Share on Facebook

Main News Page

ਸਿੱਖ ਪਾਲਤੂ ਨਹੀਂ ਹੋ ਸਕਦਾ ਅਤੇ ਜੋ ਪਾਲਤੂ ਹੈ ਉਹ ਸਿੱਖ ਨਹੀਂ: ਗਿਆਨੀ ਅਲਵਰ

* ਜੇ ਦੁਨੀ ਚੰਦ ਮਸੰਦ ਦੀ ਸਾਖੀ ਸੁਣਾ ਕੇ ਖਤਮ ਕਰ ਦਿੱਤੀ ਜਾਵੇ ਤਾਂ ਇਹ ਗੁਰਮਤ ਦਾ ਪ੍ਰਚਾਰ ਹੈ ਪਰ ਜੇ ਇਸ ਨੂੰ ਅੱਜ ਦੇ ਮਸੰਦਾਂ ਨਾਲ ਜੋੜ ਕੇ ਸੁਣਾ ਦਿਓ ਤਾਂ ਇਹ ਕੂੜ ਪ੍ਰਚਾਰ ਕਿਵੇਂ?
* ਕੋਈ ਅੰਧਾ ਕਹੇ ਉਸ ਨੂੰ ਚਾਨਣ ਵਿਖਾਈ ਨਹੀਂ ਦਿੰਦਾ, ਤਾਂ ਇਹ ਉਸ ਦਾ ਸੱਚ ਤੇ ਈਮਾਨਦਾਰੀ ਹੈ, ਪਰ ਜੇ ਉਹ ਕਹੇ ਕਿ ਚਾਨਣ ਹੁੰਦਾ ਹੀ ਨਹੀਂ ਤਾਂ ਇਹ ਉਸ ਦੀ ਬੇਈਮਾਨੀ ਹੈ

ਬਠਿੰਡਾ, 27 ਜਨਵਰੀ (ਕਿਰਪਾਲ ਸਿੰਘ): ਗੁਰਦੁਆਰਾ ਬੰਗਲਾ ਸਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਕਥਾ ਕਰਦਿਆਂ ਗਿਆਨੀ ਹਰਿੰਦਰ ਸਿੰਘ ਅਲਵਰ ਨੇ, ਅਨੰਦਪੁਰ ਸਾਹਿਬ ਦੇ ਕਿਲੇ ਨੂੰ ਪਾਏ ਘੇਰੇ ਸਮੇਂ ਪਹਾੜੀ ਰਾਜਿਆਂ ਵਲੋਂ ਮਸਤ ਹਾਥੀ ਨੂੰ ਸ਼ਰਾਬ ਪਿਆ ਕੇ ਕਿਲੇ ਦਾ ਦਰਵਾਜ਼ਾ ਤੋੜਨ ਲਈ ਭੇਜੇ ਜਾਣ ਵਾਲੀ ਸਾਖੀ ਸੁਣਾਉਂਦਿਆਂ ਕਿਹਾ ਕਿ ਜੇ ਦੁਨੀ ਚੰਦ ਮਸੰਦ ਦੀ ਸਾਖੀ ਸੁਣਾ ਕੇ ਇਥੇ ਹੀ ਖਤਮ ਕਰ ਦਿੱਤੀ ਜਾਵੇ ਤਾਂ ਇਹ ਗੁਰਮਤ ਦਾ ਪ੍ਰਚਾਰ ਹੈ ਪਰ ਜੇ ਇਸ ਨੂੰ ਅੱਜ ਦੇ ਮਸੰਦਾਂ ਨਾਲ ਜੋੜ ਕੇ ਸੁਣਾ ਦਿਓ ਤਾਂ ਕਿਹਾ ਜਾਂਦਾ ਹੈ ਕਿ ਇਹ ਕੂੜ ਪ੍ਰਚਾਰ ਹੈ।

