Share on Facebook

Main News Page

ਗੁਰੂ ਨਾਨਕ ਸਾਹਿਬ ਤੇ ਦਲਿਤ ਵਰਗ

ਗੁਰੂ ਨਾਨਕ ਦ੍ਰਿਸ਼ਟੀ ਵਿੱਚ ਤਾਂ ਕੋਈ ਦਲਿਤ ਵਰਗ ਨਹੀ, ਕਿਉਂਕਿ, ਉਨ੍ਹਾਂ ਦੇ ਮੱਤ ਅਨੁਸਾਰ ਮਨੁਖੀ ਭਾਈਚਾਰੇ ਦੇ ਸਾਰੇ ਮੈਂਬਰ ਇੱਕ ਸਮਾਨ ਹਨ । ਹਜ਼ੂਰ ਦਾ ਕਥਨ ਹੈ ਕਿ ਜਾਤਿ ਤੇ ਨਾਮ ਦੇ ਵਡੱਪਣ ਦਾ ਅਹੰਕਾਰ ਵਿਅਰਥ ਹਨ । ਅਸਲ ਵਿਚ ਸਾਰੇ ਜੀਵਾਂ ਦੀ ਇਕੋ ਹੀ ਨੁਹਾਰ ਹੁੰਦੀ ਹੈ । ਭਾਵ, ਆਤਮਾ ਸਭ ਦਾ ਇੱਕ ਹੀ ਹੈ । ਜਾਤੀ ਜਾਂ ਵਡਿਆਈ ਦੇ ਆਸਰੇ ਜੇ ਕੋਈ ਜੀਵ ਆਪਣੇ ਆਪ ਨੂੰ ਚੰਗਾ ਅਖਵਾਏ ਤਾਂ ਉਹ ਚੰਗਾ ਨਹੀਂ ਬਣ ਜਾਂਦਾ । ਕੋਈ ਵੀ ਮਨੁੱਖ ਤਾਂ ਹੀ ਚੰਗਾ ਜਾਣਿਆ ਜਾਂਦਾ ਹੈ, ਜੇ ਉਹ ਸੱਚੀ ਦਰਗਾਹ ਵਿਚ ਆਦਰ ਹਾਸਲ ਕਰੇ ਭਾਵ ਪ੍ਰਵਾਨ ਚੜ੍ਹੇ:

ਫਕੜ ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉ ॥ ਆਪਹੁ ਜੇ ਕੋ ਭਲਾ ਕਹਾਏ ॥ ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥ (ਗੁ: ਗ੍ਰੰ: ਪੰਨਾ 83)

