ਹੋ ਰਹੇ ਹਨ । ਜਿਵੇ ਇਨ੍ਹਾਂ ਨੇ ਬੋਧੀ ਭਿਖਸ਼ੂ ਅਤੇ ਉਨ੍ਹਾਂ ਦੇ ਧਰਮ ਅਸਥਾਨਾਂ ਨੂੰ ਆਪਣੇ ਪ੍ਰਭਾਵ ਹੇਠ ਲੈ ਕੇ ਉਨ੍ਹਾਂ ਦਾ ਭਗਵਾਂਕਰਨ ਕੀਤਾ ਸਿੱਖਾਂ ਨਾਲ ਵੀ ਕੁਝ ਅਜਿਹਾ ਹੀ ਵਾਪਰ ਰਿਹਾ ਹੈ ? ਉਸ ਸਮੇਂ ਬਿਪਰ ਨੇ ਆਪਣੇ ਅਖੌਤੀ ਭਿਖਸ਼ੂ ਬਣਾਕੇ ਬੋਧੀਆਂ ਦੇ ਪ੍ਰਚਾਰ ਦੇ ਮੁੱਖ ਕੇਂਦਰਾਂ ਨਾਗਰਜੁਨਾਕੋਂਡਾ,ਬਦਰੀਨਾਥ, ਸਿੰਰਗਰੀ, ਦਵਾਰਕਾ ਅਤੇ ਹੋਰ ਮੱਠਾਂ ਤੇ ਕਬਜਾ ਕਰਕੇ ਬੁੱਧ ਧਰਮ ਨੂੰ ਅਜਿਹਾ ਸਿਧਾਂਤਕ ਖੋਰਾ ਲਾਇਆ ਕਿ ਭਾਰਤ ਵਿਚੋਂ ਸ਼ੁਰੂ ਹੋਏ ਧਰਮ ਦੇ ਪੈਰ ੳਖਾੜ ਕੇ ਰੱਖ ਦਿੱਤੇ ।ਸਿੱਖਾਂ ਦੇ ਤਖਤਾਂ ਤੇ ਮੁਕੰਮਲ ਕਬਜਾ ਕਰਨ ਲਈ ਵੀ ਇਹ ਉਸੇ ਢੰਗ ਨਾਲ ਹੀ ਤਰਲੋਮੱਛੀ ਹੋ ਰਹੇ ਹਨ ।ਅੱਜ ਲੀਡਰਸ਼ਿਪ ਵਿਹੂਣੀ ਅਤੇ ਤਰਸਯੋਗ ਹਾਲਾਤਾਂ ਦੀ ਮਾਰ ਹੇਠ ਆਈ ਕੌਂਮ ਦੀ ਗੁਲਾਮ ਮਾਨਸਿਕਤਾ ਦਾ ਫਾਇਦਾ ਲੈਦਿਆਂ ਇਹ ਆਪਣੇ ਹਿੰਦੂ-ਰਾਸ਼ਟਰਵਾਦ ਦੇ ਏਜੰਡੇ ਨੂੰ ਲਾਗੂ ਕਰਨ ਲਈ ਕੋਈ ਨਾ ਕੋਈ ਘਿਨਾਉਣੀ ਹਰਕਤ ਕਰਦੇ ਰਹਿੰਦੇ ਹਨ ।

ਪਿਛਲੇ ਦਿਨੀ ਭਾਜਪਾਈਆਂ ਵਲੋਂ ਅਖੌਤੀ ਏਕਤਾ ਯਾਤਰਾ ਦੌਰਾਨ ਤਖਤ ਸ਼੍ਰੀ ਕੇਸਗੜ ਸਾਹਿਬ ਤੇ ਤਿਰੰਗਾ ਲਹਿਰਾੳਣਾ ਵੀ ਉਸੇ ਕੜੀ ਦਾ ਹਿੱਸਾ ਹੈ ਉਪਰੋਕਤ ਬਿਆਨ ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਆਗੂਆਂ ਭਾਈ ਦਵਿੰਦਰ ਸਿੰਘ, ਭਾਈ ਸੁਰਿੰਦਰ ਸਿੰਘ ਸਰਪੰਚ, ਭਾਈ ਦਿਦਾਰ ਸਿੰਘ, ਭਾਈ ਪ੍ਰਿਤਪਾਲ ਸਿੰਘ ਸੈਕਰਾਮੈਂਟੋ, ਭਾਈ ਸੁਖਦੇਵ ਸਿੰਘ ਨਾਗਰਾ, ਭਾਈ ਇੰਦਰਜੀਤ ਸਿੰਘ, ਭਾਈ ਸੁਰਜੀਤ ਸਿੰਘ, ਚਰਨਜੀਤ ਸਿੰਘ ਸਮਰਾ, ਪੰਥਕ ਨਾਵਲਿਸਟ ਭਾਈ ਅਮਰਦੀਪ ਸਿੰਘ ਅਮਰ ਅਤੇ ਸਿੱਖ ਚਿੰਤਕ ਭਾਈ ਤਰਲੋਚਨ ਸਿੰਘ ਦੁਪਾਲਪੁਰ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਸਾਂਝੇ ਤੌਰ ਤੇ ਜਾਰੀ ਕੀਤਾ ।ਸਿੱਖ ਆਗੂਆਂ ਨੇ ਕਿਹਾ ਦੁਸ਼ਮਣ ਤੇ ਗਿੱਲਾ ਨਹੀਂ ਉਹ ਤਾਂ ਆਪਣੇ ਏਜੰਡੇ ਤਹਿਤ ਹਮੇਸ਼ਾਂ ਅਜਿਹੀਆਂ ਅਣਹੋਣੀਆਂ ਖੇਡਾਂ ਖੇਡਦਾ ਰਹਿੰਦਾ ਹੈ, ਜਿਆਦਾ ਦੁੱਖ ਇਸ ਗੱਲ ਦਾ ਹੈ ਕਿ ਸਿੱਖ ਕੌਂਮ ਨੂੰ ਜਿਥੇ ਇਸ ਵਰਤਾਰੇ ਦਾ ਜੋਰਦਾਰ ਤਰੀਕੇ ਨਾਲ ਵਿਰੋਧ ਕਰਨਾ ਚਾਹੀਦਾ ਸੀ ਉਥੇ ਕੌਂਮ ਨੇ ਇਸਨੂੰ ਮਹਿਸੂਸ ਤੱਕ ਵੀ ਨਾ ਕੀਤਾ । ਅਸੀ ਇਸਦਾ ਮੁੱਖ ਕਾਰਣ ਇਹ ਸਮਝਦੇ ਹਾਂ ਕਿ ਸਿੱਖਾਂ ਨੇ ਗੁਰੂ-ਚਿੰਤਨ ਛੱਡਕੇ ਧਰਮ ਦੇ ਮੌਲਿਕ ਸਿਧਾਂਤਾਂ ਤੋ ਮੂੰਹ ਫੇਰ ਲਿਆ ਹੈ ਅਤੇ ਸਿੱਖਾਂ ਅੰਦਰੋਂ ਕੌਂਮ, ਕੌਮੀਅਤ ਅਤੇ ਸਿੱਖ ਰਾਸ਼ਟਰਵਾਦ ਦੀ ਭਾਵਨਾ ਮਰ ਚੁੱਕੀ ਹੈ ,ਬਿਪਰ ਦੇ ਹਰ ਹਮਲੇ ਤੋਂ ਬਾਅਦ ਕੌਂਮ ਦੇ ਚੁੱਪ ਰਹਿਣ ਨੂੰ ਇਸ ਪ੍ਰਸੰਗਕਿਤਾ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ ।ਸਿੱਖ ਰਵਾਇਤਾਂ ਅਤੇ ਫਲਫਸੇ ਤੋਂ ਮੂੰਹ ਫੇਰੀ ਬੈਠੇ ਸਾਡੇ ਤਖਤਾਂ ਦੇ ਜਥੇਦਾਰ ਵੀ ਬਿਪਰ ਪ੍ਰਭਾਵ ਕਬੂਲ ਕਰ ਚੁੱਕੇ ਹਨ।