Share on Facebook

Main News Page

“ਸਪੋਕਸਮੈਨ” ਦੀ ਗੁਰਬਾਣੀ ਸੇਵਾ!

ਮੈਂ ਆਪਣੇ ਇਕ ਛੋਟੇ ਜਿਹੇ ਲੇਖ ਰਾਹੀਂ ਸ. ਜੋਗਿੰਦਰ ਸਿੰਘ ਜੀ, ਚੀਫ ਐਡੀਟਰ ਸਪੋਕਸਮੈਨ ਨੂੰ ਬੇਨਤੀ ਕੀਤੀ ਸੀ, ਕਿ ਤੁਸੀਂ ਆਪਣੀ ਅਖਬਾਰ ਰਾਹੀਂ, ਸਿੱਖੀ ਅਤੇ ਪੰਜਾਬ ਦੇ ਕਾਫੀ ਮਸਲ੍ਹੇ ਉਭਾਰ ਕੇ, ਪੰਥ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ। ਤੁਹਾਨੂੰ ਏਸੇ ਫੀਲਡ ਵਿਚ ਹੀ ਪੂਰਾ ਜ਼ੋਰ ਲਗਾਉਣਾ ਚਾਹੀਦਾ ਹੈ। ਤੁਸੀਂ ਗੁਰਬਾਣੀ ਨਾਲ ਖਿਲਵਾੜ ਕਰਨਾ ਬੰਦ ਕਰ ਕੇ, ਆਪਣੇ ਕਿੱਤੇ ਨਾਲ ਸਬੰਧਤ ਕੰਮ ਕਰ ਕੇ ਹੀ ਪੰਥ ਦੀ ਸੇਵਾ ਕਰਦੇ ਰਹੋ, ਤਾਂ ਜੋ ਸਾਰੇ ਸਿੱਖ ਤੁਹਾਡੇ ਨਾਲ ਜੁੜ ਸਕਣ। ਗੁਰਬਾਣੀ ਦੇ ਸਿਧਾਂਤਾਂ ਸਬੰਧੀ ਸੋਧਾਂ ਦਾ ਕੰਮ, ਕਿਸੇ ਹੋਰ ਕਮੇਟੀ ਤੇ ਛੱਡ ਦੇਵੋ।

ਪਰ ਉਹ ਖਾਲੀ ਕਹਿੰਦੇ ਹੀ ਨਹੀਂ ਕਿ ਮੈਂ ਕਾਂਵਾਂ, ਚਿੜੀਆਂ ਦੀ ਚੀਂ-ਚੀਂ ਨਹੀਂ ਸੁਣਦਾ, ਬਲਕਿ ਅਜਿਹਾ ਕਰਦੇ ਵੀ ਹਨ, ਏਸੇ ਲਈ ਉਨ੍ਹਾਂ ਨੇ ਮੇਰੀ ਚੀਂ-ਚੀਂ ਤੇ ਵੀ ਕੋਈ ਧਿਆਨ ਨਹੀਂ ਦਿੱਤਾ। ਵੈਸੇ ਉਨ੍ਹਾਂ ਨੂੰ ਆਪਣੀ ਵਡਿਆਈ ਦੀਆਂ ਚਿੱਠੀਆਂ ਆਪਣੀ ਅਖਬਾਰ ਵਿਚ ਛਾਪਣ ਦਾ ਬਹੁਤ ਸ਼ੌਕ ਹੈ, (ਜਿਸ ਨੂੰ ਸਿਆਣੇ, “ਆਪਣੇ ਮੂੰਹ, ਮੀਆਂ ਮਿੱਠੂ” ਕਹਿੰਦੇ ਹਨ) ਏਸੇ ਸੰਧਰਭ ਵਿਚ ਭੈਣ ਹਰਦੀਪ ਕੌਰ ਗਿਲ, ਮੰਡੀ ਗੋਬਿੰਦਗੜ੍ਹ ਦੀ ਲਿਖੀ ਇਕ ਚਿੱਠੀ ਛਪੀ, ਜਿਸ ਵਿਚ ਸਪੋਕਸਮੈਨ ਨੂੰ ਬੇਨਤੀ ਕੀਤੀ ਗਈ ਸੀ ਕਿ “ਗੁਰਬਾਣੀ ਦੇ ਗਲਤ ਅਰਥ ਕਰਨ ਵਾਲਿਆਂ ਨੂੰ ਜ਼ਰੂਰ ਰੋਕੋ”।

