Share on Facebook

Main News Page

ਬਾਬਾ ਨਾਨਕ ਦੀ ਬਗ਼ਦਾਦ ਫੇਰੀ ਦੀ ਨਿਸ਼ਾਨੀ ਮਿਟਣ ਕੰਢੇ

ਬਗ਼ਦਾਦ, ਇਰਾਕੀ ਰਾਜਧਾਨੀ ਵਿਚ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਉਸਾਰਿਆ ਗੁਰਦੁਆਰਾ ਬਰਬਾਦੀ ਤੇ ਬੇਵਸੀ ਦੀ ਤਸਵੀਰ ਬਣਿਆ ਖੜ੍ਹਾ ਹੈ। ਜੰਗ, ਧਾੜਵੀਆਂ ਅਤੇ ਕੱਟੜਪੰਥੀਆਂ ਕਰਕੇ ਇਹ ਇਤਿਹਾਸਕ ਯਾਦਗਾਰ ਮਿਟਣ ਕੰਢੇ ਪੁੱਜ ਗਈ ਹੈ। ਯੁਗਪੁਰਸ਼ ਬਾਬਾ ਨਾਨਕ 16ਵੀਂ ਸਦੀ ਵਿਚ ਅਰਬ ਦੇਸ਼ਾਂ ਦੀ ਆਪਣੀ ਉਦਾਸੀ (ਯਾਤਰਾ) ਸਮੇਂ ਬਗ਼ਦਾਦ ਵਿਚ ਇਸ ਥਾਂ ਠਹਿਰੇ ਸਨ ਜਿੱਥੇ ਇਕ ਵਿਸ਼ਾਲ ਕਬਰਿਸਤਾਨ ’ਚ ਗੁਰਦੁਆਰਾ ਉਸਾਰਿਆ ਗਿਆ ਸੀ। ਸਿੱਖ ਧਰਮ ਨੂੰ ਵੱਖ-ਵੱਖ ਧਰਮਾਂ ਦਰਮਿਆਨ ਸੰਵਾਦ ਦੀ ਕੜੀ ਸਿਰਜਣ ਦਾ ਮਾਣ ਰਿਹਾ ਹੈ। ਗੁਰਦੁਆਰੇ ਦੇ ਸੇਵਾਦਾਰ ਰਹੇ ਅਬੂ ਯੂਸਫ਼ ਨੇ ਦੁਖ ਨਾਲ ਆਖਿਆ, ‘‘ਹੁਣ ਇੱਥੇ ਕੋਈ ਵੀ ਨਹੀਂ ਆਉਂਦਾ।’’ ਇਮਾਰਤ ਦੇ ਇਕ ਹਿੱਸੇ ਵਿਚ ਟੁੱਟੇ-ਫੁੱਟੇ ਪੱਖੇ ਅਤੇ ਇਕ ਪੁਰਾਣਾ ਫਰਿਜ ਪਿਆ ਹੈ ਜਿੱਥੇ ਕਦੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਤੇ ਸਿੱਖਾਂ ਲਈ ਪਾਵਨ ਹੋਰ ਸਾਜ਼ੋ-ਸਾਮਾਨ ਸੁਸ਼ੋਭਿਤ ਸੀ। ਅਬੂ ਯੂਸਫ਼ ਨੇ ਆਖਿਆ, ‘‘ਜੰਗ ਤੋਂ ਪਹਿਲਾਂ ਕੁਝ ਸਿੱਖ ਯਾਤਰੀ ਕਦੇ-ਕਦਾਈਂ ਇਥੇ ਆਉਂਦੇ ਸਨ।’’ ਉਨ੍ਹਾਂ ਦਾ ਇਸ਼ਾਰਾ 2003 ਦੇ ਅਮਰੀਕੀ ਹਮਲੇ ਵੱਲ ਸੀ ਜੋ ਇਰਾਕੀ ਸ਼ਾਸਕ ਸੱਦਾਮ ਹੁਸੈਨ ਨੂੰ ਸੱਤਾ ਤੋਂ ਹਟਾਉਣ ਲਈ ਵਿੱਢਿਆ ਗਿਆ ਸੀ, ਪਰ ਉਸ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਦਾ ਸਿਲਸਿਲਾ ਹੁਣ ਤਕ ਨਹੀਂ ਟੁੱਟ ਸਕਿਆ।

