Share on Facebook

Main News Page

ਸਿੱਖ ਸਿਆਸਤ ਵਿਚ ਨਵੀਂ ਹਲਚੱਲ: ਆਲ ਸਟੇਟ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ

* ਜਗਦੀਸ਼ ਸਿੰਘ ਝੀਂਡਾ ਪ੍ਰਧਾਨ, ਪਰਮਜੀਤ ਸਿੰਘ ਸਰਨਾ ਚੇਅਰਮੈਨ ਅਤੇ ਇੰਦਰਜੀਤ ਸਿੰਘ ਸਹਾਰਨਪੁਰ ਜਨਰਲ ਸਕੱਤਰ ਬਣੇ

ਸ੍ਰੀ ਅੰਮ੍ਰਿਤਸਰ ਸਾਹਿਬ, (30 ਜਨਵਰੀ , ਪੀ.ਐਸ.ਐਨ): ਸਿੱਖ ਰਾਜਨੀਤੀ 'ਚ ਇੱਕ ਨਵੀਂ ਹਲਚਲ ਪੈਦਾ ਕਰਦੇ ਹੋਏ ਹਰਿਆਣਾ ਲਈ ਵੱਖਰੀ ਸ਼੍ਰੋਮਣੀ ਦੀ ਮੰਗ ਕਰ ਰਹੇ, ਹਰਿਆਣੇ ਦੇ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਅੱਜ 22 ਸੂਬਿਆਂ ਦੀ ਸਰਵ ਪ੍ਰਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਐਲਾਨ ਕਰਦਿਆਂ, ਆਪਣੇ ਆਪ ਨੂੰ ਉਸਦਾ ਪ੍ਰਧਾਨ ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਚੇਅਰਮੈਨ ਅਤੇ ਇੰਦਰਜੀਤ ਸਿੰਘ ਸਹਾਰਨਪੁਰ ਨੂੰ ਇਸਦਾ ਜਨਰਲ ਸਕੱਤਰ ਐਲਾਨਿਆ ਹੈ।

ਆਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਦੀ ਇਸ ਜਥੇਬੰਦੀ ਦੇ ਫੱਟੇ ਹੇਠ ਲੜਨ ਅਤੇ ਦੇਸ਼ ਦੇ ਸਾਰੇ ਸੂਬਿਆਂ ਦੇ ਸਿੱਖਾਂ ਨੂੰ ਇਕੱਠੇ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਹਰਿਆਣਾ ਤੋ ਮੈਂਬਰ ਅਤੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਸ੍ਰੀ ਜਗਦੀਸ਼ ਸਿੰਘ ਝੀਡਾ ਦੀ ਅਗਵਾਈ ਹੇਠ ਹਰਿਆਣਾ ਕਮੇਟੀ ਦੀ ਕਾਇਮੀ ਲਈ ਝੀਂਡਾ ਸਮੱਰਥਕਾਂ ਨੇ ਸ੍ਰੀ ਅਕਾਲ ਤਖਤ ਦੇ ਸਾਹਮਣੇ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਤੇ ਗੁਰੂ ਸਾਹਿਬ ਅੱਗੇ ਅਰਦਾਸ ਜੋਦੜੀ ਕੀਤੀ ਜਦ ਕਿ ਸ੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਮੁਲਾਜਮ ਆਪਣੀ ਕਲ ਵਾਲੀ ਗਲਤੀ ਨੂੰ ਸੁਧਾਰੇ ਹੋਏ ਵਿਰੋਧ ਕਰਨ ਦੀ ਬਜਾਏ ਸੰਗਤਾਂ ਦੀ ਸੇਵਾ ਵਿੱਚ ਜੁੱਟੇ ਰਹੇ। ਭਾਂਵੇ ਬੀਤੇ ਕਲ੍ਹ ਝੀਂਡਾ ਦੀ ਆਮਦ ‘ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰੀ ਦਿਲਮੇਘ ਸਿੰਘ ਖੱਟੜਾ ਦੇ ਆਦੇਸ਼ਾਂ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਹੋਰ ਅਧਿਕਾਰੀਆ ਨੇ ਭਾਈ ਗੁਰਦਾਸ ਹਾਲ ਦੇ ਦਰਵਾਜੇ ਬੰਦ ਕਰਕੇ ਝੀਂਡੇ ਨੂੰ ਅੰਦਰ ਦਾਖਲ ਹੋਣ ਤੋ ਰੋਕ ਦਿੱਤਾ ਸੀ ਪਰ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੀ ਦਖਲ ਅੰਦਾਜੀ ਨਾਲ ਦਰਵਾਜੇ ਖੋਹਲ ਦਿੱਤੇ ਗਏ ਸਨ। ਸ਼ਰੋਮਣੀ ਕਮੇਟੀ ਨੇ ਕਲ੍ਹ ਵਾਲੀ ਕੀਤੀ ਗਲਤੀ ਨੂੰ ਸੁਧਾਰਨ ਲਈ ਅੱਜ ਝੀਂਡੇ ਤੇ ਉਸ ਦੇ ਸਾਥੀਆ ਦੀ ਆਮਦ ਤੋ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੁਦ ਦਰੀਆ ਵਿਛਾਈਆ ਤੇ ਪਾਠ ਕਰਨ ਲਈ ਸੰਗਤਾਂ ਨੂੰ ਗੁਟਕੇ ਮੁਹੱਈਆ ਕਰਵਾਏ।