ਮੈਨੂੰ ਸਮਝ ਨਹੀਂ ਆ ਰਹੀ ਕਿ ਇਕ ਖੇਤਰ ਵਿਚ ਸਹੀ ਕੰਮ ਕਰਨ ਵਾਲੇ ਨੂੰ, ਸਿੱਖ “ਸਰਬ-ਸਮਰੱਥ” ਕਿਸ ਆਧਾਰ ’ਤੇ ਮੰਨ ਲੈਂਦੇ ਹਨ ? ਇਹੀ ਕਾਰਣ ਹੈ, ਸਿੱਖੀ ਦੇ ਨਿਘਾਰ ਦਾ ਅਤੇ ਮੇਰੇ ਇਸ ਚਿੱਠੀ ਲਿਖਣ ਦਾ। ਤਾਂ ਜੋ ਮੈਂ ਸਪੋਕਸਮੈਨ ਵਲੋਂ ਹੋ ਰਹੀ ਗੁਰਬਾਣੀ ਦੀ ਸੇਵਾ ਦੀ ਇਕ ਝਲਕ ਪੰਥ ਸਾਮਹਣੇ ਪੇਸ਼ ਕਰ ਸਕਾਂ। ਮੈਨੂੰ ਪੂਰਨ ਆਸ ਹੈ ਕਿ ਪੰਥ, ਮੇਰੀ ਚੀਂ-ਚੀਂ ਜ਼ਰੂਰ ਸੁਣੇਗਾ।

ਸਪੋਕਸਮੈਨ ਦੇ ਪੇਜ ਨੰਬਰ 7 ’ਤੇ ਇਕ ਕਾਲਮ ਹੈ, ਜਿਸ ਦੇ ਉਪਰ ਵਾਰ ਪ੍ਰੋ. ਇੰਦਰ ਸਿੰਘ ਜੀ ਘੱਗਾ ਇਕ ਤੁਕ ਲਿਖ ਕੇ, ਉਸ ਦਾ ਅਰਥ ਦਸਦੇ ਹਨ। ਇਸ ਦਾ ਸਿਰਲੇਖ ਪਹਿਲਾਂ ਸ਼ਾਇਦ “ਨਾਨਕ ਬਾਣੀ ਦੀ ਸਰਲ ਵਿਆਖਿਆ ਸੀ” ਪਰ ਪਤਾ ਨਹੀਂ ਇਸ ਵਿਚ ਕੀ ਬੁਰਾਈ ਸੀ ? ਜੋ ਉਸ ਨੂੰ ਬਦਲ ਕੇ ਇਸ ਦਾ ਸਿਰਲੇਖ “ਨਾਨਕੁ ਸਾਇਰੁ ਏਵ ਕਹਤੁ ਹੈ” ਕਰ ਦਿੱਤਾ ਗਿਆ ਹੈ? ਇਸ ਦਾ ਜੋ ਪਰਭਾਵ ਸਿਰਲੇਖ ਤੋਂ ਪੈਂਦਾ ਹੈ, ਉਹ ਅਸਲ ਤੁੱਕ ਮੁਤਾਬਿਕ ਨਹੀਂ ਹੈ, ਅਸਲ ਤੁੱਕ ਹੈ,

ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ॥ ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ॥2॥

ਸ਼ਬਦ ਵਿਚਾਰ ਅਨੁਸਾਰ ਤੁੱਕ ਦਾ ਅਰਥ ਬਣਦਾ ਹੈ, ਹੇ ਪ੍ਰਭੂ, ਤੇਰਾ ਕਵੀ, ਤੇਰਾ ਸੇਵਕ, ਤੇਰਾ ਢਾਡੀ ਨਾਨਕ, ਇਹ ਹੀ ਬੇਨਤੀ ਕਰਦਾ ਹੈ ਕਿ, ਹੇ ਸਦਾ ਅਟੱਲ ਰਹਿਣ ਵਾਲੇ ਅਤੇ ਜੀਵਾਂ ਦੇ ਪਾਲਣ ਵਾਲੇ ਪ੍ਰਭੂ, ਜਿਵੇਂ ਇਹ ਸੁਆਸ, ਇਹ ਸਰੀਰ, ਇਹ ਜਿੰਦ, ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ, ਤਿਵੇਂ ਆਪਣਾ ਪਿਆਰ ਵੀ ਤੁੰ ਆਪ ਹੀ ਦੇਹ।