ਇਥੇ ਅਸੀ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਏ. ਐਸ. ਓ. ਜਥੇਦਾਰ ਦੇ ਮੁਰਾਤਬੇ ਦਾ ਸਤਿਕਾਰ ਕਰਦੀ ਹੈ ਪਰ ਅਜੋਕੇ ਜਥੇਦਾਰਾਂ ਵਿੱਚੋਂ ਬਾਬਾ ਅਕਾਲੀ ਫੂਲਾ ਸਿੰਘ ਅਤੇ ਜਥੇਦਾਰ ਗੁਰਦੇਵ ਸਿੰਘ ਕਾੳਕੇ ਵਰਗੀ ਸ਼ਖਸ਼ੀਅਤ ਕਿਰਦੀ ਨਜਰ ਆ ਰਹੀ ਹੈ।

ਇਸ ਵਰਤਾਰੇ ਦਾ ਗੰਭੀਰਤਾ ਨਾਲ ਮੁਲਾਂਕਣ ਕਰਦਿਆਂ ਇਹ ਸਵਾਲ ਵੀ ਆਪਣੇ ਆਪ ਖੜਾ ਹੋ ਜਾਦਾ ਹੈ ਕਿ ਭਾਜਪਾ ਦੇ ਇਸ ਸਿਧਾਂਤਕ ਹਮਲੇ ਵੇਲੇ ਗਿਆਨੀ ਤਰਲੋਚਨ ਸਿੰਘ ਨੂੰ ਇਸਦਾ ਕੋਈ ਇਲਮ ਨਹੀਂ ਹੋਵੇਗਾ ? ਜੇਕਰ ਉਹ ਇੱਕ ਤਖਤ ਦਾ ਪ੍ਰਬੰਧ ਕਰਨ ਤੋਂ ਫੇਲੀਅਰ ਹਨ ਤਾਂ ਕੌਂਮ ਦੇ ਵੱਡੇ ਫੈਸਲਿਆਂ ਦੀ ਉਨ੍ਹਾਂ ਤੋਂ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ ? ਅਸੀਂ ਇਹ ਵੀ ਕਹਿਣਾਂ ਉਚਿੱਤ ਸਮਝਾਂਗੇ ਕਿ ਸਿੱਖ ਸਿਧਾਂਤਾਂ ਤੇ ਜਿਸ ਢੰਗ ਨਾਲ ਇਹ ਹਮਲੇ ਹੋ ਰਹੇ ਹਨ ਇਹ ਸਾਡੇ ਜਥੇਦਾਰ ਉਨ੍ਹਾਂ ਤੋਂ ਅਣਜਾਣ ਨਹੀਂ ਹਨ ਪਰ ਕੌਂਮ ਦੀ ਕਿਸਮਤ ਨਾਲੋਂ ਇਨ੍ਹਾਂ ਨੂੰ ਆਪਣੀ ਕਿਸਮਤ ਦਾ ਜਿਆਦਾ ਫਿਕਰ ਹੈ। ਭਾਵੇਂ ਪੰਥ ਦੋਖੀ ਤਖਤਾਂ ਤੇ ਤਿਰੰਗੇ ਲਹਿਰਾਉਣ, ਭਾਵੇ ਕੌਂਮ ਦੇ ਸਿਧਾਂਤਾਂ ਨਾਲ ਖਿਲਵਾੜ ਹੁੰਦਾ ਹੋਵੇ, ਭਾਵੇ ਕੌਂਮ ਦਾ ਹਿੰਦੂਕਰਨ ਹੋ ਜਾਵੇ , ਭਾਵੇ ਕੌਂਮ ਗੁਲਾਮੀ ਦੀ ਜਿੰਦਗੀ ਜੀਵੇ, ਭਾਵੇਂ ਸਾਰੀ ਕੌਮ ਮਰ ਕਿਉ ਨਾ ਜਾਵੇ ?

