Share on Facebook

Main News Page

ਪ੍ਰਬੰਧਕਾਂ ਵਲੋਂ ਜਗਦੀਸ਼ ਸਿੰਘ ਝੀਂਡਾ ਲਈ ਭਾਈ ਗੁਰਦਾਸ ਹਾਲ ਦੇ ਦਰਵਾਜ਼ੇ ਬੰਦ

ਝੀਂਡਾ ਦਾ ਦਾਅਵਾ- ਸ਼੍ਰੋਮਣੀ ਕਮੇਟੀ ਨੂੰ ਕੁਝ ਆਗੂਆਂ ਨੇ ਆਪਣੀ ਜਗੀਰ ਬਣਾਇਆ

ਅੰਮ੍ਰਿਤਸਰ (29 ਜਨਵਰੀ, ਪੀ.ਐਸ.ਐਨ) : ਹਰਿਆਣਾ 'ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਯਤਨਸ਼ੀਲ ਜਗਦੀਸ਼ ਸਿੰਘ ਝੀਂਡਾ ਦੀ ਇਥੇ ਭਾਈ ਗੁਰਦਾਸ ਹਾਲ ਵਿਖੇ ਦਾਖਲੇ ਨੂੰ ਰੋਕਣ ਲਈ ਪ੍ਰਬੰਧਕਾਂ ਵੱਲੋਂ ਉਸ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਅਤੇ ਸੁਰੱਖਿਆ ਲਈ ਪੁਲੀਸ ਤੇ ਟਾਸਕ ਫੋਰਸ ਤਾਇਨਾਤ ਕਰ ਦਿੱਤੀ, ਜਿਸ ਕਾਰਨ ਇਥੇ ਕੁਝ ਸਮੇਂ ਲਈ ਤਣਾਅ ਪੈਦਾ ਹੋ ਗਿਆ।

ਸ੍ਰੀ ਝੀਂਡਾ ਵੱਲੋਂ ਭਲਕੇ 30 ਜਨਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਨ ਅਤੇ ਅਰਦਾਸ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧ ਵਿਚ ਉਹ ਅੱਜ ਬਾਅਦ ਦੁਪਹਿਰ ਇਥੇ ਪੁੱਜੇ ਹਨ। ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦੇਣ ਲਈ ਉਨ੍ਹਾਂ ਭਾਈ ਗੁਰਦਾਸ ਹਾਲ ਵਿਖੇ ਪ੍ਰੈਸ ਕਾਨਫਰੰਸ ਕਰਨੀ ਸੀ। ਇਸ ਬਾਰੇ ਜਿਵੇਂ ਹੀ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਪ੍ਰਬੰਧਕਾਂ ਨੂੰ ਮਿਲੀ ਤਾਂ ਉਨ੍ਹਾਂ ਸ੍ਰੀ ਝੀਂਡਾ ਦੀ ਆਮਦ ਨੂੰ ਰੋਕਣ ਲਈ ਹਾਲ ਦਾ ਮੁੱਖ ਗੇਟ ਨੂੰ ਬੰਦ ਕਰ ਦਿੱਤਾ। ਮੁੱਖ ਦੁਆਰ ਦੇ ਬਾਹਰ ਪੁਲੀਸ ਅਤੇ ਅੰਦਰਲੇ ਪਾਸੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤਾਇਨਾਤ ਕਰ ਦਿੱਤੀ।

