Share on Facebook

Main News Page

ਡੇਰਾ ਸੌਦਾ ਸਾਧ ਲਈ ਛਤਰਪਤੀ ਕਤਲ ਮਾਮਲੇ ’ਚ ਪ੍ਰੇਸ਼ਾਨੀਆਂ ਹੋਰ ਵਧੀਆਂ

ਬਠਿੰਡਾ (27 ਜਨਵਰੀ, ਪੀ.ਐਸ.ਐਨ) - ਡੇਰਾ ਸੌਦਾ ਸਾਧ ਰਾਮ ਰਹੀਮ ਦੀਆਂ ਉਹਨਾਂ ਤੇ ਦਰਜ ਛਤਰਪਤੀ ਅਤੇ ਰਣਜੀਤ ਕਤਲ ਮਾਮਲੇ ਦੀਆਂ ਲਗਾਤਾਰ ਪੈ ਰਹੀਆਂ ਪੇਸ਼ੀਆਂ ਦੌਰਾਨ ਜਿੱਥੇ ਪਰੇਸ਼ਾਨੀਆਂ ਦਾ ਦੌਰ ਤੇਜ ਹੁੰਦਾ ਜਾ ਰਿਹਾ ਹੈ ਉਥੇ ਹੀ ਅੱਜ ਛਤਰਪਤੀ ਕਤਲ ਮਾਮਲੇ ਵਿੱਚ ਸੌਦਾ ਸਾਧ ਲਈ ਪਰੇਸ਼ਾਨੀਆਂ ਹੋਰ ਵੱਧ ਗਈਆਂ ਕਿਉਂਕਿ ਅੰਬਾਲਾ ਦੀ ਸੀ ਬੀ ਆਈ ਅਦਾਲਤ ਰਾਹੀਂ ਵੀਡੀਓ ਕਾਨਫਰੰਸ ਨਾਲ ਸਿਰਸਾ ਅਦਾਲਤ ਵਿੱਚ ਹੋਈ ਛਤਰਪਤੀ ਕਤਲ ਮਾਮਲੇ ਵਿੱਚ ਅੱਜ ਪੇਸ਼ੀ ਦੌਰਾਨ ਛਤਰਪਤੀ ਤੇ ਹੋਏ ਹਮਲੇ ਮੌਕੇ ਪਹੁੰਚੇ ਪੁਲਿਸ ਮੁਲਾਜ਼ਮ ਨੇ ਮਾਨਯੋਗ ਜੱਜ ਸਾਹਮਣੇ ਜਿੱਥੇ ਕਾਤਲਾਂ ਦੀ ਪਛਾਣ ਕਰ ਦਿੱਤੀ ਹੈ ਉਥੇ ਹੀ ਬਰਾਮਦ ਕੀਤੇ ਗਏ ਹਥਿਆਰਾਂ ਬਾਰੇ ਵੀ ਬਿਆਨ ਦਰਜ ਕਰਾਏ ਹਨ।