ਪਰ ਗੁਰੂ ਨਾਨਕ ਆਗਮਨ ਤੋਂ ਸਦੀਆਂ ਪਹਿਲਾਂ ਦੇ ਰਚੇ ਸੌੜੀ ਤੇ ਸੁਆਰਥੀ ਬਿਰਤੀ ਵਾਲੇ ਬ੍ਰਾਹਮਣੀ ਗ੍ਰੰਥਾਂ ਦੇ ਸ਼ਲੋਕਾਂ, ਬਦਗੁਮਾਨ ਬਾਦਸ਼ਾਹਾਂ ਅਤੇ ਹੋਰ ਅਕੜਖਾਨ ਅਮੀਰਾਂ ਵਜ਼ੀਰਾਂ ਵਲੋਂ ਲਾਈਆਂ ਕਨੂੰਨੀ ਰੋਕਾਂ ਦੇ ਨਤੀਜੇ ਵਜੋਂ ਆਰਥਿਕ ਪੱਖੋਂ ਗ਼ਰੀਬ ਲੋਕ, ਜਿਹੜੇ ਹਰ ਪਾਸਿਓਂ ਦਬਾਏ ਗਏ, ਦਲੇ-ਮਲੇ ਗਏ, ਉਨ੍ਹਾਂ ਨੂੰ ਦਲਿਤ ਕਹਿਆ ਜਾਣ ਲੱਗਾ । ਇਨ੍ਹਾਂ ਵਿੱਚ ਕਿਰਤ ਕਰਨ ਵਾਲੇ ਉਹ ਸਾਰੇ ਲੋਕ ਸ਼ਾਮਲ ਹਨ, ਜਿਨ੍ਹਾਂ ਮਿੱਟੀ ਵਿੱਚ ਮਿੱਟੀ ਹੋ ਕੇ ਅੰਨ ਦਾਣਾ ਉਪਜਾਇਆ, ਕਪੜੇ ਬੁਣੇ, ਸਿਊਂਤੇ, ਰੰਗੇ ਤੇ ਧੋਤੇ, ਜੁਤੀਆਂ ਤਿਆਰ ਕੀਤੀਆਂ, ਮਿੱਟੀ ਦੇ ਭਾਂਡੇ ਬਣਾਏ, ਗਹਿਣੇ ਘੜੇ, ਮੰਜੇ ਪੀੜ੍ਹੀਆਂ ਤੇ ਮੇਜ਼ ਕੁਰਸੀਆਂ ਸਾਜੇ, ਘਰਾਂ ਦੀ ਉਸਾਰੀ ਕੀਤੀ, ਮਹਲ-ਮਾੜੀਆਂ ਸਿਰਜੀਆਂ, ਪਰ ਪੂਰੀ ਮਜ਼ਦੂਰੀ ਨਾ ਮਿਲਣ ਕਰਕੇ ਆਪ ਸਦਾ ਭੁੱਖਣ-ਭਾਣੇ ਤੇ ਨੰਗ-ਮਲੰਗੇ ਰਹਿ ਕੇ ਟੁੱਟੀਆਂ ਫੁੱਟੀਆਂ ਝੌਂਪੜੀਆਂ ਵਿੱਚ ਹੀ ਦਿਨ-ਕਟੀ ਕਰਦੇ ਰਹੇ । ਭਾਰਤ ਦੀ ਇਹ ਦੁੱਖ ਭਰੀ ਦਾਸਤਾਨ ਸਦੀਆਂ ਤੋਂ ਹੈ, ਜਿਸ ਦੀ ਸਿੱਧੀ ਜ਼ਿੰਮੇਵਾਰੀ ਬ੍ਰਾਹਮਣਾਂ ਵਲੋਂ ਲਿਖੇ ਕਥਿਤ ਧਰਮ ਸ਼ਾਸਤਰਾਂ ਜਾਂ ਨੀਤੀ ਸ਼ਾਸਤਰਾਂ ਦੇ ਸਿਰ ਪੈਂਦੀ ਹੈ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਭਗਤ ਕਬੀਰ ਜੀ ਦਾ ਕਥਨ ਹੈ ਕਿ ਹਿੰਦੂ ਧਰਮ ਸ਼ਾਸਤ੍ਰ ਸਿੰਮ੍ਰਤੀ ਵੇਦ ਦੀ ਪੁੱਤਰੀ ਹੈ, (ਭਾਵ, ਜੋ ਵੇਦ ਦੇ ਅਨੁਸਾਰ ਹੈ ) ਜੋ ਮਾਨਵੀ ਸਮਾਜ ਦੇ ਗ਼ਰੀਬ ਕਿਰਤੀ ਲੋਕਾਂ ਨੂੰ ਜਕੜਣ ਤੇ ਕਾਬੂ ਕਰਨ ਲਈ ਵਰਨ ਵੰਡ ਦੇ ਸੰਗਲ ਤੇ ਕਰਮਕਾਂਡ ਦੇ ਜੰਜ਼ੀਰਾਂ ਲਈ ਫਿਰਦੀ ਹੈ । ਜਿਹੜਾ ਵੀ ਇਹਦੀ ਪਕੜ ਵਿੱਚ ਆ ਗਿਆ ਉਹ ਮਾਰਿਆ ਗਿਆ । ਉਨ੍ਹਾਂ ਦੇ ਸਚਾਈ ਭਰੇ ਬੋਲ ਹਨ :

ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥ (ਪੰਨਾ: 329)