ਅੱਜ ਜਿਉਂ ਹੀ ਸ. ਝੀਂਡਾ ਸ਼੍ਰੋਮਣੀ ਕਮੇਟੀ ਦੇ ਸਰਕਟ ਹਾਊਸ ਵਜੋਂ ਜਾਣੇ ਜਾਂਦੇ ਭਾਈ ਗੁਰਦਾਸ ਹਾਲ ਵਿਖੇ ਪੱਤਰਕਾਰ ਸੰਮੇਲਨ ਕਰਨ ਲਈ ਪੁੱਜੇ ਤਾਂ ਉਥੋਂ ਦੇ ਪ੍ਰਬੰਧਕਾਂ ਨੇ ਮੁੱਖ ਦਰਵਾਜ਼ਾ ਅੰਦਰੋਂ ਬੰਦ ਕਰ ਦਿਤਾ ਜਿਸ ਕਾਰਨ ਸ. ਝੀਂਡਾ ਨੂੰ ਮਜਬੂਰਨ ਭਾਈ ਗੁਰਦਾਸ ਹਾਲ ਦੇ ਬਾਹਰ ਹੀ ਪ੍ਰੈਸ ਕਾਨਫ਼ਰੰਸ ਕਰਨੀ ਪਈ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਵਿੱਤੀ ਅਤੇ ਹੋਰ ਬੇਨਿਯਮੀਆਂ ਦਾ ਪਤਾ ਲਗਾਉਣ ਲਈ ‘ਸਰਬ ਪ੍ਰਦੇਸ਼ ਗੁਰਦਵਾਰਾ ਪ੍ਰਬੰਧ ਕਮੇਟੀ' ਦਾ ਗਠਨ ਕੀਤਾ ਗਿਆ ਹੈ। ਦਿੱਲੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਇਸ ਨਵੀਂ ਜਥੇਬੰਦੀ ਦੇ ਸਰਪ੍ਰਸਤ ਅਤੇ ਇੰਦਰਜੀਤ ਸਿੰਘ ਚੁੱਗ ਜਨਰਲ ਸਕੱਤਰ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਹੋਈ ਧੱਕੇਸ਼ਾਹੀ ਨੇ ਇਕ ਚੁਣੇ ਹੋਏ ਕਮੇਟੀ ਮੈਂਬਰ ਦੀ ਕੀਤੀ ਜਾ ਰਹੀ ਇੱਜ਼ਤ ਨੂੰ ਜੱਗ ਜਾਹਰ ਕੀਤਾ ਹੈ। ਉਨ੍ਹਾਂ ਕਿਹਾ, ‘‘ਮੈਂ ਇਥੇ ਭਾਈ ਗੁਰਦਾਸ ਹਾਲ 'ਤੇ ਕਬਜ਼ਾ ਨਹੀਂ ਸੀ ਕਰਨ ਆਇਆ, ਸਿਰਫ਼ ਹਰਿਆਣਾ ਦੇ ਸਿੱਖਾਂ ਨਾਲ ਹੋ ਰਹੀਆਂ ਲਗਾਤਾਰ ਵਧੀਕੀਆਂ ਦੀ ਕਮੇਟੀ ਵਲੋਂ ਸੁਣਵਾਈ ਨਾ ਹੋਣ ਦੀ ਸੂਰਤ ਵਿਚ ਗੁਰੂ ਚਰਨਾਂ ਵਿਚ ਅਰਦਾਸ ਕਰਨ ਆਇਆ ਹਾਂ।''