ਛਤਰਪਤੀ ਦੇ ਲੜਕੇ ਅਰੀਦਮਨ ਛਤਰਪਤੀ ਨੇ ਅੱਜ ਦੀ ਪੇਸ਼ੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ, ਕਿ ਡੇਰਾ ਮੁਖੀ 2 ਵਜੇ ਸਿਰਸਾ ਅਦਾਲਤ ਵਿੱਚ ਆਇਆ ਤੇ 5 ਵਜੇ ਤੱਕ ਅਦਾਲਤ ਦੀ ਕਾਰਵਾਈ ਚੱਲੀ, ਜਿਸ ਵਿੱਚ ਵਾਰਦਾਤ ਵਾਲੇ ਸਮੇਂ ਖਹਿਰਾਪੁਰ ਪੁਲਿਸ ਚੌਂਕੀ ਵਿੱਚ ਤਾਇਨਾਤ ਸਿਪਾਹੀ ਧਰਮ ਚੰਦ, ਜਿਸਨੇ ਮੌਕੇ ਤੋਂ ਹਮਲਾਵਰ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ, ਨੇ ਬਿਆਨ ਦਰਜ ਕਰਾਏ ਹਨ, ਕਿ ਉਹ ਆਪਣੇ ਦੂਜੇ ਮੁਲਾਜ਼ਮ ਅਮਰਪਾਲ ਤੇ ਜੁਗਮਿੰਦਰ ਸਿੰਘ ਨਾਲ ਗਸ਼ਤ ਕਰ ਰਹੇ ਸਨ, ਤੇ ਜਦੋਂ ਉਹਨਾਂ ਨੇ ਗੋਲੀ ਚੱਲਣ ਦੀ ਅਵਾਜ ਸੁਣੀ, ਤਾਂ ਉਹਨਾ ਮੌਕੇ ਤੇ ਜਾ ਕੇ ਦੇਖਿਆ ਤਾਂ ਕੁਲਦੀਪ ਸਿੰਘ ਅਤੇ ਨਿਰਮਲ ਸਿੰਘ ਭੱਜ ਰਹੇ ਸਨ,  ਜਿਸ ਵਿੱਚੋਂ ਉਹਨਾਂ ਨੇ ਕੁਲਦੀਪ ਸਿੰਘ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਸੀ ਤੇ ਨਿਰਮਲ ਸਿੰਘ ਨੂੰ 26 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਕੋਲੋਂ ਛਤਰਪਤੀ ਦੇ ਹਮਲਾ ਕਰਨ ਵਾਲੇ 32 ਬੋਰ ਰਿਵਾਲਵਰ , ਕਿਰਪਾਣ ਅਤੇ ਹੋਰ ਤੇਜ ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਸਨ।

ਅਰੀਦਮਨ ਨੇ ਦੱਸਿਆ ਕਿ ਧਰਮਚੰਦ ਵੱਲੋਂ ਦਿੱਤੇ ਗਏ ਬਿਆਨਾਂ ਤੇ 28 ਜਨਵਰੀ ਨੂੰ ਜਿਰਾਹ ਹੋਣੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਅਸਲਾ ਲਾਇਸੰਸ ਦੇ ਕਲਰਕ ਅਤੇ ਜਿਲ੍ਹਾ ਮੈਜਿਸਟਰੇਟ ਦੇ ਹੈਡ ਕਲਰਕ ਵੱਲੋਂ ਬੀਤੇ ਦਿਨ ਇਹ ਬਿਆਨ ਦਰਜ ਕਰਾਏ ਗਏ ਸਨ ਕਿ ਛਤਰਪਤੀ ਕਤਲ ਮਾਮਲੇ ਵਿੱਚ ਵਰਤਿਆ ਗਿਆ ਪਿਸਤੌਲ ਡੇਰਾ ਮੈਨੇਜਰ ਕ੍ਰਿਸ਼ਨ ਲਾਲ ਦਾ ਹੈ। ਲਗਾਤਾਰ ਹੋਈਆਂ ਪੇਸ਼ੀਆਂ ਵਿੱਚ ਮੁੱਖ ਗਵਾਹਾਂ ਦੇ ਬਿਆਨਾਂ ਤੇ ਕਾਤਲਾਂ ਦੀ ਪਛਾਣ ਤੇ ਅਸਲੇ ਦੀ ਬਰਾਮਦਗੀ ਨੇ ਡੇਰਾ ਸੌਦਾ ਸਾਧ ਲਈ ਪਰੇਸ਼ਾਨੀਆਂ ਦਾ ਦੌਰ ਵਧਾ ਦਿੱਤਾ ਹੈ। ਦੱਸਣਯੋਗ ਹੈ ਕਿ ਡੇਰਾ ਮੁਖੀ ਦੀਆਂ ਰਣਜੀਤ ਸਿੰਘ ਕਤਲ ਮਾਮਲੇ ਅਤੇ ਛਤਰਪਤੀ ਕਤਲ ਮਾਮਲੇ ਵਿੱਚ 5 ਜਨਵਰੀ ਤੋਂ ਲਗਾਤਾਰ ਪੇਸ਼ੀਆਂ ਪੈ ਰਹੀਆਂ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਪੇਸ਼ੀਆਂ ਜਾਰੀ ਰਹਿਣਗੀਆਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top