ਇਸ ਕਥਾ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ, ਦੌਰਾਨ ਉਨ੍ਹਾਂ ਕਿਹਾ ਕਿ ਜਿਸ ਵਕਤ ਮਸਤ ਹਾਥੀ ਨੂੰ ਸ਼ਰਾਬ ਪਿਆ ਕੇ ਅਤੇ ਮੱਥੇ ’ਤੇ ਤਵੀਆਂ ਬੰਨ੍ਹ ਕੇ ਭੇਜੇ ਜਾਣ ਦੀ ਖ਼ਬਰ ਸੁਣੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਸਾਡੇ ਪਾਸ ਵੀ ਦੁਨੀ ਚੰਦ ਗੁਰੂ ਘਰ ਦਾ ਹਾਥੀ ਹੈ ਇਸ ਨੂੰ ਉਸ ਮਸਤ ਹਾਥੀ ਨਾਲ ਲੜਾਂਵਾਂਗੇ। ਇਹ ਸੁਣਦਿਆਂ ਸਾਰ ਮਸੰਦ ਦੁਨੀ ਚੰਦ ਜੋ ਗੁਰੂ ਘਰ ਦਾ ਚੜ੍ਹਾਵਾ ਅਤੇ ਕੜਾਹ ਪ੍ਰਸ਼ਾਦ ਖਾ ਕੇ ਹਾਥੀ ਵਰਗਾ ਮੋਟਾ ਹੋਇਆ ਪਿਆ ਸੀ, ਦੂਸਰੇ ਮਸੰਦਾਂ ਨਾਲ ਸਲਾਹ ਮਸ਼ਵਰਾ ਕਰਨ ਲੱਗ ਪਿਆ ਕਿ ਚੰਗਾ ਭਲਾ ਕੀਰਤਨ ਹੁੰਦਾ ਸੀ, ਸੰਗਤਾਂ ਆਉਂਦੀਆਂ ਸਨ ਚੜ੍ਹਾਵਾ ਚੜ੍ਹਦਾ ਸੀ ਚੰਗਾ ਖਾ ਪੀ ਕੇ ਅਨੰਦ ਲੈਂਦੇ ਸੀ। ਗੁਰੂ ਜੀ ਇਹ ਕੀ ਕਰਨ ਲੱਗ ਪਏ ਹਨ, ਬੰਦੇ ਕਦੀ ਹਾਥੀਆਂ ਨਾਲ ਲੜਨ ਲਈ ਹੁੰਦੇ ਹਨ? ਉਹ ਤਾਂ ਮਾਤਾ ਗੁੱਜਰ ਕੌਰ ਜੀ ਨੂੰ ਵੀ ਸਲਾਹ ਦੇਣ ਚਲੇ ਗਏ ਸਨ ਕਿ ਗੁਰੂ ਜੀ ਨੂੰ ਸਮਝਾਓ ਕਿ ਵੈਰ ਵਿਰੋਧ ਦੀ ਨੀਤੀ ਛੱਡੋ। ਨਹੀਂ ਮੰਨਦੇ ਤਾਂ ਇਨ੍ਹਾਂ ਦੀ ਥਾਂ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਗੁਰੂ ਬਣਾ ਦੇਈਏ। ਮਾਤਾ ਜੀ ਦੇ ਨਾ ਮੰਨਣ ’ਤੇ ਅੱਖ ਬਚਾ ਕੇ ਭੱਜ ਗਿਆ।

ਪਰ ਜਦੋਂ ਪਤਲੇ ਜਿਹੇ ਸਰੀਰ ਵਾਲੇ ਭਾਈ ਬਚਿੱਤਰ ਸਿੰਘ ਵੱਲ ਗੁਰੂ ਜੀ ਇਸ਼ਾਰਾ ਕਰਨ ਹੀ ਲੱਗੇ ਸਨ ਤਾਂ ਉਹ ਪਹਿਲਾਂ ਹੀ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਤੁਹਾਡੀ ਅਸ਼ੀਰਵਾਦ ਚਾਹੀਦੀ ਹੈ, ਇੱਕ ਹਾਥੀ ਕੀ, ਬੇਸ਼ੱਕ ਹਾਥੀਆਂ ਦੇ ਝੁੰਡ ਨਾਲ ਲੜਾ ਦਿਓ, ਮੈਂ ਤਿਆਰ ਹਾਂ। ਗੁਰੂ ਗੋਬਿੰਦ ਸਿੰਘ ਜੀ ਤੋਂ ਅਸ਼ੀਰਵਾਦ ਤੇ ਨਾਗਨੀ ਬਰਛਾ ਲੈ ਕੇ ਹਾਥੀ ਦੇ ਸਿਰ ਵਿੱਚ ਐਸਾ ਚੋਭਿਆ ਕਿ ਉਹ ਚੀਕਾਂ ਮਾਰਦਾ ਤੇ ਪਹਾੜੀ ਰਾਜਿਆਂ ਦੀ ਫੌਜ ਨੂੰ ਹੀ ਲਤਾੜਦਾ ਹੋਇਆ ਪਿਛੇ ਵੱਲ ਦੌੜ ਗਿਆ। ਗਿਆਨੀ ਅਲਵਰ ਨੇ ਕਿਹਾ ਕਿ ਇਥੋਂ ਤੱਕ ਸੁਣਾ ਕੇ ਸਾਰੇ ਹੀ ਪ੍ਰਚਾਰਕ ਵਾਹ ਵਾਹ ਖੱਟਦੇ ਹਨ। ਪਰ ਦੁਨੀ ਚੰਦ ਵਰਗੇ ਮਸੰਦ ਸਿਰਫ ਉਸ ਸਮੇਂ ਹੀ ਨਹੀਂ ਸਨ ਅੱਜ ਵੀ ਹਨ ਜੋ ਗੁਰੂ ਘਰ ਦਾ ਖਾ ਕੇ ਮੋਟੇ ਤਾਜ਼ੇ ਹੋ ਰਹੇ ਹਨ। ਉਹ ਵੀ ਇਹ ਹੀ ਸਲਾਹ ਦਿੰਦੇ ਹਨ ਕਿ ਕੀ ਲੈਣਾ ਹੈ ਜੀ ਕਿਸੇ ਨੂੰ ਚੰਗਾ ਮਾੜਾ ਕਹਿ ਕੇ, ਕੋਈ ਗੁਰਮਤ ਦੀਆਂ ਧੱਜੀਆਂ ਉਡਾਉਂਦਾ ਹੈ ਤਾਂ ਉਡਾਈ ਜਾਵੇ, ਕੋਈ ਰਿਸ਼ਵਤਖੋਰ ਗਰੀਬ ਲੋਕਾਂ ਦੇ ਹੱਕ ਖਾਂਦਾ ਹੈ ਤਾਂ ਖਾਈ ਜਾਵੇ, ਕੋਈ ਜ਼ਾਲਮ ਮਜ਼ਲੂਮਾਂ ’ਤੇ ਜ਼ੁਲਮ ਕਰਦਾ ਹੈ ਤਾਂ ਕਰੀ ਜਾਵੇ। ਕਿਉਂਕਿ ਮਨਮਤੀਏ, ਰਿਸ਼ਵਤਖੋਰ ਅਤੇ ਜ਼ਾਲਮ ਦੀ ਨਿੰਦਾ ਕਰਨ ਨਾਲ ਸੰਗਤ ਟੁੱਟੇਗੀ, ਗੋਲਕ ਘਟੇਗੀ, ਵੋਟਾਂ ਘਟਣਗੀਆਂ ਇਸ ਲਈ ਆਪਾਂ ਤਾਂ ਆਤਮਾ ਪ੍ਰਮਾਤਮਾ ਦੀਆਂ ਗੱਲਾਂ ਕਰਕੇ ਕੰਮ ਸਾਰੀ ਚਲੋ। ਉਨ੍ਹਾਂ ਕਿਹਾ ਇਹ ਦੁਨੀ ਚੰਦ ਵਰਗੇ ਅੱਜ ਦੇ ਮਸੰਦ ਹੀ ਹਨ ਜਿਹੜੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਹੋ ਰਹੇ ਸੱਚ ਦੇ ਪ੍ਰਚਾਰ ਨੂੰ ਕੂੜ ਦਾ ਪ੍ਰਚਾਰ ਕਹਿੰਦੇ ਹਨ ਜਦੋਂ ਕਿ ਦੇਸ਼ ਵਿਦੇਸ਼ ਵਿੱਚ ਟੀਵੀ ਚੈਨਲ ਰਾਹੀਂ ਸੁਣ ਰਹੇ ਲੱਖਾਂ ਕ੍ਰਿਤੀ ਤੇ ਗੁਰੂ ਦੇ ਸ਼ਰਧਾਵਾਨ ਸਿੱਖ ਤਾਂ ਇਹ ਹੀ ਕਹਿੰਦੇ ਹਨ ਕਿ ਜੇ ਸੱਚ ਦਾ ਪ੍ਰਚਾਰ ਹੁੰਦਾ ਹੈ ਤਾਂ ਸਿਰਫ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ਼ ਤੋਂ ਹੀ ਹੁੰਦਾ ਹੈ।

ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥’ (ਪੰਨਾ 647) ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮਹਾਂਪੁਰਖ਼ ਕਿਸੇ ਇੱਕ ਨੂੰ ਸਬੋਧਨ ਕਰਕੇ ਉਪਦੇਸ਼ ਦਿੰਦੇ ਹਨ ਪਰ ਉਹ ਸਿਰਫ ਉਸ ਇਕੱਲੇ ਲਈ ਨਹੀਂ ਬਲਕਿ ਸਾਰੇ ਜਹਾਨ ਲਈ ਸਰਬਸਾਂਝਾ ਹੁੰਦਾ ਹੈ। ਤਾਂ ਅੱਜ ਦੇ ਹਾਲਾਤਾਂ ’ਤੇ ਢੁਕਾ ਕੇ ਗੁਰਬਾਣੀ ਦੇ ਅਰਥ ਕਰਨੇ ਜਾਂ ਇਤਿਹਾਸ ਸੁਣਾਉਣਾ ਕੂੜ ਪ੍ਰਚਾਰ ਕਿਵੇਂ ਹੋ ਗਿਆ? ਗਿਆਨੀ ਅਲਵਰ ਨੇ ਕਿਹਾ ਕਿ ਕੋਈ ਅੰਧਾ ਕਹੇ ਉਸ ਨੂੰ ਚਾਨਣ ਵਿਖਾਈ ਨਹੀਂ ਦਿੰਦਾ ਤਾਂ ਇਹ ਉਸ ਦਾ ਸੱਚ ਤੇ ਈਮਾਨਦਾਰੀ ਹੈ ਪਰ ਜੇ ਉਹ ਕਹੇ ਕਿ ਚਾਨਣ ਹੁੰਦਾ ਹੀ ਨਹੀਂ ਤਾਂ ਇਹ ਉਸ ਦੀ ਬੇਈਮਾਨੀ ਹੈ। ਕੋਈ ਬੋਲ਼ਾ ਬਹਿਰਾ ਇਹ ਕਹੇ ਕਿ ਉਸ ਨੂੰ ਸੰਗੀਤ ਸੁਣਾਈ ਨਹੀਂ ਦਿੰਦਾ ਤਾਂ ਇਹ ਉਸ ਦਾ ਸੱਚ ਹੈ ਪਰ ਜੇ ਉਹ ਕਹੇ ਕਿ ਸੰਗੀਤ ਹੁੰਦਾ ਹੀ ਨਹੀਂ ਤਾਂ ਇਹ ਉਸ ਦੀ ਬੇਈਮਾਨੀ ਹੈ। ਇਸੇ ਤਰ੍ਹਾਂ ਜੇ ਕੋਈ ਕਹੇ ਕਿ ਉਸ ਨੂੰ ਗੁਰਮਤ ਦੀ, ਸੱਚ ਦੀ, ਸਿੱਖ ਇਤਿਹਾਸ ਦੀ ਸੋਝੀ ਨਹੀਂ ਤਾਂ ਇਹ ਉਸ ਦਾ ਸੱਚ ਹੈ ਪਰ ਜੇ ਉਹ ਸੱਚ ਦੇ ਪ੍ਰਚਾਰ ਨੂੰ ਕਹੇ ਕਿ ਇਹ ਕੂੜ ਪ੍ਰਚਾਰ ਹੈ ਤਾਂ ਇਹ ਉਸ ਦੀ ਬੇਈਮਾਨੀ ਹੈ। ਉਨ੍ਹਾਂ ਕਿਹਾ ਜੇ ਸੱਚ ਦਾ ਪ੍ਰਚਾਰ ਗੁਰਦੁਆਰੇ ਵਿੱਚ ਨਹੀਂ ਹੋਵੇਗਾ ਤਾਂ ਹੋਰ ਕਿੱਥੇ ਹੋਵੇ?