ਸਮਾਜਿਕ ਜ਼ਾਬਤੇ ਤੇ ਕਾਰਜ ਕੁਸ਼ਲਤਾ ਦੇ ਵਾਧੇ ਨੂੰ ਮੁਖ ਰੱਖ ਕੇ ਕਿਤਿਆਂ ਅਥਵਾ ਕੰਮਾਂ ’ਤੇ ਅਧਾਰਤ ਸ਼੍ਰੇਣੀ ਵੰਡ ਤਾਂ ਯੂਨਾਨ ਤੇ ਇਰਾਨ ਆਦਿਕ ਕਈ ਦੇਸ਼ਾਂ ਵਿੱਚ ਹੁੰਦੀ ਰਹੀ ਹੈ, ਜੋ ਕਿਸੇ ਹੱਦ ਤੱਕ ਮਾੜੀ ਨਹੀ ਮੰਨੀ ਜਾ ਸਕਦੀ । ਹੋ ਸਕਦਾ ਹੈ ਕਿ ਭਾਰਤ ਵਿੱਚ ਵੀ ਵਰਣ ਵੰਡ ਪਹਿਲਾਂ ਕੰਮਾਂ ਤੇ ਅਧਾਰਤ ਹੀ ਹੋਵੇ, । ਪਰ ਜਦੋਂ ਤੋਂ ਵਰਣ ਵੰਡ ਦਾ ਅਧਾਰ ਜਨਮ ਨੂੰ ਮੰਨ ਲਿਆ ਗਿਆ, ਤਦੋਂ ਤੋਂ ਊਚ ਨੀਚ ਦੇ ਵਿਤਕਰਿਆਂ ਕਾਰਣ ਇਹ ਸਾਰਾ ਢਾਂਚਾ ਸਮਾਜ ਭਾਈਚਾਰੇ ਲਈ ਹਾਨੀਕਾਰਕ ਸਿੱਧ ਹੋਣ ਲੱਗਾ । ਇਸ ਵਿਤਕਰੇ ਭਰਪੂਰ ਮਰਯਾਦਾ ਦਾ ਬੀਜ ਰਿਗਵੇਦ ਦੇ ‘ਪੁਰਸ਼ ਸ਼ੂਕਤ’ ਵਿੱਚ ਆਏ ਉਸ ਸ਼ਲੋਕ ਵਿੱਚ ਮਿਲਦਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਬ੍ਰਹਮਾ ਦੇ ਮੂੰਹ ਤੋਂ ਬ੍ਰਾਹਮਣ, ਬਾਹਾਂ ਤੋਂ ਖਤ੍ਰੀ, ਪੱਟਾਂ ਤੋਂ ਵੈਸ਼ ਤੇ ਪੈਰਾਂ ਤੋਂ ਸ਼ੂਦਰ ਪੈਦਾ ਹੋਏ :

ਬ੍ਰਾਹਮਣੋ ਆਸ੍ਯਮੁਖ ਮਾਸੀਦ, ਬਾਹੂ ਰਾਜਨ੍ਯ: ਕ੍ਰਿਤ । ੳਰੂ ਤਦਸ੍ਯ ਯਦ ਵੈਸ਼੍ਯ, ਪਦ ਭਯਾਂ ਸ਼ੂਦ੍ਰੋ ਅਜ੍ਯਾਤ । (ਰਿਗਵੇਦ 10/90)

ਬ੍ਰਾਹਮਣ ਦੀ ਮਹਿਮਾ ਕਰਦਿਆਂ ਸਿਮ੍ਰਤੀ ਵਿੱਚ ਲਿਖਿਆ ਹੈ ਇੱਕ ਬ੍ਰਾਹਮਣ ਜਦੋਂ ਜਨਮ ਲੈਂਦਾ ਹੈ ਤਾਂ ਉਹ ਦੁਨੀਆਂ ਵਿੱਚ ਸਰਬੋਤਮ ਤੇ ਸਭ ਤੋਂ ਉੱਚਾ ਹੋਣ ਕਰਕੇ ਸਾਰੇ ਪ੍ਰਾਣੀਆਂ ਦਾ ਸੁਆਮੀ ਬਣ ਕੇ ਆਉਂਦਾ ਹੈ । ਪਰਾਸ਼ਰ ਸੰਹਿਤਾ ਕਹਿੰਦੀ ਹੈ ਕਿ ਬ੍ਰਾਹਮਣ ਬਦ-ਚਲਨ ਵੀ ਪੂਜਣ ਯੋਗ ਹੈ, ਸ਼ੂਦਰ ਜਿਤੇਂਦ੍ਰੀ ਭੀ ਪੂਜਣ ਲਾਇਕ ਨਹੀ । ਖੱਟਰ ਗਊ ਨੂੰ ਛੱਡ ਕੇ ਸੁਸ਼ੀਲ ਗਧੀ ਨੂੰ ਕੌਣ ਚੋਂਦਾ ਹੈ । ਮਨੂ ਸਿਮ੍ਰਤੀ ਆਖਦੀ ਹੈ ਕਿ ‘ਪੈਰਾਂ ਤੋਂ ਜੰਮਿਆਂ ਹੋਇਆ ਸ਼ੂਦਰ, ਜੇ ਬ੍ਰਾਹਮਣ, ਛਤ੍ਰੀ, ਵੈਸ਼ ਨੂੰ ਕਠੋਰ ਬਾਣੀ ਬੋਲੇ ਤਾਂ ਰਾਜਾ ਉਸ ਦੀ ਜੀਭ ਕਟਵਾ ਦੇਵੇ । ਸ਼ੂਦਰ ਨੂੰ ਮਤਿ ਨ ਦੇਵੋ, ਉਸ ਨੂੰ ਧਰਮ ਉਪਦੇਸ਼ ਨਾ ਕਰੋ’।

ਬਾਲਮੀਕੀ ਰਮਾਇਣ ਵਿੱਚ ਪ੍ਰਸੰਗ ਹੈ ਕਿ ਇੱਕ ਬ੍ਰਾਹਮਣ ਨੇ ਸ੍ਰੀ ਰਾਮਚੰਦਰ ਦੇ ਦਰਬਾਰ ਵਿੱਚ ਪੇਸ਼ ਹੋ ਕੇ ਦਸਿਆ ਕਿ ਤੁਹਾਡੇ ਰਾਜ ਅੰਦਰ ਇੱਕ ਸੰਬੂਕ ਨਾਮ ਦਾ ਸ਼ੂਦਰ ਬਾਹਰ ਬੈਠਾ ਤਪ ਕਰ ਰਿਹਾ ਹੈ, ਜੋ ਕਿ ਵਰਣ ਮਰਯਾਦਾ ਦੇ ਵਿਰੁਧ ਹੈ । ਇਸ ਘੋਰ ਬੇਅਦਬੀ ਕਾਰਨ ਮੇਰੇ ਇਕਲੌਤੇ ਪੁਤਰ ਦੀ ਮੌਤ ਹੋ ਗਈ ਹੈ । ਸ਼ਕਾਇਤ ਦਾ ਸਿੱਟਾ ਇਹ ਨਿਕਲਿਆ ਕਿ ਰਿਸ਼ੀ ਸੰਬੂਕ ਨੂੰ ਸ੍ਰੀ ਰਾਮ ਜੀ ਨੇ ਖੁਦ ਤੀਰ ਮਾਰ ਕੇ ਮਾਰਿਆ । ਇਸੇ ਕਾਰਣ ਬ੍ਰਾਹਮਣਾਂ ਨੇ ਸ੍ਰੀ ਰਾਮ ਨੂੰ ਮਰਯਾਦਾ ਪ੍ਰਸ਼ੋਤਮ ਕਹਿ ਕੇ ਸਤਿਕਾਰਿਆ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜ਼ੋਰਦਾਰ ਅਵਾਜ਼ ਉਠਾਈ ਕਿ ਐਸੇ ਵਖੇਵਿਆਂ ਵਿੱਚ ਪੈ ਕੇ ਸਾਨੂੰ ਇਹ ਨਹੀ ਪੁਛਣਾ ਚਾਹੀਦਾ ਕਿ ਫਲਾਨੇ ਦੀ ਜਾਤਿ ਕਿਹੜੀ ਹੈ, ਉਸ ਦਾ ਜਨਮ ਕਿਸ ਕੁਲ ਵਿੱਚ ਹੋਇਆ ਹੈ । ਪੁੱਛਣਾ ਹੈ ਤਾਂ ਇਹ ਪੁੱਛੋ ਕਿ ਕਿ ਰੱਬ ਕਿਸ ਹਿਰਦੇ ਵਿੱਚ ਪ੍ਰਗਟ ਹੋਇਆ ਹੈ । ਜਾਤਿ ਪਾਤਿ ਤਾਂ ਜੀਵਾਂ ਦੀ ਓਹੀ ਹੁੰਦੀ ਹੈ, ਜਿਹੋ ਜਿਹੇ ਕੋਈ ਕੰਮ ਕਰਦਾ ਹੈ।

