Share on Facebook

Main News Page

ਪੰਥਕ ਖਬਰ ਤਰਾਸ਼ੀ

(1) ਖਬਰ:- ਸਰਨੇ ਨੂੰ ਅਕਾਲ ਤਖਤ ’ਤੇ ਤਲਬ ਨਹੀਂ ਕੀਤਾ ਜਾਵੇਗਾ: ਜੱਥੇਦਾਰ

ਟਿੱਪਣੀ: ਪੁਜਾਰੀ ਜੀ! ਤੁਹਾਡਾ ਭਲਾ ਇਸੇ ਵਿਚ ਹੈ ਕਿ ਤੁਸੀਂ ਕਿਸੇ ਨੂੰ ਵੀ ਤਲਬ ਕਰਨਾ ਛੱਡ ਦਿਉ ਕਿਉਂਕਿ ਤੁਹਾਨੂੰ ਐਸਾ ਕੋਈ ਅਧਿਕਾਰ ਨਹੀਂ ਹੈ। ਵੈਸੇ ਤੁਸੀਂ ਜਾਣਦੇ ਹੋ ਕਿ ਪੰਥ ਵਿਚ ਆ ਰਹੀ ਜਾਗ੍ਰਿਤੀ ਕਾਰਨ, ਤੁਹਾਡੇ ਅਖੌਤੀ ‘ਹੁਕਮਨਾਮੇ’ ਦੀ ਕੋਈ ਬੁਕੱਤ ਨਹੀਂ ਰਹੀ। ਐਸੇ ਹਰ ‘ਹੁਕਮਨਾਮੇ’ ਵਿਚ ਤੁਹਾਨੂੰ ਮੂੰਹ ਦੀ ਖਾਣੀ ਪਈ ਹੈ। ਨਾਨਕਸ਼ਾਹੀ ਕੈਲੰਡਰ ਵਾਲੇ ਘਟਨਾ ਕਰਮ ਪਿੱਛੋਂ, ਹਰ ਸਮਝਦਾਰ ਸਿੱਖ ਜਾਣ ਚੁੱਕਾ ਹੈ ਕਿ ਤੁਸੀਂ ਕਿਸ ਦੀਆਂ ਕੱਠਪੁਤਲੀਆਂ ਬਣ ਕੇ ਵਿਚਰ ਰਹੇ ਹੋ।

(2) ਖਬਰ:- ਦਰਬਾਰ ਸਾਹਿਬ ਦੇ ਇਤਿਹਾਸਕ ਦਰਵਾਜ਼ੇ ਮੁਰੰਮਤ ਯੋਗ ਨਹੀਂ ਰਹੇ: ਮਕੜ

ਟਿੱਪਣੀ:- ਪ੍ਰਧਾਨ ਜੀ! ਜਦੋਂ ਸ਼੍ਰੋਮਣੀ ਕਮੇਟੀ ਨੇ ਇਹ ਦਰਵਾਜ਼ੇ ਉਤਾਰ ਕੇ ਮੁਰੰਮਤ ਕਰਾਉਣ ਦੀ ਗੱਲ ਪਹਿਲੀ ਵਾਰ ਕੀਤੀ ਸੀ, ਤਾਂ ਹੀ ਜਾਗਰੂਕ ਸਿੱਖਾਂ ਨੇ ਇਹ ਖਦਸ਼ਾ ਜਾਹਿਰ ਕਰ ਦਿੱਤਾ ਸੀ ਕਿ ਇਹ ਇਤਿਹਾਸਕ ਦਰਵਾਜ਼ੇ ਮੁਰੰਮਤ ਦੇ ਨਾਂ ’ਤੇ ਖੁਰਦ-ਬੁਰਦ ਕਰ ਦਿੱਤੇ ਜਾਣਗੇ। ਉਦੋਂ ਸ਼੍ਰੋਮਣੀ ਕਮੇਟੀ (ਤੁਸੀਂ) ਨੇ ਜ਼ੋਰਦਾਰ ਖੰਡਨ ਕਰਦੇ ਹੋਏ ਕਿਹਾ ਸੀ ਕਿ ਇਹ ਸਿਰਫ ਅਫਵਾਹ ਹੈ, ਦਰਵਾਜ਼ੇ ਮੁਰੰਮਤ ਕਰਕੇ ਉੱਥੇ ਵਾਪਸ ਲਗਾ ਦਿੱਤੇ ਜਾਣਗੇ। ਪਰ ਉਨ੍ਹਾਂ ਸਿੱਖਾਂ ਦਾ ਇਹ ਖਦਸ਼ਾ ਸਹੀ ਸਾਬਿਤ ਹੋ ਗਿਆ ਹੈ। ਹੁਣ ਇਤਿਹਾਸਕ ਦਰਵਾਜ਼ੇ ਅਜਾਇਬ ਘਰ ਵਿਚ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ। ਜੇ ਕਮੇਟੀ ਐਸੇ ਹੀ ਹੱਥਾਂ ਵਿਚ ਰਹੀ ਤਾਂ ਕੋਈ ਸ਼ੱਕ ਨਹੀਂ ਕਿ ਇਹ ਕੁਝ ਸਮੇਂ ਬਾਅਦ ਖੁਰਦ-ਬੁਰਦ ਵੀ ਕੀਤੇ ਜਾ ਸਕਦੇ ਹਨ।