ਗਿਆਨੀ ਅਲਵਰ ਨੇ ਕਿਹਾ ਕਿ ਦੁਨੀਆਂ ਦੇ ਵੱਡੀ ਗਿਣਤੀ ਲੋਕ ਲੋਭੀ ਤੇ ਹੰਕਾਰੀ ਹੁੰਦੇ ਹਨ ਜੋ ਆਪਣਾ ਲੋਭ ਪੂਰਾ ਕਰਨ ਲਈ ਹੰਕਾਰ ਵਿੱਚ ਆ ਕੇ ਦੂਜਿਆਂ ਦੀ ਲੁੱਟਮਾਰ ਕਰਦੇ ਹਨ ਤੇ ਸੱਚ ਬੋਲਣ ਵਾਲਿਆਂ ਦੀ ਜ਼ਬਾਨ ਬੰਦ ਕਰਦੇ ਹਨ, ਜਾਂ ਬੁਝਦਿਲ ਤੇ ਕਮਜੋਰ ਹੁੰਦੇ ਹਨ ਜੋ ਹੰਕਾਰੀਆਂ ਦੀਆਂ ਵਧੀਕੀਆਂ ਸਹਿੰਦੇ ਹਨ ਤੇ ਜੁਲਮ ਵਿਰੁੱਧ ਸੱਚ ਬੋਲਣ ਤੋਂ ਡਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਨਾ ਲੋਭੀ ਤੇ ਹੰਕਾਰੀ ਹੁੰਦੇ ਹਨ ਅਤੇ ਨਾ ਹੀ ਕਮਜੋਰ ਤੇ ਬੁਜ਼ਦਿਲ। ਪਰ ਅੱਜ ਕੱਲ੍ਹ ਸਿੱਖ ਪਹਿਰਾਵੇ ’ਚ ਵੀ ਕੁਝ ਅਹੁਦਿਆਂ ਦੇ ਲਾਲਚੀ ਅਤੇ ਸੱਤਾ ਦੇ ਹੰਕਾਰ ਵਿੱਚ ਹਨ ਅਤੇ ਕੁਝ ਕਮਜੋਰ ਤੇ ਬੁਜ਼ਦਿਲ ਉਨ੍ਹਾਂ ਦੇ ਪਾਲਤੂ ਬਣ ਕੇ ਖੁਸ਼ਾਮਦੀ ਬਣੇ ਹੋਏ ਹਨ। ਉਨ੍ਹਾਂ ਕਿਹਾ ਸ਼ੇਰ, ਸੱਪ ਅਤੇ ਮਗਰਮੱਛ ਐਸੇ ਜਾਨਵਰ ਹਨ ਜੋ ਪਾਲਤੂ ਨਹੀਂ ਹੋ ਸਕਦੇ ਇਸੇ ਕਰਕੇ ਸਿੱਖ ਨੂੰ ਇਨ੍ਹਾਂ ਜਾਨਵਰਾਂ ਦੇ ਨਾਮ ’ਤੇ ਜੋ ਤਿੰਨ ਨਾਮ ਦਿੱਤੇ ਗਏ ਹਨ: ਸਿੰਘ (ਸ਼ੇਰ), ਭੁਚੰਗੀ (ਸੱਪ ਦਾ ਬੱਚਾ) ਅਤੇ ਨਹਿੰਗ (ਮਗਰਮੱਛ) ਇਸ ਗੱਲ ਦੇ ਪ੍ਰਤੀਕ ਹਨ ਕਿ ਸਿੱਖ ਕਮਜੋਰ ਤੇ ਬੁਜ਼ਦਿਲ ਨਹੀਂ, ਆਪਣੀ ਰੱਖਿਆ ਆਪ ਕਰ ਸਕਦੇ ਹਨ। ਇਹ ਪਾਲਤੂ ਨਹੀਂ ਹੋ ਸਕਦੇ ਅਤੇ ਜੋ ਪਾਲਤੂ ਹੈ ਉਹ ਸਿੱਖ ਨਹੀਂ ਹੋ ਸਕਦਾ।

