Share on Facebook

Main News Page

ਵੱਖਰੀ ਹਰਿਆਣਾ ਕਮੇਟੀ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਆਏ ਸਿੱਖਾਂ ਦੀਆਂ ਭਾਵਨਾਵਾਂ ਨੂੰ, ਅਵਤਾਰ ਸਿੰਘ ਮੱਕੜ ਵਲੋਂ ਸਟੰਟ ਕਰਾਰ ਦੇਣ ਨੇ ਵੀਹਵੀਂ ਸਦੀ ਵਿਚ ਗੁਰਧਾਮਾਂ ’ਤੇ ਮਹੰਤਾਂ ਦੇ ਕਬਜਿਆਂ ਦੀ ਯਾਦ ਤਾਜਾ ਕਰਵਾਈ: ਸਰਨਾ

ਬਠਿੰਡਾ, 31 ਜਨਵਰੀ (ਕਿਰਪਾਲ ਸਿੰਘ): ਸਰਬ ਪ੍ਰਦੇਸ਼ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਅਹੁਦੇਦਾਰ, ਵੱਖਰੀ ਹਰਿਆਣਾ ਕਮੇਟੀ ਦੀ ਮੰਗ ਪੂਰਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰੂ ਪਾਤਸਾਹ ਦੇ ਸਨਮੁਖ ਅਰਦਾਸ ਬੇਨਤੀ ਕਰਨ ਆਏ ਸਨ, ਅਤੇ ਉਨ੍ਹਾਂ ਦੀ ਇਸ ਭਾਵਨਾ ਨੂੰ ਸ੍ਰ ਅਵਤਾਰ ਸਿੰਘ ਮੱਕੜ ਵਲੋਂ ਸਟੰਟ ਕਰਾਰ ਦੇਣ ਨੇ, ਵੀਹਵੀਂ ਸਦੀ ਵਿਚ ਗੁਰਧਾਮਾਂ ਤੇ ਮਹੰਤਾਂ ਦੇ ਕਬਜਿਆਂ ਦੀ ਯਾਦ ਤਾਜਾ ਕਰਵਾ ਦਿੱਤੀ ਹੈ ਜਿਸ ਤੋਂ ਛੁਟਕਾਰਾ ਪਾਣ ਲਈ ਮੁਹਿੰਮ ਆਰੰਭ ਹੋ ਚੁਕੀ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਦੱਸਿਆ, ਕਿ ਸ੍ਰ. ਮੱਕੜ ਦੇ ਅਜੇਹੇ ਮੰਦਭਾਗੇ ਬਿਆਨ ਨੇ ਸੰਸਾਰ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸ੍ਰ. ਸਰਨਾ ਨੇ ਕਿਹਾ ਕਿ ਮੱਕੜ ਤਾਂ ਇਕ ਸਿੱਖ ਦੇ ਗੁਰੂ ਚਰਨਾ ਵਿਚ ਕੀਤੀ ਅਰਦਾਸ ਬੇਨਤੀ ਦੇ ਫਲਸਫੇ ਨੂੰ ਭੁਲ ਗਏ ਹਨ, ਕਿਉਂਕਿ ਆਪਣੇ ਰਾਜਸੀ ਅਕਾਵਾਂ ਦੀ ਮੁਠੀ ਚਾਪੀ ਕਰਦਿਆਂ, ਗੁਰੂ ਵੱਲ਼ ਪੱਕੀ ਪਿਠ ਕਰ ਲਈ ਹੈ। ਸ੍ਰ. ਸਰਨਾ ਨੇ ਕਿਹਾ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਸਮੁਚੇ ਸਿਖ ਜਗਤ ਦਾ ਹੈ, ਤੇ ਇਥੇ ਪਾਠ ਕਰਨ, ਕੀਰਤਨ ਸੁਨਣ, ਅਰਦਾਸ ਬੇਨਤੀ ਕਰਨ ਦਾ ਹੱਕ ਹਰ ਸਿਖ ਨੂੰ ਹੈ, ਲੇਕਿਨ ਸ੍ਰ. ਮੱਕੜ ਇਸ ਤਖਤ ਨੂੰ ਵੀ ਆਪਣੀ ਮਰਜੀ ਅਨੁਸਾਰ ਹੀ ਚਲਾਉਣਾ ਚਾਹੁੰਦੇ ਹਨ, ਜਿਸ ਨੂੰ ਸਿਖ ਕੌਮ ਕਦੇ ਵੀ ਬਰਦਾਸਤ ਨਹੀ ਕਰੇਗੀ।  ਉਨ੍ਹਾ ਕਿਹਾ ਕਿ ਵੀਹਵੀਂ ਸਦੀ ਦੇ ਸ਼ੁਰੂ ਵਿਚ ਵੀ ਗੁਰਧਾਮਾਂ ਤੇ ਕਾਬਜ ਮਹੰਤਾਂ ਦੀ ਇਹੀ ਭੁਮਿਕਾ ਸੀ, ਅਤੇ ਉਨ੍ਹਾ ਦੇ ਕਬਜੇ ਛੁਡਾਣ ਲਈ ਸਿੱਖਾਂ ਨੇ ਗੁਰੂ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰ ਆਰੰਭਤਾ ਕੀਤੀ ਸੀ, ਤੇ ਕੁਰਬਾਨੀਆਂ ਦੇਕੇ ਮਹੰਤ ਭਜਾ ਵੀ ਦਿੱਤੇ, ਲੇਕਿਨ ਹੁਣ ਮੱਕੜ ਵਰਗੇ ਮਹੰਤ ਕਿਸੇ ਵੱਡੇ ਸਿਖ ਦੋਖੀ ਮਹੰਤ ਦੀ ਸ਼ਹਿ 'ਤੇ, ਗੁਰਦੁਆਰਿਆਂ ਦੇ ਦਰਵਾਜੇ ਸਿੱਖਾਂ ਲਈ ਮੁੜ ਬੰਦ ਕਰਨਾ ਚਾਹੁੰਦੇ ਹਨ। ਸ੍ਰ. ਸਰਨਾ ਨੇ ਕਿਹਾ ਕਿ ਸਰਬ ਪ੍ਰਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁਚੇ ਸਿਖ ਜਗਤ ਨੂੰ ਨਾਲ ਲੈਕੇ, ਇਸ ਮੌਜੂਦਾ ਮਹੰਤ ਪ੍ਰਥਾ ਖਿਲਾਫ ਮੁਹਿੰਮ ਆਰੰਭ ਕਰ ਚੁਕੀ ਹੈ, ਤੇ ਸਿਖ ਸੰਗਤਾਂ ਦੇ ਸਹਿਯੋਗ ਨਾਲ ਇਹ ਕਾਰਜ ਬਹੁਤ ਜਲਦੀ ਹੋ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top