ਸ੍ਰੀ ਝੀਂਡਾ ਤੇ ਉਹਨਾਂ ਦੇ ਸੈਕੜੇ ਸਾਥੀ ਜੋ ਕਿ ਵੱਖ ਵੱਖ ਰਾਜਾਂ ਤੋ ਆਏ ਸਨ, ਪਹਿਲਾਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਇਕੱਠੇ ਹੋਏ ਜਿਥੋ ਇਹ ਜੱਥਾ ਸਤਿਨਾਮ-ਵਹਿਗੁਰੂ ਦਾ ਜਾਪ ਕਰਦਾ ਹੋਇਆ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੀ ਨਿਗਰਾਨੀ ਹੇਠ ਸ੍ਰੀ ਅਕਾਲ ਤਖਤ ਵੱਲ ਵੱਧਿਆ। ਸ੍ਰੀ ਅਕਾਲ ਤਖਤ ਦੇ ਨਾਲ ਥੜਾ ਸਾਹਿਬ ਗੁਰੂਦੁਆਰੇ ਦੀਆ ਪੌੜੀਆ ਅਤੇ ਨਾਲ ਪਈ ਖਾਲੀ ਥਾਂ ਤੇ ਬੈਠ ਕੇ ਸੰਗਤਾਂ ਨੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ। ਇਸ ਸਮੇਂ ਸ੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸ੍ਰੀ ਸਤਬੀਰ ਸਿੰਘ ਤੇ ਮੀਤ ਸਕੱਤਰ ਸ੍ਰੀ ਬਲਬੀਰ ਸਿੰਘ ਨੇ ਇਸ ਜਥੇ ਦਾ ਸਵਾਗਤ ਕਰਦਿਆ ਪਹਿਲਾਂ ਹੀ ਸੰਗਤਾਂ ਦੇ ਬੈਠਣ ਲਈ ਦਰੀਆ ਵਿਛਾਈਆ ਸਨ ਅਤੇ ਸ਼੍ਰੋਮਣੀ ਕਮੇਟੀ ਮੁਲਾਜਮ ਉਹਨਾਂ ਨੂੰ ਗੁਟਕੇ ਤੇ ਹੋਰ ਲੌੜੀਦਾ ਸਮਾਨ ਮੁਹੱਈਆ ਕਰਵਾ ਰਹੇ ਸਨ। ਸੰਗਤਾਂ ਨੇ ਪਹਿਲਾਂ ਸ਼ਾਂਤਮਈ ਢੰਗ ਨਾਲ ਪਾਠ ਕੀਤਾ ਤੇ ਫਿਰ ਸ੍ਰੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋ ਉਸਾਰੇ ਗਏ ਸ੍ਰੀ ਅਕਾਲ ਤਖਤ ਦੇ ਸਾਹਮਣੇ ਖਲੋ ਕੇ ਅਰਦਾਸ ਜੋਦੜੀ ਕੀਤੀ ਕਿ ਗੁਰੂ ਸਾਹਿਬ ਆਪ ਕਿਰਪਾ ਕਰਨ ਤੇ ਹਰਿਆਣਾ ਦੀ ਵੱਖਰੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਉਹਨਾਂ ਵੱਲੋ ਕੀਤੇ ਗਏ ਉਪਰਾਲੇ ਨੂੰ ਅਮਲੀ ਜਾਮ ਪਹਿਨਾਉਣ ਲਈ ਅੰਗ ਸੰਗ ਹੋ ਕੇ ਨੇਪਰੇ ਚਾੜਣ।