ਜਾਤਿ ਜਨਮੁ ਨਹ ਪੂਛੀਐ, ਸਚ ਘਰੁ ਲੇਹੁ ਬਤਾਇ ॥ ਸਾ ਜਾਤਿ ਸਾ ਪਤਿ ਹੈ, ਜੇਹੇ ਕਰਮ ਕਮਾਇ ॥ (ਪੰਨਾ: 1330)

ਬ੍ਰਾਹਮਣ ਦੀ ਧਰਮ-ਪੋਥੀ ਹਰ ਕੰਮ ਕਰਨ ਵਾਲੇ ਨੂੰ ਸ਼ੂਦਰ ਜਾਂ ਨੀਚ ਕਹਿ ਕੇ ਤ੍ਰਿਸਕਾਰਦੀ ਸੀ, ਇਸ ਕਰਕੇ ਗੁਰੂ ਸਾਹਿਬ ਨੇ ਜਾਣ ਬੁਝ ਕੇ ਇਨਕਲਾਬੀ ਐਲਾਨ ਕੀਤਾ ਕਿ ਬ੍ਰਾਹਮਣ ਦੀ ਦ੍ਰਿਸ਼ਟੀ ਵਿੱਚ ਜੋ ਅਤਿ ਨੀਚ ਹਨ, ਉਹ ਮੇਰੇ ਸਾਥੀ ਹਨ ਅਤੇ ਮੈਂ ਉਨ੍ਹਾਂ ਦਾ ਸਾਥੀ ਹਾਂ : ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ ॥

ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ ॥ (ਪੰਨਾ: 15)

ਸਤਿਗੁਰਾਂ ਨੇ ਕੇਵਲ ਫੋਕੇ ਐਲਾਨ ਹੀ ਨਹੀ ਕੀਤੇ, ਸਗੋਂ ਆਪਣੇ ਸਿੱਖ ਭਾਈਚਾਰੇ ਉਨ੍ਹਾਂ ਸਾਰਿਆ ਨੂੰ ‘ਭਾਈ’ ਕਹਿ ਕੇ ਸਤਿਕਾਰਿਆ, ਜਿਵੇਂ ਭਾਈ ਮਰਦਾਨਾ, ਭਾਈ ਲਾਲੋ ਅਤੇ ਭਾਈ ਬਾਢੀ ਆਦਿ । ਅਜਿਹੇ ਵਿਤਕਰਿਆਂ ਨੂੰ ਨਿਕਾਰਦਿਆਂ ਸਮਾਜਿਕ ਬਰਾਬਰੀ ਲਈ ਸਾਂਝੇ ਸਤਿਸੰਗ, ਸਾਂਝੇ ਲੰਗਰ ਤੇ ਸਾਂਝੇ ਸਰੋਵਰ ਸਥਾਪਿਤ ਕੀਤੇ । ਗੁਰੂ ਰਾਮਦਾਸ ਜੀ ਨੇ ‘ਗੁਰੂ ਕਾ ਚੱਕ’ (ਸ੍ਰੀ ਅੰਮ੍ਰਿਤਸਰ) ਨਾਮ ਦੀ ਨਗਰੀ ਵਸਾਈ, ਜਿਥੇ 52 ਵੱਖ ਵੱਖ ਜਾਤੀਆਂ ਦੇ ਕਿਤੇਕਾਰਾਂ ਨੂੰ ਵਸਾ ਕੇ ਬਰਾਬਰੀ ਦੇ ਹੱਕ ਦਿੱਤੇ । ਗੁਰੂ ਅਰਜਨ ਸਾਹਿਬ ਜੀ ਨੇ ਜੱਟ, ਚਮਾਰ, ਜੁਲਾਹੇ ਤੇ ਛੀਂਬੇ ਆਦਿਕ ਪ੍ਰਵਾਰਾਂ ਵਿੱਚ ਪੈਦਾ ਹੋਏ ਸ੍ਰੀ ਸਧਨਾ, ਸ੍ਰੀ ਕਬੀਰ, ਸ੍ਰੀ ਰਵਿਦਾਸ ਤੇ ਸ੍ਰੀ ਨਾਮਦੇਵ ਜੀ ਵਰਗੇ ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਆਪਣੇ ਬਰਾਬਰ ਥਾਂ ਦੇ ਕੇ ਸਮਾਜਿਕ ਸਾਂਝੀਵਾਲਤਾ ਤੇ ਸਮਾਨਤਾ ਦੀ ਅਨੋਖੀ ਮਿਸਾਲ ਕਾਇਮ ਕੀਤੀ । ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਥੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਿੱਲੀ ਤੋਂ ਸੀਸ ਤੋਂ ਸੀਸ ਲਿਆਉਣ ਵਾਲੇ ਭਾਈ ਜੈਤਾ ਜੀ ਨੁੰ ‘ਰੰਘਰੇਟੇ ਗੁਰੂ ਕੇ ਬੇਟੇ’ ਕਹਿ ਕੇ ਸਨਮਾਨਿਆ । ਉਥੇ, ਇੱਕ ਬਾਟੇ ਵਿਚੋਂ ਵਖ ਵਖ ਜਾਤੀ ਦੇ ਲੋਕਾਂ ਨੂੰ ਖੰਡੇ ਦੀ ਪਾਹਲੁ ਛਕਾ ਕੇ ਅਖਾਉਤੀ ਊਚ-ਨੀਚ, ਸੁੱਚ ਭਿੱਟ ਅਤੇ ਇਲਾਕਾਪ੍ਰਸਤੀ ਦਾ ਫਸਤਾ ਹੀ ਵੱਢ ਦਿੱਤਾ।

