Share on Facebook

Main News Page

ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਪੰਜਾਬ ਅਤੇ ਸਿੱਖਾਂ ਦੇ ਜਿਨ੍ਹਾਂ ਮੁੱਦਿਆਂ ਅਤੇ ਮੰਗਾਂ ਨੂੰ ਲੈ ਕੇ ਮੋਰਚੇ ਲਾਏ ਅਤੇ ਹਜ਼ਾਰਾਂ ਸਿੱਖਾਂ ਨੂੰ ਜੇਲ੍ਹਾਂ ਵਿੱਚ ਬੰਦ ਤੇ ਸ਼ਹੀਦ ਕਰਵਾਇਆ, ਸੱਤਾ ਦੀਆਂ ਕੁਰਸੀਆਂ ’ਤੇ ਬੈਠਦਿਆਂ ਹੀ ਉਸ (ਬਾਦਲ ਦਲ) ਦੇ ਆਗੂਆਂ ਨੇ ਉਨ੍ਹਾਂ ਸਾਰੇ ਮੁਦਿਆਂ ਅਤੇ ਮੰਗਾਂ ਨੂੰ ਠੰਡੇ ਬਸਤੇ ਵਿੱਚ ਪਾਇਆ: ਸ. ਕੁਲਵੰਤ ਸਿੰਘ ਅਰੋੜਾ

ਨਵੀਂ ਦਿੱਲੀ, 31 ਜਨਵਰੀ (ਜਸਵੰਤ ਸਿੰਘ ਅਜੀਤ): ਸ. ਕੁਲਵੰਤ ਸਿੰਘ ਅਰੋੜਾ, ਪ੍ਰੈਸ ਸਕਤ੍ਰ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਜਾਰੀ ਇਕ ਬਿਆਨ ਵਿੱਚ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਦਲ ਅਤੇ ਗਰਦੁਆਰਾ ਕਮੇਟੀ ਦੇ ਮੁੱਖੀਆਂ ਨੇ ਕੁਝ ਹੀ ਦਿਨਾਂ ਦੇ ਵਕਫ਼ੇ ਵਿੱਚ ਪ੍ਰਧਾਨ ਮੰਤਰੀ ਅਤੇ ਯੂਪੀਏ ਦੀ ਚੇਅਰਪਰਸਨ ਸ਼੍ਰੀਮਤੀ ਸੋਨੀਆ ਗਾਂਧੀ ਨਾਲ ਉਤੋੜੁਤੀ ਮੁਲਾਕਾਤਾਂ ਕਰ ਸਮੁੱਚੇ ਸਿੱਖ ਜਗਤ ਨਾਲ ਸਬੰਧਤ ਮੰਗਾਂ ਮੰਨਾਉਣ ਲਈ ਜਿਸ ਤੇਜ਼ੀ ਨਾਲ ਦਬਾਉ ਬਨਾਣ ਦੇ ਜਤਨ ਅਰੰਭੇ ਹਨ, ਉਨ੍ਹਾਂ ਕਾਰਣ ਬਾਦਲ ਦਲ ਦੇ ਪ੍ਰਦੇਸ਼ ਮੁੱਖੀਆਂ ਦੀ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ। ਇਹੀ ਕਾਰਣ ਹੈ ਕਿ ਉਨ੍ਹਾਂ ਸ. ਸਰਨਾ ਵਲੋਂ ਕੀਤੇ ਜਾ ਰਹੇ ਜਤਨਾਂ ਨੂੰ ਤਾਰਪੀਡੋ ਕਰਨ ਲਈ, ਉਨ੍ਹਾਂ ਵਿਰੋਧੀ ਆਪਣੀ ਮੁਹਿੰਮ ਤੇਜ਼ ਕਰ ਦਿਤੀ ਹੈ।