ਝੀਂਡਾ ਨੇ ਕਿਹਾ ਕਿ ਜਦੋਂ 1966 ਵਿਚ ਹਰਿਆਣਾ ਨੂੰ ਵਖਰਾ ਕਰ ਦਿਤਾ ਗਿਆ ਸੀ ਤਾਂ ਫਿਰ ਹਰਿਆਣਾ ਦੇ ਗੁਰਦਵਾਰਿਆਂ 'ਤੇ ਪੰਜਾਬ ਦੀ ਕਮੇਟੀ ਦਾ ਕਬਜ਼ਾ ਕਿਉਂ ਹੈ? ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਵਿਚ ਨਰੈਣੂ ਮਹੰਤ ਦੀ ਰੂਹ ਘਰ ਕਰ ਚੁੱਕੀ ਹੈ ਅਤੇ ਇਹ ਮਹੰਤ ਨਰੈਣੂ ਦੀ ਤਰਜ਼ 'ਤੇ ਹੀ ਮਰਜ਼ੀ ਨਾਲ ਗੁਰਦਵਾਰਿਆਂ ਵਿਚ ਸਿੱਖਾਂ ਨੂੰ ਦਾਖ਼ਲ ਹੋਣ ਦਿੰਦੇ ਹਨ। ਉਨ੍ਹਾਂ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ 'ਤੇ ਵਰਦਿਆਂ ਕਿਹਾ ਕਿ ਸ. ਮੱਕੜ ਮਿੰਨੀ ਪਾਰਲੀਮੈਂਟ ਦੇ ਨਾਮ 'ਤੇ ਸਿੱਖਾਂ ਨੂੰ ਗੁਮਰਾਹ ਕਰ ਰਹੇ ਹਨ ਜਦਕਿ ਉਹ ਭੁੱਲ ਹੀ ਜਾਂਦੇ ਹਨ ਕਿ ਕਮੇਟੀ ਦੀ ਚੋਣ ਸਿਰਫ਼ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਹੀ ਹੁੰਦੀ ਹੈ ਅਤੇ ਸਿੱਖ ਹੁਣ ਪੂਰੀ ਦੁਨੀਆਂ ਵਿਚ ਫੈਲੇ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ‘ਸ਼੍ਰੋਮਣੀ' ਸ਼ਬਦ ਹਟਾ ਦੇਣਾ ਚਾਹੀਦਾ ਹੈ। ਭਾਈ ਗੁਰਦਾਸ ਹਾਲ ਦਾ ਗੇਟ ਬੰਦ ਹੋਣ 'ਤੇ ਸ. ਝੀਂਡਾ ਨੇ ਅਵਤਾਰ ਸਿੰਘ ਮੱਕੜ ਨੂੰ ਫ਼ੋਨ 'ਤੇ ਹੀ ਖਰੀਆਂ-ਖਰੀਆਂ ਸੁਣਾ ਕੇ ਨਿਹਾਲ ਕਰ ਦਿਤਾ। ਉਨ੍ਹਾਂ ਮੱਕੜ ਨੂੰ ਫ਼ੋਨ 'ਤੇ ਹੀ ਹਿਟਲਰ ਦੀ ਉਪਾਧੀ ਨਾਲ ਨਿਵਾਜਦੇ ਹੋਏ ਕਿਹਾ ਕਿ ਤਾਨਾਸ਼ਾਹੀ ਹਮੇਸ਼ਾ ਨਹੀ ਚਲਦੀ ਅਤੇ ਕੀਤੀ ਭੁੱਲ ਲਈ ਇਤਿਹਾਸ ਕਦੇ ਵੀ ਮੁਆਫ਼ ਨਹੀਂ ਕਰਦਾ। ਅਪਣੇ ਅਗਲੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਸ. ਝੀਂਡਾ ਨੇ ਦਸਿਆ ਕਿ ਅਸੀਂ ਦੁਪਿਰਰ 12 ਵਜੇ ਮੰਜੀ ਸਾਹਿਬ ਇਕੱਠੇ ਹੋ ਕੇ ਅਕਾਲ ਤਖ਼ਤ ਸਾਹਿਬ ਵਿਖੇ ਜਾਵਾਂਗੇ ਜਿਥੇ ਪਾਠ ਕਰਨ ਤੋਂ ਬਾਅਦ 3 ਵਜੇ ਅਰਦਾਸ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਹੁਣ ਸਰਬ ਪ੍ਰਦੇਸ ਗੁਰਦੁਆਰਾ ਕਮੇਟੀ ਲਈ ਵੀ ਯਤਨ ਕਰਾਂਗੇ।

ਸ੍ਰੀ ਝੀਂਡਾ ਅਤੇ ਉਨ੍ਹਾਂ ਦੇ ਕੁਝ ਸਮਰਥਕ ਜਦੋਂ ਭਾਈ ਗੁਰਦਾਸ ਹਾਲ ਪੁੱਜੇ ਅਤੇ ਇਸ ਦੇ ਦਰਵਾਜ਼ੇ ਬੰਦ ਕੀਤੇ ਵੇਖ ਕੇ ਉਨ੍ਹਾਂ ਤੁਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਮੀਡੀਆ ਦੇ ਸਾਹਮਣੇ ਹੀ ਫੋਨ ਕੀਤਾ। ਫੋਨ 'ਤੇ ਗੱਲਬਾਤ ਦੌਰਾਨ ਉਨ੍ਹਾਂ ਜਥੇਦਾਰ ਅਵਤਾਰ ਸਿੰਘ 'ਤੇ ਦੋਸ਼ ਲਾਇਆ ਕਿ ਉਹ ਅਜਿਹੀਆਂ ਰੋਕਾਂ ਲਾ ਕੇ ਹਿਟਲਰ ਵਾਲੀ ਨੀਤੀ ਅਪਣਾ ਰਹੇ ਹਨ। ਜਿਵੇਂ ਜਥੇਦਾਰ ਅਵਤਾਰ ਸਿੰਘ ਕਮੇਟੀ ਦੇ ਇਕ ਮੈਂਬਰ ਹਨ, ਉਸੇ ਤਰ੍ਹਾਂ ਉਹ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ। ਉਨ੍ਹਾਂ ਨੂੰ ਪੂਰਾ ਹੱਕ ਹੈ ਕਿ ਉਹ ਭਾਈ ਗੁਰਦਾਸ ਹਾਲ ਵਿਖੇ ਬੈਠ ਕੇ ਆਪਣੀ ਗੱਲ ਮੀਡੀਆ ਦੇ ਸਾਹਮਣੇ ਰੱਖ ਸਕਣ। ਉਨ੍ਹਾਂ ਜਥੇਦਾਰ ਅਵਤਾਰ ਸਿੰਘ ਨੂੰ ਦੱਸਿਆ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਖਮਨੀ ਸਾਹਿਬ ਦਾ ਪਾਠ ਅਤੇ ਅਰਦਾਸ ਕਰਨ ਲਈ ਆਏ ਹਨ, ਉਨ੍ਹਾਂ ਦੇ ਨਾਲ ਹਰਿਆਣਾ ਅਤੇ ਹੋਰ ਸੂਬਿਆਂ ਤੋਂ ਸੰਗਤ ਵੀ ਆਈ ਹੈ। ਉਨ੍ਹਾਂ ਲਈ ਸਰ੍ਹਾਵਾਂ ਵਿਚ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਭਾਈ ਗੁਰਦਾਸ ਹਾਲ ਦੇ ਦਰਵਾਜ਼ੇ ਖੁੱਲ੍ਹਵਾਉਣ ਦੀ ਕੀਤੀ ਗਈ ਅਪੀਲ ਤੋਂ ਬਾਅਦ ਜਥੇਦਾਰ ਅਵਤਾਰ ਸਿੰਘ ਵੱਲੋਂ ਪ੍ਰਬੰਧਕਾਂ ਨੂੰ ਹਦਾਇਤ ਕਰਕੇ ਤੁਰੰਤ ਦਰਵਾਜ਼ੇ ਖੁਲ੍ਹਵਾ ਦਿੱਤੇ ਗਏ। ਜਿਥੇ ਸ੍ਰੀ ਝੀਂਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ।