ਪਰ ਦੁਖ ਦੀ ਗੱਲ ਹੈ ਜਿਸ ਕਥਿਤ ਦਲਿਤ ਵਰਗ ਨੂੰ ਗੁਰੂ ਸਾਹਿਬਾਂ ਨੇ ਇਤਨਾ ਮਾਣ ਬਖਸ਼ਿਆ, ਪੈਰਾਂ ਵਿੱਚ ਰੁਲਦਿਆਂ ਨੂੰ ਸਿਰਦਾਰ ਬਣਾਇਆ, ਬਦਕਿਸਮਤੀ ਨਾਲ ਅੱਜ ਉਨ੍ਹਾਂ ਵਿਚੋਂ ਬਹੁਤੇ ਅਗਿਆਨਤਾ ਵਸ ਅਤੇ ਰਾਜਸੀ ਸਾਜਸ਼ਾਂ ਅਧੀਨ ਮੁੜ ਉਸੇ ਬ੍ਰਾਹਮਣੀ ਜਾਲ ਵਿੱਚ ਫਸਦੇ ਜਾ ਰਹੇ ਹਨ, ਜਿਸ ਨੇ ਉਨ੍ਹਾਂ ਨੂੰ ਸਦੀਆਂ ਤੋਂ ਦਲਿਆ, ਮਲਿਆ ਤੇ ਬੇਇਜ਼ਤ ਕੀਤਾ । ਉਹ ਆਪਣੇ ਧਰਮ ਮੰਦਰਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁੱਕ ਰਹੇ ਹਨ, ਜਿਸ ਨੇ ਦਲਿਤਾਂ ਨੂੰ ਸਮਾਜਿਕ ਸਮਾਨਤਾ ਬਖ਼ਸ਼ਦਿਆਂ ਆਦਰ ਯੋਗ ਬਣਾਇਆ । ਡਾ: ਅੰਬੇਦਕਾਰ ਜੀ ਨੇ 13 ਅਪ੍ਰੈਲ 1936 ਨੂੰ ਸ਼੍ਰੋਮਣੀ ਸਿੱਖ ਪ੍ਰਚਾਰ ਕਾਨਫਰੰਸ ਅੰਮ੍ਰਿਤਸਰ ਵਿਖੇ ਆਪਣੀ ਤਕਰੀਰ ਵਿੱਚ ਆਖਿਆ ਸੀ ਕਿ ‘ਜਦੋਂ ਦਲਿਤ ਰਲ ਕੇ ਵਿਚਾਰ ਕਰਨਗੇ ਕਿਹੜਾ ਧਰਮ ਗ੍ਰਹਿਣ ਕੀਤਾ ਜਾਵੇ ਤਾਂ ਸਿੱਖ ਧਰਮ ਵਲ ਸਭ ਤੋਂ ਵਧੀਕ ਧਿਆਨ ਦਿੱਤਾ ਜਾਵੇਗਾ । ਕਿਉਂਕਿ, ਸ੍ਰੀ ਗੁਰੂ ਗ੍ਰੰਥ ਸਾਹਿਬ ਸਚੁਮੱਚ ਇੱਕ ‘ਜਾਤਪਾਤ ਰਹਿਤ’ ਸਮਾਜ ਦਾ ਆਦਰਸ਼ ਪੇਸ਼ ਕਰਦਾ ਹੈ” ।