ਇਨ੍ਹਾਂ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਹੈ ਇਨ੍ਹਾਂ ਨੂੰ ਫਿਕਰ ਹੈ ਆਪਣੀਆਂ ਲਾਲ ਬੱਤੀ ਵਾਲੀਆਂ ਕਾਰਾਂ ਅਤੇ ਸਰਕਾਰ ਵਲੋਂ ਮਿਲੀਆਂ ਵੀ. ਆਈ. ਪੀ. ਸਹੂਲਤਾਂ ਦਾ ਆਨੰਦ ਮਾਨਣ ਦਾ ਅਤੇ ਜਨਸੰਘੀਆਂ ਦੇ ਭਾਈਵਾਲ ਬਾਦਲ ਦੀ ਚਾਪਲੂਸੀ ਕਰਕੇ ਆਪਣੇ ਆਹੁੱਦੇ ਬਚਾਉਣ ਦਾ। ਕਿਉਕਿ ਭਾਜਪਾ ਦੀ ਇਸ ਹਰਕਤ ਤੋਂ ਬਾਅਦ ਮੀਡੀਏ ਵਲੋਂ ਸੰਪਰਕ ਕਰਨ ਤੇ ਜਿਥੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਣਜਾਣਤਾ ਪ੍ਰਗਟਾਉਦਿਆਂ ਕੋਈ ਵੀ ਗੱਲ ਕਰਨ ਤੋਂ ਪਾਸਾ ਵੱਟਿਆ, ਉਥੇ ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਗਿਆਨੀ ਤਰਲੋਚਨ ਸਿੰਘ ਵਲੋਂ ਵੀ ਕੋਈ ਪ੍ਰਤੀਕਰਮ ਨਹੀਂ ਹੋਇਆ। ਬਿਆਨ ਦੇ ਅਖੀਰ ਵਿੱਚ ਸਿੱਖ ਆਗੂਆਂ ਨੇ ਕਿਹਾ ਕਿ ਸਿੱਖ ਗੁਰਧਾਮਾਂ ਅੰਦਰ ਅਜਿਹੀਆਂ ਬੇਹੂਦੀਆਂ ਹਰਕਤਾਂ ਨਿੰਦਣਯੋਗ ਹਨ ਅਤੇ ਇਨ੍ਹਾਂ ਵਰਤਾਰਿਆਂ ਨੂੰ ਠੱਲ ਪਾਉਣ ਲਈ ਪੰਥਕ ਧਿਰਾਂ ਇਕੱਠੀਆਂ ਹੋ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਅਤੇ ਸਿੱਖ ਗੁਰਧਾਮਾਂ ਤੇ ਕਬਜਾ ਕਰੀ ਬੈਠੀ ਬਾਦਲ ਜੁੰਡਲੀ ਨੂੰ ਖਦੇੜਨ ਅਤੇ ਅਜਿਹੇ ਕੌਂਮਪ੍ਰਸਤ ਜਥੇਦਾਰ ਚੁਣੇ ਜਾਣ ਜੋ ਮੀਰੀ-ਪੀਰੀ ਦੇ ਵਾਰਿਸ ਬਣਕੇ ਪੰਥ ਦੀ ਪ੍ਰਤੀਨਿਧਤਾ ਕਰ ਸਕਣ ਅਤੇ ਸੁੱਤੀ ਕੌਂਮ ਨੂੰ ਜਗਾਉਣ ਲਈ ਠੋਸ ਪ੍ਰੋਗਰਾਮ ਉਲੀਕਣ ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top