ਸ੍ਰੀ ਝੀਂਡਾ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਨੂੰ ਕੁਝ ਆਗੂਆਂ ਨੇ ਆਪਣੀ ਜਗੀਰ ਬਣਾ ਲਿਆ ਹੈ। ਅਜਿਹੀ ਵਿਵਸਥਾ ਅਤੇ ਕਾਰਜ ਪ੍ਰਣਾਲੀ ਦੇ ਖਿਲਾਫ਼ ਉਨ੍ਹਾਂ ਸੰਘਰਸ਼ ਵਿੱਢਿਆ ਹੈ। ਸ਼੍ਰੋਮਣੀ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਵਿਚ ਲੋਕ ਅਜਿਹੇ ਆਗੂਆਂ ਦੇ ਖਿਲਾਫ਼ ਵੋਟ ਦੇਣਗੇ। ਹਰਿਆਣਾ 'ਚ ਵੱਖਰੀ ਗੁਰਦੁਆਰਾ ਕਮੇਟੀ ਦੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਮੰਗ ਨੂੰ ਨਾ ਤਾਂ ਹਰਿਆਣਾ ਦੀ ਕਾਂਗਰਸ ਸਰਕਾਰ ਅਤੇ ਨਾ ਹੀ ਪੰਜਾਬ ਦੀ ਅਕਾਲੀ ਸਰਕਾਰ ਨੇ ਪੂਰਾ ਕੀਤਾ। ਇਸੇ ਲਈ ਉਨ੍ਹਾਂ ਦਾ ਸਿਆਸੀ ਆਗੂਆਂ ਤੋਂ ਵਿਸ਼ਵਾਸ ਉਠ ਗਿਆ। ਹੁਣ ਉਨ੍ਹਾਂ ਇਹ ਮਾਮਲਾ ਗੁਰੂ ਘਰ 'ਤੇ ਛੱਡ ਦਿੱਤਾ ਹੈ। ਇਸੇ ਸਬੰਧ ਵਿਚ ਭਲਕੇ ਇਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਖਮਨੀ ਸਾਹਿਬ ਦਾ ਪਾਠ ਅਤੇ ਅਰਦਾਸ ਕੀਤੀ ਜਾਵੇਗੀ। ਪਾਠ ਅਤੇ ਅਰਦਾਸ ਵਿੱਚ ਸ਼ਾਮਲ ਹੋਣ ਲਈ ਹਰਿਆਣਾ ਦੀ ਸਿੱਖ ਸੰਗਤ ਸਮੇਤ 20 ਸੂਬਿਆਂ ਤੋਂ ਧਾਰਮਿਕ ਸਭਾ ਸੁਸਾਇਟੀਆਂ ਦੇ ਆਗੂ ਸ਼ਮੂਲੀਅਤ ਕਰਨਗੇ।