ਯੂਸਫ਼ ਨੇ ਆਖਿਆ, ‘‘ਇਕ-ਦੋ ਵਾਰ ਇੱਥੇ ਪੱਛਮੀ ਸੈਲਾਨੀ ਵੀ ਆਏ ਸਨ। ਪਿਛਲੇ ਸਾਲ ਇਕ ਲੰਮੇ ਅਰਸੇ ਬਾਅਦ ਦੁਬਈ ਤੋਂ ਇਕ ਸਿੱਖ ਆਇਆ ਸੀ ਅਤੇ ਉਸ ਨੇ ਵਾਪਸ ਆ ਕੇ ਗੁਰਦੁਆਰੇ ਦੀ ਮੁੜ ਉਸਾਰੀ ਕਰਾਉਣ ਦਾ ਵਾਅਦਾ ਕੀਤਾ ਸੀ, ਪਰ ਹਾਲੇ ਤਕ ਕੋਈ ਨਹੀਂ ਬਹੁੜਿਆ।’’ ਉਸ ਨੇ ਚੇਤਾ ਕਰਦਿਆਂ ਕਿਹਾ ਕਿ ਸੈਲਾਨੀਆਂ ਨੇ ਵਾਅਦਾ ਕੀਤਾ ਸੀ ਕਿ ਉਹ ਇਕ-ਦੋ ਰਾਤ ਇੱਥੇ ਠਹਿਰ ਕੇ ਗੁਰਦੁਆਰੇ ਦੀ ਸੇਵਾ ਸੰਭਾਲ ਕਰਨਗੇ। ਉਸ ਨੇ ਕਿਹਾ, ‘‘ਉਹ ਪਿਛਲੇ ਵਿਹੜੇ ਵਿਚ ਸੁੱਤੇ ਸਨ ਅਤੇ ਇੱਥੇ ਹੀ ਉਨ੍ਹਾਂ ਲੰਗਰ ਤਿਆਰ ਕੀਤਾ ਸੀ ਜੋ ਅਰਦਾਸ ਤੋਂ ਬਾਅਦ ਹਰ ਇਕ ਨਾਲ ਵੰਡ ਕੇ ਛਕਿਆ ਗਿਆ ਸੀ।’’ ਯੂਸਫ਼ ਨੇ ਛੱਤ ਤੋਂ ਰਹਿਤ ਗੁਰਦੁਆਰੇ ਦਾ ਬਚਿਆ-ਖੁਚਿਆ ਢਾਂਚਾ ਵੀ ਦਿਖਾਇਆ ਜਿੱਥੇ ਕੰਕਰੀਟ ਦੇ ਥੜ੍ਹੇ ’ਤੇ ਪਾਵਨ ਬੀੜ ਅਤੇ ਗੁਰੂ ਨਾਨਕ ਦੇ ਚਿੱਤਰ ਅਤੇ 16ਵੀਂ ਸਦੀ ਦੀ ਇਕ ਤਸਤਰੀ ਪਈਆਂ ਸਨ। ਇਹ ਗੁਰਦੁਆਰਾ ਬਗ਼ਦਾਦ ਦੇ ਧੁਰ ਅੰਦਰ ਸਭ ਤੋਂ ਮਹਿੰਗੇ ਸ਼ੇਖ ਮਾਰੂਫ਼ ਕਬਰਿਸਤਾਨ ਵਿਚ ਸਥਿਤ ਹੈ। ਇਸ ਦੇ ਨੇੜੇ ਸੁੰਨਮਸਾਨ ਰੇਲਵੇ ਸਟੇਸ਼ਨ ਹੈ ਜਿੱਥੇ ਰੇਲਗੱਡੀਆਂ ਦੇ ਪਹੀਆਂ ਨੂੰ ਜੰਗਾਲ ਖਾ ਰਿਹਾ ਹੈ। ਗੁਰਦੁਆਰੇ ਵਾਲੀ ਇਮਾਰਤ ਦੀ ਇਕ ਕੰਧ ’ਤੇ ਭਾਈ ਗੁਰਦਾਸ ਦਾ ਇਕ ਸ਼ਬਦ ਉਕਰਿਆ ਹੋਇਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top