ਉਨ੍ਹਾਂ ਦਸਿਆ ਕਿ ਹਰ ਕੋਈ ਜਾਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਬੀਤੇ ਸਮੇਂ ਵਿੱਚ ਪੰਜਾਬ ਅਤੇ ਸਿੱਖਾਂ ਦੇ ਜਿਨ੍ਹਾਂ ਮੁੱਦਿਆਂ ਅਤੇ ਮੰਗਾਂ ਨੂੰ ਲੈ ਕੇ ਮੋਰਚੇ ਲਾਏ ਅਤੇ ਹਜ਼ਾਰਾਂ ਸਿੱਖਾਂ ਨੂੰ ਜੇਲ੍ਹਾਂ ਵਿੱਚ ਬੰਦ ਤੇ ਸ਼ਹੀਦ ਕਰਵਾਇਆ ਅਤੇ ਜਿਨ੍ਹਾਂ ਦੇ ਫਲਸਰੂਪ ਪੰਜਾਬ ਨੇ ਲਗਭਗ ਢੇਡ ਦਹਾਕੇ ਦਾ ਸੰਤਾਪ ਭੋਗਿਆ ਅਤੇ ਕਈ ਮਜਬੂਰ ਹੋ ਵਿਦੇਸ਼ਾਂ ਵਲ ਪਲਾਇਨ ਕਰ ਗਏ। ਸੱਤਾ ਦੀਆਂ ਕੁਰਸੀਆਂ ਤੇ ਬੈਠਦਿਆਂ ਹੀ ਉਸ (ਬਾਦਲ ਦਲ) ਦੇ ਆਗੂਆਂ ਨੇ ਉਨ੍ਹਾਂ ਸਾਰੇ ਮੁਦਿਆਂ ਅਤੇ ਮੰਗਾਂ ਨੂੰ ਠੰਡੇ ਬਸਤੇ ਵਿੱਚ ਪਾ ਦਿਤਾ। ਇਥੋਂ ਤਕ ਕਿ ਉਨ੍ਹਾਂ ਕਾਰਣ ਜੋ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਗਏ, ਉਨ੍ਹਾਂ ਵਿੱਚੋਂ ਵੀ ਅਜੇ ਸੈਂਕੜੇ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿੱਚ ਬੰਦ ਹਨ ਅਤੇ ਵਿਦੇਸ਼ਾਂ ਵਲ ਪਲਾਇਨ ਕਰ ਗਏ ਸਿੱਖ ਦੇਸ਼ ਵਾਪਸ ਆ ਆਪਣੇ ਪਰਿਵਾਰਾਂ ਨਾਲ ਮਿਲ-ਬੈਠ ਉਨ੍ਹਾਂ ਨਾਲ ਦੁੱਖ-ਸੁੱਖ ਸਾਂਝਾ ਕਰਨ ਅਤੇ ਆਪਣੀ ਜਨਮ ਭੁਮੀ ਦੀ ਮਿੱਟੀ ਮੱਥੇ ਲਾਉਣ ਲਈ ਤਰਸ ਰਹੇ ਹਨ। ਪਰ ਸੱਤਾ-ਲਾਲਸਾ ਦੇ ਸ਼ਿਕਾਰ ਬਾਦਲ ਦਲ ਦੇ ਆਗੂ ਉਨ੍ਹਾਂ ਦੀ ਸੁੱਧ ਤਕ ਲੈਣ ਲਈ ਤਿਆਰ ਨਹੀਂ। ਇਹ ਫਿਤਰਤ ਬਾਦਲ ਅਕਾਲੀ ਦਲ ਦੇ ਆਗੂਆਂ ਦੀ ਹੀ ਹੈ, ਉਹ ਆਪਣੀ ਸੱਤਾ-ਲਾਲਸਾ ਨੂੰ ਪੂਰਿਆਂ ਕਰਨ ਲਈ ਹੀ ਕੌਮ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਦੇ ਅਤੇ ਉਸਨੂੰ ਵਰਤਦੇ ਹਨ।

ਸ. ਕੁਲਵੰਤ ਸਿੰਘ ਅਰੋੜਾ ਨੇ ਕਿਹਾ ਕਿ ਸ. ਪਰਮਜੀਤ ਸਿੰਘ ਸਰਨਾ ਦੀ ਇਹ ਫਿਤਰਤ ਨਹੀਂ। ਉਨ੍ਹਾਂ ਦੀ ਸੋਚ ਇਹ ਹੈ ਕਿ ਪੰਥ ਦੇ ਜਿਨ੍ਹਾਂ ਮੁੱਦਿਆਂ ਨੂੰ ਹਲ ਕਰਵਾਉਣ ਅਤੇ ਮੰਗਾਂ ਨੂੰ ਮੰਨਵਾਉਣ ਦਾ ਬੀੜਾ ਚੁਕਿਆ ਹੈ, ਉਨ੍ਹਾਂ ਨੂੰ ਸਿਰੇ ਚਾੜ੍ਹੇ ਬਿਨਾਂ ਆਰਾਮ ਨਾਲ ਨਹੀਂ ਬੈਠਣਾ। ਬਾਦਲਕਿਆਂ ਨੂੰ ਇਹ ਗਲ ਪਸੰਦ ਨਹੀਂ। ਜਿਸ ਕਾਰਣ ਉਹ ਉਨ੍ਹਾਂ ਦਾ ਵਿਰੋਧ ਕਰਦਿਆਂ ਸਭਿਅਤਾਹੀਨ ਭਾਸ਼ਾ ਵਰਤਣ ਅਤੇ ਘਟੀਆ ਕਿਰਦਾਰ ਦਾ ਪ੍ਰਦਰਸ਼ਨ ਕਰਨ ਦੀ ਹਦ ਤਕ ਚਲੇ ਜਾਣ ਤੋਂ ਵੀ ਸੰਕੋਚ ਨਹੀਂ ਕਰਦੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top