ਉਨ੍ਹਾਂ ਦੱਸਿਆ ਕਿ ਇਸੇ ਮਹੀਨੇ ‘ਸਰਵ ਪ੍ਰਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ' ਨਾਂ ਦੀ ਜਥੇਬੰਦੀ ਦੀ ਸਥਾਪਨਾ ਕੀਤੀ ਗਈ ਹੈ। ਜਥੇਬੰਦੀ ਵਿੱਚ 20 ਸੂਬਿਆਂ ਦੇ ਨੁਮਾਇੰਦੇ ਸ਼ਾਮਲ ਹਨ। ਇਸ ਜਥੇਬੰਦੀ ਦਾ ਪ੍ਰਧਾਨ ਉਨ੍ਹਾਂ (ਜਗਦੀਸ਼ ਸਿੰਘ ਝੀਂਡਾ) ਨੂੰ ਨਿਯੁਕਤ ਕੀਤਾ ਗਿਆ ਹੈ ਜਦੋਂਕਿ ਜਨਰਲ ਸਕੱਤਰ ਇੰਦਰਜੀਤ ਸਿੰਘ ਚੁੱਘ ਸਹਾਰਨਪੁਰ ਤੋਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਥੇਬੰਦੀ ਦੇ ਸਰਪ੍ਰਸਤ ਪਰਮਜੀਤ ਸਿੰਘ ਸਰਨਾ ਹੋਣਗੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕਮੇਟੀ ਦੀ ਸਥਾਪਨਾ ਨਾਲ ਵੱਖ-ਵੱਖ ਸੂਬਿਆਂ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਕਾਰਜ ਪ੍ਰਣਾਲੀ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਇਹ ਨਵੀਂ ਜਥੇਬੰਦੀ ਵੱਖ-ਵੱਖ ਸੂਬਿਆਂ ਵਿਚ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਯਤਨਸ਼ੀਲ ਹੋਵੇਗੀ। ਨਵੀਂ ਜਥੇਬੰਦੀ ਦਾ ਸੰਵਿਧਾਨ ਬਣਾ ਕੇ ਇਸ ਨੂੰ ਰਜਿਸਟਰ ਕਰਵਾਇਆ ਜਾਵੇਗਾ। ਇਸ ਦਾ ਮੁੱਖ ਦਫਤਰ ਦਿੱਲੀ ਸਥਿਤ ਗੁਰਦੁਆਰਾ ਰਕਾਬ ਗੰਜ ਵਿਖੇ ਅਤੇ ਉਪ ਦਫ਼ਤਰ ਚੰਡੀਗੜ੍ਹ ਸਥਿਤ 27 ਸੈਕਟਰ ਵਿਚ ਹੋਵੇਗਾ। ਇਸ ਜਥੇਬੰਦੀ ਵਿੱਚ ਵੱਖ-ਵੱਖ ਸੂਬਿਆਂ ਦੇ 41 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਪੰਜਾਬ ਤੋਂ ਤਿੰਨ ਮੈਂਬਰ ਸ਼ਾਮਲ ਹਨ। ਸ਼੍ਰੋਮਣੀ ਕਮੇਟੀ ਦੀਆਂ ਅਗਾਮੀ ਚੋਣਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਸਾਹਮਣਾ ਕਰਨ ਲਈ ਇਕ ਸਾਂਝਾ ਮੰਚ ਬਣਾਇਆ ਜਾਵੇਗਾ ਅਤੇ ਇਸ ਸਾਂਝੇ ਮੰਚ ਦਾ ਇਕ ਉਮੀਦਵਾਰ ਹੀ ਮੈਦਾਨ ਵਿਚ ਉਤਾਰਿਆ ਜਾਵੇਗਾ।ਹਰਿਆਣਾ ਲਈ ਵਖਰੀ ਗੁਰਦਵਾਰਾ ਕਮੇਟੀ ਵਾਸਤੇ ਜੱਦੋ-ਜਹਿਦ ਕਰ ਰਹੇ ਜਗਦੀਸ਼ ਸਿੰਘ ਝੀਂਡਾ ਨੇ ਮੁੜ ਦੁਹਰਾਇਆ ਕਿ ਉਹ 30 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੂੰ ਨਾਲ ਲੈ ਕੇ ਸੁਖਮਨੀ ਸਾਹਿਬ ਦੇ ਪਾਠ ਕਰ ਕੇ ਅਕਾਲ ਪੁਰਖ ਦੇ ਸਨਮੁਖ ਅਪਣੀ ਮੰਗ ਅਰਦਾਸ ਦੇ ਰੂਪ ਵਿਚ ਰਖਣਗੇ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top