ਇਸ ਤੋ ਪਹਿਲਾਂ ਗੁਰੂਦੁਆਰਾ ਮੰਜੀ ਹਾਲ ਵਿਖੇ ਸ੍ਰੀ ਝੀਡਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਦੀ ਉਹਨਾਂ ਦੀ ਮੰਗ ਸੰਵਿਧਾਨਕ ਤੌਰ ‘ਤੇ ਬਿਲਕੁਲ ਦਰੁਸਤ ਹੈ ਪਰ ਸ੍ਰੋਮਣੀ ਅਕਾਲੀ ਦਲ ਦੇ ਸ੍ਰਪ੍ਰਸਤ ਤੇ ਪੰਜਾਬ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਜਾਣ ਬੁੱਝ ਕੇ ਰੋੜਾ ਅਟਕਾ ਰਹੇ ਹਨ। ਉਹਨਾਂ ਕਿਹਾ ਕਿ ਭਾਂਵੇ ਕਲ ਸ਼੍ਰੋਮਣੀ ਕਮੇਟੀ ਦੇ ਨਾ ਅਹਿਲ ਅਧਿਕਾਰੀਆ ਨੇ ਉਹਨਾਂ ਨੂੰ ਭਾਈ ਗੁਰਦਾਸ ਹਾਲ ਦੇ ਅੰਦਰ ਦਾਖਲ ਹੋਣ ਤੋ ਰੋਕ ਦਿੱਤਾ ਸੀ ਪਰ ਅੱਜ ਉਹਨਾਂ ਨੇ ਜੋ ਸਹਿਯੋਗ ਦਿੱਤਾ ਹੈ ਉਸ ਲਈ ਉਹ ਸ੍ਰੀ ਮੱਕੜ ਦਾ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਉਹ ਬਾਕੀ ਗੁਰਦੁਆਰਿਆ ਵਿੱਚ ਵੀ ਪਾਠ ਕਰਕੇ ਅਰਦਾਸ ਕਰਨ ਲਈ ਹੀ ਜਾਂਦੇ ਹਨ ਅਤੇ ਉਹਨਾਂ ਦਾ ਪ੍ਰਬੰਧ ਵਿੱਚ ਕੋਈ ਰੁਕਾਵਟ ਪਾਉਣ ਦਾ ਕੋਈ ਇਰਾਦਾ ਨਹੀ ਹੁੰਦਾ ਪਰ ਸ੍ਰੋਮਣੀ ਕਮੇਟੀ ਉਹਨਾਂ ਨੂੰ ਅਜਿਹਾ ਨਹੀ ਕਰਨ ਦਿੰਦੀ।