(3) ਖਬਰ: ਵਿਦੇਸ਼ ਦੇ ਗੁਰਦੁਆਰਿਆਂ ਵਿਚ ਕਰਵਾਇਆ ਜਾ ਰਿਹਾ ਹੈ ‘ਵਾਹਿਗੁਰੂ ਸਿਮਰਨ’

ਟਿੱਪਣੀ: ਸਿੱਖਾਂ ਨੇ ਵੀ ਸ਼ਾਇਦ ਇਹ ਕਸਮ ਖਾ ਲਈ ਹੈ ਕਿ ਗੁਰਦੁਆਰਿਆਂ ਵਿਚੋਂ ਗੁਰਮਤਿ ਦੀ ਜੜ੍ਹ ਪੁੱਟ ਕੇ ਹੀ ਰਹਿਣਾ ਹੈ। ਜ਼ਿਆਦਾਤਰ ਗੁਰਦੁਆਰੇ ਹੁਣ ਗੁਰਮਤਿ ਦੇ ਵਿਦਿਆਲਿਆਂ ਦੀ ਥਾਂ ਕਰਮਕਾਂਡਾਂ ਦੇ ਅੱਡੇ ਬਣ ਚੁੱਕੇ ਹਨ।

‘ਸਿਮਰਨ’ ਹੀ ਪੰਜਾਹ ਤਰ੍ਹਾਂ ਦੇ ਸ਼ੁਰੂ ਹੋ ਚੁੱਕੇ ਹਨ। ਕੋਈ ਨਾਨਕਸਰੀਆਂ ਦਾ ਸਿਮਰਨ ਕਰ ਰਿਹਾ ਹੈ, ਕੋਈ ਤਰਮਾਲੇ ਵਾਲੇ ਦੇ ਸਿਮਰਨ ਪਿੱਛੇ ਲੱਗ ਕੇ ਝੱਲ ਖਿਲਾਰ ਰਿਹਾ ਹੈ, ਅਖੰਡ ਕੀਰਤਨੀਆਂ ਦਾ ਸਿਮਰਨ ਵੀ ਆਪਣੇ ਹੀ ਤਰੀਕੇ ਦਾ ਹੈ। ‘ਵਾਹਿਗੁਰੂ’ (ਲਫਜ਼) ਦੀ ਜੋ ਖਿੱਚ-ਧੂਹ ਸਿਮਰਨ ਨਾਂ ’ਤੇ ਕੀਤੀ ਜਾ ਰਹੀ ਹੈ, ਤੋਬਾਂ ਹੀ ਤੋਬਾਂ!

ਦਿਲਚਸਪ ਗੱਲ ਇਹ ਹੈ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਵਾਹਿਗੁਰੂ’ (ਲਫਜ਼) ਦੇ ਸਿਮਰਨ ਦੀ ਗੱਲ ਕੀਤੀ ਮਿਲਦੀ ਹੀ ਨਹੀਂ। ਹਰਿ ਕਾ ਸਿਮਰਨ, ਪ੍ਰਭ ਕਾ ਸਿਮਰਨ ਆਦਿ ਜ਼ਰੂਰ ਲਿਖਿਆ ਮਿਲਦਾ ਹੈ। ਸਿਮਰਨ ਦੇ ਨਾਂ ਹੇਠ ਕੌਮ ਵਿਚ ਫੈਲ ਚੁੱਕਿਆ ਇਹ ਭਰਮ ਜਾਲ ਸਿੱਖਾਂ ਨੂੰ ਗੁਰਮਤਿ ਤੋਂ ਹੋਰ ਦੂਰ ਕਰੀ ਜਾ ਰਿਹਾ ਹੈ।

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top