ਜਦ ਕਿ ਸਿਰਲੇਖ ਤੋਂ ਇਹ ਪ੍ਰਭਾਵ ਪੈਂਦਾ ਹੈ ਕਿ, ਸ਼ਾਇਰ ਨਾਨਕ ਇਵੇਂ ਕਹਿੰਦਾ ਹੈ। ਸ਼ਾਇਦ ਕਲ ਨੂੰ ਇਹ ਸਿਰਲੇਖ ਬਦਲ ਕੇ ਇਹ ਹੋ ਜਾਵੇ, “ਨਾਨਕੁ ਨੀਚੁ ਕਹੈ ਬੀਚਾਰੁ”।

ਇਹ ਵੀ ਓਸੇ ਕੜੀ ਦਾ ਹਿੱਸਾ ਜਾਪਦਾ ਹੈ, ਜਿਸ ਕੜੀ ਅਧੀਨ ਪੁਜਾਰੀ, ਤੁੱਕਾਂ ਦੇ ਵਿਚਾਲਿਉਂ ਕੁਝ ਅੱਖਰ ਲੱਭ ਕੇ ਉਸ ਦਾ ਅਰਥ ਆਪਣੀ ਇੱਛਾ ਅਨੁਸਾਰ ਕਰਦੇ ਹਨ। ਖੈਰ ਗੱਲ ਲਾਂਭੇ ਚਲੇ ਗਈ, ਅਸਲ ਗੱਲ ਤਾਂ ਇਹ ਹੈ ਕਿ ਇਸ ਇਕ ਤੁੱਕ ਦੇ ਉਤਾਰੇ ਵਿਚ ਹੀ ਏਨੀਆਂ ਗਲਤੀਆਂ ਹੁੰਦੀਆਂ ਹਨ ਕਿ ਉਸ ਭੈਣ ਦੀ ਸਪੋਕਸਮੈਨ ਨੂੰ ਹੀ ਕੀਤੀ ਬੇਨਤੀ ਕਿ “ਗੁਰਬਾਣੀ ਦੇ ਗਲਤ ਅਰਥ ਕਰਨ ਵਾਲਿਆਂ ਨੂੰ ਜ਼ਰੂਰ ਰੋਕੋ” ਇਵੇਂ ਜਾਪੀ ਜਿਵੇਂ ਕੋਈ ਅਕਾਲ ਤਖਤ ਦੇ ਜਥੇਦਾਰ ਨੂੰ ਹੀ ਬੇਨਤੀ ਕਰ ਰਿਹਾ ਹੋਵੇ ਕਿ “ਸਿੰਘ ਸਾਹਿਬ ਜੀ ਪੰਥ ਨੂੰ ਬਰਬਾਦ ਕਰਨ ਵਾਲਿਆਂ ਨੂੰ ਅਕਾਲ ਤਖਤ ’ਤੇ ਸੱਦ ਕੇ ਪੰਥ ਵਿਚੋਂ ਛੇਕ ਦੇਵੋ” ਇਸ ਹਾਲਤ ਵਿਚ ਚੁੱਪ ਰਹਿਣਾ ਵੀ ਜ਼ਮੀਰ ’ਤੇ ਭਾਰ ਜਾਪਣ ਲਗ ਪਿਆ। ਮੈਂ ਪਿਛਲੀਆਂ ਗਲਤੀਆਂ ਨਾ ਫੋਲਦਿਆਂ, ਜਨਵਰੀ ਦੇ ਪਹਿਲੇ 15 ਦਿਨਾਂ ਦੀਆਂ ਗਲਤੀਆਂ ਦਾ ਵੇਰਵਾ ਦੇ ਰਹੀ ਹਾਂ,

2 ਜਨਵਰੀ ਨੂੰ ਪੰਨਾ ਨੰ: 473 ਤੋਂ ਤੁੱਕ ਲਈ ਗਈ ਸੀ,
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਪਰ ਸਪੋਕਸਮੈਨ ਵਿਚ ਇਵੇਂ ਲਿਖੀ ਗਈ ਸੀ,
ਭੰਡੁ ਮੁਆ ਭੰਡੁ ਭਾਲੀਐ ਭੰਡਿ (ਹੋਵੇ) ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ (ਰਾਜਾਨੁ)