ਪਰ, ਜੇਕਰ ਸ਼੍ਰੋਮਣੀ ਕਮੇਟੀ ਦਾ ਮਜੂਦਾ ਪ੍ਰਧਾਨ ਚੰਦ ਵੋਟਾਂ ਦੀ ਖ਼ਾਤਰ ਆਪਣੇ ਆਪ ਨੂੰ ਅਰੋੜਾ ਪ੍ਰਗਟ ਕਰਕੇ ਅਰੋੜਾ ਬਰਾਦਰੀ ਤੋਂ ਵਿਸ਼ੇਸ਼ ਸਨਮਾਨ ਹਾਸਲ ਕਰੇ, ਸ਼੍ਰੋਮਣੀ ਕਮੇਟੀ ਦਾ ਇੱਕ ਸਾਬਕਾ ਸਕਤਰ ਪ੍ਰਜਾਪਤਿ (ਘੁਮਿਆਰ) ਬ੍ਰਾਦਰੀ ਦਾ ਪ੍ਰਧਾਨ ਬਣਿਆਂ ਫਿਰੇ ਅਤੇ ਗੁਰੂ ਕੇ ਕੀਰਤਨੀਏ, ਪ੍ਰਚਾਰਕ ਤੇ ਸਿੱਖ ਲੀਡਰ ਆਪਣੇ ਨਾਵਾਂ ਨਾਲ ਸਿੱਧੂ, ਬਰਾੜ, ਸੋਢੀ ਤੇ ਸੇਠੀ ਆਦਿਕ ਗੋਤਾਂ ਵਰਤਣ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਕਤ ਸੱਚ ਨੂੰ ਕੌਣ ਸਹੀ ਮੰਨੇਗਾ । ਇਸ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁਖ ਸੇਵਾਦਾਰ ਦਾ ਫਰਜ਼ ਬਣਦਾ ਹੈ ਕਿ ਉਹ ਅਜਿਹੇ ਕੋਝੇ ਵਰਤਾਰੇ ਨੂੰ ਰੋਕਣ ਲਈ ਕੋਈ ਠੋਸ ਉਪਰਾਲਾ ਕਰਨ । ਕਿਉਂਕਿ ਇਸ ਪ੍ਰਕਾਰ ਬਿਪਰਵਾਦੀ ਜ਼ਾਤ-ਪਾਤ ਨੂੰ ਬਢਾਵਾ ਮਿਲਦਾ ਹੈ ਅਤੇ ਭਾਈਚਾਰਕ ਏਕਤਾ ਤੇ ਸਮਾਨਤਾ ਭੰਗ ਹੁੰਦੀ ਹੈ ।

ਗੁਰੂ ਗ੍ਰੰਥ ਦੇ ਪੰਥ ਦਾ ਦਾਸ:

ਜਗਤਾਰ ਸਿੰਘ ਜਾਚਕ (ਨਿਊਯਾਰਕ)
ਮੁਬਾਈਲ 516-323- 9188. ਮਿਤੀ 28 ਜਨਵਰੀ 2011


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top