ਉਹਨਾਂ ਸ੍ਰੀ ਮੱਕੜ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾ ਦਾ ਸਹਿਯੋਗ ਉਹਨਾਂ ਨੇ ਇਥੇ ਦਿੱਤਾ ਹੈ ਉਸੇ ਤਰ੍ਹਾ ਦਾ ਹੀ ਸਹਿਯੋਗ ਉਹ ਸੰਗਤਾਂ ਨੂੰ ਬਾਕੀ ਗੁਰੂਦੁਆਰਿਆ ਵਿੱਚ ਵੀ ਦੇਣ ਤਾਂ ਕਿ ਟੱਕਰਾ ਤੋ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਉਹਨਾਂ ਨੇ ਕੋਈ ਗੁਰੂਦੁਆਰੇ ਦੀ ਮਲਕੀਅਤ ਆਪਣੇ ਨਾਮ ਨਹੀ ਲਗਵਾਉਣੀ ਦੀ ਸਗੋ ਉਹ ਤਾਂ ਗੁਰਧਾਮਾਂ ਦੇ ਸੇਵਾ ਸੰਭਾਲ ਵਿੱਚ ਸੁਧਾਰ ਲਿਆਉਣ ਲਈ ਵੱਖਰੀ ਕਮੇਟੀ ਦੀ ਮੰਗ ਕਰ ਰਹੇ ਹਾਂ। ਉਹਨਾਂ ਕਿਹਾ ਕਿ ਸ੍ਰੋਮਣੀ ਕਮੇਟੀ ਦੀਆ ਚੋਣਾਂ ਉਹ ਸਰਬ ਪ੍ਰਦੇਸ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਝੰਡੇ ਤੇ ਦਿੱਲੀ ਸਿੱਖ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਲੜਣਗੇ। ਉਹਨਾਂ ਕਿਹਾ ਕਿ ਚੋਣਾਂ ਵਿੱਚ ਬਾਦਲ ਦਲ ਦੇ ਉਮੀਦਵਾਰ ਦੇ ਸਾਹਮਣੇ ਇੱਕ ਉਮੀਦਵਾਰ ਖੜਾ ਕੀਤਾ ਜਾਵੇਗਾ ਤਾਂ ਕਿ ਦੋਹਾਂ ਧਿਰਾਂ ਵਿਚਕਾਰ ਆਹਮੋ ਸਾਹਮਣਾ ਮੁਕਾਬਲਾ ਹੋ ਸਕੇ। ਉਹਨਾਂ ਕਿਹਾ ਕਿ ਇਹ ਚੋਣਾਂ ਫੈਸਲਾਕੁਨ ਹੋਣਗੀਆ ਅਤੇ ਸੱਚ ਤੇ ਝੂਠ ਵਿਚਕਾਰ ਜੰਗ ਹੋਵੇਗੀ। ਉਹਨਾਂ ਕਿਹਾ ਕਿ ‘ਓੜਕ ਸੱਚ ਰਹੀ' ਦੇ ਮਹਾਂ ਵਾਕ ਅਨੁਸਾਰ ਜਿੱਤ ਸੱਚ ਦੀ ਹੀ ਹੋਵੇਗੀ।

ਇਸ ਤਰ੍ਹਾ ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਬਾਦਲ ਦਲੀਆ ਨੇ ਸ਼ਰੋਮਣੀ ਕਮੇਟੀ ਵਿੱਚ ਜਿਸ ਤਰੀਕੇ ਨਾਲ ਲੁੱਟ ਮਚਾਈ ਹੋਈ ਹੈ ਉਸ ਤੋ ਸਪੱਸ਼ਟ ਜਾਹਿਰ ਹੋ ਰਿਹਾ ਹੈ ਕਿ ਇਹ ਭ੍ਰਿਸ਼ਟਚਾਰ ਦੀ ਦਲਦਲ ਵਿੱਚ ਫਸਿਆ ਮੌਜੂਦਾ ਨਿਜਾਮ ਮਹੰਤ ਨਰੈਣੂ ਦੀਆ ਪੰਥ ਵਿਰੋਧੀ ਗਤੀਵਿਧੀਆ ਤੋ ਵੀ ਟੱਪ ਗਿਆ ਹੈ ਅਤੇ ਜਿਸ ਨੂੰ ਤੁਰੰਤ ਬਦਲਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਵਿੱਚ ਬਾਦਲ ਦਲੀਆ ਨੂੰ ਆਟੇ ਦਾਲ ਦੇ ਭਾਅ ਦਾ ਪਤਾ ਲੱਗ ਜਾਵੇਗਾ। ਝੀਂਡੇ ਦੇ ਇਸ ਸਮਾਗਮ ਵਿੱਚ ਸ੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਵਿਸ਼ੇਸ਼ ਸਕੱਤਰ ਸ੍ਰੀ ਬਲਦੇਵ ਸਿੰਘ ਸਿਰਸਾ, ਦਲ ਖਾਲਸਾ ਦਾ ਸਾਬਕਾ ਪ੍ਰਧਾਨ ਸਤਨਾਮ ਸਿੰਘ ਪਾਉਟਾ ਸਾਹਿਬ, ਇੰਦਰਜੀਤ ਸਿੰਘ ਚੁਗ ਤੋ ਹੋਰ ਆਗੂਆ ਨੇ ਵੀ ਸ਼ਮੂਲੀਅਤ ਕੀਤੀ। ਇੰਜ ਅੱਜ ਦਾ ਸਮਾਗਮ ਸ਼ਾਂਤੀ ਪੂਰਵਕ ਸੰਪਨ ਹੋ ਗਿਆ ਅਤੇ ਸ੍ਰੋਮਣੀ ਕਮੇਟੀ ਨੇ ਸੁਖ ਦਾ ਸਾਹ ਲਿਆ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top