4 ਜਨਵਰੀ ਨੂੰ ਪੰਨਾ 472, ਤੁੱਕ,
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥ ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥
ਪਰ ਸਪੋਕਸਮੈਨ ਵਿਚ ਇਸ ਦਾ ਪੰਨਾ 62 ਦਿੰਦਿਆਂ ਤੁਕ ਇਵੇਂ ਲਿਖੀ ਸੀ,
ਸਭੋ ਸੂਤਕੁ ਭਰਮੁ ਹੈ (ਦੂਜੇ) ਲਗੈ ਜਾਇ॥ ਜੰਮਣੁ ਮਰਣਾ (ਹੁਕਮ) ਹੈ ਭਾਣੈ ਆਵੈ ਜਾਇ॥

5 ਜਨਵਰੀ ਨੂੰ ਪੰਨਾ 472, ਤੁੱਕ,
ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ॥ ਨਾਨਕ ਜਿਨ੍‍ੀ–ਗੁਰਮੁਖਿ ਬੁਝਿਆ ਤਿਨ੍‍ਾ ਸੂਤਕੁ ਨਾਹਿ॥
ਸਪੋਕਸਮੈਨ ਵਿਚ ਤੁੱਕ ਇਵੇਂ ਲਿਖੀ ਗਈ ਸੀ,
ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ॥ ਨਾਨਕ (ਜਿਨੀ) ਗੁਰਮੁਖਿ ਬੁਝਿਆ (ਤਿਨਾ) ਸੂਤਕ ਨਾਹਿ॥

8 ਜਨਵਰੀ ਨੂੰ ਪੰਨਾ 473, ਤੁੱਕ,
ਜਿਨ੍‍ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ॥ਤਿਨ੍‍ ਨੇਹੁ ਲਗਾ ਰਬ ਸੇਤੀ ਦੇਖਨ੍‍ੇ ਵੀਚਾਰਿ॥
ਸਪੋਕਸਮੈਨ ਵਿਚ ਤੁੱਕ ਇਵੇਂ ਲਿਖੀ ਗਈ ਸੀ,
ਜਿਨ੍‍ (ਪਟ) ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ॥ਤਿਨ੍‍ ਨੇਹੁ ਲਗਾ ਰਬ ਸੇਤੀ (ਦੇਖਨੇ) ਵੀਚਾਰਿ॥

9 ਜਨਵਰੀ ਨੂੰ ਪੰਨਾ 505, ਤੁੱਕ,
ਐ ਜੀ ਗੁਰ ਕੀ ਦਾਤਿ ਨ ਮੇਟੈ ਕੋਈ ਮੇਰੈ ਠਾਕੁਰਿ ਆਪਿ ਦਿਵਾਈ ॥ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ੍‍ ਗੁਰ ਕੀ ਦਾਤਿ ਨ ਭਾਈ॥
ਸਪੋਕਸਮੈਨ ਵਿਚ ਤੁਕ ਇਵੇਂ ਲਿਖੀ ਗਈ ਸੀ,
ਐ ਜੀ ਗੁਰ ਕੀ ਦਾਤਿ ਨ ਮੇਟੈ ਕੋਈ ਮੇਰੈ ਠਾਕੁਰਿ ਆਪਿ ਦਿਵਾਈ॥ (ਰੋਸੁ ਕਰੈ ਪ੍ਰਭੁ ਬਖਸ ਨ ਮੇਟੈ ਨਿਤ ਨਿਤ ਚੜੈ ਸਵਾਈ॥)
ਪੂਰੀ ਤੁੱਕ ਹੀ ਬਦਲੀ ਹੋਣ ਦੇ ਬਾਵਜੂਦ ਵੀ ਅਰਥ ਅਸਲੀ ਤੁੱਕ ਵਾਲੇ ਕੀਤੇ ਹੋਏ ਸਨ।