ਉਨ੍ਹਾਂ ਬਾਬਾ ਦੀਪ ਸਿੰਘ ਦੀ ਇਤਿਹਾਸਕ ਸਾਖੀ ਸੁਣਾਉਂਦੇ ਹੋਏ ਕਿਹਾ 75 ਸਾਲ ਦੀ ਉਮਰ ਵਿੱਚ, ਜਿਸ ਸਮੇਂ ਤਲਵੰਡੀ ਸਾਬੋ ਵਿਖੇ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਜਹਾਨ ਖ਼ਾਨ ਨੇ ਹਰਮੰਦਿਰ ਸਾਹਿਬ ਨੂੰ ਢਹਿ ਢੇਰੀ ਅਤੇ ਸਰੋਵਰ ਪੂਰ ਦਿੱਤਾ ਹੈ, ਉਸ ਸਮੇਂ ਉਨ੍ਹਾਂ ਲਕੀਰ ਖਿੱਚੀ ਕਿ ਜਿਸ ਨੇ ਆਖਰੀ ਦਮ ਤੱਕ ਹਰਿਮੰਦਰ ਸਾਹਿਬ ਦੀ ਪਵਿਤਰਤਾ ਲਈ ਜੂਝਦਿਆਂ ਹੋਇਆਂ ਆਪਣਾ ਸੀਸ ਗੁਰੂ ਦੇ ਚਰਨਾਂ ਵਿੱਚ ਭੇਂਟ ਕਰਨਾ ਹੈ, ਉਹ ਲਕੀਰ ਦੇ ਇਸ ਪਾਸੇ ਆ ਜਾਣ, ਤੇ ਜਿਨ੍ਹਾਂ ਦੁਨੀ ਚੰਦ ਵਾਂਗ ਗੁਰੂ ਨੂੰ ਪਿੱਠ ਦੇਣੀ ਹੈ, ਉਹ ਲਕੀਰ ਦੇ ਦੂਸਰੇ ਪਾਸੇ ਚਲੇ ਜਾਣ, ਤਾਂ ਉਸ ਸਮੇਂ ਸਾਰੇ ਹੀ ਸਿੱਖ ਲਕੀਰ ਪਾਰ ਕਰਕੇ ਬਾਬਾ ਦੀਪ ਸਿੰਘ ਦੀ ਤਰਫ ਆ ਗਏ ਸਨ। ਲਕੀਰ ਅੱਜ ਵੀ ਹੈ ਪਰ ਸਾਰੇ ਹੀ ਆਪਣੇ ਅਹੁਦਿਆਂ ਤੇ ਨਿਜੀ ਲਾਲਚਾਂ, ਸੁਅਰਥਾਂ ਦੀ ਪੂਰਤੀ ਲਈ ਲਕੀਰ ਦੇ ਉਸ ਪਾਸੇ ਖੜ੍ਹੇ ਹਨ ਜਿਨ੍ਹਾਂ ਦੇ ਸਾਹਮਣੇ ਬੇਸ਼ੱਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ, ਚੰਦੂ ਨੂੰ ਕੋਈ ਨਿਰਦੋਸ਼ ਦੱਸੀ ਜਾਵੇ, ਸਰਹਿੰਦ ਫ਼ਤਹਿ ਦਿਵਸ ਮਨਾਉਂਦੇ ਸਮੇਂ ਬਾਬਾ ਬੰਦਾ ਸਿੰਘ ਨੂੰ ਵੀਰ ਬੰਦਾ ਬੈਰਾਗੀ ਕਹੀ ਜਾਵੇ ਤਾਂ ਇਹ ਚੁੱਪ ਚਾਪ ਬੈਠੇ ਸੁਣੀ ਜਾਂਦੇ ਹਨ। ਕੀ ਇਹ ਬੁਝਦਿਲੀ ਤੇ ਕਾਇਰਤਾ ਦੀ ਨਿਸ਼ਾਨੀ ਨਹੀਂ ਹੈ? ਕੀ ਇਹ ਸਿੱਖ ਕਹਾਉਣ ਦੇ ਕਾਬਲ ਹਨ?


ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਬਾਬਤ ਜੋ ਸਾਖੀ ਪ੍ਰਚਲਿਤ ਹੈ, ਜਿਸ ਵਿੱਚ ਬਾਬਾ ਜੀ ਕੱਟੇ ਹੋਏ ਸਿਰ ਨੂੰ ਹੱਥ 'ਚ ਫੜਕੇ ਲੜਦੇ ਰਹੇ, ਗੁਰਮਤਿ ਅਨੁਕੂਲ ਨਹੀਂ, ਕਿਉਂਕਿ ਸਿੱਖ ਇਤਿਹਾਸ ਨੂੰ ਮਿਥਿਹਾਸਿਕ ਬਣਾਉਣ ਲਈ ਗੈਰ ਸਿੱਖ ਲੇਖਕਾਂ ਅਤੇ ਬਿਪਰਵਾਦੀ ਅਖੌਤੀ ਸੰਤਾਂ / ਬਾਬਿਆਂ ਨੇ ਗੁਰਮਤਿ ਵਿਰੋਧੀ ਸਾਖੀਆਂ ਘੜੀਆਂ। ਗੁਰੂ ਸਾਹਿਬਾਂ ਨੇ ਕੋਈ ਵੀ ਗੈਰ ਕੁਦਰਤੀ ਕੰਮ ਨਹੀਂ ਕੀਤਾ, ਸਦਾ ਦੀ ਰੱਬ ਦੀ ਰਜ਼ਾ ਵਿੱਚ ਹੀ ਰਹੇ। ਇਸੇ ਲਈ ਸਿੱਖਾਂ ਨੂੰ ਸਾਖੀਆਂ ਨੂੰ ਵੀ ਗੁਰਮਤਿ ਅਨੁਸਾਰ ਹੀ ਲਿਖਣਾ ਅਤੇ ਸੋਚਣਾ ਪਵੇਗਾ। ਬਾਬਾ ਦੀਪ ਸਿੰਘ ਸਬੰਧੀ ਭਾਈ ਅਵਤਾਰ ਸਿੰਘ ਮਿਸ਼ਨਰੀ ਜੀ ਨੇ ਇਕ ਵਧੀਆ ਲੇਖ ਲਿਖਿਆ ਸੀ, ਇਥੇ ਕਲਿਕ ਕਰਕੇ ਉਹ ਪੜ੍ਹਿਆ ਜਾ ਸਕਦਾ ਹੈ। ਜੇ ਭਾਈ ਅਲਵਰ ਜੀ ਵੀ ਪ੍ਰਚਲਿਤ ਸੋਚ ਰੱਖਦੇ ਹਨ, ਤਾਂ ੳਨ੍ਹਾਂ ਨੂੰ ਵੀ ਇਹ ਜ਼ਰੂਰ ਪੜ੍ਹਨਾ ਚਾਹੀਦੈ।... ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top