10 ਜਨਵਰੀ ਨੂੰ ਪੰਨਾ 504, ਤੁੱਕ,
ਕੋਟਿ ਤੇਤੀਸ ਜਾਚਹਿ ਪ੍ਰਭ ਨਾਇਕ ਦੇਦੇ ਤੋਟਿ ਨਾਹੀ ਭੰਡਾਰ॥ ਊਂਧੈ ਭਾਂਡੈ ਕਛੁ ਨ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ॥
ਸਪੋਕਸਮੈਨ ਵਿਚ ਤੁਕ ਇਵੇਂ ਲਿਖੀ ਗਈ ਸੀ,
ਕੋਟਿ (ਤੇ ਤੀਸ) ਜਾਚਹਿ ਪ੍ਰਭ ਨਾਇਕ (ਦੇਵੇ) ਤੋਟਿ ਨਾਹੀ ਭੰਡਾਰ॥ ਊਂਧੈ ਭਾਂਡੈ ਕਛੁ ਨ ਸਮਾਵੈ ਸੀਧੈ (ਅੰਮ੍ਰਿਤ) ਪਰੈ ਨਿਹਾਰ॥

13 ਜਨਵਰੀ ਨੂੰ ਪੰਨਾ 504, ਤੁੱਕ,
ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ॥ ਬਿਨ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਨੁ ਗੁਰ ਗਰਬੁ ਨ ਜਾਈ॥
ਸਪੋਕਸਮੈਨ ਵਿਚ ਤੁੱਕ ਇਵੇਂ ਲਿਖੀ ਗਈ ਸੀ,
ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ॥ ਬਿਨ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਨੁ (ਗੁਰੁ) ਗਰਬੁ ਨ ਜਾਈ॥

14 ਜਨਵਰੀ ਨੂੰ ਪੰਨਾ 504, ਤੁੱਕ,
ਐ ਜੀ ਨ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ॥ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ॥
ਸਪੋਕਸਮੈਨ ਵਿਚ ਤੁੱਕ ਇਵੇਂ ਲਿਖੀ ਗਈ ਸੀ,
ਐ ਜੀ ਨ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ॥ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ (ਬਿਬਰਜਿਤ) ਰੋਗ॥

(ਨੋਟ: ਪਾਠਕਾਂ ਦੀ ਸੌਖ ਲਈ ਗਲਤੀਆਂ ਵਾਲੇ ਅੱਖਰ ਜਾਂ ਤੁੱਕ, ਬਰੈਕਿਟ ਵਿਚ ਦਿਤੇ ਗਏ ਹਨ।)

ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ, ਜਿਸ ਅਖਬਾਰ ਵਿਚ, ਜਿਨ੍ਹਾਂ ਵਿਦਵਾਨਾਂ ਦੀ ਨਿਗਰਾਨੀ ਹੇਠ, ਪੰਦਰਾਂ ਦਿਨਾਂ ਦੀਆਂ, ਅੱਠ ਤੁੱਕਾਂ ਦੇ ਉਤਾਰੇ ਵਿਚ ਹੀ ਦਰਜਣਾ ਗਲਤੀਆਂ ਹੋਣ, ਉਸ ਨੂੰ ਬੇਨਤੀ ਕਰਨੀ ਕਿ ਉਹ ਦੂਸਰਿਆਂ ਨੂੰ ਗਲਤੀਆਂ ਕਰਨ ਤੋਂ ਰੋਕਣ, ਕਿੰਨੀ ਕੁ ਜਾਇਜ਼ ਮੰਨੀ ਜਾ ਸਕਦੀ ਹੈ? ਉਨ੍ਹਾਂ ਵਲੋਂ ਗੁਰਬਾਣੀ ਦੇ ਸਿਧਾਂਤ ਨੂੰ ਦੁਨੀਆਂ ਵਿਚ, ਕਿਸ ਰੂਪ ‘ਚ ਪੇਸ਼ ਕੀਤਾ ਜਾਵੇਗਾ?

ਕੀ ਸਪੋਕਸਮੈਨ ਦੇ ਸ਼ੁਭਚਿੰਤਕ, ਸਮਰਥਿਕ ਸ.ਜੋਗਿੰਦਰ ਸਿੰਘ ਜੀ ਅਤੇ ਪ੍ਰੋ. ਘੱਗਾ ਜੀ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਨਗੇ ਕਿ ਉਹ, ਅਖਬਾਰ ਦਾ ਕੰਮ, ਅਖਬਾਰ ਵਾਂਗ ਚਲਾ ਕੇ, ਪੰਥ ਦੀ ਸੇਵਾ ਕਰਦੇ ਹੋਏ, ਗੁਰਬਾਣੀ ਨਾਲ ਖਿਲਵਾੜ ਕਰਨਾ ਬੰਦ ਕਰਨ?

ਦਲਜੀਤ ਕੌਰ, ਬੀ.ਟੈਕ.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top